ਨਹਮਯਾਹ 3:1-32
-
ਕੰਧਾਂ ਦੀ ਦੁਬਾਰਾ ਉਸਾਰੀ (1-32)
3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+
2 ਉਨ੍ਹਾਂ ਤੋਂ ਅਗਲੇ ਹਿੱਸੇ ਦੀ ਉਸਾਰੀ ਯਰੀਹੋ+ ਦੇ ਆਦਮੀ ਕਰ ਰਹੇ ਸਨ; ਅਤੇ ਉਨ੍ਹਾਂ ਤੋਂ ਅੱਗੇ ਇਮਰੀ ਦਾ ਪੁੱਤਰ ਜ਼ਕੂਰ ਉਸਾਰੀ ਕਰ ਰਿਹਾ ਸੀ।
3 ਹੱਸਨਾਹ ਦੇ ਪੁੱਤਰਾਂ ਨੇ ਮੱਛੀ ਫਾਟਕ+ ਦੀ ਉਸਾਰੀ ਕੀਤੀ; ਉਨ੍ਹਾਂ ਨੇ ਇਸ ਦੀ ਚੁਗਾਠ ਲਗਾਈ+ ਅਤੇ ਫਿਰ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ।
4 ਉਨ੍ਹਾਂ ਤੋਂ ਅਗਲੇ ਹਿੱਸੇ ਦੀ ਮੁਰੰਮਤ ਊਰੀਯਾਹ ਦੇ ਪੁੱਤਰ ਅਤੇ ਹਕੋਸ ਦੇ ਪੋਤੇ ਮਰੇਮੋਥ+ ਨੇ ਕੀਤੀ, ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਅਤੇ ਮਸ਼ੇਜ਼ਬੇਲ ਦੇ ਪੋਤੇ ਮਸ਼ੂਲਾਮ+ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਨ੍ਹਾਂ ਤੋਂ ਅੱਗੇ ਬਆਨਾ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ।
5 ਉਨ੍ਹਾਂ ਤੋਂ ਅੱਗੇ ਤਕੋਆ ਦੇ ਲੋਕਾਂ+ ਨੇ ਮੁਰੰਮਤ ਦਾ ਕੰਮ ਕੀਤਾ, ਪਰ ਉਨ੍ਹਾਂ ਦੇ ਮੰਨੇ-ਪ੍ਰਮੰਨੇ ਆਦਮੀਆਂ ਨੇ ਆਪਣੇ ਮਾਲਕਾਂ ਦੇ ਕੰਮ ਵਿਚ ਹੱਥ ਵਟਾਉਣ ਲਈ ਆਪਣੇ ਆਪ ਨੂੰ ਨੀਵਾਂ ਨਹੀਂ ਕੀਤਾ।*
6 ਪਾਸੇਆਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੂਲਾਮ ਨੇ “ਪੁਰਾਣੇ ਸ਼ਹਿਰ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਚੁਗਾਠ ਲਗਾਈ ਅਤੇ ਫਿਰ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ।
7 ਉਨ੍ਹਾਂ ਤੋਂ ਅੱਗੇ ਗਿਬਓਨੀ+ ਮਲਟਯਾਹ ਅਤੇ ਮੇਰੋਨੋਥੀ ਯਾਦੋਨ ਨੇ ਮੁਰੰਮਤ ਦਾ ਕੰਮ ਕੀਤਾ ਜੋ ਗਿਬਓਨ ਤੇ ਮਿਸਪਾਹ+ ਦੇ ਆਦਮੀ ਸਨ। ਉਹ ਦਰਿਆ ਪਾਰ ਦੇ ਇਲਾਕੇ*+ ਦੇ ਰਾਜਪਾਲ ਦੇ ਅਧਿਕਾਰ ਹੇਠ ਸਨ।*
8 ਉਨ੍ਹਾਂ ਤੋਂ ਅੱਗੇ ਹਰਹਾਯਾਹ ਦੇ ਪੁੱਤਰ ਸੁਨਿਆਰੇ ਉਜ਼ੀਏਲ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਸ ਤੋਂ ਅੱਗੇ ਹਨਨਯਾਹ ਨੇ ਮੁਰੰਮਤ ਕੀਤੀ ਜੋ ਖ਼ੁਸ਼ਬੂਦਾਰ ਤੇਲ* ਬਣਾਉਂਦਾ ਸੀ; ਉਨ੍ਹਾਂ ਨੇ ਯਰੂਸ਼ਲਮ ਵਿਚ “ਚੌੜੀ ਕੰਧ”+ ਤਕ ਸੜਕ ਬਣਾਈ।*
9 ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫਾਯਾਹ ਨੇ ਮੁਰੰਮਤ ਦਾ ਕੰਮ ਕੀਤਾ ਜੋ ਅੱਧੇ ਯਰੂਸ਼ਲਮ ਜ਼ਿਲ੍ਹੇ ਦਾ ਹਾਕਮ ਸੀ।
10 ਉਨ੍ਹਾਂ ਤੋਂ ਅੱਗੇ ਹਰੂਮਫ ਦੇ ਪੁੱਤਰ ਯਦਾਯਾਹ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹਟੂਸ਼ ਨੇ ਮੁਰੰਮਤ ਦਾ ਕੰਮ ਕੀਤਾ।
11 ਹਾਰੀਮ ਦੇ ਪੁੱਤਰ+ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ+ ਹਸ਼ੂਬ ਨੇ ਇਕ ਹੋਰ ਹਿੱਸੇ* ਦੀ ਅਤੇ “ਤੰਦੂਰਾਂ ਦੇ ਬੁਰਜ”+ ਦੀ ਮੁਰੰਮਤ ਕੀਤੀ।
12 ਉਨ੍ਹਾਂ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ਲੂਮ ਨੇ ਆਪਣੀਆਂ ਧੀਆਂ ਨਾਲ ਮਿਲ ਕੇ ਮੁਰੰਮਤ ਦਾ ਕੰਮ ਕੀਤਾ। ਉਹ ਅੱਧੇ ਯਰੂਸ਼ਲਮ ਜ਼ਿਲ੍ਹੇ ਦਾ ਹਾਕਮ ਸੀ।
13 ਹਾਨੂਨ ਅਤੇ ਜ਼ਾਨੋਆਹ ਦੇ ਵਾਸੀਆਂ+ ਨੇ “ਵਾਦੀ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਅਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ ਅਤੇ ਉਨ੍ਹਾਂ ਨੇ “ਸੁਆਹ ਦੇ ਢੇਰ ਦੇ ਫਾਟਕ” ਤਕ 1,000 ਹੱਥ* ਲੰਬੀ ਕੰਧ ਦੀ ਮੁਰੰਮਤ ਕੀਤੀ।+
14 “ਸੁਆਹ ਦੇ ਢੇਰ ਦੇ ਫਾਟਕ” ਦੀ ਮੁਰੰਮਤ ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਅੱਧੇ ਬੈਤ-ਹਕਰਮ+ ਜ਼ਿਲ੍ਹੇ ਦਾ ਹਾਕਮ ਸੀ; ਉਸ ਨੇ ਇਸ ਦੀ ਉਸਾਰੀ ਕੀਤੀ ਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ।
15 ਕਾਲਹੋਜ਼ਾ ਦੇ ਪੁੱਤਰ ਸ਼ਲੂਨ ਨੇ ਚਸ਼ਮਾ ਫਾਟਕ+ ਦੀ ਮੁਰੰਮਤ ਕੀਤੀ ਜੋ ਮਿਸਪਾਹ+ ਜ਼ਿਲ੍ਹੇ ਦਾ ਹਾਕਮ ਸੀ; ਉਸ ਨੇ ਇਸ ਦੀ ਛੱਤ ਸਮੇਤ ਇਸ ਦੀ ਉਸਾਰੀ ਕੀਤੀ, ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ। ਨਾਲੇ ਉਸ ਨੇ “ਰਾਜੇ ਦੇ ਬਾਗ਼” ਨੂੰ ਜਾਂਦੀ “ਨਹਿਰ+ ਦੇ ਸਰੋਵਰ” ਦੀ ਕੰਧ ਦੀ ਮੁਰੰਮਤ+ ਉਸ ਪੌੜੀ ਤਕ ਕੀਤੀ+ ਜੋ ਦਾਊਦ ਦੇ ਸ਼ਹਿਰ+ ਤੋਂ ਥੱਲੇ ਨੂੰ ਜਾਂਦੀ ਸੀ।
16 ਉਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ, ਜੋ ਅੱਧੇ ਬੈਤ-ਸੂਰ+ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਸਤਾਨ+ ਦੇ ਸਾਮ੍ਹਣਿਓਂ ਲੈ ਕੇ ਖੋਦੇ ਹੋਏ ਸਰੋਵਰ ਤਕ ਮੁਰੰਮਤ ਦਾ ਕੰਮ ਕੀਤਾ+ ਤੇ ਉੱਥੋਂ “ਤਾਕਤਵਰ ਯੋਧਿਆਂ ਦੇ ਘਰ” ਤਕ ਮੁਰੰਮਤ ਕੀਤੀ।
17 ਉਸ ਤੋਂ ਅੱਗੇ ਇਨ੍ਹਾਂ ਲੇਵੀਆਂ ਨੇ ਮੁਰੰਮਤ ਦਾ ਕੰਮ ਕੀਤਾ: ਬਾਨੀ ਦਾ ਪੁੱਤਰ ਰਹੂਮ; ਉਸ ਤੋਂ ਅੱਗੇ ਹਸ਼ਬਯਾਹ ਨੇ ਆਪਣੇ ਜ਼ਿਲ੍ਹੇ ਵੱਲੋਂ ਮੁਰੰਮਤ ਦਾ ਕੰਮ ਕੀਤਾ ਜੋ ਅੱਧੇ ਕਈਲਾਹ+ ਜ਼ਿਲ੍ਹੇ ਦਾ ਹਾਕਮ ਸੀ।
18 ਉਸ ਤੋਂ ਅੱਗੇ ਉਨ੍ਹਾਂ ਦੇ ਭਰਾਵਾਂ ਨੇ ਮੁਰੰਮਤ ਦਾ ਕੰਮ ਕੀਤਾ: ਹੇਨਾਦਾਦ ਦਾ ਪੁੱਤਰ ਬੱਵਈ ਜੋ ਅੱਧੇ ਕਈਲਾਹ ਜ਼ਿਲ੍ਹੇ ਦਾ ਹਾਕਮ ਸੀ।
19 ਉਸ ਤੋਂ ਅੱਗੇ ਯੇਸ਼ੂਆ ਦਾ ਪੁੱਤਰ+ ਤੇ ਮਿਸਪਾਹ ਦਾ ਹਾਕਮ ਏਜ਼ਰ ਇਕ ਹੋਰ ਹਿੱਸੇ ਦੀ ਮੁਰੰਮਤ ਕਰ ਰਿਹਾ ਸੀ ਜੋ ਟੇਕਾਂ ਵਾਲੀ ਪੱਕੀ ਕੰਧ+ ਕੋਲ ਹਥਿਆਰਾਂ ਦੇ ਭੰਡਾਰ ਨੂੰ ਜਾਂਦੀ ਚੜ੍ਹਾਈ ਸਾਮ੍ਹਣੇ ਸੀ।
20 ਉਸ ਤੋਂ ਅੱਗੇ ਜ਼ੱਬਈ+ ਦੇ ਪੁੱਤਰ ਬਾਰੂਕ ਨੇ ਜ਼ੋਰਾਂ-ਸ਼ੋਰਾਂ ਨਾਲ ਕੰਮ ਕੀਤਾ ਅਤੇ ਇਕ ਦੂਸਰੇ ਹਿੱਸੇ ਦੀ ਮੁਰੰਮਤ ਕੀਤੀ ਜੋ ਟੇਕਾਂ ਵਾਲੀ ਪੱਕੀ ਕੰਧ ਤੋਂ ਲੈ ਕੇ ਮਹਾਂ ਪੁਜਾਰੀ ਅਲਯਾਸ਼ੀਬ+ ਦੇ ਘਰ ਦੇ ਦਰਵਾਜ਼ੇ ਤਕ ਸੀ।
21 ਉਸ ਤੋਂ ਅੱਗੇ ਊਰੀਯਾਹ ਦੇ ਪੁੱਤਰ ਅਤੇ ਹਕੋਸ ਦੇ ਪੋਤੇ ਮਰੇਮੋਥ+ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ ਜੋ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਅਲਯਾਸ਼ੀਬ ਦੇ ਘਰ ਦੇ ਅਖ਼ੀਰ ਤਕ ਸੀ।
22 ਉਸ ਤੋਂ ਅੱਗੇ ਪੁਜਾਰੀਆਂ ਯਾਨੀ ਯਰਦਨ ਜ਼ਿਲ੍ਹੇ*+ ਦੇ ਆਦਮੀਆਂ ਨੇ ਮੁਰੰਮਤ ਦਾ ਕੰਮ ਕੀਤਾ।
23 ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਦਾ ਕੰਮ ਕੀਤਾ। ਉਨ੍ਹਾਂ ਤੋਂ ਅੱਗੇ ਮਾਸੇਯਾਹ ਦੇ ਪੁੱਤਰ ਅਤੇ ਅਨਨਯਾਹ ਦੇ ਪੋਤੇ ਅਜ਼ਰਯਾਹ ਨੇ ਆਪਣੇ ਘਰ ਦੇ ਨੇੜੇ ਮੁਰੰਮਤ ਕੀਤੀ।
24 ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿਨੂਈ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ ਜੋ ਅਜ਼ਰਯਾਹ ਦੇ ਘਰ ਤੋਂ ਲੈ ਕੇ ਟੇਕਾਂ ਵਾਲੀ ਪੱਕੀ ਕੰਧ ਤਕ+ ਅਤੇ ਉੱਥੋਂ ਕੋਨੇ ਤਕ ਸੀ।
25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ।
26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।
27 ਉਨ੍ਹਾਂ ਤੋਂ ਅੱਗੇ ਤਕੋਆ ਦੇ ਲੋਕਾਂ+ ਨੇ ਇਕ ਦੂਸਰੇ ਹਿੱਸੇ ਦੀ ਮੁਰੰਮਤ ਕੀਤੀ ਜੋ ਬਾਹਰ ਨੂੰ ਨਿਕਲੇ ਵੱਡੇ ਬੁਰਜ ਦੇ ਸਾਮ੍ਹਣਿਓਂ ਲੈ ਕੇ ਓਫਲ ਦੀ ਕੰਧ ਤਕ ਸੀ।
28 ਪੁਜਾਰੀਆਂ ਨੇ ਘੋੜਾ ਫਾਟਕ+ ਦੇ ਉੱਪਰ ਮੁਰੰਮਤ ਦਾ ਕੰਮ ਕੀਤਾ, ਹਰੇਕ ਨੇ ਆਪੋ-ਆਪਣੇ ਘਰ ਦੇ ਸਾਮ੍ਹਣੇ।
29 ਉਨ੍ਹਾਂ ਤੋਂ ਅੱਗੇ ਇੰਮੇਰ ਦੇ ਪੁੱਤਰ ਸਾਦੋਕ+ ਨੇ ਆਪਣੇ ਘਰ ਦੇ ਸਾਮ੍ਹਣੇ ਮੁਰੰਮਤ ਕੀਤੀ।
ਉਸ ਤੋਂ ਅੱਗੇ ਸ਼ਕਨਯਾਹ ਦੇ ਪੁੱਤਰ ਸ਼ਮਾਯਾਹ ਨੇ ਮੁਰੰਮਤ ਦਾ ਕੰਮ ਕੀਤਾ ਜੋ ਪੂਰਬੀ ਫਾਟਕ+ ਦਾ ਰਾਖਾ ਸੀ।
30 ਉਸ ਤੋਂ ਅੱਗੇ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਸਾਲਾਫ ਦੇ ਛੇਵੇਂ ਪੁੱਤਰ ਹਾਨੂਨ ਨੇ ਇਕ ਹੋਰ ਹਿੱਸੇ ਦੀ ਮੁਰੰਮਤ ਕੀਤੀ।
ਉਸ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੂਲਾਮ+ ਨੇ ਆਪਣੇ ਵੱਡੇ ਕਮਰੇ ਅੱਗੇ ਮੁਰੰਮਤ ਦਾ ਕੰਮ ਕੀਤਾ।
31 ਉਸ ਤੋਂ ਅੱਗੇ ਸੁਨਿਆਰਿਆਂ ਦੇ ਸੰਘ ਦੇ ਸਦੱਸ ਮਲਕੀਯਾਹ ਨੇ ਮੰਦਰ ਦੇ ਸੇਵਾਦਾਰਾਂ*+ ਅਤੇ ਵਪਾਰੀਆਂ ਦੇ ਘਰ ਤਕ ਅਤੇ ਨਿਰੀਖਣ ਫਾਟਕ ਦੇ ਸਾਮ੍ਹਣੇ ਤੇ ਉੱਥੋਂ ਕੋਨੇ ਦੇ ਚੁਬਾਰੇ ਤਕ ਮੁਰੰਮਤ ਦਾ ਕੰਮ ਕੀਤਾ।
32 ਸੁਨਿਆਰਿਆਂ ਅਤੇ ਵਪਾਰੀਆਂ ਨੇ ਕੋਨੇ ਦੇ ਚੁਬਾਰੇ ਅਤੇ ਭੇਡ ਫਾਟਕ+ ਦੇ ਵਿਚਕਾਰ ਮੁਰੰਮਤ ਦਾ ਕੰਮ ਕੀਤਾ।
ਫੁਟਨੋਟ
^ ਜਾਂ, “ਸਮਰਪਿਤ।”
^ ਇਬ, “ਆਪਣੀਆਂ ਧੌਣਾਂ ਨਾ ਨਿਵਾਈਆਂ।”
^ ਇਬ, “ਦੇ ਸਿੰਘਾਸਣ ਦੇ ਸਨ।”
^ ਜਾਂ, “ਅਤਰ।”
^ ਜਾਂ, “ਪੱਥਰਾਂ ਦੀਆਂ ਸਿਲਾਂ ਨਾਲ ਸੜਕ ਬਣਾਈ।”
^ ਜਾਂ, “ਮਿਣੇ ਹੋਏ ਹਿੱਸੇ।”
^ ਲਗਭਗ 445 ਮੀਟਰ (1,460 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ ਸੰਭਵ ਹੈ, “ਨੇੜਲੇ ਜ਼ਿਲ੍ਹੇ।”
^ ਜਾਂ, “ਮਹਿਲ।”
^ ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
^ ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”