ਨਹਮਯਾਹ 6:1-19

  • ਦੁਬਾਰਾ ਉਸਾਰੀ ਕੀਤੇ ਜਾਣ ਦਾ ਵਿਰੋਧ ਜਾਰੀ ਰਿਹਾ (1-14)

  • ਕੰਧ 52 ਦਿਨਾਂ ਵਿਚ ਬਣ ਗਈ (15-19)

6  ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀ ਗਸ਼ਮ+ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਖ਼ਬਰ ਮਿਲੀ ਕਿ ਮੈਂ ਕੰਧ ਦੁਬਾਰਾ ਬਣਾ ਲਈ ਹੈ+ ਅਤੇ ਇਸ ਵਿਚ ਕੋਈ ਪਾੜ ਨਹੀਂ ਬਚਿਆ (ਭਾਵੇਂ ਕਿ ਮੈਂ ਉਸ ਸਮੇਂ ਤਕ ਦਰਵਾਜ਼ਿਆਂ ਦੇ ਪੱਲੇ ਨਹੀਂ ਲਗਾਏ ਸਨ),+  ਤਾਂ ਸਨਬੱਲਟ ਅਤੇ ਗਸ਼ਮ ਨੇ ਤੁਰੰਤ ਮੈਨੂੰ ਇਹ ਸੰਦੇਸ਼ ਭੇਜਿਆ: “ਆ, ਆਪਾਂ ਓਨੋ+ ਦੇ ਮੈਦਾਨ ਦੇ ਕਿਸੇ ਇਕ ਪਿੰਡ ਵਿਚ ਮਿਲਣ ਲਈ ਇਕ ਸਮਾਂ ਮਿਥੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਘੜ ਰਹੇ ਸਨ।  ਇਸ ਲਈ ਮੈਂ ਇਹ ਕਹਿ ਕੇ ਸੰਦੇਸ਼ ਦੇਣ ਵਾਲਿਆਂ ਨੂੰ ਉਨ੍ਹਾਂ ਕੋਲ ਭੇਜਿਆ: “ਮੈਂ ਇਕ ਵੱਡੇ ਕੰਮ ਵਿਚ ਰੁੱਝਿਆ ਹੋਇਆ ਹਾਂ, ਮੈਂ ਨਹੀਂ ਆ ਸਕਦਾ। ਤੁਹਾਡੇ ਕੋਲ ਆਉਣ ਲਈ ਮੈਂ ਕੰਮ ਕਿਉਂ ਰੋਕਾਂ?”  ਉਨ੍ਹਾਂ ਨੇ ਮੈਨੂੰ ਚਾਰ ਵਾਰ ਇੱਕੋ ਸੰਦੇਸ਼ ਭੇਜਿਆ ਅਤੇ ਮੈਂ ਹਰ ਵਾਰ ਇੱਕੋ ਜਵਾਬ ਦਿੱਤਾ।  ਫਿਰ ਸਨਬੱਲਟ ਨੇ ਆਪਣੇ ਸੇਵਾਦਾਰ ਨੂੰ ਉਹੀ ਸੰਦੇਸ਼ ਦੇ ਕੇ ਪੰਜਵੀਂ ਵਾਰ ਮੇਰੇ ਕੋਲ ਭੇਜਿਆ ਅਤੇ ਉਸ ਦੇ ਹੱਥ ਵਿਚ ਇਕ ਖੁੱਲ੍ਹੀ ਚਿੱਠੀ ਸੀ।  ਇਸ ਵਿਚ ਲਿਖਿਆ ਸੀ: “ਕੌਮਾਂ ਵਿਚ ਇਹ ਸੁਣਨ ਨੂੰ ਆਇਆ ਹੈ ਅਤੇ ਗਸ਼ਮ+ ਵੀ ਇਹ ਕਹਿ ਰਿਹਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹ ਕਰਨ ਲਈ ਸਾਜ਼ਸ਼ ਘੜ ਰਹੇ ਹੋ।+ ਇਸੇ ਕਰਕੇ ਤੂੰ ਇਹ ਕੰਧ ਬਣਾ ਰਿਹਾ ਹੈਂ; ਇਨ੍ਹਾਂ ਖ਼ਬਰਾਂ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨ ਵਾਲਾ ਹੈਂ।  ਨਾਲੇ ਤੂੰ ਨਬੀ ਠਹਿਰਾਏ ਹਨ ਕਿ ਉਹ ਸਾਰੇ ਯਰੂਸ਼ਲਮ ਵਿਚ ਤੇਰੇ ਬਾਰੇ ਇਹ ਐਲਾਨ ਕਰਨ, ‘ਯਹੂਦਾਹ ਵਿਚ ਇਕ ਰਾਜਾ ਹੈ!’ ਹੁਣ ਇਹ ਗੱਲਾਂ ਰਾਜੇ ਨੂੰ ਦੱਸੀਆਂ ਜਾਣਗੀਆਂ। ਇਸ ਲਈ ਆ, ਆਪਾਂ ਮਿਲ ਕੇ ਇਸ ਬਾਰੇ ਗੱਲ ਕਰੀਏ।”  ਪਰ ਮੈਂ ਉਸ ਨੂੰ ਇਹ ਜਵਾਬ ਭੇਜਿਆ: “ਜੋ ਗੱਲਾਂ ਤੂੰ ਕਹਿ ਰਿਹਾ ਹੈਂ, ਉੱਦਾਂ ਦਾ ਕੁਝ ਨਹੀਂ ਹੋਇਆ; ਇਹ ਤੇਰੀਆਂ ਮਨਘੜਤ* ਗੱਲਾਂ ਹਨ।”  ਅਸਲ ਵਿਚ ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਸੋਚਿਆ: “ਉਨ੍ਹਾਂ ਦੇ ਹੱਥ ਕੰਮ ਵਿਚ ਢਿੱਲੇ ਪੈ ਜਾਣਗੇ ਅਤੇ ਕੰਮ ਵਿੱਚੇ ਰੁਕ ਜਾਵੇਗਾ।”+ ਹੁਣ ਹੇ ਪਰਮੇਸ਼ੁਰ, ਮੈਂ ਦੁਆ ਕਰਦਾ ਹਾਂ ਕਿ ਮੇਰੇ ਹੱਥ ਤਕੜੇ ਕਰ।+ 10  ਫਿਰ ਮੈਂ ਦਲਾਯਾਹ ਦੇ ਪੁੱਤਰ ਅਤੇ ਮਹੇਟਬੇਲ ਦੇ ਪੋਤੇ ਸ਼ਮਾਯਾਹ ਦੇ ਘਰ ਗਿਆ ਜਦੋਂ ਉਹ ਉੱਥੇ ਬੰਦ ਸੀ। ਉਸ ਨੇ ਕਿਹਾ: “ਆ, ਆਪਾਂ ਸੱਚੇ ਪਰਮੇਸ਼ੁਰ ਦੇ ਭਵਨ ਵਿਚ, ਹਾਂ, ਮੰਦਰ ਦੇ ਅੰਦਰ ਮਿਲਣ ਲਈ ਸਮਾਂ ਮਿਥੀਏ ਅਤੇ ਮੰਦਰ ਦੇ ਦਰਵਾਜ਼ੇ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਆ ਰਹੇ ਹਨ। ਉਹ ਤੈਨੂੰ ਰਾਤ ਨੂੰ ਕਤਲ ਕਰਨ ਲਈ ਆ ਰਹੇ ਹਨ।” 11  ਪਰ ਮੈਂ ਕਿਹਾ: “ਕੀ ਮੇਰੇ ਵਰਗੇ ਆਦਮੀ ਨੂੰ ਭੱਜਣਾ ਚਾਹੀਦਾ? ਕੀ ਮੇਰੇ ਵਰਗਾ ਆਦਮੀ ਮੰਦਰ ਵਿਚ ਜਾ ਕੇ ਜੀਉਂਦਾ ਰਹਿ ਸਕਦਾ?+ ਮੈਂ ਅੰਦਰ ਨਹੀਂ ਜਾਵਾਂਗਾ!” 12  ਫਿਰ ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ, ਪਰ ਟੋਬੀਯਾਹ ਅਤੇ ਸਨਬੱਲਟ+ ਨੇ ਮੇਰੇ ਖ਼ਿਲਾਫ਼ ਇਹ ਭਵਿੱਖਬਾਣੀ ਕਰਨ ਲਈ ਉਸ ਨੂੰ ਭਾੜੇ ’ਤੇ ਰੱਖਿਆ ਸੀ। 13  ਮੈਨੂੰ ਡਰਾਉਣ ਲਈ ਅਤੇ ਮੇਰੇ ਤੋਂ ਪਾਪ ਕਰਾਉਣ ਲਈ ਉਸ ਨੂੰ ਭਾੜੇ ’ਤੇ ਰੱਖਿਆ ਗਿਆ ਤਾਂਕਿ ਉਨ੍ਹਾਂ ਨੂੰ ਮੇਰਾ ਨਾਂ ਬਦਨਾਮ ਕਰਨ ਅਤੇ ਮੇਰੇ ’ਤੇ ਦੋਸ਼ ਲਾਉਣ ਲਈ ਕੋਈ ਕਾਰਨ ਮਿਲ ਸਕੇ। 14  ਹੇ ਮੇਰੇ ਪਰਮੇਸ਼ੁਰ, ਤੂੰ ਟੋਬੀਯਾਹ,+ ਸਨਬੱਲਟ ਅਤੇ ਇਨ੍ਹਾਂ ਦੇ ਕੰਮਾਂ ਨੂੰ, ਨਾਲੇ ਨਬੀਆ ਨੋਆਦਯਾਹ ਅਤੇ ਬਾਕੀ ਨਬੀਆਂ ਨੂੰ ਯਾਦ ਰੱਖੀਂ ਜੋ ਮੈਨੂੰ ਡਰਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ। 15  ਐਲੂਲ* ਦੀ 25 ਤਾਰੀਖ਼ ਨੂੰ ਕੰਧ ਬਣਾਉਣ ਦਾ ਕੰਮ ਪੂਰਾ ਹੋ ਗਿਆ, ਕੁੱਲ 52 ਦਿਨਾਂ ਵਿਚ। 16  ਜਿਉਂ ਹੀ ਸਾਡੇ ਸਾਰੇ ਦੁਸ਼ਮਣਾਂ ਨੇ ਇਸ ਬਾਰੇ ਸੁਣਿਆ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਨੇ ਇਹ ਦੇਖਿਆ, ਤਾਂ ਉਹ ਬਹੁਤ ਸ਼ਰਮਿੰਦਾ ਹੋਏ*+ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪਰਮੇਸ਼ੁਰ ਦੀ ਮਦਦ ਨਾਲ ਹੀ ਇਹ ਕੰਮ ਪੂਰਾ ਹੋਇਆ ਸੀ। 17  ਉਨ੍ਹਾਂ ਦਿਨਾਂ ਵਿਚ ਟੋਬੀਯਾਹ ਨੂੰ ਯਹੂਦਾਹ ਦੇ ਪ੍ਰਧਾਨ+ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ ਅਤੇ ਟੋਬੀਯਾਹ ਉਨ੍ਹਾਂ ਨੂੰ ਜਵਾਬ ਦਿੰਦਾ ਸੀ। 18  ਯਹੂਦਾਹ ਵਿਚ ਕਈਆਂ ਨੇ ਉਸ ਦੇ ਵਫ਼ਾਦਾਰ ਰਹਿਣ ਦੀ ਸਹੁੰ ਖਾਧੀ ਸੀ ਕਿਉਂਕਿ ਉਹ ਆਰਹ ਦੇ ਪੁੱਤਰ+ ਸ਼ਕਨਯਾਹ ਦਾ ਜਵਾਈ ਸੀ ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੂਲਾਮ+ ਦੀ ਧੀ ਨਾਲ ਵਿਆਹ ਕਰਾਇਆ ਸੀ। 19  ਨਾਲੇ ਉਹ ਮੈਨੂੰ ਹਮੇਸ਼ਾ ਉਸ ਬਾਰੇ ਚੰਗੀਆਂ ਗੱਲਾਂ ਦੱਸਦੇ ਰਹਿੰਦੇ ਸਨ ਅਤੇ ਫਿਰ ਮੇਰੀਆਂ ਕਹੀਆਂ ਗੱਲਾਂ ਉਸ ਨੂੰ ਦੱਸਦੇ ਸਨ। ਫਿਰ ਟੋਬੀਯਾਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਸੀ।+

ਫੁਟਨੋਟ

ਇਬ, “ਤੇਰੇ ਦਿਲ ਵਿੱਚੋਂ।”
ਇਬ, “ਉਹ ਆਪਣੀਆਂ ਹੀ ਨਜ਼ਰਾਂ ਵਿਚ ਬਹੁਤ ਡਿਗ ਗਏ।”