ਨਿਆਈਆਂ 13:1-25

  • ਇਕ ਦੂਤ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਮਿਲਣ ਆਇਆ (1-23)

  • ਸਮਸੂਨ ਦਾ ਜਨਮ (24, 25)

13  ਇਜ਼ਰਾਈਲੀ ਫਿਰ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਯਹੋਵਾਹ ਨੇ 40 ਸਾਲਾਂ ਲਈ ਉਨ੍ਹਾਂ ਨੂੰ ਫਲਿਸਤੀਆਂ ਦੇ ਹੱਥ ਵਿਚ ਦੇ ਦਿੱਤਾ।+  ਉਸ ਸਮੇਂ ਸੋਰਾਹ+ ਵਿਚ ਇਕ ਆਦਮੀ ਸੀ ਜੋ ਦਾਨ ਦੇ ਗੋਤ+ ਦੇ ਘਰਾਣੇ ਵਿੱਚੋਂ ਸੀ। ਉਸ ਦਾ ਨਾਂ ਮਾਨੋਆਹ+ ਸੀ। ਉਸ ਦੀ ਪਤਨੀ ਬਾਂਝ ਸੀ ਤੇ ਉਸ ਦੀ ਕੋਈ ਔਲਾਦ ਨਹੀਂ ਸੀ।+  ਫਿਰ ਯਹੋਵਾਹ ਦਾ ਦੂਤ ਉਸ ਔਰਤ ਸਾਮ੍ਹਣੇ ਪ੍ਰਗਟ ਹੋਇਆ ਤੇ ਉਸ ਨੂੰ ਕਿਹਾ: “ਦੇਖ, ਤੂੰ ਬਾਂਝ ਹੈਂ ਤੇ ਤੇਰੀ ਕੋਈ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ।+  ਹੁਣ ਤੂੰ ਧਿਆਨ ਰੱਖੀਂ ਕਿ ਤੂੰ ਦਾਖਰਸ ਜਾਂ ਕੋਈ ਨਸ਼ੀਲੀ ਚੀਜ਼ ਨਾ ਪੀਵੀਂ+ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਈਂ।+  ਦੇਖ! ਤੂੰ ਗਰਭਵਤੀ ਹੋਵੇਂਗੀ ਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ। ਉਸ ਦੇ ਸਿਰ ’ਤੇ ਉਸਤਰਾ ਨਹੀਂ ਫਿਰਨਾ ਚਾਹੀਦਾ+ ਕਿਉਂਕਿ ਉਹ ਬੱਚਾ ਜਨਮ ਤੋਂ* ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਤੇ ਇਜ਼ਰਾਈਲ ਨੂੰ ਫਲਿਸਤੀਆਂ ਦੇ ਹੱਥੋਂ ਬਚਾਉਣ ਵਿਚ ਅਗਵਾਈ ਕਰੇਗਾ।”+  ਫਿਰ ਉਸ ਔਰਤ ਨੇ ਜਾ ਕੇ ਆਪਣੇ ਪਤੀ ਨੂੰ ਦੱਸਿਆ: “ਸੱਚੇ ਪਰਮੇਸ਼ੁਰ ਦਾ ਇਕ ਬੰਦਾ ਮੇਰੇ ਕੋਲ ਆਇਆ ਤੇ ਉਹ ਦੇਖਣ ਨੂੰ ਬਹੁਤ ਅਨੋਖਾ, ਹਾਂ, ਸੱਚੇ ਪਰਮੇਸ਼ੁਰ ਦੇ ਦੂਤ ਵਰਗਾ ਲੱਗਦਾ ਸੀ। ਮੈਂ ਉਸ ਨੂੰ ਪੁੱਛਿਆ ਨਹੀਂ ਕਿ ਉਹ ਕਿੱਥੋਂ ਆਇਆ ਸੀ ਤੇ ਨਾ ਹੀ ਉਸ ਨੇ ਮੈਨੂੰ ਆਪਣਾ ਨਾਂ ਦੱਸਿਆ।+  ਪਰ ਉਸ ਨੇ ਮੈਨੂੰ ਕਿਹਾ ਸੀ, ‘ਦੇਖ! ਤੂੰ ਗਰਭਵਤੀ ਹੋਵੇਂਗੀ ਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ। ਤੂੰ ਦਾਖਰਸ ਜਾਂ ਕੋਈ ਨਸ਼ੀਲੀ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਈਂ ਕਿਉਂਕਿ ਉਹ ਬੱਚਾ ਜਨਮ ਤੋਂ* ਲੈ ਕੇ ਆਪਣੀ ਮੌਤ ਤਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’”  ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਕਿਹਾ: “ਹੇ ਯਹੋਵਾਹ, ਮਾਫ਼ ਕਰੀਂ। ਕਿਰਪਾ ਕਰ ਕੇ ਸੱਚੇ ਪਰਮੇਸ਼ੁਰ ਦੇ ਉਸ ਬੰਦੇ ਨੂੰ ਦੁਬਾਰਾ ਭੇਜ ਜਿਸ ਨੂੰ ਤੂੰ ਹੁਣੇ ਭੇਜਿਆ ਸੀ ਤਾਂਕਿ ਉਹ ਸਾਨੂੰ ਦੱਸੇ ਕਿ ਪੈਦਾ ਹੋਣ ਵਾਲੇ ਬੱਚੇ ਲਈ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ।”  ਸੱਚੇ ਪਰਮੇਸ਼ੁਰ ਨੇ ਮਾਨੋਆਹ ਦੀ ਸੁਣੀ ਅਤੇ ਸੱਚੇ ਪਰਮੇਸ਼ੁਰ ਦਾ ਦੂਤ ਦੁਬਾਰਾ ਉਸ ਔਰਤ ਕੋਲ ਆਇਆ ਜਦੋਂ ਉਹ ਬਾਹਰ ਬੈਠੀ ਹੋਈ ਸੀ; ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਨਾਲ ਨਹੀਂ ਸੀ। 10  ਉਹ ਔਰਤ ਉਸੇ ਵੇਲੇ ਭੱਜੀ ਗਈ ਤੇ ਉਸ ਨੇ ਆਪਣੇ ਪਤੀ ਨੂੰ ਦੱਸਿਆ: “ਦੇਖ! ਉਹ ਆਦਮੀ ਫਿਰ ਆਇਆ ਹੈ ਜੋ ਉਸ ਦਿਨ ਮੇਰੇ ਕੋਲ ਆਇਆ ਸੀ।”+ 11  ਫਿਰ ਮਾਨੋਆਹ ਉੱਠ ਕੇ ਆਪਣੀ ਪਤਨੀ ਨਾਲ ਗਿਆ। ਉਸ ਨੇ ਉਸ ਆਦਮੀ ਕੋਲ ਆ ਕੇ ਕਿਹਾ: “ਕੀ ਤੂੰ ਹੀ ਉਹ ਆਦਮੀ ਹੈਂ ਜਿਸ ਨੇ ਮੇਰੀ ਪਤਨੀ ਨਾਲ ਗੱਲ ਕੀਤੀ ਸੀ?” ਉਸ ਨੇ ਕਿਹਾ: “ਹਾਂ, ਉਹ ਮੈਂ ਹੀ ਹਾਂ।” 12  ਫਿਰ ਮਾਨੋਆਹ ਨੇ ਕਿਹਾ: “ਤੇਰੀ ਗੱਲ ਸੱਚੀ ਨਿਕਲੇ! ਪਰ ਉਸ ਬੱਚੇ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਤੇ ਉਹ ਕੀ ਕੰਮ ਕਰੇਗਾ?”+ 13  ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ: “ਤੇਰੀ ਪਤਨੀ ਉਸ ਹਰ ਚੀਜ਼ ਤੋਂ ਪਰਹੇਜ਼ ਕਰੇ ਜਿਸ ਬਾਰੇ ਮੈਂ ਉਸ ਨੂੰ ਦੱਸਿਆ ਸੀ।+ 14  ਉਹ ਅਜਿਹੀ ਕੋਈ ਚੀਜ਼ ਨਾ ਖਾਵੇ ਜੋ ਅੰਗੂਰੀ ਵੇਲ ਤੋਂ ਹੋਵੇ। ਉਹ ਦਾਖਰਸ ਜਾਂ ਕੋਈ ਵੀ ਨਸ਼ੀਲੀ ਚੀਜ਼ ਨਾ ਪੀਵੇ+ ਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ।+ ਉਹ ਉਸ ਹਰ ਗੱਲ ਦੀ ਪਾਲਣਾ ਕਰੇ ਜਿਸ ਦਾ ਮੈਂ ਉਸ ਨੂੰ ਹੁਕਮ ਦਿੱਤਾ ਸੀ।” 15  ਫਿਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ: “ਕਿਰਪਾ ਕਰ ਕੇ ਠਹਿਰ ਤੇ ਅਸੀਂ ਤੇਰੇ ਵਾਸਤੇ ਇਕ ਮੇਮਣਾ ਬਣਾਉਂਦੇ ਹਾਂ।”+ 16  ਪਰ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ: “ਮੈਂ ਠਹਿਰ ਤਾਂ ਜਾਂਦਾ ਹਾਂ, ਪਰ ਮੈਂ ਰੋਟੀ ਨਹੀਂ ਖਾਣੀ; ਹਾਂ, ਜੇ ਤੂੰ ਯਹੋਵਾਹ ਲਈ ਹੋਮ-ਬਲ਼ੀ ਚੜ੍ਹਾਉਣੀ ਚਾਹੁੰਦਾ ਹੈਂ, ਤਾਂ ਤੂੰ ਚੜ੍ਹਾ ਸਕਦਾ ਹੈਂ।” ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਯਹੋਵਾਹ ਦਾ ਦੂਤ ਸੀ। 17  ਫਿਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ: “ਆਪਣਾ ਨਾਂ ਤਾਂ ਦੱਸ+ ਤਾਂਕਿ ਤੇਰੀ ਗੱਲ ਪੂਰੀ ਹੋਣ ਤੇ ਅਸੀਂ ਤੇਰਾ ਆਦਰ-ਮਾਣ ਕਰ ਸਕੀਏ!” 18  ਪਰ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਤੂੰ ਮੇਰਾ ਨਾਂ ਕਿਉਂ ਪੁੱਛ ਰਿਹਾ ਹੈਂ? ਇਹ ਬਹੁਤ ਸ਼ਾਨਦਾਰ ਹੈ!” 19  ਫਿਰ ਮਾਨੋਆਹ ਨੇ ਇਕ ਮੇਮਣਾ ਤੇ ਅਨਾਜ ਦਾ ਚੜ੍ਹਾਵਾ ਲਿਆ ਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਇਕ ਚਟਾਨ ਉੱਤੇ ਚੜ੍ਹਾਇਆ। ਉਸ* ਨੇ ਮਾਨੋਆਹ ਤੇ ਉਸ ਦੀ ਪਤਨੀ ਦੇ ਦੇਖਦਿਆਂ-ਦੇਖਦਿਆਂ ਇਕ ਅਨੋਖਾ ਕੰਮ ਕੀਤਾ। 20  ਜਿਉਂ ਹੀ ਆਕਾਸ਼ ਵੱਲ ਨੂੰ ਅੱਗ ਦੀ ਲਾਟ ਉੱਠੀ, ਤਾਂ ਮਾਨੋਆਹ ਤੇ ਉਸ ਦੀ ਪਤਨੀ ਦੀਆਂ ਅੱਖਾਂ ਸਾਮ੍ਹਣੇ ਯਹੋਵਾਹ ਦਾ ਦੂਤ ਵੇਦੀ ਤੋਂ ਉੱਠੀ ਲਾਟ ਦੇ ਵਿਚ ਉੱਪਰ ਵੱਲ ਚਲਾ ਗਿਆ। ਉਸੇ ਵੇਲੇ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 21  ਯਹੋਵਾਹ ਦਾ ਦੂਤ ਦੁਬਾਰਾ ਮਾਨੋਆਹ ਤੇ ਉਸ ਦੀ ਪਤਨੀ ਅੱਗੇ ਪ੍ਰਗਟ ਨਹੀਂ ਹੋਇਆ। ਫਿਰ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਯਹੋਵਾਹ ਦਾ ਦੂਤ ਸੀ।+ 22  ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ: “ਅਸੀਂ ਹੁਣ ਪੱਕਾ ਮਰ ਜਾਣਾ ਕਿਉਂਕਿ ਆਪਾਂ ਪਰਮੇਸ਼ੁਰ ਨੂੰ ਦੇਖ ਲਿਆ ਹੈ।”+ 23  ਪਰ ਉਸ ਦੀ ਪਤਨੀ ਨੇ ਉਸ ਨੂੰ ਕਿਹਾ: “ਜੇ ਯਹੋਵਾਹ ਸਾਨੂੰ ਮਾਰਨਾ ਹੀ ਚਾਹੁੰਦਾ ਸੀ, ਤਾਂ ਉਸ ਨੇ ਸਾਡੇ ਹੱਥੋਂ ਹੋਮ-ਬਲ਼ੀ ਤੇ ਅਨਾਜ ਦਾ ਚੜ੍ਹਾਵਾ ਕਬੂਲ ਨਹੀਂ ਸੀ ਕਰਨਾ,+ ਉਸ ਨੇ ਸਾਨੂੰ ਇਹ ਸਭ ਨਹੀਂ ਦਿਖਾਉਣਾ ਸੀ ਅਤੇ ਨਾ ਹੀ ਸਾਨੂੰ ਇਹ ਗੱਲਾਂ ਦੱਸਣੀਆਂ ਸਨ।” 24  ਬਾਅਦ ਵਿਚ ਉਸ ਔਰਤ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸਮਸੂਨ ਰੱਖਿਆ;+ ਉਹ ਮੁੰਡਾ ਜਿੱਦਾਂ-ਜਿੱਦਾਂ ਵੱਡਾ ਹੁੰਦਾ ਗਿਆ, ਯਹੋਵਾਹ ਉਸ ਨੂੰ ਬਰਕਤ ਦਿੰਦਾ ਰਿਹਾ। 25  ਸਮੇਂ ਦੇ ਬੀਤਣ ਨਾਲ ਯਹੋਵਾਹ ਦੀ ਸ਼ਕਤੀ ਉਸ ਨੂੰ ਉਕਸਾਉਣ ਲੱਗੀ+ ਜਦੋਂ ਉਹ ਸੋਰਾਹ ਤੇ ਅਸ਼ਤਾਓਲ+ ਵਿਚਕਾਰ ਪੈਂਦੇ ਮਹਾਨੇਹ-ਦਾਨ+ ਵਿਚ ਸੀ।

ਫੁਟਨੋਟ

ਇਬ, “ਕੁੱਖ ਤੋਂ।”
ਇਬ, “ਕੁੱਖ ਤੋਂ।”
ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।