ਨਹਮਯਾਹ 1:1-11
1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ।
2 ਉਸ ਸਮੇਂ ਮੇਰਾ ਇਕ ਭਰਾ ਹਨਾਨੀ+ ਹੋਰਨਾਂ ਆਦਮੀਆਂ ਨਾਲ ਯਹੂਦਾਹ ਤੋਂ ਆਇਆ ਅਤੇ ਮੈਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਬਚੇ ਯਹੂਦੀਆਂ ਬਾਰੇ ਪੁੱਛਿਆ+ ਅਤੇ ਯਰੂਸ਼ਲਮ ਬਾਰੇ ਵੀ ਪੁੱਛਿਆ।
3 ਉਨ੍ਹਾਂ ਨੇ ਜਵਾਬ ਦਿੱਤਾ: “ਜ਼ਿਲ੍ਹੇ ਵਿਚ ਉਨ੍ਹਾਂ ਲੋਕਾਂ ਦਾ ਮਾੜਾ ਹਾਲ ਹੈ ਜੋ ਗ਼ੁਲਾਮੀ ਵਿੱਚੋਂ ਬਚ ਕੇ ਆਏ ਸਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।+ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ+ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸਾੜ ਦਿੱਤੇ ਗਏ ਹਨ।”+
4 ਇਹ ਗੱਲਾਂ ਸੁਣਦਿਆਂ ਹੀ ਮੈਂ ਥੱਲੇ ਬੈਠ ਕੇ ਰੋਣ ਲੱਗ ਪਿਆ ਤੇ ਕਈ ਦਿਨਾਂ ਤਕ ਸੋਗ ਮਨਾਇਆ, ਵਰਤ ਰੱਖਿਆ+ ਅਤੇ ਆਕਾਸ਼ਾਂ ਦੇ ਪਰਮੇਸ਼ੁਰ ਅੱਗੇ ਦੁਆ ਕੀਤੀ।
5 ਮੈਂ ਕਿਹਾ: “ਹੇ ਆਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਮਹਾਨ ਅਤੇ ਸ਼ਰਧਾ ਦੇ ਲਾਇਕ ਹੈਂ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਤੇਰੇ ਹੁਕਮ ਮੰਨਦੇ ਹਨ, ਤੂੰ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈਂ।+
6 ਕਿਰਪਾ ਕਰ ਕੇ ਤੇਰੇ ਕੰਨ ਅਤੇ ਤੇਰੀਆਂ ਅੱਖਾਂ ਤੇਰੇ ਸੇਵਕ ਦੀ ਦੁਆ ਵੱਲ ਲੱਗੀਆਂ ਰਹਿਣ ਜੋ ਮੈਂ ਅੱਜ, ਹਾਂ, ਦਿਨ-ਰਾਤ ਤੇਰੇ ਇਜ਼ਰਾਈਲੀ ਸੇਵਕਾਂ ਲਈ ਕਰਦਾ ਹਾਂ।+ ਨਾਲੇ ਮੈਂ ਉਨ੍ਹਾਂ ਪਾਪਾਂ ਨੂੰ ਕਬੂਲ ਕਰਦਾ ਹਾਂ ਜੋ ਇਜ਼ਰਾਈਲ ਦੇ ਲੋਕਾਂ ਨੇ ਤੇਰੇ ਖ਼ਿਲਾਫ਼ ਕੀਤੇ ਹਨ। ਹਾਂ, ਮੈਂ ਅਤੇ ਮੇਰੇ ਪਿਤਾ ਦੇ ਘਰਾਣੇ ਨੇ ਪਾਪ ਕੀਤਾ ਹੈ।+
7 ਅਸੀਂ ਤੇਰੇ ਖ਼ਿਲਾਫ਼ ਭੈੜੇ ਕੰਮ ਕੀਤੇ ਹਨ+ ਤੇ ਤੇਰੇ ਉਨ੍ਹਾਂ ਹੁਕਮਾਂ, ਨਿਯਮਾਂ ਅਤੇ ਫ਼ੈਸਲਿਆਂ ਦੀ ਪਾਲਣਾ ਨਹੀਂ ਕੀਤੀ ਜੋ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ।+
8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+
9 ਪਰ ਜੇ ਤੁਸੀਂ ਮੇਰੇ ਵੱਲ ਮੁੜੋਗੇ ਤੇ ਮੇਰੇ ਹੁਕਮ ਮੰਨੋਗੇ ਅਤੇ ਉਨ੍ਹਾਂ ਉੱਤੇ ਚੱਲੋਗੇ, ਤਾਂ ਫਿਰ ਭਾਵੇਂ ਤੁਹਾਡੇ ਖਿੰਡੇ ਹੋਏ ਲੋਕ ਆਕਾਸ਼ਾਂ ਦੇ ਸਿਰਿਆਂ ’ਤੇ ਹੋਣ, ਮੈਂ ਉਨ੍ਹਾਂ ਨੂੰ ਉੱਥੋਂ ਵੀ ਇਕੱਠਾ ਕਰ ਲਵਾਂਗਾ+ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਲੈ ਆਵਾਂਗਾ ਜਿਹੜੀ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣੀ ਹੈ।’+
10 ਉਹ ਤੇਰੇ ਸੇਵਕ ਅਤੇ ਤੇਰੇ ਹੀ ਲੋਕ ਹਨ ਜਿਨ੍ਹਾਂ ਨੂੰ ਤੂੰ ਆਪਣੀ ਵੱਡੀ ਤਾਕਤ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਛੁਡਾਇਆ ਹੈ।+
11 ਇਸ ਲਈ ਹੇ ਯਹੋਵਾਹ, ਆਪਣੇ ਸੇਵਕ ਦੀ ਦੁਆ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਸੇਵਕਾਂ ਦੀ ਦੁਆ ਸੁਣ ਜੋ ਤੇਰੇ ਨਾਂ ਦਾ ਡਰ ਮੰਨ ਕੇ ਖ਼ੁਸ਼ ਹੁੰਦੇ ਹਨ। ਕਿਰਪਾ ਕਰ ਕੇ ਆਪਣੇ ਸੇਵਕ ਨੂੰ ਅੱਜ ਕਾਮਯਾਬੀ ਬਖ਼ਸ਼ ਅਤੇ ਇਹ ਆਦਮੀ ਮੇਰੇ ’ਤੇ ਰਹਿਮ ਕਰੇ।”+
ਇਸ ਵੇਲੇ ਮੈਂ ਰਾਜੇ ਦਾ ਸਾਕੀ ਸੀ।+