ਨਿਆਈਆਂ 11:1-40

  • ਨਿਆਂਕਾਰ ਯਿਫਤਾਹ ਨੂੰ ਕੱਢਿਆ ਗਿਆ, ਫਿਰ ਆਗੂ ਬਣਾਇਆ (1-11)

  • ਯਿਫਤਾਹ ਨੇ ਅੰਮੋਨ ਨਾਲ ਤਰਕ ਕੀਤਾ (12-28)

  • ਯਿਫਤਾਹ ਦੀ ਸੁੱਖਣਾ ਅਤੇ ਉਸ ਦੀ ਧੀ (29-40)

    • ਧੀ ਜ਼ਿੰਦਗੀ ਭਰ ਕੁਆਰੀ ਰਹੀ (38-40)

11  ਗਿਲਆਦ ਵਿਚ ਰਹਿਣ ਵਾਲਾ ਯਿਫਤਾਹ+ ਇਕ ਤਾਕਤਵਰ ਯੋਧਾ ਸੀ; ਉਹ ਇਕ ਵੇਸਵਾ ਦਾ ਪੁੱਤਰ ਸੀ ਅਤੇ ਗਿਲਆਦ ਯਿਫਤਾਹ ਦਾ ਪਿਤਾ ਸੀ।  ਪਰ ਗਿਲਆਦ ਦੀ ਪਤਨੀ ਨੇ ਵੀ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ। ਜਦੋਂ ਉਸ ਦੀ ਪਤਨੀ ਤੋਂ ਹੋਏ ਪੁੱਤਰ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਯਿਫਤਾਹ ਨੂੰ ਭਜਾ ਦਿੱਤਾ ਤੇ ਉਸ ਨੂੰ ਕਿਹਾ: “ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈਂ, ਇਸ ਕਰਕੇ ਸਾਡੇ ਪਿਤਾ ਦੇ ਘਰਾਣੇ ਵਿਚ ਤੈਨੂੰ ਕੋਈ ਵਿਰਾਸਤ ਨਹੀਂ ਮਿਲੇਗੀ।”  ਇਸ ਲਈ ਯਿਫਤਾਹ ਆਪਣੇ ਭਰਾਵਾਂ ਕੋਲੋਂ ਭੱਜ ਗਿਆ ਤੇ ਤੋਬ ਦੇ ਇਲਾਕੇ ਵਿਚ ਰਹਿਣ ਲੱਗ ਪਿਆ। ਯਿਫਤਾਹ ਨਾਲ ਵਿਹਲੇ ਆਦਮੀ ਰਲ਼ ਗਏ ਤੇ ਉਹ ਉਸ ਦੇ ਮਗਰ-ਮਗਰ ਚੱਲਦੇ ਸਨ।  ਕੁਝ ਸਮੇਂ ਬਾਅਦ ਅੰਮੋਨੀ ਇਜ਼ਰਾਈਲ ਨਾਲ ਲੜੇ।+  ਜਦੋਂ ਅੰਮੋਨੀ ਇਜ਼ਰਾਈਲ ਨਾਲ ਲੜ ਰਹੇ ਸਨ, ਤਾਂ ਗਿਲਆਦ ਦੇ ਬਜ਼ੁਰਗ ਫਟਾਫਟ ਯਿਫਤਾਹ ਨੂੰ ਤੋਬ ਤੋਂ ਵਾਪਸ ਲਿਆਉਣ ਲਈ ਗਏ।  ਉਨ੍ਹਾਂ ਨੇ ਯਿਫਤਾਹ ਨੂੰ ਕਿਹਾ: “ਆ ਕੇ ਸਾਡਾ ਸੈਨਾਪਤੀ ਬਣ ਤਾਂਕਿ ਅਸੀਂ ਅੰਮੋਨੀਆਂ ਨਾਲ ਲੜ ਸਕੀਏ।”  ਪਰ ਯਿਫਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਕਿਹਾ: “ਭਲਾ, ਮੇਰੇ ਨਾਲ ਨਫ਼ਰਤ ਹੋਣ ਕਰਕੇ ਤੁਸੀਂ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਨਹੀਂ ਦਿੱਤਾ ਸੀ?+ ਹੁਣ ਤੁਸੀਂ ਮੁਸੀਬਤ ਦੇ ਵੇਲੇ ਮੇਰੇ ਕੋਲ ਕਿਉਂ ਆਏ ਹੋ?”  ਇਹ ਸੁਣ ਕੇ ਗਿਲਆਦ ਦੇ ਬਜ਼ੁਰਗਾਂ ਨੇ ਯਿਫਤਾਹ ਨੂੰ ਕਿਹਾ: “ਇਸੇ ਲਈ ਤਾਂ ਅਸੀਂ ਹੁਣ ਤੇਰੇ ਕੋਲ ਵਾਪਸ ਆਏ ਹਾਂ। ਜੇ ਤੂੰ ਸਾਡੇ ਨਾਲ ਚੱਲੇਂਗਾ ਅਤੇ ਅੰਮੋਨੀਆਂ ਨਾਲ ਲੜੇਂਗਾ, ਤਾਂ ਤੂੰ ਗਿਲਆਦ ਦੇ ਸਾਰੇ ਵਾਸੀਆਂ ਉੱਤੇ ਸਾਡਾ ਆਗੂ ਬਣੇਂਗਾ।”+  ਯਿਫਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਕਿਹਾ: “ਜੇ ਤੁਸੀਂ ਮੈਨੂੰ ਅੰਮੋਨੀਆਂ ਨਾਲ ਲੜਨ ਲਈ ਵਾਪਸ ਲਿਜਾਣਾ ਹੈ ਅਤੇ ਜੇ ਯਹੋਵਾਹ ਨੇ ਮੇਰੀ ਖ਼ਾਤਰ ਉਨ੍ਹਾਂ ਨੂੰ ਹਰਾ ਦਿੱਤਾ, ਤਾਂ ਮੈਂ ਜ਼ਰੂਰ ਤੁਹਾਡਾ ਆਗੂ ਬਣਾਂਗਾ!” 10  ਗਿਲਆਦ ਦੇ ਬਜ਼ੁਰਗਾਂ ਨੇ ਯਿਫਤਾਹ ਨੂੰ ਕਿਹਾ: “ਯਹੋਵਾਹ ਸਾਡੇ ਵਿਚ ਗਵਾਹ ਹੋਵੇ* ਜੇ ਅਸੀਂ ਉੱਦਾਂ ਨਾ ਕੀਤਾ ਜਿੱਦਾਂ ਤੂੰ ਕਹਿੰਦਾ ਹੈਂ।” 11  ਇਸ ਲਈ ਯਿਫਤਾਹ ਗਿਲਆਦ ਦੇ ਬਜ਼ੁਰਗਾਂ ਨਾਲ ਚਲਾ ਗਿਆ ਅਤੇ ਲੋਕਾਂ ਨੇ ਉਸ ਨੂੰ ਆਪਣਾ ਆਗੂ ਤੇ ਸੈਨਾਪਤੀ ਬਣਾਇਆ। ਯਿਫਤਾਹ ਨੇ ਆਪਣੀਆਂ ਸਾਰੀਆਂ ਗੱਲਾਂ ਮਿਸਪਾਹ ਵਿਚ ਯਹੋਵਾਹ ਅੱਗੇ ਦੁਹਰਾਈਆਂ।+ 12  ਫਿਰ ਯਿਫਤਾਹ ਨੇ ਅੰਮੋਨੀਆਂ+ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਆਦਮੀ ਘੱਲੇ: “ਤੇਰਾ ਮੇਰੇ ਨਾਲ ਕੀ ਝਗੜਾ* ਕਿ ਤੂੰ ਮੇਰੇ ਦੇਸ਼ ’ਤੇ ਹਮਲਾ ਕਰਨ ਆ ਗਿਆ ਹੈਂ?” 13  ਅੰਮੋਨੀਆਂ ਦੇ ਰਾਜੇ ਨੇ ਯਿਫਤਾਹ ਦੇ ਆਦਮੀਆਂ ਨੂੰ ਕਿਹਾ: “ਕਿਉਂਕਿ ਮਿਸਰ+ ਤੋਂ ਬਾਹਰ ਆਉਂਦੇ ਸਮੇਂ ਇਜ਼ਰਾਈਲ ਨੇ ਅਰਨੋਨ+ ਤੋਂ ਲੈ ਕੇ ਯਬੋਕ ਅਤੇ ਯਰਦਨ ਤਕ ਮੇਰੇ ਇਲਾਕੇ ’ਤੇ ਕਬਜ਼ਾ ਕੀਤਾ ਸੀ।+ ਹੁਣ ਚੁੱਪ-ਚਾਪ ਇਸ ਨੂੰ ਵਾਪਸ ਕਰ ਦੇ।” 14  ਪਰ ਯਿਫਤਾਹ ਨੇ ਸੰਦੇਸ਼ ਦੇਣ ਵਾਲਿਆਂ ਨੂੰ ਅੰਮੋਨੀਆਂ ਦੇ ਰਾਜੇ ਕੋਲ ਵਾਪਸ ਭੇਜ ਦਿੱਤਾ 15  ਕਿ ਉਹ ਉਸ ਨੂੰ ਕਹਿਣ: “ਯਿਫਤਾਹ ਇਹ ਕਹਿੰਦਾ ਹੈ: ‘ਇਜ਼ਰਾਈਲ ਨੇ ਮੋਆਬੀਆਂ+ ਦਾ ਇਲਾਕਾ ਅਤੇ ਅੰਮੋਨੀਆਂ ਦਾ ਇਲਾਕਾ ਨਹੀਂ ਖੋਹਿਆ ਸੀ+ 16  ਕਿਉਂਕਿ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ, ਤਾਂ ਇਜ਼ਰਾਈਲੀ ਉਜਾੜ ਵਿੱਚੋਂ ਦੀ ਲਾਲ ਸਮੁੰਦਰ ਤਕ ਪਹੁੰਚੇ+ ਤੇ ਫਿਰ ਕਾਦੇਸ਼ ਆਏ।+ 17  ਫਿਰ ਇਜ਼ਰਾਈਲ ਨੇ ਅਦੋਮ+ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ: “ਕਿਰਪਾ ਕਰ ਕੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘ ਲੈਣ ਦੇ,” ਪਰ ਅਦੋਮ ਦੇ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੋਆਬ+ ਦੇ ਰਾਜੇ ਨੂੰ ਵੀ ਸੰਦੇਸ਼ ਭੇਜਿਆ, ਪਰ ਉਹ ਵੀ ਰਾਜ਼ੀ ਨਾ ਹੋਇਆ। ਇਸ ਲਈ ਇਜ਼ਰਾਈਲ ਕਾਦੇਸ਼+ ਵਿਚ ਹੀ ਰਿਹਾ। 18  ਜਦੋਂ ਉਹ ਉਜਾੜ ਵਿੱਚੋਂ ਦੀ ਲੰਘੇ, ਤਾਂ ਉਹ ਅਦੋਮ ਦੇ ਇਲਾਕੇ+ ਅਤੇ ਮੋਆਬ ਦੇ ਇਲਾਕੇ ਦੇ ਬਾਹਰੋਂ-ਬਾਹਰ ਦੀ ਗਏ। ਉਹ ਮੋਆਬ ਦੇ ਇਲਾਕੇ ਦੇ ਪੂਰਬ ਵੱਲ ਗਏ+ ਤੇ ਉਨ੍ਹਾਂ ਨੇ ਅਰਨੋਨ ਦੇ ਇਲਾਕੇ ਵਿਚ ਡੇਰਾ ਲਾਇਆ; ਉਹ ਮੋਆਬ ਦੀ ਸਰਹੱਦ ਅੰਦਰ ਨਹੀਂ ਗਏ+ ਕਿਉਂਕਿ ਅਰਨੋਨ ਮੋਆਬ ਦੀ ਸਰਹੱਦ ਸੀ। 19  “‘ਇਸ ਤੋਂ ਬਾਅਦ ਇਜ਼ਰਾਈਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ, ਜੋ ਹਸ਼ਬੋਨ ਦਾ ਰਾਜਾ ਸੀ, ਆਦਮੀਆਂ ਨੂੰ ਘੱਲਿਆ ਅਤੇ ਇਜ਼ਰਾਈਲ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਇਲਾਕੇ ਵਿੱਚੋਂ ਦੀ ਸਾਨੂੰ ਸਾਡੀ ਜਗ੍ਹਾ ਵੱਲ ਨੂੰ ਜਾ ਲੈਣ ਦੇ।”+ 20  ਪਰ ਸੀਹੋਨ ਨੇ ਇਜ਼ਰਾਈਲ ’ਤੇ ਭਰੋਸਾ ਨਹੀਂ ਕੀਤਾ ਤੇ ਉਸ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਇਸ ਲਈ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਕੇ ਯਹਾਸ ਵਿਚ ਡੇਰਾ ਲਾਇਆ ਅਤੇ ਇਜ਼ਰਾਈਲ ਨਾਲ ਲੜਿਆ।+ 21  ਇਸ ਕਾਰਨ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਇਜ਼ਰਾਈਲ ਨੇ ਉਸ ਦੇਸ਼ ਦੇ ਵਾਸੀਆਂ ਯਾਨੀ ਅਮੋਰੀਆਂ ਦੇ ਸਾਰੇ ਦੇਸ਼ ’ਤੇ ਕਬਜ਼ਾ ਕਰ ਲਿਆ।+ 22  ਇਸ ਤਰ੍ਹਾਂ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤਕ ਅਤੇ ਉਜਾੜ ਤੋਂ ਲੈ ਕੇ ਯਰਦਨ ਤਕ ਅਮੋਰੀਆਂ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ।+ 23  “‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਹੀ ਅਮੋਰੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਅੱਗੋਂ ਭਜਾਇਆ ਸੀ+ ਤੇ ਹੁਣ ਕੀ ਤੂੰ ਉਨ੍ਹਾਂ ਨੂੰ ਭਜਾਏਂਗਾ? 24  ਤੇਰਾ ਦੇਵਤਾ ਕਮੋਸ਼+ ਤੈਨੂੰ ਕਬਜ਼ਾ ਕਰਨ ਲਈ ਜੋ ਕੁਝ ਦਿੰਦਾ ਹੈ, ਕੀ ਤੂੰ ਉਸ ’ਤੇ ਕਬਜ਼ਾ ਨਹੀਂ ਕਰਦਾ? ਇਸੇ ਤਰ੍ਹਾਂ ਸਾਡਾ ਪਰਮੇਸ਼ੁਰ ਯਹੋਵਾਹ ਜਿਸ ਨੂੰ ਵੀ ਸਾਡੇ ਅੱਗਿਓਂ ਭਜਾਉਂਦਾ ਹੈ, ਅਸੀਂ ਉਸ ਦੇ ਇਲਾਕੇ ’ਤੇ ਕਬਜ਼ਾ ਕਰ ਲੈਂਦੇ ਹਾਂ।+ 25  ਕੀ ਤੂੰ ਸਿੱਪੋਰ ਦੇ ਪੁੱਤਰ, ਮੋਆਬ ਦੇ ਰਾਜੇ ਬਾਲਾਕ+ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝਦਾ ਹੈਂ? ਕੀ ਉਸ ਨੇ ਕਦੇ ਇਜ਼ਰਾਈਲ ਨਾਲ ਝਗੜਾ ਕੀਤਾ ਜਾਂ ਕੀ ਉਹ ਕਦੇ ਉਨ੍ਹਾਂ ਨਾਲ ਲੜਿਆ? 26  ਜਦੋਂ ਇਜ਼ਰਾਈਲੀ 300 ਸਾਲਾਂ ਤਕ ਹਸ਼ਬੋਨ ਅਤੇ ਇਸ ਦੇ ਅਧੀਨ ਆਉਂਦੇ* ਕਸਬਿਆਂ,+ ਅਰੋਏਰ ਅਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਤੇ ਅਰਨੋਨ ਦੇ ਕੰਢਿਆਂ ਉੱਤੇ ਪੈਂਦੇ ਸਾਰੇ ਸ਼ਹਿਰਾਂ ਵਿਚ ਰਹਿ ਰਹੇ ਸਨ, ਤਾਂ ਤੁਸੀਂ ਉਸ ਸਮੇਂ ਦੌਰਾਨ ਉਨ੍ਹਾਂ ਨੂੰ ਵਾਪਸ ਲੈਣ ਦੀ ਕਦੇ ਕੋਸ਼ਿਸ਼ ਕਿਉਂ ਨਹੀਂ ਕੀਤੀ?+ 27  ਮੈਂ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਪਰ ਤੂੰ ਮੇਰੇ ’ਤੇ ਹਮਲਾ ਕਰ ਕੇ ਗ਼ਲਤ ਕਰ ਰਿਹਾ ਹੈਂ। ਨਿਆਂਕਾਰ ਯਹੋਵਾਹ+ ਹੀ ਅੱਜ ਇਜ਼ਰਾਈਲ ਦੇ ਲੋਕਾਂ ਅਤੇ ਅੰਮੋਨ ਦੇ ਲੋਕਾਂ ਦਾ ਨਿਆਂ ਕਰੇ।’” 28  ਪਰ ਅੰਮੋਨੀਆਂ ਦੇ ਰਾਜੇ ਨੇ ਯਿਫਤਾਹ ਦੇ ਭੇਜੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ। 29  ਯਹੋਵਾਹ ਦੀ ਸ਼ਕਤੀ ਯਿਫਤਾਹ ’ਤੇ ਆਈ+ ਅਤੇ ਉਹ ਗਿਲਆਦ ਦੇ ਮਿਸਪੇਹ ਜਾਣ ਲਈ ਮਨੱਸ਼ਹ ਤੇ ਗਿਲਆਦ ਵਿੱਚੋਂ ਲੰਘਿਆ+ ਤੇ ਫਿਰ ਗਿਲਆਦ ਦੇ ਮਿਸਪੇਹ ਤੋਂ ਉਹ ਅੰਮੋਨੀਆਂ ਵੱਲ ਚਲਾ ਗਿਆ। 30  ਫਿਰ ਯਿਫਤਾਹ ਨੇ ਯਹੋਵਾਹ ਅੱਗੇ ਸੁੱਖਣਾ ਸੁੱਖੀ+ ਤੇ ਕਿਹਾ: “ਜੇ ਤੂੰ ਅੰਮੋਨੀਆਂ ਨੂੰ ਮੇਰੇ ਹੱਥ ਵਿਚ ਦੇ ਦੇਵੇਂ, 31  ਤਾਂ ਅੰਮੋਨੀਆਂ ਕੋਲੋਂ ਮੇਰੇ ਸਹੀ-ਸਲਾਮਤ ਵਾਪਸ ਪਹੁੰਚਣ ਤੇ ਜਿਹੜਾ ਵੀ ਮੈਨੂੰ ਮਿਲਣ ਲਈ ਮੇਰੇ ਘਰ ਦੇ ਦਰਵਾਜ਼ੇ ਤੋਂ ਬਾਹਰ ਆਵੇਗਾ, ਉਹ ਯਹੋਵਾਹ ਦਾ ਹੋ ਜਾਵੇਗਾ+ ਤੇ ਮੈਂ ਉਸ ਨੂੰ ਹੋਮ-ਬਲ਼ੀ ਵਜੋਂ ਚੜ੍ਹਾਵਾਂਗਾ।”+ 32  ਯਿਫਤਾਹ ਅੰਮੋਨੀਆਂ ਖ਼ਿਲਾਫ਼ ਲੜਨ ਚਲਾ ਗਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੇ ਹੱਥ ਵਿਚ ਦੇ ਦਿੱਤਾ। 33  ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਤਕ 20 ਸ਼ਹਿਰਾਂ ਵਿਚ ਅਤੇ ਆਬੇਲ-ਕਰਮਿਮ ਤਕ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ। ਇਸ ਤਰ੍ਹਾਂ ਅੰਮੋਨੀ ਇਜ਼ਰਾਈਲ ਦੇ ਅਧੀਨ ਹੋ ਗਏ। 34  ਅਖ਼ੀਰ ਯਿਫਤਾਹ ਮਿਸਪਾਹ+ ਵਿਚ ਆਪਣੇ ਘਰ ਆ ਗਿਆ ਅਤੇ ਦੇਖੋ! ਉਸ ਦੀ ਧੀ ਡਫਲੀ ਵਜਾਉਂਦੀ ਤੇ ਨੱਚਦੀ ਹੋਈ ਉਸ ਨੂੰ ਮਿਲਣ ਬਾਹਰ ਆ ਰਹੀ ਸੀ! ਉਹ ਉਸ ਦੀ ਇੱਕੋ-ਇਕ ਔਲਾਦ ਸੀ। ਉਸ ਤੋਂ ਇਲਾਵਾ ਉਸ ਦਾ ਕੋਈ ਧੀ-ਪੁੱਤ ਨਹੀਂ ਸੀ। 35  ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+ 36  ਪਰ ਉਸ ਨੇ ਉਸ ਨੂੰ ਕਿਹਾ: “ਹੇ ਮੇਰੇ ਪਿਤਾ, ਜੇ ਤੂੰ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ, ਤਾਂ ਮੇਰੇ ਨਾਲ ਉਸੇ ਤਰ੍ਹਾਂ ਕਰ ਜਿਵੇਂ ਤੂੰ ਵਾਅਦਾ ਕੀਤਾ ਹੈ+ ਕਿਉਂਕਿ ਯਹੋਵਾਹ ਨੇ ਤੇਰੀ ਖ਼ਾਤਰ ਤੇਰੇ ਦੁਸ਼ਮਣਾਂ ਯਾਨੀ ਅੰਮੋਨੀਆਂ ਤੋਂ ਬਦਲਾ ਲਿਆ ਹੈ।” 37  ਫਿਰ ਉਸ ਨੇ ਆਪਣੇ ਪਿਤਾ ਨੂੰ ਕਿਹਾ: “ਮੇਰੇ ਲਈ ਬੱਸ ਇੰਨਾ ਕਰ: ਮੈਨੂੰ ਦੋ ਮਹੀਨਿਆਂ ਲਈ ਇਕੱਲਿਆਂ ਰਹਿਣ ਦੇ ਅਤੇ ਮੈਨੂੰ ਪਹਾੜਾਂ ’ਤੇ ਜਾਣ ਦੇ ਤਾਂਕਿ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰੇਪਣ ’ਤੇ ਰੋਵਾਂ।”* 38  ਇਹ ਸੁਣ ਕੇ ਉਸ ਨੇ ਕਿਹਾ: “ਜਾਹ!” ਉਸ ਨੇ ਦੋ ਮਹੀਨਿਆਂ ਲਈ ਉਸ ਨੂੰ ਭੇਜ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰੇਪਣ ’ਤੇ ਰੋਣ ਲਈ ਪਹਾੜਾਂ ’ਤੇ ਚਲੀ ਗਈ। 39  ਦੋ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਕੋਲ ਵਾਪਸ ਆਈ। ਇਸ ਤੋਂ ਬਾਅਦ ਯਿਫਤਾਹ ਨੇ ਉਸ ਬਾਰੇ ਸੁੱਖੀ ਸੁੱਖਣਾ ਪੂਰੀ ਕੀਤੀ।+ ਉਸ ਨੇ ਕਦੇ ਵੀ ਕਿਸੇ ਆਦਮੀ ਨਾਲ ਸੰਬੰਧ ਨਹੀਂ ਬਣਾਏ। ਅਤੇ ਇਜ਼ਰਾਈਲ ਵਿਚ ਇਹ ਰੀਤ* ਬਣ ਗਈ: 40  ਇਜ਼ਰਾਈਲ ਦੀਆਂ ਕੁੜੀਆਂ ਹਰ ਸਾਲ ਚਾਰ ਦਿਨਾਂ ਲਈ ਗਿਲਆਦ ਦੇ ਯਿਫਤਾਹ ਦੀ ਧੀ ਕੋਲ ਉਸ ਦੀ ਤਾਰੀਫ਼ ਕਰਨ ਜਾਂਦੀਆਂ ਸਨ।

ਫੁਟਨੋਟ

ਇਬ, “ਸੁਣਨ ਵਾਲਾ ਹੋਵੇ।”
ਇਬ, “ਮੈਨੂੰ ਕੀ ਤੇ ਤੈਨੂੰ ਕੀ?”
ਜਾਂ, “ਆਲੇ-ਦੁਆਲੇ ਦੇ।”
ਇਬ, “ਤੂੰ ਮੈਨੂੰ ਬਹੁਤ ਨੀਵਾਂ ਕੀਤਾ।”
ਜਾਂ, “ਆਪਣੀਆਂ ਸਹੇਲੀਆਂ ਨਾਲ ਰੋਵਾਂ ਕਿਉਂਕਿ ਮੇਰਾ ਵਿਆਹ ਕਦੇ ਨਹੀਂ ਹੋਵੇਗਾ।”
ਜਾਂ, “ਨਿਯਮ।”