ਨਿਆਈਆਂ 12:1-15

  • ਇਫ਼ਰਾਈਮੀਆਂ ਨਾਲ ਲੜਾਈ (1-7)

    • ਸ਼ਿੱਬੋਲਥ ਕਹਾ ਕੇ ਪਰਖਿਆ (6)

  • ਨਿਆਂਕਾਰ ਇਬਸਾਨ, ਏਲੋਨ ਅਤੇ ਅਬਦੋਨ (8-15)

12  ਫਿਰ ਇਫ਼ਰਾਈਮ ਦੇ ਆਦਮੀਆਂ ਨੂੰ ਬੁਲਾਇਆ ਗਿਆ ਅਤੇ ਉਹ ਪਾਰ ਲੰਘ ਕੇ ਸਾਫੋਨ* ਗਏ। ਉਨ੍ਹਾਂ ਨੇ ਯਿਫਤਾਹ ਨੂੰ ਕਿਹਾ: “ਜਦੋਂ ਤੂੰ ਅੰਮੋਨੀਆਂ ਨਾਲ ਲੜਨ ਲਈ ਪਾਰ ਲੰਘਿਆ ਸੀ, ਤਾਂ ਆਪਣੇ ਨਾਲ ਲਿਜਾਣ ਲਈ ਤੂੰ ਸਾਨੂੰ ਕਿਉਂ ਨਹੀਂ ਸੱਦਿਆ?+ ਹੁਣ ਅਸੀਂ ਤੈਨੂੰ ਤੇਰੇ ਘਰ ਸਣੇ ਸਾੜ ਸੁੱਟਾਂਗੇ।”  ਪਰ ਯਿਫਤਾਹ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਬਹੁਤ ਝਗੜਾ ਹੋ ਰਿਹਾ ਸੀ। ਉਦੋਂ ਮੈਂ ਮਦਦ ਲਈ ਤੁਹਾਨੂੰ ਸੱਦਿਆ ਸੀ, ਪਰ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਬਚਾਉਣ ਲਈ ਆਏ ਨਹੀਂ।  ਜਦੋਂ ਮੈਂ ਦੇਖਿਆ ਕਿ ਤੁਸੀਂ ਮੈਨੂੰ ਨਹੀਂ ਬਚਾਓਗੇ, ਤਾਂ ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੀ ਜਾਨ ਤਲੀ ’ਤੇ ਧਰ ਕੇ ਅੰਮੋਨੀਆਂ ਨਾਲ ਲੜਨ ਜਾਵਾਂਗਾ+ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹਵਾਲੇ ਕਰ ਦਿੱਤਾ। ਫਿਰ ਅੱਜ ਤੁਸੀਂ ਮੇਰੇ ਨਾਲ ਲੜਨ ਕਿਉਂ ਆਏ ਹੋ?”  ਫਿਰ ਯਿਫਤਾਹ ਨੇ ਗਿਲਆਦ ਦੇ ਸਾਰੇ ਆਦਮੀ ਇਕੱਠੇ ਕੀਤੇ+ ਅਤੇ ਉਹ ਇਫ਼ਰਾਈਮ ਨਾਲ ਲੜੇ; ਗਿਲਆਦ ਦੇ ਆਦਮੀਆਂ ਨੇ ਇਫ਼ਰਾਈਮ ਨੂੰ ਹਰਾ ਦਿੱਤਾ ਜਿਸ ਨੇ ਕਿਹਾ ਸੀ: “ਇਫ਼ਰਾਈਮ ਤੇ ਮਨੱਸ਼ਹ ਵਿਚ ਰਹਿਣ ਵਾਲੇ ਗਿਲਆਦ ਦੇ ਵਾਸੀਓ, ਤੁਸੀਂ ਤਾਂ ਇਫ਼ਰਾਈਮ ਦੇ ਭਗੌੜੇ ਹੋ।”  ਗਿਲਆਦ ਨੇ ਇਫ਼ਰਾਈਮ ਦੇ ਸਾਮ੍ਹਣੇ ਪੈਂਦੇ ਯਰਦਨ ਦੇ ਘਾਟਾਂ ’ਤੇ ਕਬਜ਼ਾ ਕਰ ਲਿਆ;+ ਜਦੋਂ ਵੀ ਇਫ਼ਰਾਈਮ ਦੇ ਆਦਮੀ ਉੱਥੋਂ ਬਚ ਕੇ ਜਾਣ ਦੀ ਕੋਸ਼ਿਸ਼ ਕਰਦੇ ਸਨ, ਤਾਂ ਉਹ ਕਹਿੰਦੇ ਸਨ, “ਮੈਨੂੰ ਪਾਰ ਲੰਘ ਲੈਣ ਦਿਓ”; ਫਿਰ ਗਿਲਆਦ ਦੇ ਆਦਮੀ ਉਸ ਆਦਮੀ ਨੂੰ ਪੁੱਛਦੇ ਸਨ, “ਕੀ ਤੂੰ ਇਫ਼ਰਾਈਮੀ ਹੈਂ?” ਜਦੋਂ ਉਹ ਕਹਿੰਦਾ ਸੀ, “ਨਹੀਂ!”  ਤਾਂ ਉਹ ਉਸ ਨੂੰ ਕਹਿੰਦੇ ਸਨ, “ਕਹਿ ਸ਼ਿੱਬੋਲਥ।” ਪਰ ਉਹ ਕਹਿੰਦਾ ਸੀ, “ਸਿੱਬੋਲਥ,” ਕਿਉਂਕਿ ਉਸ ਕੋਲੋਂ ਇਹ ਸ਼ਬਦ ਸਹੀ-ਸਹੀ ਨਹੀਂ ਸੀ ਬੋਲਿਆ ਜਾਂਦਾ। ਫਿਰ ਉਹ ਉਸ ਆਦਮੀ ਨੂੰ ਫੜ ਲੈਂਦੇ ਸਨ ਅਤੇ ਉਸ ਨੂੰ ਯਰਦਨ ਦੇ ਘਾਟਾਂ ’ਤੇ ਮਾਰ ਦਿੰਦੇ ਸਨ। ਇਸ ਤਰ੍ਹਾਂ ਉਸ ਵੇਲੇ 42,000 ਇਫ਼ਰਾਈਮੀ ਮਾਰੇ ਗਏ।  ਯਿਫਤਾਹ ਨੇ ਛੇ ਸਾਲ ਇਜ਼ਰਾਈਲ ਦਾ ਨਿਆਂ ਕੀਤਾ। ਇਸ ਤੋਂ ਬਾਅਦ ਗਿਲਆਦ ਦਾ ਯਿਫਤਾਹ ਮਰ ਗਿਆ ਅਤੇ ਉਸ ਨੂੰ ਗਿਲਆਦ ਵਿਚ ਉਸ ਦੇ ਸ਼ਹਿਰ ਵਿਚ ਦਫ਼ਨਾਇਆ ਗਿਆ।  ਉਸ ਤੋਂ ਬਾਅਦ ਬੈਤਲਹਮੀ ਇਬਸਾਨ ਨੇ ਇਜ਼ਰਾਈਲ ਦਾ ਨਿਆਂ ਕੀਤਾ।+  ਉਸ ਦੇ 30 ਪੁੱਤਰ ਅਤੇ 30 ਧੀਆਂ ਸਨ। ਉਸ ਨੇ ਆਪਣੀਆਂ ਧੀਆਂ ਦੇ ਵਿਆਹ ਆਪਣੇ ਕਬੀਲੇ ਤੋਂ ਬਾਹਰ ਕੀਤੇ ਅਤੇ ਉਹ ਆਪਣੇ ਪੁੱਤਰਾਂ ਦੇ ਵਿਆਹ ਕਰ ਕੇ ਆਪਣੀਆਂ 30 ਨੂੰਹਾਂ ਲਿਆਇਆ। ਉਸ ਨੇ ਸੱਤ ਸਾਲ ਇਜ਼ਰਾਈਲ ਦਾ ਨਿਆਂ ਕੀਤਾ। 10  ਫਿਰ ਇਬਸਾਨ ਮਰ ਗਿਆ ਤੇ ਉਸ ਨੂੰ ਬੈਤਲਹਮ ਵਿਚ ਦਫ਼ਨਾਇਆ ਗਿਆ। 11  ਉਸ ਤੋਂ ਬਾਅਦ ਜ਼ਬੂਲੁਨੀ ਏਲੋਨ ਨੇ ਇਜ਼ਰਾਈਲ ਦਾ ਨਿਆਂ ਕੀਤਾ; ਉਸ ਨੇ ਦਸ ਸਾਲ ਇਜ਼ਰਾਈਲ ਦਾ ਨਿਆਂ ਕੀਤਾ। 12  ਫਿਰ ਜ਼ਬੂਲੁਨੀ ਏਲੋਨ ਮਰ ਗਿਆ ਤੇ ਉਸ ਨੂੰ ਜ਼ਬੂਲੁਨ ਦੇ ਇਲਾਕੇ ਵਿਚ ਅੱਯਾਲੋਨ ਵਿਚ ਦਫ਼ਨਾਇਆ ਗਿਆ। 13  ਉਸ ਤੋਂ ਬਾਅਦ ਪਿਰਾਥੋਨੀ ਹਿਲੇਲ ਦੇ ਪੁੱਤਰ ਅਬਦੋਨ ਨੇ ਇਜ਼ਰਾਈਲ ਦਾ ਨਿਆਂ ਕੀਤਾ। 14  ਉਸ ਦੇ 40 ਪੁੱਤਰ ਤੇ 30 ਪੋਤੇ ਸਨ ਜਿਨ੍ਹਾਂ ਕੋਲ ਸਵਾਰੀ ਕਰਨ ਲਈ 70 ਗਧੇ ਸਨ। ਉਸ ਨੇ ਅੱਠ ਸਾਲ ਇਜ਼ਰਾਈਲ ਦਾ ਨਿਆਂ ਕੀਤਾ। 15  ਫਿਰ ਪਿਰਾਥੋਨੀ ਹਿਲੇਲ ਦਾ ਪੁੱਤਰ ਅਬਦੋਨ ਮਰ ਗਿਆ ਤੇ ਉਸ ਨੂੰ ਪਿਰਾਥੋਨ ਵਿਚ ਦਫ਼ਨਾਇਆ ਗਿਆ ਜੋ ਅਮਾਲੇਕ+ ਦੇ ਪਹਾੜ ’ਤੇ ਇਫ਼ਰਾਈਮ ਦੇ ਇਲਾਕੇ ਵਿਚ ਸੀ।

ਫੁਟਨੋਟ

ਜਾਂ ਸੰਭਵ ਹੈ, “ਪਾਰ ਲੰਘ ਕੇ ਉੱਤਰ ਵੱਲ।”