ਨਹਮਯਾਹ 4:1-23

  • ਵਿਰੋਧ ਦੇ ਬਾਵਜੂਦ ਕੰਮ ਹੁੰਦਾ ਗਿਆ (1-14)

  • ਹਥਿਆਰਬੰਦ ਕਾਮੇ ਉਸਾਰੀ ਕਰਦੇ ਰਹੇ (15-23)

4  ਜਿਉਂ ਹੀ ਸਨਬੱਲਟ+ ਨੇ ਸੁਣਿਆ ਕਿ ਅਸੀਂ ਕੰਧ ਦੁਬਾਰਾ ਬਣਾ ਰਹੇ ਸੀ, ਤਾਂ ਉਸ ਨੂੰ ਬਹੁਤ ਬੁਰਾ ਲੱਗਾ* ਤੇ ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਉਹ ਯਹੂਦੀਆਂ ਦਾ ਮਜ਼ਾਕ ਉਡਾਉਂਦਾ ਰਿਹਾ।  ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੀ ਮੌਜੂਦਗੀ ਵਿਚ ਕਿਹਾ: “ਇਹ ਕਮਜ਼ੋਰ ਯਹੂਦੀ ਕਰ ਕੀ ਰਹੇ ਹਨ? ਕੀ ਉਹ ਆਪਣੇ ਦਮ ਤੇ ਇਹ ਕੰਮ ਕਰ ਲੈਣਗੇ? ਕੀ ਉਹ ਬਲ਼ੀਆਂ ਚੜ੍ਹਾਉਣਗੇ? ਕੀ ਉਹ ਇਕ ਦਿਨ ਵਿਚ ਕੰਮ ਖ਼ਤਮ ਕਰ ਲੈਣਗੇ? ਕੀ ਉਹ ਮਲਬੇ ਦੇ ਢੇਰਾਂ ਵਿੱਚੋਂ ਸੜੇ ਹੋਏ ਪੱਥਰਾਂ ਨੂੰ ਨਵਾਂ ਬਣਾ ਲੈਣਗੇ?”+  ਉਸ ਦੇ ਨਾਲ ਖੜ੍ਹੇ ਅੰਮੋਨੀ+ ਟੋਬੀਯਾਹ+ ਨੇ ਕਿਹਾ: “ਉਹ ਜੋ ਕੰਧ ਬਣਾ ਰਹੇ ਹਨ, ਉਸ ਉੱਤੇ ਜੇ ਇਕ ਲੂੰਬੜੀ ਵੀ ਚੜ੍ਹ ਜਾਵੇ, ਤਾਂ ਉਨ੍ਹਾਂ ਦੀ ਪੱਥਰਾਂ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।”  ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂਕਿ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ।+ ਉਨ੍ਹਾਂ ਵੱਲੋਂ ਕੀਤੇ ਅਪਮਾਨ ਨੂੰ ਉਨ੍ਹਾਂ ਦੇ ਹੀ ਸਿਰਾਂ ’ਤੇ ਪਾ ਦੇ+ ਤੇ ਉਨ੍ਹਾਂ ਨੂੰ ਗ਼ੁਲਾਮੀ ਦੇ ਦੇਸ਼ ਵਿਚ ਲੁੱਟ ਦਾ ਮਾਲ ਬਣਾ ਦੇ।  ਉਨ੍ਹਾਂ ਦੇ ਅਪਰਾਧ ਨੂੰ ਨਾ ਢਕ ਤੇ ਨਾ ਹੀ ਉਨ੍ਹਾਂ ਦੇ ਪਾਪ ਨੂੰ ਆਪਣੇ ਅੱਗੋਂ ਮਿਟਾ+ ਕਿਉਂਕਿ ਉਨ੍ਹਾਂ ਨੇ ਉਸਾਰੀ ਕਰਨ ਵਾਲਿਆਂ ਦੀ ਬੇਇੱਜ਼ਤੀ ਕੀਤੀ ਹੈ।  ਇਸ ਲਈ ਅਸੀਂ ਕੰਧ ਬਣਾਉਂਦੇ ਰਹੇ ਅਤੇ ਪੂਰੀ ਕੰਧ ਨੂੰ ਜੋੜ ਕੇ ਅੱਧੀ ਉਚਾਈ ਤਕ ਦੁਬਾਰਾ ਬਣਾ ਦਿੱਤਾ ਗਿਆ ਤੇ ਲੋਕ ਦਿਲ ਲਾ ਕੇ ਕੰਮ ਕਰਦੇ ਰਹੇ।  ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀਆਂ,+ ਅੰਮੋਨੀਆਂ ਅਤੇ ਅਸ਼ਦੋਦੀਆਂ+ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਚੱਲੀ ਜਾ ਰਿਹਾ ਹੈ ਅਤੇ ਪਾੜ ਭਰੇ ਜਾ ਰਹੇ ਹਨ, ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹਿਆ।  ਉਨ੍ਹਾਂ ਨੇ ਮਿਲ ਕੇ ਸਾਜ਼ਸ਼ ਘੜੀ ਕਿ ਉਹ ਆ ਕੇ ਯਰੂਸ਼ਲਮ ਨਾਲ ਲੜਨਗੇ ਅਤੇ ਇਸ ਵਿਚ ਹਲਚਲ ਮਚਾ ਦੇਣਗੇ।  ਪਰ ਅਸੀਂ ਆਪਣੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਰਹੇ ਅਤੇ ਦਿਨ-ਰਾਤ ਉਨ੍ਹਾਂ ਖ਼ਿਲਾਫ਼ ਪਹਿਰਾ ਲਾਈ ਰੱਖਿਆ। 10  ਪਰ ਯਹੂਦਾਹ ਦੇ ਲੋਕ ਕਹਿ ਰਹੇ ਸਨ: “ਕੰਮ ਕਰਨ ਵਾਲਿਆਂ* ਦੀ ਤਾਕਤ ਖ਼ਤਮ ਹੋ ਚੁੱਕੀ ਹੈ ਅਤੇ ਬਹੁਤ ਸਾਰਾ ਮਲਬਾ ਬਾਕੀ ਪਿਆ ਹੈ; ਅਸੀਂ ਕਦੇ ਵੀ ਕੰਧ ਨਹੀਂ ਬਣਾ ਪਾਵਾਂਗੇ।” 11  ਸਾਡੇ ਦੁਸ਼ਮਣ ਕਹਿੰਦੇ ਰਹੇ: “ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਜਾਂ ਉਹ ਸਾਨੂੰ ਦੇਖ ਲੈਣ, ਅਸੀਂ ਉਨ੍ਹਾਂ ਵਿਚਕਾਰ ਜਾ ਕੇ ਉਨ੍ਹਾਂ ਨੂੰ ਮਾਰ ਦਿਆਂਗੇ ਤੇ ਕੰਮ ਰੋਕ ਦਿਆਂਗੇ।” 12  ਉਨ੍ਹਾਂ ਲਾਗੇ ਰਹਿੰਦੇ ਯਹੂਦੀ ਜਦੋਂ ਵੀ ਆਉਂਦੇ ਸਨ, ਤਾਂ ਉਹ ਸਾਨੂੰ ਵਾਰ-ਵਾਰ* ਕਹਿੰਦੇ ਸਨ: “ਉਹ ਚਾਰੇ ਪਾਸਿਓਂ ਆ ਕੇ ਸਾਡੇ ’ਤੇ ਹਮਲਾ ਕਰ ਦੇਣਗੇ।” 13  ਇਸ ਲਈ ਮੈਂ ਕੰਧ ਦੇ ਪਿੱਛੇ ਸਭ ਤੋਂ ਨੀਵੀਆਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਆਦਮੀ ਤੈਨਾਤ ਕੀਤੇ ਅਤੇ ਮੈਂ ਪਰਿਵਾਰਾਂ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਲਵਾਰਾਂ, ਉਨ੍ਹਾਂ ਦੇ ਨੇਜ਼ਿਆਂ ਅਤੇ ਉਨ੍ਹਾਂ ਦੀਆਂ ਕਮਾਨਾਂ ਸਣੇ ਖੜ੍ਹੇ ਕੀਤਾ। 14  ਜਦੋਂ ਮੈਂ ਉਨ੍ਹਾਂ ਨੂੰ ਡਰੇ ਹੋਏ ਦੇਖਿਆ, ਤਾਂ ਮੈਂ ਇਕਦਮ ਉੱਠਿਆ ਅਤੇ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ:+ “ਉਨ੍ਹਾਂ ਤੋਂ ਨਾ ਡਰੋ।+ ਯਹੋਵਾਹ ਨੂੰ ਯਾਦ ਰੱਖੋ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ;+ ਆਪਣੇ ਭਰਾਵਾਂ, ਆਪਣੇ ਧੀਆਂ-ਪੁੱਤਰਾਂ, ਆਪਣੀਆਂ ਪਤਨੀਆਂ ਅਤੇ ਘਰਾਂ ਖ਼ਾਤਰ ਲੜੋ।” 15  ਫਿਰ ਸਾਡੇ ਦੁਸ਼ਮਣਾਂ ਨੇ ਸੁਣਿਆ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਉਹ ਕੀ ਕਰ ਰਹੇ ਸਨ ਅਤੇ ਸੱਚੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਇਸ ਲਈ ਅਸੀਂ ਸਾਰੇ ਵਾਪਸ ਜਾ ਕੇ ਕੰਧ ਬਣਾਉਣ ਲੱਗ ਪਏ। 16  ਉਸ ਦਿਨ ਤੋਂ ਬਾਅਦ ਮੇਰੇ ਅੱਧੇ ਆਦਮੀ ਕੰਮ ਕਰਦੇ ਸਨ+ ਅਤੇ ਉਨ੍ਹਾਂ ਵਿੱਚੋਂ ਅੱਧੇ ਆਦਮੀ ਸੰਜੋਆਂ ਪਾ ਕੇ ਨੇਜ਼ੇ, ਢਾਲਾਂ ਤੇ ਕਮਾਨਾਂ ਫੜੀ ਖੜ੍ਹੇ ਰਹਿੰਦੇ ਸਨ। ਅਤੇ ਹਾਕਮ+ ਯਹੂਦਾਹ ਦੇ ਸਾਰੇ ਘਰਾਣੇ ਦੇ ਲੋਕਾਂ ਪਿੱਛੇ ਖੜ੍ਹਦੇ ਸਨ 17  ਜੋ ਕੰਧ ਬਣਾ ਰਹੇ ਸਨ। ਭਾਰ ਢੋਣ ਵਾਲੇ ਇਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਵਿਚ ਹਥਿਆਰ* ਫੜੀ ਰੱਖਦੇ ਸਨ। 18  ਉਸਾਰੀ ਕਰਨ ਵਾਲਾ ਹਰ ਬੰਦਾ ਉਸਾਰੀ ਕਰਦੇ ਵੇਲੇ ਆਪਣੇ ਲੱਕ ਨਾਲ ਤਲਵਾਰ ਬੰਨ੍ਹੀ ਰੱਖਦਾ ਸੀ ਅਤੇ ਨਰਸਿੰਗਾ ਵਜਾਉਣ ਵਾਲਾ+ ਮੇਰੇ ਨਾਲ ਖੜ੍ਹਾ ਰਹਿੰਦਾ ਸੀ। 19  ਫਿਰ ਮੈਂ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ: “ਕੰਮ ਬਹੁਤ ਵੱਡਾ ਤੇ ਜ਼ਿਆਦਾ ਹੈ ਅਤੇ ਅਸੀਂ ਕੰਧ ਬਣਾਉਂਦੇ ਹੋਏ ਇਕ-ਦੂਜੇ ਤੋਂ ਬਹੁਤ ਦੂਰ-ਦੂਰ ਫੈਲੇ ਹੋਏ ਹਾਂ। 20  ਜਦੋਂ ਤੁਸੀਂ ਨਰਸਿੰਗੇ ਦੀ ਆਵਾਜ਼ ਸੁਣੋ, ਤਾਂ ਸਾਡੇ ਕੋਲ ਇਕੱਠੇ ਹੋ ਜਾਇਓ। ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ।”+ 21  ਇਸ ਲਈ ਅਸੀਂ ਪਹੁ ਫੁੱਟਣ ਤੋਂ ਲੈ ਕੇ ਤਾਰੇ ਨਿਕਲਣ ਤਕ ਕੰਮ ਕਰਦੇ ਰਹਿੰਦੇ ਸੀ ਅਤੇ ਅੱਧੇ ਆਦਮੀ ਨੇਜ਼ੇ ਫੜੀ ਖੜ੍ਹੇ ਰਹਿੰਦੇ ਸਨ। 22  ਉਸ ਸਮੇਂ ਮੈਂ ਲੋਕਾਂ ਨੂੰ ਕਿਹਾ: “ਹਰ ਆਦਮੀ ਆਪਣੇ ਸੇਵਾਦਾਰ ਸਣੇ ਯਰੂਸ਼ਲਮ ਵਿਚ ਰਾਤ ਕੱਟੇ। ਉਹ ਰਾਤ ਨੂੰ ਸਾਡੀ ਰਾਖੀ ਕਰਨਗੇ ਅਤੇ ਦਿਨ ਵੇਲੇ ਕੰਮ ਕਰਨਗੇ।” 23  ਇਸ ਲਈ ਨਾ ਮੈਂ, ਨਾ ਮੇਰੇ ਭਰਾਵਾਂ ਨੇ, ਨਾ ਮੇਰੇ ਸੇਵਾਦਾਰਾਂ ਨੇ+ ਅਤੇ ਨਾ ਹੀ ਮੇਰੇ ਮਗਰ-ਮਗਰ ਚੱਲਣ ਵਾਲੇ ਪਹਿਰੇਦਾਰਾਂ ਨੇ ਕਦੇ ਆਪਣੇ ਕੱਪੜੇ ਲਾਹੇ। ਸਾਡੇ ਵਿੱਚੋਂ ਹਰੇਕ ਜਣਾ ਆਪਣੇ ਸੱਜੇ ਹੱਥ ਵਿਚ ਆਪਣਾ ਹਥਿਆਰ ਫੜੀ ਰੱਖਦਾ ਸੀ।

ਫੁਟਨੋਟ

ਜਾਂ, “ਉਸ ਨੂੰ ਠੇਸ ਪਹੁੰਚੀ।”
ਜਾਂ, “ਭਾਰ ਢੋਣ ਵਾਲਿਆਂ।”
ਇਬ, “ਦਸ ਵਾਰ।”
ਜਾਂ, “ਬਰਛਾ।”