ਨਿਆਈਆਂ 10:1-18

  • ਨਿਆਂਕਾਰ ਤੋਲਾ ਅਤੇ ਯਾਈਰ (1-5)

  • ਇਜ਼ਰਾਈਲ ਦੀ ਬਗਾਵਤ ਅਤੇ ਪਛਤਾਵਾ (6-16)

  • ਅਮੋਨੀਆਂ ਨੇ ਇਜ਼ਰਾਈਲ ਨੂੰ ਧਮਕਾਇਆ (17, 18)

10  ਅਬੀਮਲਕ ਤੋਂ ਬਾਅਦ, ਯਿਸਾਕਾਰ ਦੇ ਗੋਤ ਵਿੱਚੋਂ ਪੁਆਹ ਦਾ ਪੁੱਤਰ ਤੇ ਦੋਦੋ ਦਾ ਪੋਤਾ ਤੋਲਾ ਇਜ਼ਰਾਈਲ ਨੂੰ ਬਚਾਉਣ ਲਈ ਖੜ੍ਹਾ ਹੋਇਆ।+ ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਾਮੀਰ ਵਿਚ ਰਹਿੰਦਾ ਸੀ।  ਉਸ ਨੇ 23 ਸਾਲ ਇਜ਼ਰਾਈਲ ਦਾ ਨਿਆਂ ਕੀਤਾ। ਫਿਰ ਉਹ ਮਰ ਗਿਆ ਤੇ ਉਸ ਨੂੰ ਸ਼ਾਮੀਰ ਵਿਚ ਦਫ਼ਨਾਇਆ ਗਿਆ।  ਉਸ ਤੋਂ ਬਾਅਦ ਗਿਲਆਦ ਦਾ ਯਾਈਰ ਉੱਠਿਆ ਤੇ ਉਸ ਨੇ 22 ਸਾਲ ਇਜ਼ਰਾਈਲ ਦਾ ਨਿਆਂ ਕੀਤਾ।  ਉਸ ਦੇ 30 ਪੁੱਤਰ ਸਨ ਜਿਨ੍ਹਾਂ ਕੋਲ ਸਵਾਰੀ ਕਰਨ ਲਈ 30 ਗਧੇ ਸਨ। ਉਨ੍ਹਾਂ ਕੋਲ 30 ਸ਼ਹਿਰ ਸਨ ਜਿਨ੍ਹਾਂ ਨੂੰ ਅੱਜ ਤਕ ਹੱਵੋਥ-ਯਾਈਰ ਕਿਹਾ ਜਾਂਦਾ ਹੈ;+ ਇਹ ਸ਼ਹਿਰ ਗਿਲਆਦ ਦੇ ਇਲਾਕੇ ਵਿਚ ਹਨ।  ਇਸ ਤੋਂ ਬਾਅਦ ਯਾਈਰ ਮਰ ਗਿਆ ਅਤੇ ਉਸ ਨੂੰ ਕਾਮੋਨ ਵਿਚ ਦਫ਼ਨਾਇਆ ਗਿਆ।  ਇਜ਼ਰਾਈਲੀ ਦੁਬਾਰਾ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਉਹ ਬਆਲਾਂ, ਅਸ਼ਤਾਰੋਥ ਦੀਆਂ ਮੂਰਤਾਂ, ਅਰਾਮ* ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫਲਿਸਤੀਆਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ।+ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ।  ਫਿਰ ਯਹੋਵਾਹ ਦਾ ਕ੍ਰੋਧ ਇਜ਼ਰਾਈਲ ’ਤੇ ਭੜਕ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫਲਿਸਤੀਆਂ ਤੇ ਅੰਮੋਨੀਆਂ ਦੇ ਹੱਥਾਂ ਵਿਚ ਵੇਚ ਦਿੱਤਾ।+  ਇਸ ਲਈ ਉਨ੍ਹਾਂ ਨੇ ਉਸ ਸਾਲ ਇਜ਼ਰਾਈਲੀਆਂ ਨੂੰ ਤੰਗ ਕੀਤਾ ਤੇ ਉਨ੍ਹਾਂ ਉੱਤੇ ਬਹੁਤ ਅਤਿਆਚਾਰ ਕੀਤੇ। ਉਹ 18 ਸਾਲ ਇਜ਼ਰਾਈਲੀਆਂ ਉੱਤੇ ਅਤਿਆਚਾਰ ਕਰਦੇ ਰਹੇ ਜੋ ਯਰਦਨ ਦੇ ਉਸ ਪਾਸੇ ਗਿਲਆਦ ਵਿਚ ਰਹਿੰਦੇ ਸਨ ਜੋ ਅਮੋਰੀਆਂ ਦਾ ਇਲਾਕਾ ਹੁੰਦਾ ਸੀ।  ਅੰਮੋਨੀ ਵੀ ਯਰਦਨ ਪਾਰ ਕਰ ਕੇ ਯਹੂਦਾਹ, ਬਿਨਯਾਮੀਨ ਅਤੇ ਇਫ਼ਰਾਈਮ ਦੇ ਘਰਾਣੇ ਨਾਲ ਲੜਨ ਆਉਂਦੇ ਸਨ; ਅਤੇ ਇਜ਼ਰਾਈਲ ਦਾ ਬੁਰਾ ਹਾਲ ਹੋ ਗਿਆ। 10  ਫਿਰ ਇਜ਼ਰਾਈਲੀਆਂ ਨੇ ਇਹ ਕਹਿ ਕੇ ਮਦਦ ਲਈ ਯਹੋਵਾਹ ਨੂੰ ਪੁਕਾਰਿਆ:+ “ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਅਤੇ ਬਆਲਾਂ ਦੀ ਭਗਤੀ ਕੀਤੀ।”+ 11  ਪਰ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: “ਕੀ ਮੈਂ ਤੁਹਾਨੂੰ ਮਿਸਰ,+ ਅਮੋਰੀਆਂ,+ ਅੰਮੋਨੀਆਂ ਤੇ ਫਲਿਸਤੀਆਂ+ ਤੋਂ ਨਹੀਂ ਬਚਾਇਆ ਸੀ, 12  ਨਾਲੇ ਸੀਦੋਨੀਆਂ, ਅਮਾਲੇਕ ਅਤੇ ਮਿਦਿਆਨ ਤੋਂ ਜਦੋਂ ਉਨ੍ਹਾਂ ਨੇ ਤੁਹਾਡੇ ’ਤੇ ਅਤਿਆਚਾਰ ਕੀਤੇ? ਜਦੋਂ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਾਂ ਮੈਂ ਤੁਹਾਨੂੰ ਉਨ੍ਹਾਂ ਦੇ ਹੱਥੋਂ ਬਚਾਇਆ। 13  ਪਰ ਤੁਸੀਂ ਮੈਨੂੰ ਛੱਡ ਦਿੱਤਾ ਅਤੇ ਦੂਸਰੇ ਦੇਵਤਿਆਂ ਦੀ ਭਗਤੀ ਕੀਤੀ।+ ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਨਹੀਂ ਬਚਾਵਾਂਗਾ।+ 14  ਤੁਸੀਂ ਜਿਨ੍ਹਾਂ ਦੇਵਤਿਆਂ ਨੂੰ ਚੁਣਿਆ, ਉਨ੍ਹਾਂ ਕੋਲ ਜਾਓ ਤੇ ਉਨ੍ਹਾਂ ਨੂੰ ਮਦਦ ਲਈ ਪੁਕਾਰੋ।+ ਉਹੀ ਤੁਹਾਨੂੰ ਤੁਹਾਡੀ ਦੁੱਖ ਦੀ ਘੜੀ ਵਿੱਚੋਂ ਕੱਢਣ।”+ 15  ਪਰ ਇਜ਼ਰਾਈਲੀਆਂ ਨੇ ਯਹੋਵਾਹ ਨੂੰ ਕਿਹਾ: “ਅਸੀਂ ਪਾਪ ਕੀਤਾ ਹੈ। ਸਾਡੇ ਨਾਲ ਉਹੀ ਕਰ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ। ਪਰ ਕਿਰਪਾ ਕਰ ਕੇ ਸਾਨੂੰ ਅੱਜ ਬਚਾ ਲੈ।” 16  ਅਤੇ ਉਨ੍ਹਾਂ ਨੇ ਆਪਣੇ ਵਿਚਕਾਰੋਂ ਪਰਾਏ ਦੇਵਤਿਆਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ+ ਜਿਸ ਕਰਕੇ ਇਜ਼ਰਾਈਲ ਦਾ ਕਸ਼ਟ ਉਸ ਤੋਂ ਹੋਰ ਨਾ ਦੇਖਿਆ ਗਿਆ।*+ 17  ਕੁਝ ਸਮੇਂ ਬਾਅਦ ਅੰਮੋਨੀ+ ਇਕੱਠੇ ਹੋਏ ਅਤੇ ਉਨ੍ਹਾਂ ਨੇ ਗਿਲਆਦ ਵਿਚ ਡੇਰਾ ਲਾਇਆ। ਇਜ਼ਰਾਈਲੀ ਵੀ ਇਕੱਠੇ ਹੋਏ ਤੇ ਉਨ੍ਹਾਂ ਨੇ ਮਿਸਪਾਹ ਵਿਚ ਡੇਰਾ ਲਾਇਆ। 18  ਗਿਲਆਦ ਦੇ ਲੋਕਾਂ ਅਤੇ ਹਾਕਮਾਂ ਨੇ ਇਕ-ਦੂਜੇ ਨੂੰ ਕਿਹਾ: “ਅੰਮੋਨੀਆਂ ਖ਼ਿਲਾਫ਼ ਲੜਨ ਵਿਚ ਕੌਣ ਸਾਡੀ ਅਗਵਾਈ ਕਰੇਗਾ?+ ਉਹੀ ਗਿਲਆਦ ਦੇ ਸਾਰੇ ਵਾਸੀਆਂ ਦਾ ਮੁਖੀ ਬਣ ਜਾਵੇਗਾ।”

ਫੁਟਨੋਟ

ਜਾਂ, “ਸੀਰੀਆ।”
ਜਾਂ, “ਅਤੇ ਇਜ਼ਰਾਈਲ ਦੇ ਕਸ਼ਟ ਕਰਕੇ ਉਸ ਦਾ ਮਨ ਬੇਚੈਨ ਹੋ ਉੱਠਿਆ।”