ਨਿਆਈਆਂ 16:1-31
16 ਇਕ ਵਾਰ ਸਮਸੂਨ ਗਾਜ਼ਾ ਨੂੰ ਗਿਆ ਤੇ ਉੱਥੇ ਉਸ ਨੇ ਇਕ ਵੇਸਵਾ ਦੇਖੀ ਅਤੇ ਉਹ ਉਸ ਕੋਲ ਅੰਦਰ ਚਲਾ ਗਿਆ।
2 ਗਾਜ਼ਾ ਦੇ ਲੋਕਾਂ ਨੂੰ ਖ਼ਬਰ ਦਿੱਤੀ ਗਈ: “ਸਮਸੂਨ ਇੱਥੇ ਆਇਆ ਹੈ।” ਉਨ੍ਹਾਂ ਨੇ ਉਸ ਜਗ੍ਹਾ ਨੂੰ ਘੇਰ ਲਿਆ ਅਤੇ ਉਹ ਉਸ ਦੀ ਉਡੀਕ ਵਿਚ ਸ਼ਹਿਰ ਦੇ ਦਰਵਾਜ਼ੇ ’ਤੇ ਸਾਰੀ ਰਾਤ ਘਾਤ ਲਾ ਕੇ ਬੈਠੇ ਰਹੇ। ਉਹ ਇਹ ਕਹਿ ਕੇ ਸਾਰੀ ਰਾਤ ਚੁੱਪ-ਚਾਪ ਬੈਠੇ ਰਹੇ: “ਦਿਨ ਚੜ੍ਹਦਿਆਂ ਹੀ ਅਸੀਂ ਉਸ ਨੂੰ ਮਾਰ ਸੁੱਟਾਂਗੇ।”
3 ਪਰ ਸਮਸੂਨ ਅੱਧੀ ਰਾਤ ਤਕ ਉੱਥੇ ਹੀ ਪਿਆ ਰਿਹਾ। ਫਿਰ ਉਹ ਅੱਧੀ ਰਾਤ ਨੂੰ ਉੱਠਿਆ ਅਤੇ ਉਸ ਨੇ ਸ਼ਹਿਰ ਦੇ ਦਰਵਾਜ਼ੇ ਨੂੰ ਉਸ ਦੇ ਪੱਲਿਆਂ, ਦੋਹਾਂ ਪਾਸਿਆਂ ਦੀਆਂ ਬਾਹੀਆਂ ਤੇ ਹੋੜੇ ਸਮੇਤ ਉਖਾੜ ਲਿਆ। ਉਹ ਉਨ੍ਹਾਂ ਨੂੰ ਆਪਣੇ ਮੋਢਿਆਂ ’ਤੇ ਰੱਖ ਕੇ ਉਸ ਪਹਾੜ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਮ੍ਹਣੇ ਹੈ।
4 ਬਾਅਦ ਵਿਚ ਉਸ ਨੂੰ ਸੋਰੇਕ ਘਾਟੀ ਵਿਚ ਰਹਿੰਦੀ ਇਕ ਔਰਤ ਦਲੀਲਾਹ+ ਨਾਲ ਪਿਆਰ ਹੋ ਗਿਆ।
5 ਫਲਿਸਤੀ ਹਾਕਮਾਂ ਨੇ ਉਸ ਕੋਲ ਆ ਕੇ ਕਿਹਾ: “ਉਹਨੂੰ ਫੁਸਲਾ ਕੇ*+ ਪਤਾ ਕਰ ਕਿ ਉਹਦੇ ਵਿਚ ਇੰਨਾ ਜ਼ੋਰ ਕਿੱਥੋਂ ਆਉਂਦਾ ਹੈ, ਅਸੀਂ ਉਸ ’ਤੇ ਭਾਰੀ ਕਿੱਦਾਂ ਪੈ ਸਕਦੇ ਹਾਂ ਤੇ ਕਿਵੇਂ ਉਹਨੂੰ ਬੰਨ੍ਹ ਕੇ ਕਾਬੂ ਕਰ ਸਕਦੇ ਹਾਂ। ਇਸ ਦੇ ਲਈ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ ਚਾਂਦੀ ਦੇ 1,100 ਟੁਕੜੇ ਦੇਵੇਗਾ।”
6 ਬਾਅਦ ਵਿਚ ਦਲੀਲਾਹ ਨੇ ਸਮਸੂਨ ਨੂੰ ਕਿਹਾ: “ਕਿਰਪਾ ਕਰ ਕੇ ਦੱਸ ਕਿ ਤੇਰੀ ਇੰਨੀ ਜ਼ਿਆਦਾ ਤਾਕਤ ਦਾ ਰਾਜ਼ ਕੀ ਹੈ ਤੇ ਤੈਨੂੰ ਕਿਸ ਚੀਜ਼ ਨਾਲ ਬੰਨ੍ਹ ਕੇ ਕਾਬੂ ਕੀਤਾ ਜਾ ਸਕਦਾ ਹੈ।”
7 ਸਮਸੂਨ ਨੇ ਉਸ ਨੂੰ ਕਿਹਾ: “ਜੇ ਉਹ ਮੈਨੂੰ ਕਮਾਨ ਦੀਆਂ ਸੱਤ ਨਵੀਆਂ ਡੋਰੀਆਂ* ਨਾਲ ਬੰਨ੍ਹਣ ਜੋ ਸੁਕਾਈਆਂ ਨਾ ਗਈਆਂ ਹੋਣ, ਤਾਂ ਮੇਰੇ ਵਿਚ ਇਕ ਆਮ ਇਨਸਾਨ ਜਿੰਨੀ ਤਾਕਤ ਰਹਿ ਜਾਵੇਗੀ।”
8 ਇਸ ਲਈ ਫਲਿਸਤੀ ਹਾਕਮ ਉਸ ਕੋਲ ਸੱਤ ਨਵੀਆਂ ਡੋਰੀਆਂ ਲੈ ਕੇ ਆਏ ਜੋ ਸੁਕਾਈਆਂ ਨਹੀਂ ਗਈਆਂ ਸਨ ਅਤੇ ਉਸ ਨੇ ਇਨ੍ਹਾਂ ਨਾਲ ਉਸ ਨੂੰ ਬੰਨ੍ਹ ਦਿੱਤਾ।
9 ਫਿਰ ਉਹ ਅੰਦਰਲੇ ਕਮਰੇ ਵਿਚ ਘਾਤ ਲਾ ਕੇ ਬੈਠ ਗਏ ਤੇ ਦਲੀਲਾਹ ਨੇ ਉਸ ਨੂੰ ਕਿਹਾ: “ਸਮਸੂਨ, ਫਲਿਸਤੀ ਤੇਰੇ ’ਤੇ ਹਮਲਾ ਕਰਨ ਆ ਗਏ!” ਇਹ ਸੁਣਦਿਆਂ ਹੀ ਉਸ ਨੇ ਕਮਾਨ ਦੀਆਂ ਡੋਰੀਆਂ ਇੰਨੀ ਆਸਾਨੀ ਨਾਲ ਤੋੜ ਦਿੱਤੀਆਂ ਜਿਵੇਂ ਸਣ ਦਾ ਧਾਗਾ ਅੱਗ ਨੂੰ ਛੋਂਹਦਿਆਂ ਹੀ ਟੁੱਟ ਜਾਂਦਾ ਹੈ।+ ਇਸ ਤਰ੍ਹਾਂ ਉਸ ਦੀ ਤਾਕਤ ਦਾ ਰਾਜ਼ ਜ਼ਾਹਰ ਨਹੀਂ ਹੋਇਆ।
10 ਫਿਰ ਦਲੀਲਾਹ ਨੇ ਸਮਸੂਨ ਨੂੰ ਕਿਹਾ: “ਦੇਖ! ਤੂੰ ਮੈਨੂੰ ਬੇਵਕੂਫ਼ ਬਣਾਇਆ* ਹੈ ਤੇ ਮੇਰੇ ਨਾਲ ਝੂਠ ਬੋਲਿਆ ਹੈ। ਹੁਣ ਕਿਰਪਾ ਕਰ ਕੇ ਦੱਸ ਕਿ ਤੈਨੂੰ ਕਿਸ ਚੀਜ਼ ਨਾਲ ਬੰਨ੍ਹਿਆ ਜਾ ਸਕਦਾ ਹੈ।”
11 ਉਸ ਨੇ ਉਸ ਨੂੰ ਕਿਹਾ: “ਜੇ ਉਹ ਮੈਨੂੰ ਨਵੀਆਂ ਰੱਸੀਆਂ ਨਾਲ ਬੰਨ੍ਹਣ ਜੋ ਕਦੇ ਨਾ ਵਰਤੀਆਂ ਗਈਆਂ ਹੋਣ, ਤਾਂ ਮੇਰੇ ਵਿਚ ਇਕ ਆਮ ਇਨਸਾਨ ਜਿੰਨੀ ਤਾਕਤ ਰਹਿ ਜਾਵੇਗੀ।”
12 ਇਸ ਲਈ ਦਲੀਲਾਹ ਨੇ ਨਵੀਆਂ ਰੱਸੀਆਂ ਲਈਆਂ ਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਦਿੱਤਾ ਤੇ ਉੱਚੀ ਆਵਾਜ਼ ਵਿਚ ਕਿਹਾ: “ਸਮਸੂਨ, ਫਲਿਸਤੀ ਤੇਰੇ ’ਤੇ ਹਮਲਾ ਕਰਨ ਆ ਗਏ!” (ਇਸ ਸਮੇਂ ਦੌਰਾਨ ਉਹ ਘਾਤ ਲਾ ਕੇ ਅੰਦਰਲੇ ਕਮਰੇ ਵਿਚ ਬੈਠੇ ਹੋਏ ਸਨ।) ਇਹ ਸੁਣਦਿਆਂ ਹੀ ਉਸ ਨੇ ਆਪਣੀਆਂ ਬਾਹਾਂ ਤੋਂ ਰੱਸੀਆਂ ਤੋੜ ਦਿੱਤੀਆਂ ਜਿਵੇਂ ਕਿ ਉਹ ਧਾਗੇ ਹੋਣ।+
13 ਇਸ ਤੋਂ ਬਾਅਦ, ਦਲੀਲਾਹ ਨੇ ਸਮਸੂਨ ਨੂੰ ਕਿਹਾ: “ਹੁਣ ਤਕ ਤੂੰ ਮੈਨੂੰ ਬੇਵਕੂਫ਼ ਹੀ ਬਣਾਉਂਦਾ ਆਇਆ ਹੈਂ ਤੇ ਮੇਰੇ ਨਾਲ ਝੂਠ ਬੋਲਿਆ ਹੈ।+ ਮੈਨੂੰ ਦੱਸ ਕਿ ਤੈਨੂੰ ਕਿਸ ਚੀਜ਼ ਨਾਲ ਬੰਨ੍ਹਿਆ ਜਾ ਸਕਦਾ ਹੈ।” ਫਿਰ ਉਸ ਨੇ ਉਸ ਨੂੰ ਕਿਹਾ: “ਇਸ ਦੇ ਲਈ ਤੈਨੂੰ ਮੇਰੇ ਸਿਰ ਦੀਆਂ ਸੱਤ ਗੁੱਤਾਂ ਤਾਣੇ ਵਿਚ ਧਾਗੇ ਨਾਲ ਗੁੰਦਣੀਆਂ ਪੈਣੀਆਂ।”
14 ਫਿਰ ਉਸ ਨੇ ਕਿੱਲੀ ਨਾਲ ਗੁੱਤਾਂ ਬੰਨ੍ਹ ਦਿੱਤੀਆਂ ਤੇ ਉੱਚੀ ਆਵਾਜ਼ ਵਿਚ ਉਸ ਨੂੰ ਪੁਕਾਰਿਆ: “ਸਮਸੂਨ, ਫਲਿਸਤੀ ਤੇਰੇ ’ਤੇ ਹਮਲਾ ਕਰਨ ਆ ਗਏ!” ਉਹ ਨੀਂਦ ਤੋਂ ਜਾਗਿਆ ਤੇ ਉਸ ਨੇ ਖੱਡੀ ਦੀ ਕਿੱਲੀ ਸਣੇ ਤਾਣੇ ਨੂੰ ਉਖਾੜ ਦਿੱਤਾ।
15 ਫਿਰ ਉਸ ਨੇ ਉਸ ਨੂੰ ਕਿਹਾ: “ਤੂੰ ਕਿੱਦਾਂ ਕਹਿ ਸਕਦਾਂ, ‘ਮੈਂ ਤੈਨੂੰ ਪਿਆਰ ਕਰਦਾ ਹਾਂ,’+ ਜਦ ਕਿ ਤੇਰਾ ਦਿਲ ਮੇਰੇ ਨਾਲ ਨਹੀਂ ਹੈ? ਤੂੰ ਮੈਨੂੰ ਤਿੰਨੇ ਵਾਰ ਬੇਵਕੂਫ਼ ਬਣਾਇਆ ਹੈ ਤੇ ਮੈਨੂੰ ਦੱਸਿਆ ਨਹੀਂ ਕਿ ਤੈਨੂੰ ਇੰਨੀ ਜ਼ਿਆਦਾ ਤਾਕਤ ਕਿੱਥੋਂ ਮਿਲਦੀ ਹੈ।”+
16 ਉਹ ਹਰ ਰੋਜ਼ ਉਸ ਨੂੰ ਖਿਝਾਉਂਦੀ ਰਹੀ ਅਤੇ ਉਸ ’ਤੇ ਜ਼ੋਰ ਪਾ-ਪਾ ਕੇ ਉਸ ਦੀ ਜਾਨ ਖਾ ਗਈ।+
17 ਅਖ਼ੀਰ ਸਮਸੂਨ ਨੇ ਉਸ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਤੇ ਦੱਸਿਆ: “ਮੇਰੇ ਸਿਰ ’ਤੇ ਕਦੇ ਉਸਤਰਾ ਨਹੀਂ ਫਿਰਿਆ ਕਿਉਂਕਿ ਮੈਂ ਜਨਮ ਤੋਂ* ਹੀ ਪਰਮੇਸ਼ੁਰ ਦਾ ਨਜ਼ੀਰ ਹਾਂ।+ ਜੇ ਮੇਰਾ ਸਿਰ ਮੁੰਨ ਦਿੱਤਾ ਜਾਵੇ, ਤਾਂ ਮੇਰੇ ਵਿਚ ਤਾਕਤ ਨਹੀਂ ਰਹੇਗੀ ਤੇ ਮੈਂ ਕਮਜ਼ੋਰ ਹੋ ਜਾਵਾਂਗਾ ਤੇ ਬਾਕੀ ਸਾਰੇ ਆਦਮੀਆਂ ਵਰਗਾ ਹੋ ਜਾਵਾਂਗਾ।”
18 ਜਦੋਂ ਦਲੀਲਾਹ ਨੇ ਦੇਖਿਆ ਕਿ ਉਸ ਨੇ ਉਸ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਹੈ, ਤਾਂ ਉਸ ਨੇ ਉਸੇ ਵੇਲੇ ਫਲਿਸਤੀ ਹਾਕਮਾਂ ਨੂੰ ਇਹ ਕਹਿ ਕੇ ਸੱਦਿਆ:+ “ਬੱਸ ਇਸ ਵਾਰ ਆ ਜਾਓ ਕਿਉਂਕਿ ਉਸ ਨੇ ਮੇਰੇ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਹੈ।” ਇਸ ਲਈ ਫਲਿਸਤੀ ਹਾਕਮ ਪੈਸੇ ਲੈ ਕੇ ਉਸ ਕੋਲ ਆ ਗਏ।
19 ਉਸ ਨੇ ਸਮਸੂਨ ਨੂੰ ਆਪਣੇ ਗੋਡਿਆਂ ’ਤੇ ਸੁਲਾ ਲਿਆ; ਫਿਰ ਉਸ ਨੇ ਇਕ ਆਦਮੀ ਨੂੰ ਬੁਲਾਇਆ ਤੇ ਉਸ ਕੋਲੋਂ ਸਮਸੂਨ ਦੇ ਸਿਰ ਦੀਆਂ ਸੱਤ ਗੁੱਤਾਂ ਮੁਨਵਾ ਦਿੱਤੀਆਂ। ਇਸ ਤੋਂ ਬਾਅਦ, ਉਹ ਉਸ ਦੇ ਕਾਬੂ ਆਉਣ ਲੱਗ ਪਿਆ ਕਿਉਂਕਿ ਉਸ ਦੀ ਤਾਕਤ ਖ਼ਤਮ ਹੁੰਦੀ ਜਾ ਰਹੀ ਸੀ।
20 ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਸਮਸੂਨ, ਫਲਿਸਤੀ ਤੇਰੇ ’ਤੇ ਹਮਲਾ ਕਰਨ ਆ ਗਏ!” ਉਹ ਨੀਂਦ ਤੋਂ ਜਾਗਿਆ ਤੇ ਉਸ ਨੇ ਕਿਹਾ: “ਮੈਂ ਪਹਿਲਾਂ ਵਾਂਗ ਬਾਹਰ ਜਾਵਾਂਗਾ+ ਤੇ ਆਪਣੇ ਆਪ ਨੂੰ ਆਜ਼ਾਦ ਕਰ ਲਵਾਂਗਾ।” ਪਰ ਉਸ ਨੂੰ ਪਤਾ ਨਹੀਂ ਸੀ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ।
21 ਫਲਿਸਤੀਆਂ ਨੇ ਉਸ ਨੂੰ ਫੜ ਲਿਆ ਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ। ਫਿਰ ਉਹ ਉਸ ਨੂੰ ਹੇਠਾਂ ਗਾਜ਼ਾ ਲੈ ਆਏ ਤੇ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹਿਆ ਅਤੇ ਉਹ ਜੇਲ੍ਹ ਵਿਚ ਅਨਾਜ ਪੀਹਣ ਲੱਗਾ।
22 ਪਰ ਉਸ ਦਾ ਸਿਰ ਮੁੰਨਣ ਤੋਂ ਬਾਅਦ ਉਸ ਦੇ ਸਿਰ ਦੇ ਵਾਲ਼ ਦੁਬਾਰਾ ਆਉਣ ਲੱਗ ਪਏ।+
23 ਫਿਰ ਫਲਿਸਤੀ ਆਪਣੇ ਦੇਵਤੇ ਦਾਗੋਨ+ ਅੱਗੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਉਣ ਤੇ ਜਸ਼ਨ ਮਨਾਉਣ ਲਈ ਇਕੱਠੇ ਹੋਏ ਕਿਉਂਕਿ ਉਹ ਕਹਿ ਰਹੇ ਸਨ: “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ!”
24 ਜਦੋਂ ਲੋਕਾਂ ਨੇ ਉਸ ਨੂੰ ਦੇਖਿਆ, ਤਾਂ ਉਹ ਆਪਣੇ ਦੇਵਤੇ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ ਜਿਸ ਨੇ ਸਾਡਾ ਦੇਸ਼ ਤਬਾਹ ਕੀਤਾ ਸੀ+ ਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਸੁੱਟਿਆ ਸੀ।”+
25 ਉਨ੍ਹਾਂ ਦੇ ਦਿਲ ਮਸਤੀ ਵਿਚ ਚੂਰ ਸਨ ਜਿਸ ਕਰਕੇ ਉਨ੍ਹਾਂ ਨੇ ਕਿਹਾ: “ਸਮਸੂਨ ਨੂੰ ਬੁਲਾਓ ਕਿ ਉਹ ਸਾਡਾ ਦਿਲ ਬਹਿਲਾਵੇ।” ਉਹ ਸਮਸੂਨ ਨੂੰ ਜੇਲ੍ਹ ਵਿੱਚੋਂ ਬਾਹਰ ਲੈ ਆਏ ਕਿ ਉਹ ਉਨ੍ਹਾਂ ਦਾ ਮਨ-ਪਰਚਾਵਾ ਕਰੇ; ਉਨ੍ਹਾਂ ਨੇ ਉਸ ਨੂੰ ਥੰਮ੍ਹਾਂ ਵਿਚਕਾਰ ਖੜ੍ਹਾ ਕਰ ਦਿੱਤਾ।
26 ਫਿਰ ਸਮਸੂਨ ਨੇ ਉਸ ਮੁੰਡੇ ਨੂੰ, ਜਿਸ ਨੇ ਉਸ ਦਾ ਹੱਥ ਫੜਿਆ ਹੋਇਆ ਸੀ, ਕਿਹਾ: “ਮੈਨੂੰ ਉਨ੍ਹਾਂ ਥੰਮ੍ਹਾਂ ਨੂੰ ਛੋਹ ਲੈਣ ਦੇ ਜਿਨ੍ਹਾਂ ’ਤੇ ਇਹ ਘਰ ਟਿਕਿਆ ਹੋਇਆ ਹੈ ਤਾਂਕਿ ਮੈਂ ਉਨ੍ਹਾਂ ਨਾਲ ਢਾਸਣਾ ਲਾ ਸਕਾਂ।”
27 (ਉਸ ਵੇਲੇ ਉਹ ਘਰ ਆਦਮੀਆਂ ਤੇ ਔਰਤਾਂ ਨਾਲ ਭਰਿਆ ਪਿਆ ਸੀ। ਸਾਰੇ ਫਲਿਸਤੀ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਕਰੀਬਨ 3,000 ਆਦਮੀ-ਔਰਤਾਂ ਸਨ ਜੋ ਸਮਸੂਨ ਨੂੰ ਦੇਖ ਕੇ ਹੱਸ ਰਹੇ ਸਨ।)
28 ਫਿਰ ਸਮਸੂਨ+ ਨੇ ਯਹੋਵਾਹ ਨੂੰ ਪੁਕਾਰਿਆ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਮੈਨੂੰ ਯਾਦ ਕਰ, ਹੇ ਪਰਮੇਸ਼ੁਰ, ਕਿਰਪਾ ਕਰ ਕੇ ਬੱਸ ਇਸ ਵਾਰ ਮੈਨੂੰ ਜ਼ੋਰ ਬਖ਼ਸ਼ ਦੇ+ ਤਾਂਕਿ ਮੈਂ ਫਲਿਸਤੀਆਂ ਤੋਂ ਘੱਟੋ-ਘੱਟ ਆਪਣੀ ਇਕ ਅੱਖ ਦਾ ਬਦਲਾ ਲੈ ਸਕਾਂ।”+
29 ਫਿਰ ਸਮਸੂਨ ਉਨ੍ਹਾਂ ਦੋ ਵਿਚਕਾਰਲੇ ਥੰਮ੍ਹਾਂ ਦੇ ਵਿਚਕਾਰ ਤਣ ਕੇ ਖੜ੍ਹ ਗਿਆ ਜਿਨ੍ਹਾਂ ’ਤੇ ਘਰ ਟਿਕਿਆ ਹੋਇਆ ਸੀ ਅਤੇ ਉਸ ਨੇ ਆਪਣਾ ਸੱਜਾ ਹੱਥ ਇਕ ਥੰਮ੍ਹ ’ਤੇ ਅਤੇ ਖੱਬਾ ਹੱਥ ਦੂਜੇ ਥੰਮ੍ਹ ’ਤੇ ਰੱਖਿਆ।
30 ਸਮਸੂਨ ਨੇ ਉੱਚੀ ਆਵਾਜ਼ ਵਿਚ ਕਿਹਾ: “ਮੈਨੂੰ ਫਲਿਸਤੀਆਂ ਨਾਲ ਮਰ ਜਾਣ ਦੇ!” ਫਿਰ ਉਸ ਨੇ ਆਪਣਾ ਸਾਰਾ ਜ਼ੋਰ ਲਾ ਕੇ ਥੰਮ੍ਹਾਂ ਨੂੰ ਧੱਕਿਆ ਤੇ ਉਹ ਘਰ ਉੱਥੇ ਮੌਜੂਦ ਪ੍ਰਧਾਨਾਂ ਅਤੇ ਲੋਕਾਂ ’ਤੇ ਆ ਡਿਗਿਆ।+ ਇਸ ਤਰ੍ਹਾਂ ਉਸ ਨੇ ਮਰਨ ਸਮੇਂ ਜਿੰਨੇ ਲੋਕ ਮਾਰੇ, ਉੱਨੇ ਉਸ ਨੇ ਆਪਣੇ ਜੀਉਂਦੇ-ਜੀ ਨਹੀਂ ਮਾਰੇ ਸਨ।+
31 ਬਾਅਦ ਵਿਚ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਸਾਰਾ ਘਰਾਣਾ ਉਸ ਨੂੰ ਵਾਪਸ ਲਿਜਾਣ ਲਈ ਹੇਠਾਂ ਆਏ। ਉਹ ਉਸ ਨੂੰ ਉਤਾਂਹ ਲਿਆਏ ਤੇ ਉਸ ਨੂੰ ਸੋਰਾਹ+ ਤੇ ਅਸ਼ਤਾਓਲ ਵਿਚਕਾਰ ਉਸ ਦੇ ਪਿਤਾ ਮਾਨੋਆਹ+ ਦੀ ਕਬਰ ਵਿਚ ਦਫ਼ਨਾ ਦਿੱਤਾ। ਸਮਸੂਨ ਨੇ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ ਸੀ।+
ਫੁਟਨੋਟ
^ ਜਾਂ, “ਕਾਇਲ ਕਰ ਕੇ।”
^ ਜਾਂ, “ਨਾੜਾਂ।”
^ ਜਾਂ, “ਮੇਰੇ ਨਾਲ ਮਖੌਲ ਕੀਤਾ।”
^ ਇਬ, “ਆਪਣੀ ਮਾਂ ਦੀ ਕੁੱਖ ਤੋਂ।”