ਦਾਨੀਏਲ 5:1-31
5 ਰਾਜਾ ਬੇਲਸ਼ੱਸਰ+ ਨੇ ਆਪਣੇ 1,000 ਉੱਚ ਅਧਿਕਾਰੀਆਂ ਨੂੰ ਇਕ ਵੱਡੀ ਦਾਅਵਤ ਦਿੱਤੀ ਅਤੇ ਉਸ ਨੇ ਉਨ੍ਹਾਂ ਦੇ ਸਾਮ੍ਹਣੇ ਦਾਖਰਸ ਪੀਤਾ।+
2 ਦਾਖਰਸ ਦੇ ਨਸ਼ੇ ਵਿਚ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਸੋਨੇ ਅਤੇ ਚਾਂਦੀ ਦੇ ਉਹ ਭਾਂਡੇ ਲਿਆਏ ਜਾਣ ਜੋ ਉਸ ਦਾ ਪਿਤਾ* ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਇਆ ਸੀ+ ਤਾਂਕਿ ਉਹ, ਉਸ ਦੇ ਉੱਚ ਅਧਿਕਾਰੀ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਉਨ੍ਹਾਂ ਭਾਂਡਿਆਂ ਵਿਚ ਪੀਣ।
3 ਫਿਰ ਉਹ ਸੋਨੇ ਦੇ ਭਾਂਡੇ ਲਿਆਏ ਜੋ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਦੇ ਮੰਦਰ ਵਿੱਚੋਂ ਚੁੱਕ ਕੇ ਲਿਆਂਦੇ ਗਏ ਸਨ ਅਤੇ ਰਾਜੇ, ਉਸ ਦੇ ਉੱਚ ਅਧਿਕਾਰੀਆਂ, ਉਸ ਦੀਆਂ ਰਖੇਲਾਂ ਅਤੇ ਉਸ ਦੀਆਂ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਪੀਤਾ।
4 ਉਨ੍ਹਾਂ ਨੇ ਦਾਖਰਸ ਪੀ ਕੇ ਸੋਨੇ, ਚਾਂਦੀ, ਤਾਂਬੇ, ਲੋਹੇ, ਲੱਕੜ ਅਤੇ ਪੱਥਰ ਦੇ ਬਣੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ।
5 ਉਸੇ ਪਲ ਇਕ ਆਦਮੀ ਦਾ ਹੱਥ ਪ੍ਰਗਟ ਹੋਇਆ ਅਤੇ ਉਸ ਨੇ ਰਾਜੇ ਦੇ ਮਹਿਲ ਵਿਚ ਸ਼ਮਾਦਾਨ ਦੇ ਨੇੜੇ ਪਲਸਤਰ ਕੀਤੀ ਹੋਈ ਕੰਧ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਰਾਜੇ ਨੇ ਉਸ ਹੱਥ ਨੂੰ ਕੰਧ ’ਤੇ ਲਿਖਦੇ ਹੋਏ ਦੇਖਿਆ।
6 ਇਹ ਦੇਖ ਕੇ ਰਾਜੇ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ* ਅਤੇ ਉਹ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚੂਲ਼ੇ ਦੇ ਜੋੜ ਹਿਲਣ ਲੱਗੇ+ ਅਤੇ ਉਸ ਦੇ ਗੋਡੇ ਆਪਸ ਵਿਚ ਟਕਰਾਉਣ ਲੱਗ ਪਏ।
7 ਰਾਜੇ ਨੇ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਕਿ ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਨੂੰ ਬੁਲਾਇਆ ਜਾਵੇ।+ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਕਿਹਾ: “ਜਿਹੜਾ ਵੀ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾਵੇਗਾ, ਉਸ ਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ+ ਅਤੇ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।”+
8 ਫਿਰ ਰਾਜੇ ਦੇ ਸਾਰੇ ਬੁੱਧੀਮਾਨ ਆਦਮੀ ਆਏ, ਪਰ ਉਹ ਲਿਖਤ ਨਹੀਂ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਉਸ ਦਾ ਮਤਲਬ ਸਮਝਾ ਸਕੇ।+
9 ਇਸ ਲਈ ਰਾਜਾ ਬੇਲਸ਼ੱਸਰ ਬਹੁਤ ਜ਼ਿਆਦਾ ਡਰ ਗਿਆ ਅਤੇ ਉਸ ਦੇ ਚਿਹਰੇ ਦਾ ਰੰਗ ਪੀਲ਼ਾ ਪੈ ਗਿਆ ਅਤੇ ਉਸ ਦੇ ਉੱਚ ਅਧਿਕਾਰੀ ਉਲਝਣ ਵਿਚ ਪੈ ਗਏ।+
10 ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਗੱਲਾਂ ਸੁਣ ਕੇ ਰਾਣੀ* ਦਾਅਵਤ ਵਾਲੇ ਵੱਡੇ ਕਮਰੇ ਵਿਚ ਆਈ। ਰਾਣੀ ਨੇ ਕਿਹਾ: “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। ਤੇਰੇ ਚਿਹਰੇ ਦਾ ਰੰਗ ਪੀਲ਼ਾ ਕਿਉਂ ਪਿਆ ਹੋਇਆ ਹੈ? ਤੂੰ ਨਾ ਘਬਰਾ।
11 ਤੇਰੇ ਰਾਜ ਵਿਚ ਇਕ ਆਦਮੀ* ਹੈ ਜਿਸ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ। ਤੇਰੇ ਪਿਤਾ ਦੇ ਦਿਨਾਂ ਵਿਚ ਉਸ ਆਦਮੀ ਵਿਚ ਦੇਵਤਿਆਂ ਵਾਂਗ ਗਿਆਨ, ਡੂੰਘੀ ਸਮਝ ਅਤੇ ਬੁੱਧ ਪਾਈ ਗਈ ਸੀ।+ ਹੇ ਮਹਾਰਾਜ, ਤੇਰੇ ਪਿਤਾ ਰਾਜਾ ਨਬੂਕਦਨੱਸਰ ਨੇ ਉਸ ਨੂੰ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਦਾ ਪ੍ਰਧਾਨ ਬਣਾਇਆ ਸੀ।+ ਹਾਂ, ਤੇਰੇ ਪਿਤਾ ਨੇ ਇਸ ਤਰ੍ਹਾਂ ਕੀਤਾ ਸੀ।
12 ਉਹ ਆਦਮੀ ਦਾਨੀਏਲ, ਜਿਸ ਦਾ ਨਾਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ,+ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਸੀ ਜਿਸ ਕਰਕੇ ਉਹ ਸੁਪਨਿਆਂ ਦਾ ਮਤਲਬ ਦੱਸ ਸਕਦਾ ਸੀ, ਬੁਝਾਰਤਾਂ ਬੁੱਝ ਸਕਦਾ ਸੀ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਸੀ।*+ ਇਸ ਲਈ ਹੁਣ ਦਾਨੀਏਲ ਨੂੰ ਬੁਲਾ ਅਤੇ ਉਹ ਤੈਨੂੰ ਇਸ ਦਾ ਮਤਲਬ ਸਮਝਾਵੇਗਾ।”
13 ਇਸ ਲਈ ਦਾਨੀਏਲ ਨੂੰ ਰਾਜੇ ਦੇ ਸਾਮ੍ਹਣੇ ਪੇਸ਼ ਕੀਤਾ ਗਿਆ। ਰਾਜੇ ਨੇ ਦਾਨੀਏਲ ਨੂੰ ਪੁੱਛਿਆ: “ਕੀ ਤੂੰ ਦਾਨੀਏਲ ਹੈਂ ਜਿਸ ਨੂੰ ਮਹਾਰਾਜ, ਮੇਰਾ ਪਿਤਾ ਯਹੂਦਾਹ ਤੋਂ ਗ਼ੁਲਾਮ ਬਣਾ ਕੇ ਲਿਆਇਆ ਸੀ?+
14 ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੇਰੇ ਵਿਚ ਦੇਵਤਿਆਂ ਦੀ ਸ਼ਕਤੀ ਹੈ+ ਅਤੇ ਤੂੰ ਬਹੁਤ ਸਿਆਣਾ, ਗਿਆਨਵਾਨ ਅਤੇ ਸਮਝਦਾਰ ਹੈਂ।+
15 ਮੇਰੇ ਸਾਮ੍ਹਣੇ ਬੁੱਧੀਮਾਨ ਆਦਮੀਆਂ ਅਤੇ ਤਾਂਤ੍ਰਿਕਾਂ ਨੂੰ ਲਿਆਇਆ ਗਿਆ ਤਾਂਕਿ ਉਹ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾ ਸਕਣ, ਪਰ ਉਹ ਇਸ ਦਾ ਮਤਲਬ ਨਹੀਂ ਦੱਸ ਸਕੇ।+
16 ਪਰ ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੂੰ ਭੇਤ ਜ਼ਾਹਰ ਕਰ ਸਕਦਾ ਹੈਂ+ ਅਤੇ ਗੁੰਝਲਦਾਰ ਸਮੱਸਿਆਵਾਂ ਸੁਲਝਾ ਸਕਦਾ ਹੈਂ।* ਜੇ ਤੂੰ ਇਸ ਲਿਖਤ ਨੂੰ ਪੜ੍ਹ ਕੇ ਇਸ ਦਾ ਮਤਲਬ ਮੈਨੂੰ ਦੱਸੇਂ, ਤਾਂ ਤੈਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ, ਤੇਰੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ ਅਤੇ ਤੂੰ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਂਗਾ।”+
17 ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: “ਮੈਨੂੰ ਤੇਰੇ ਤੋਹਫ਼ੇ ਨਹੀਂ ਚਾਹੀਦੇ। ਤੂੰ ਇਹ ਤੋਹਫ਼ੇ ਦੂਸਰਿਆਂ ਨੂੰ ਦੇ ਦੇ। ਫਿਰ ਵੀ ਮੈਂ ਤੇਰੇ ਲਈ ਇਹ ਲਿਖਤ ਪੜ੍ਹਾਂਗਾ ਅਤੇ ਇਸ ਦਾ ਮਤਲਬ ਤੈਨੂੰ ਦੱਸਾਂਗਾ।
18 ਹੇ ਮਹਾਰਾਜ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਰਾਜ, ਮਹਾਨਤਾ, ਇੱਜ਼ਤ ਅਤੇ ਸ਼ਾਨੋ-ਸ਼ੌਕਤ ਬਖ਼ਸ਼ੀ ਸੀ।+
19 ਪਰਮੇਸ਼ੁਰ ਤੋਂ ਉਸ ਨੂੰ ਜੋ ਮਹਾਨਤਾ ਮਿਲੀ ਸੀ, ਉਸ ਕਰਕੇ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਤੋਂ ਥਰ-ਥਰ ਕੰਬਦੇ ਸਨ।+ ਉਸ ਨੇ ਜਿਸ ਨੂੰ ਚਾਹਿਆ, ਮੌਤ ਦੇ ਘਾਟ ਉਤਾਰਿਆ ਜਾਂ ਜੀਉਂਦਾ ਛੱਡਿਆ। ਜਿਸ ਨੂੰ ਚਾਹਿਆ, ਉਸ ਨੂੰ ਉੱਚਾ ਕੀਤਾ ਜਾਂ ਨੀਵਾਂ ਕੀਤਾ।+
20 ਪਰ ਜਦ ਉਸ ਦਾ ਮਨ ਹੰਕਾਰੀ ਹੋ ਗਿਆ ਅਤੇ ਉਹ ਅੜਬ ਬਣ ਗਿਆ, ਤਾਂ ਉਸ ਨੇ ਗੁਸਤਾਖ਼ੀ ਕੀਤੀ+ ਜਿਸ ਕਰਕੇ ਉਸ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਸ ਦਾ ਮਾਣ-ਸਨਮਾਨ ਵਾਪਸ ਲੈ ਲਿਆ ਗਿਆ।
21 ਉਸ ਨੂੰ ਇਨਸਾਨਾਂ ਵਿੱਚੋਂ ਕੱਢਿਆ ਗਿਆ ਅਤੇ ਉਸ ਦਾ ਦਿਲ ਜਾਨਵਰਾਂ ਵਰਗਾ ਹੋ ਗਿਆ ਅਤੇ ਉਹ ਜੰਗਲੀ ਗਧਿਆਂ ਨਾਲ ਰਹਿਣ ਲੱਗ ਪਿਆ। ਉਹ ਬਲਦਾਂ ਵਾਂਗ ਘਾਹ ਖਾਂਦਾ ਹੁੰਦਾ ਸੀ ਅਤੇ ਉਸ ਦਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜਦਾ ਸੀ। ਫਿਰ ਉਹ ਜਾਣ ਗਿਆ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ’ਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+
22 “ਪਰ ਹੇ ਬੇਲਸ਼ੱਸਰ, ਤੂੰ, ਜੋ ਉਸ ਦਾ ਪੁੱਤਰ* ਹੈਂ, ਇਹ ਸਭ ਕੁਝ ਜਾਣਦੇ ਹੋਏ ਵੀ ਆਪਣੇ ਦਿਲ ਨੂੰ ਨਿਮਰ ਨਹੀਂ ਕੀਤਾ।
23 ਇਸ ਦੀ ਬਜਾਇ, ਤੂੰ ਖ਼ੁਦ ਨੂੰ ਸਵਰਗ ਦੇ ਮਾਲਕ ਦੇ ਖ਼ਿਲਾਫ਼ ਉੱਚਾ ਕੀਤਾ+ ਅਤੇ ਤੂੰ ਉਸ ਦੇ ਭਵਨ ਦੇ ਭਾਂਡੇ ਮੰਗਵਾਏ।+ ਫਿਰ ਤੂੰ, ਤੇਰੇ ਉੱਚ ਅਧਿਕਾਰੀਆਂ, ਤੇਰੀਆਂ ਰਖੇਲਾਂ ਅਤੇ ਦੂਸਰੀਆਂ ਪਤਨੀਆਂ ਨੇ ਉਨ੍ਹਾਂ ਵਿਚ ਦਾਖਰਸ ਪੀਤਾ ਅਤੇ ਆਪਣੇ ਚਾਂਦੀ, ਸੋਨੇ, ਤਾਂਬੇ, ਲੱਕੜ ਅਤੇ ਪੱਥਰ ਦੇ ਬਣੇ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ ਜੋ ਨਾ ਦੇਖ ਸਕਦੇ, ਨਾ ਸੁਣ ਸਕਦੇ ਅਤੇ ਨਾ ਹੀ ਕੁਝ ਜਾਣਦੇ ਹਨ।+ ਪਰ ਤੂੰ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ ਜਿਸ ਦੇ ਹੱਥਾਂ ਵਿਚ ਤੇਰੀ ਜ਼ਿੰਦਗੀ+ ਅਤੇ ਤੇਰੇ ਕੰਮ ਹਨ।
24 ਇਸ ਲਈ ਇਹ ਹੱਥ ਉਸ ਵੱਲੋਂ ਭੇਜਿਆ ਗਿਆ ਸੀ ਅਤੇ ਇਹ ਸ਼ਬਦ ਉਸ ਵੱਲੋਂ ਲਿਖੇ ਗਏ ਸਨ।+
25 ਇਹ ਸ਼ਬਦ ਹਨ: ਮਨੇ, ਮਨੇ, ਤਕੇਲ ਅਤੇ ਪਰਸੀਨ।
26 “ਮਨੇ ਸ਼ਬਦ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਤੇਰੇ ਰਾਜ ਦੇ ਅੰਤ ਦਾ ਦਿਨ ਠਹਿਰਾ ਦਿੱਤਾ ਹੈ।+
27 “ਤਕੇਲ ਸ਼ਬਦ ਦਾ ਮਤਲਬ ਹੈ ਕਿ ਤੈਨੂੰ ਤੱਕੜੀ ਵਿਚ ਤੋਲਿਆ ਗਿਆ ਹੈ ਅਤੇ ਤੂੰ ਘੱਟ ਨਿਕਲਿਆ ਹੈਂ।
28 “ਪਰੇਸ ਸ਼ਬਦ ਦਾ ਮਤਲਬ ਹੈ ਕਿ ਤੇਰਾ ਰਾਜ ਵੰਡ ਦਿੱਤਾ ਗਿਆ ਹੈ ਅਤੇ ਇਹ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ਹੈ।”+
29 ਫਿਰ ਬੇਲਸ਼ੱਸਰ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਦਾਨੀਏਲ ਦੇ ਬੈਂਗਣੀ ਰੰਗ ਦਾ ਲਿਬਾਸ ਅਤੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।+
30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+
31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।
ਫੁਟਨੋਟ
^ ਜਾਂ, “ਉਸ ਦਾ ਨਾਨਾ।”
^ ਜਾਂ, “ਰਾਜੇ ਦਾ ਚਿਹਰਾ ਬਦਲ ਗਿਆ।”
^ ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
^ ਇੱਥੇ ਰਾਜ-ਮਾਤਾ ਦੀ ਗੱਲ ਕੀਤੀ ਗਈ ਹੈ।
^ ਜਾਂ, “ਕਾਬਲ ਆਦਮੀ।”
^ ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
^ ਅਰਾਮੀ ਵਿਚ, “ਗੰਢਾਂ ਖੋਲ੍ਹ ਸਕਦਾ ਸੀ।”
^ ਅਰਾਮੀ ਵਿਚ, “ਗੰਢਾਂ ਖੋਲ੍ਹ ਸਕਦਾ ਹੈਂ।”
^ ਜਾਂ, “ਉਸ ਦਾ ਦੋਹਤਾ।”