ਨਿਆਈਆਂ 15:1-20
-
ਸਮਸੂਨ ਨੇ ਫਲਿਸਤੀਆਂ ਤੋਂ ਬਦਲਾ ਲਿਆ (1-20)
15 ਕੁਝ ਸਮੇਂ ਬਾਅਦ, ਕਣਕ ਦੀ ਵਾਢੀ ਦੇ ਦਿਨਾਂ ਵਿਚ ਸਮਸੂਨ ਇਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ। ਉਸ ਨੇ ਕਿਹਾ: “ਮੈਂ ਆਪਣੀ ਪਤਨੀ ਕੋਲ ਉਸ ਦੇ ਕਮਰੇ* ਵਿਚ ਜਾਣਾ ਚਾਹੁੰਦਾ ਹਾਂ।” ਪਰ ਉਸ ਦੇ ਪਿਤਾ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ।
2 ਉਸ ਦੇ ਪਿਤਾ ਨੇ ਕਿਹਾ: “ਮੈਂ ਸੋਚਿਆ, ‘ਤੂੰ ਪੱਕਾ ਉਸ ਨਾਲ ਨਫ਼ਰਤ ਕਰਦਾ ਹੈਂ।’+ ਇਸ ਲਈ ਮੈਂ ਉਸ ਦਾ ਵਿਆਹ ਤੇਰੇ ਸਾਥੀ ਨਾਲ ਕਰ ਦਿੱਤਾ।+ ਉਸ ਦੀ ਛੋਟੀ ਭੈਣ ਉਸ ਨਾਲੋਂ ਵੀ ਸੋਹਣੀ ਹੈ, ਤੂੰ ਉਸ ਨੂੰ ਲੈ ਜਾ।”
3 ਸਮਸੂਨ ਨੇ ਉਨ੍ਹਾਂ ਨੂੰ ਕਿਹਾ: “ਇਸ ਵਾਰ ਮੈਂ ਫਲਿਸਤੀਆਂ ਦਾ ਜੋ ਨੁਕਸਾਨ ਕਰਾਂਗਾ, ਉਸ ਲਈ ਉਹ ਮੈਨੂੰ ਦੋਸ਼ੀ ਨਹੀਂ ਠਹਿਰਾ ਸਕਦੇ।”
4 ਇਸ ਲਈ ਸਮਸੂਨ ਗਿਆ ਤੇ ਉਸ ਨੇ 300 ਲੂੰਬੜੀਆਂ ਫੜ ਲਈਆਂ। ਫਿਰ ਉਸ ਨੇ ਮਸ਼ਾਲਾਂ ਲਈਆਂ ਅਤੇ ਦੋ-ਦੋ ਲੂੰਬੜੀਆਂ ਦੀਆਂ ਪੂਛਾਂ ਬੰਨ੍ਹ ਦਿੱਤੀਆਂ ਤੇ ਦੋਹਾਂ ਪੂਛਾਂ ਵਿਚ ਇਕ-ਇਕ ਮਸ਼ਾਲ ਫਸਾ ਦਿੱਤੀ।
5 ਫਿਰ ਉਸ ਨੇ ਮਸ਼ਾਲਾਂ ਨੂੰ ਅੱਗ ਲਾ ਦਿੱਤੀ ਅਤੇ ਲੂੰਬੜੀਆਂ ਨੂੰ ਫਲਿਸਤੀਆਂ ਦੀ ਖੜ੍ਹੀ ਫ਼ਸਲ ਦੇ ਖੇਤਾਂ ਵਿਚ ਭੇਜ ਦਿੱਤਾ। ਉਸ ਨੇ ਅੱਗ ਨਾਲ ਸਭ ਕੁਝ ਸਾੜ ਸੁੱਟਿਆ, ਹਾਂ, ਉਸ ਨੇ ਭਰੀਆਂ, ਖੜ੍ਹੀ ਫ਼ਸਲ, ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਨੂੰ ਫੂਕ ਸੁੱਟਿਆ।
6 ਫਲਿਸਤੀਆਂ ਨੇ ਪੁੱਛਿਆ: “ਇਹ ਕਿਸ ਨੇ ਕੀਤਾ?” ਉਨ੍ਹਾਂ ਨੂੰ ਦੱਸਿਆ ਗਿਆ: “ਤਿਮਨਾਥੀ ਦੇ ਜਵਾਈ ਸਮਸੂਨ ਨੇ, ਕਿਉਂਕਿ ਉਸ ਨੇ ਉਸ ਦੀ ਪਤਨੀ ਖੋਹ ਕੇ ਉਸ ਦੇ ਇਕ ਸਾਥੀ ਨੂੰ ਦੇ ਦਿੱਤੀ।”+ ਇਹ ਸੁਣ ਕੇ ਫਲਿਸਤੀ ਉਤਾਂਹ ਗਏ ਤੇ ਉਨ੍ਹਾਂ ਨੇ ਉਸ ਕੁੜੀ ਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਸੁੱਟਿਆ।+
7 ਫਿਰ ਸਮਸੂਨ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਇੱਦਾਂ ਹੀ ਕਰਨਾ, ਤਾਂ ਮੈਂ ਵੀ ਤੁਹਾਡੇ ਤੋਂ ਬਦਲਾ ਲੈ ਕੇ ਹੀ ਹਟਾਂਗਾ।”+
8 ਫਿਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਇਕ ਤੋਂ ਬਾਅਦ ਇਕ ਬਹੁਤ ਸਾਰਿਆਂ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਉਹ ਹੇਠਾਂ ਗਿਆ ਤੇ ਏਟਾਮ ਦੀ ਚਟਾਨ ਦੀ ਗੁਫਾ* ਵਿਚ ਰਹਿਣ ਲੱਗਾ।
9 ਬਾਅਦ ਵਿਚ ਫਲਿਸਤੀਆਂ ਨੇ ਆ ਕੇ ਯਹੂਦਾਹ ਵਿਚ ਡੇਰਾ ਲਾਇਆ ਤੇ ਉਹ ਲਹੀ+ ਵਿਚ ਇੱਧਰ-ਉੱਧਰ ਘੁੰਮਣ ਲੱਗੇ।
10 ਫਿਰ ਯਹੂਦਾਹ ਦੇ ਆਦਮੀਆਂ ਨੇ ਕਿਹਾ: “ਤੁਸੀਂ ਸਾਡੇ ਖ਼ਿਲਾਫ਼ ਕਿਉਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਸਮਸੂਨ ਨੂੰ ਫੜਨ* ਆਏ ਹਾਂ। ਅਸੀਂ ਉਸ ਦਾ ਉਹੀ ਹਸ਼ਰ ਕਰਾਂਗੇ ਜੋ ਉਸ ਨੇ ਸਾਡਾ ਕੀਤਾ।”
11 ਇਸ ਲਈ ਯਹੂਦਾਹ ਦੇ 3,000 ਆਦਮੀ ਏਟਾਮ ਦੀ ਚਟਾਨ ਦੀ ਗੁਫਾ* ਵੱਲ ਗਏ ਅਤੇ ਉਨ੍ਹਾਂ ਨੇ ਸਮਸੂਨ ਨੂੰ ਕਿਹਾ: “ਕੀ ਤੈਨੂੰ ਪਤਾ ਨਹੀਂ ਕਿ ਫਲਿਸਤੀ ਸਾਡੇ ’ਤੇ ਰਾਜ ਕਰ ਰਹੇ ਹਨ?+ ਤਾਂ ਫਿਰ ਤੂੰ ਸਾਡੇ ਨਾਲ ਇੱਦਾਂ ਕਿਉਂ ਕੀਤਾ?” ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਉਨ੍ਹਾਂ ਨਾਲ ਉਹੀ ਕੀਤਾ ਜੋ ਉਨ੍ਹਾਂ ਨੇ ਮੇਰੇ ਨਾਲ ਕੀਤਾ।”
12 ਪਰ ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਤੈਨੂੰ ਫੜ* ਕੇ ਫਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।” ਫਿਰ ਸਮਸੂਨ ਨੇ ਕਿਹਾ: “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੇਰੇ ’ਤੇ ਵਾਰ ਨਹੀਂ ਕਰੋਗੇ।”
13 ਉਨ੍ਹਾਂ ਨੇ ਉਸ ਨੂੰ ਕਿਹਾ: “ਨਹੀਂ ਕਰਾਂਗੇ, ਅਸੀਂ ਬੱਸ ਤੈਨੂੰ ਬੰਨ੍ਹ ਕੇ ਫਲਿਸਤੀਆਂ ਦੇ ਹਵਾਲੇ ਕਰ ਦਿਆਂਗੇ, ਪਰ ਅਸੀਂ ਤੈਨੂੰ ਜਾਨੋਂ ਨਹੀਂ ਮਾਰਾਂਗੇ।”
ਇਸ ਲਈ ਉਨ੍ਹਾਂ ਨੇ ਉਸ ਨੂੰ ਦੋ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਤੇ ਉਸ ਨੂੰ ਚਟਾਨ ਤੋਂ ਲੈ ਆਏ।
14 ਜਦੋਂ ਉਹ ਲਹੀ ਵਿਚ ਪਹੁੰਚਿਆ, ਤਾਂ ਉਸ ਨੂੰ ਦੇਖ ਕੇ ਫਲਿਸਤੀ ਖ਼ੁਸ਼ੀ ਨਾਲ ਉੱਚੀ-ਉੱਚੀ ਰੌਲ਼ਾ ਪਾਉਣ ਲੱਗੇ। ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।+ ਇਸ ਲਈ ਜਿਨ੍ਹਾਂ ਰੱਸੀਆਂ ਨਾਲ ਉਸ ਦੀਆਂ ਬਾਹਾਂ ਬੰਨ੍ਹੀਆਂ ਸਨ, ਉਹ ਇਵੇਂ ਟੁੱਟ ਗਈਆਂ ਜਿਵੇਂ ਧਾਗੇ ਅੱਗ ਨਾਲ ਸੜ ਕੇ ਟੁੱਟ ਜਾਂਦੇ ਹਨ ਅਤੇ ਉਸ ਦੇ ਹੱਥਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ।+
15 ਫਿਰ ਉਸ ਨੂੰ ਗਧੇ ਦੀ ਇਕ ਤਾਜ਼ੀ ਹੱਡੀ ਲੱਭੀ; ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕਿਆ ਤੇ ਇਸ ਨਾਲ 1,000 ਆਦਮੀਆਂ ਨੂੰ ਮਾਰ ਸੁੱਟਿਆ।+
16 ਸਮਸੂਨ ਨੇ ਕਿਹਾ:
“ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ!
ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਮੈਂ 1,000 ਆਦਮੀ ਮਾਰ ਸੁੱਟੇ।”+
17 ਇਹ ਕਹਿਣ ਤੋਂ ਬਾਅਦ ਉਸ ਨੇ ਜਬਾੜ੍ਹੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਜਗ੍ਹਾ ਦਾ ਨਾਂ ਰਾਮਥ-ਲਹੀ* ਰੱਖ ਦਿੱਤਾ।+
18 ਫਿਰ ਉਸ ਨੂੰ ਬਹੁਤ ਪਿਆਸ ਲੱਗੀ ਤੇ ਉਸ ਨੇ ਯਹੋਵਾਹ ਨੂੰ ਪੁਕਾਰ ਕੇ ਕਿਹਾ: “ਤੂੰ ਆਪਣੇ ਸੇਵਕ ਦੇ ਹੱਥੀਂ ਇਹ ਵੱਡੀ ਜਿੱਤ ਦਿਵਾਈ ਹੈ। ਪਰ ਹੁਣ ਕੀ ਮੈਂ ਪਿਆਸ ਨਾਲ ਮਰ ਜਾਵਾਂ ਤੇ ਬੇਸੁੰਨਤਿਆਂ ਦੇ ਹੱਥ ਆ ਜਾਵਾਂ?”
19 ਪਰਮੇਸ਼ੁਰ ਨੇ ਲਹੀ ਵਿਚ ਇਕ ਟੋਏ ਵਿਚ ਪਾੜ ਪਾ ਦਿੱਤਾ ਜਿਸ ਵਿੱਚੋਂ ਪਾਣੀ ਵਗ ਤੁਰਿਆ।+ ਪਾਣੀ ਪੀ ਕੇ ਉਸ ਦੀ ਜਾਨ ਵਿਚ ਜਾਨ ਆਈ* ਤੇ ਉਹ ਤਰੋ-ਤਾਜ਼ਾ ਹੋ ਗਿਆ। ਇਸ ਕਰਕੇ ਉਸ ਨੇ ਉਸ ਜਗ੍ਹਾ ਦਾ ਨਾਂ ਏਨ-ਹੱਕੋਰੇ* ਰੱਖਿਆ ਜੋ ਅੱਜ ਤਕ ਲਹੀ ਵਿਚ ਹੈ।
20 ਉਸ ਨੇ ਫਲਿਸਤੀਆਂ ਦੇ ਦਿਨਾਂ ਵਿਚ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ।+
ਫੁਟਨੋਟ
^ ਜਾਂ, “ਅੰਦਰਲੇ ਕਮਰੇ।”
^ ਜਾਂ, “ਤਰੇੜ।”
^ ਜਾਂ, “ਬੰਨ੍ਹਣ।”
^ ਜਾਂ, “ਤਰੇੜ।”
^ ਜਾਂ, “ਬੰਨ੍ਹ।”
^ ਮਤਲਬ “ਜਬਾੜੇ ਦੀ ਹੱਡੀ ਦੀ ਉੱਚੀ ਜਗ੍ਹਾ।”
^ ਜਾਂ, “ਉਸ ਵਿਚ ਤਾਕਤ ਆਈ।”
^ ਮਤਲਬ “ਪੁਕਾਰਨ ਵਾਲੇ ਦਾ ਚਸ਼ਮਾ।”