ਨਿਆਈਆਂ 18:1-31

  • ਦਾਨ ਦੇ ਗੋਤ ਦੇ ਲੋਕਾਂ ਨੇ ਜਗ੍ਹਾ ਤਲਾਸ਼ੀ (1-31)

    • ਮੀਕਾਹ ਦੀਆਂ ਮੂਰਤਾਂ ਚੁੱਕੀਆਂ ਅਤੇ ਪੁਜਾਰੀ ਨੂੰ ਲਿਜਾਇਆ ਗਿਆ (14-20)

    • ਲਾਇਸ਼ ’ਤੇ ਕਬਜ਼ਾ ਅਤੇ ਇਸ ਦਾ ਨਾਂ ਦਾਨ ਰੱਖਿਆ ਗਿਆ (27-29)

    • ਦਾਨ ਵਿਚ ਮੂਰਤੀ-ਪੂਜਾ (30, 31)

18  ਉਨ੍ਹਾਂ ਦਿਨਾਂ ਵਿਚ ਇਜ਼ਰਾਈਲ ਵਿਚ ਕੋਈ ਰਾਜਾ ਨਹੀਂ ਸੀ।+ ਅਤੇ ਉਨ੍ਹਾਂ ਦਿਨਾਂ ਵਿਚ ਦਾਨ ਦੇ ਗੋਤ+ ਦੇ ਲੋਕ ਆਪਣੇ ਰਹਿਣ ਵਾਸਤੇ ਵਿਰਾਸਤ ਲੱਭ ਰਹੇ ਸਨ ਕਿਉਂਕਿ ਉਦੋਂ ਤਕ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਤਾਂ ਵਿਚਕਾਰ ਵਿਰਾਸਤ ਨਹੀਂ ਮਿਲੀ ਸੀ।+  ਦਾਨ ਦੇ ਲੋਕਾਂ ਨੇ ਸੋਰਾਹ ਤੇ ਅਸ਼ਤਾਓਲ+ ਤੋਂ ਆਪਣੇ ਘਰਾਣੇ ਦੇ ਪੰਜ ਕਾਬਲ ਆਦਮੀਆਂ ਨੂੰ ਘੱਲਿਆ ਕਿ ਉਹ ਉਸ ਦੇਸ਼ ਦੀ ਜਾਸੂਸੀ ਕਰਨ ਤੇ ਦੇਖਣ ਕਿ ਉਹ ਕਿਹੋ ਜਿਹਾ ਹੈ। ਉਨ੍ਹਾਂ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਉਸ ਦੇਸ਼ ਵਿਚ ਜਾਓ ਤੇ ਦੇਖੋ ਕਿ ਉਹ ਕਿਹੋ ਜਿਹਾ ਹੈ।” ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਮੀਕਾਹ ਦੇ ਘਰ ਪਹੁੰਚੇ+ ਅਤੇ ਉਨ੍ਹਾਂ ਨੇ ਉੱਥੇ ਰਾਤ ਗੁਜ਼ਾਰੀ।  ਜਦੋਂ ਉਹ ਮੀਕਾਹ ਦੇ ਘਰ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਨੌਜਵਾਨ ਲੇਵੀ ਦੀ ਆਵਾਜ਼* ਪਛਾਣ ਲਈ। ਇਸ ਲਈ ਉਨ੍ਹਾਂ ਨੇ ਉਸ ਕੋਲ ਜਾ ਕੇ ਪੁੱਛਿਆ: “ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰ ਰਿਹਾ ਹੈਂ? ਤੂੰ ਇੱਥੇ ਕਾਹਤੋਂ ਰੁਕਿਆ ਹੋਇਆ ਹੈਂ?”  ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੇਰੇ ਲਈ ਮੀਕਾਹ ਨੇ ਇਹ-ਇਹ ਕੀਤਾ ਤੇ ਉਸ ਨੇ ਮੈਨੂੰ ਆਪਣੇ ਲਈ ਪੁਜਾਰੀ ਵਜੋਂ ਸੇਵਾ ਕਰਨ ਵਾਸਤੇ ਰੱਖਿਆ ਹੋਇਆ ਹੈ।”+  ਫਿਰ ਉਨ੍ਹਾਂ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਪਰਮੇਸ਼ੁਰ ਤੋਂ ਪੁੱਛ ਕਿ ਸਾਡਾ ਸਫ਼ਰ ਕਾਮਯਾਬ ਰਹੇਗਾ ਜਾਂ ਨਹੀਂ।”  ਪੁਜਾਰੀ ਨੇ ਉਨ੍ਹਾਂ ਨੂੰ ਕਿਹਾ: “ਸ਼ਾਂਤੀ ਨਾਲ ਜਾਓ। ਯਹੋਵਾਹ ਤੁਹਾਡੇ ਸਫ਼ਰ ਦੌਰਾਨ ਤੁਹਾਡੇ ਨਾਲ ਹੈ।”  ਇਸ ਲਈ ਉਹ ਪੰਜ ਆਦਮੀ ਉੱਥੋਂ ਚਲੇ ਗਏ ਤੇ ਲਾਇਸ਼ ਆ ਗਏ।+ ਉਨ੍ਹਾਂ ਨੇ ਦੇਖਿਆ ਕਿ ਸ਼ਹਿਰ ਦੇ ਲੋਕ ਸੀਦੋਨੀਆਂ ਵਾਂਗ ਕਿਸੇ ’ਤੇ ਨਿਰਭਰ ਨਹੀਂ ਸਨ। ਉਹ ਬੇਫ਼ਿਕਰ ਹੋ ਕੇ ਅਮਨ-ਚੈਨ ਨਾਲ ਰਹਿ ਰਹੇ ਸਨ।+ ਦੇਸ਼ ਵਿਚ ਉਨ੍ਹਾਂ ਨੂੰ ਸਤਾਉਣ ਵਾਲਾ ਕੋਈ ਅਤਿਆਚਾਰੀ ਹਾਕਮ ਨਹੀਂ ਸੀ। ਉਹ ਸੀਦੋਨੀਆਂ ਤੋਂ ਦੂਰ ਰਹਿੰਦੇ ਸਨ ਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।  ਜਦੋਂ ਉਹ ਸੋਰਾਹ ਤੇ ਅਸ਼ਤਾਓਲ ਵਿਚ ਆਪਣੇ ਭਰਾਵਾਂ ਕੋਲ ਆਏ,+ ਤਾਂ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕੀ ਖ਼ਬਰ ਲਿਆਏ ਹੋ?”  ਉਨ੍ਹਾਂ ਨੇ ਜਵਾਬ ਦਿੱਤਾ: “ਚਲੋ ਉਨ੍ਹਾਂ ’ਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਦੇਖਿਆ ਹੈ ਕਿ ਉਹ ਦੇਸ਼ ਬਹੁਤ ਹੀ ਸੋਹਣਾ ਹੈ। ਤੁਸੀਂ ਹਿਚਕਿਚਾ ਕਿਉਂ ਰਹੇ ਹੋ? ਇਸ ਦੇਸ਼ ’ਤੇ ਕਬਜ਼ਾ ਕਰਨ ਵਿਚ ਢਿੱਲ-ਮੱਠ ਨਾ ਕਰੋ। 10  ਜਦੋਂ ਤੁਸੀਂ ਪਹੁੰਚੋਗੇ, ਤਾਂ ਤੁਸੀਂ ਦੇਖੋਗੇ ਕਿ ਲੋਕ ਬੇਫ਼ਿਕਰੇ ਹਨ+ ਤੇ ਉਹ ਦੇਸ਼ ਬਹੁਤ ਵੱਡਾ ਹੈ। ਪਰਮੇਸ਼ੁਰ ਨੇ ਉਹ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ। ਇਹ ਧਰਤੀ ਉੱਤੇ ਅਜਿਹੀ ਜਗ੍ਹਾ ਹੈ ਜਿੱਥੇ ਕਿਸੇ ਚੀਜ਼ ਦੀ ਕਮੀ ਨਹੀਂ।”+ 11  ਫਿਰ ਦਾਨ ਦੇ ਲੋਕਾਂ ਦੇ ਘਰਾਣੇ ਵਿੱਚੋਂ ਯੁੱਧ ਲਈ ਤਿਆਰ 600 ਆਦਮੀ ਸੋਰਾਹ ਅਤੇ ਅਸ਼ਤਾਓਲ ਤੋਂ ਨਿਕਲ ਤੁਰੇ।+ 12  ਉਹ ਉਤਾਂਹ ਗਏ ਅਤੇ ਉਨ੍ਹਾਂ ਨੇ ਯਹੂਦਾਹ ਦੇ ਕਿਰਯਥ-ਯਾਰੀਮ+ ਵਿਚ ਡੇਰਾ ਲਾਇਆ। ਇਸੇ ਕਰਕੇ ਉਸ ਜਗ੍ਹਾ ਨੂੰ ਅੱਜ ਤਕ ਮਹਾਨੇਹ-ਦਾਨ*+ ਕਿਹਾ ਜਾਂਦਾ ਹੈ ਜੋ ਕਿਰਯਥ-ਯਾਰੀਮ ਦੇ ਪੱਛਮ ਵਿਚ ਹੈ। 13  ਉੱਥੋਂ ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਚਲੇ ਗਏ ਤੇ ਮੀਕਾਹ ਦੇ ਘਰ ਆ ਗਏ।+ 14  ਫਿਰ ਉਨ੍ਹਾਂ ਪੰਜ ਆਦਮੀਆਂ ਨੇ, ਜਿਹੜੇ ਲਾਇਸ਼ ਦੀ ਜਾਸੂਸੀ ਕਰਨ ਗਏ ਸਨ,+ ਆਪਣੇ ਭਰਾਵਾਂ ਨੂੰ ਕਿਹਾ: “ਕੀ ਤੁਹਾਨੂੰ ਪਤਾ ਕਿ ਇਨ੍ਹਾਂ ਘਰਾਂ ਵਿਚ ਇਕ ਏਫ਼ੋਦ, ਬੁੱਤ,* ਇਕ ਘੜੀ ਹੋਈ ਮੂਰਤ ਅਤੇ ਧਾਤ ਦਾ ਇਕ ਬੁੱਤ* ਹੈ?+ ਸੋਚੋ ਕਿ ਇਨ੍ਹਾਂ ਦਾ ਕੀ ਕੀਤਾ ਜਾਣਾ ਚਾਹੀਦਾ ਹੈ।” 15  ਉਹ ਉੱਥੇ ਰੁਕ ਗਏ ਤੇ ਉਸ ਨੌਜਵਾਨ ਲੇਵੀ ਦੇ ਘਰ ਆਏ+ ਜੋ ਮੀਕਾਹ ਦੇ ਘਰ ਵਿਚ ਸੀ ਤੇ ਉਸ ਦਾ ਹਾਲ-ਚਾਲ ਪੁੱਛਿਆ। 16  ਇਸ ਸਮੇਂ ਦੌਰਾਨ ਯੁੱਧ ਲਈ ਤਿਆਰ ਦਾਨ ਦੇ 600 ਆਦਮੀ+ ਦਰਵਾਜ਼ੇ ਦੇ ਲਾਂਘੇ ਕੋਲ ਖੜ੍ਹੇ ਰਹੇ। 17  ਜਿਹੜੇ ਪੰਜ ਆਦਮੀ ਉਸ ਦੇਸ਼ ਦੀ ਜਾਸੂਸੀ ਕਰਨ ਗਏ ਸਨ,+ ਉਹ ਘੜੀ ਹੋਈ ਮੂਰਤ, ਏਫ਼ੋਦ,+ ਬੁੱਤਾਂ*+ ਅਤੇ ਧਾਤ ਦੀ ਮੂਰਤ*+ ਨੂੰ ਲੈਣ ਲਈ ਅੰਦਰ ਚਲੇ ਗਏ। (ਯੁੱਧ ਲਈ ਤਿਆਰ 600 ਆਦਮੀਆਂ ਨਾਲ ਪੁਜਾਰੀ+ ਦਰਵਾਜ਼ੇ ਦੇ ਲਾਂਘੇ ’ਤੇ ਖੜ੍ਹਾ ਸੀ।) 18  ਉਹ ਮੀਕਾਹ ਦੇ ਘਰ ਅੰਦਰ ਵੜ ਗਏ ਅਤੇ ਉਨ੍ਹਾਂ ਨੇ ਘੜੀ ਹੋਈ ਮੂਰਤ, ਏਫ਼ੋਦ, ਬੁੱਤ* ਅਤੇ ਧਾਤ ਦੀ ਮੂਰਤ* ਚੁੱਕ ਲਈ। ਪੁਜਾਰੀ ਨੇ ਉਨ੍ਹਾਂ ਨੂੰ ਕਿਹਾ: “ਇਹ ਤੁਸੀਂ ਕੀ ਕਰ ਰਹੇ ਹੋ?” 19  ਪਰ ਉਨ੍ਹਾਂ ਨੇ ਉਸ ਨੂੰ ਕਿਹਾ: “ਚੁੱਪ ਕਰ। ਕੁਝ ਨਾ ਬੋਲ* ਤੇ ਸਾਡੇ ਨਾਲ ਚੱਲ ਕੇ ਸਾਡਾ ਸਲਾਹਕਾਰ* ਤੇ ਪੁਜਾਰੀ ਬਣ। ਤੇਰੇ ਲਈ ਇਕ ਆਦਮੀ ਦੇ ਘਰਾਣੇ ਦਾ ਪੁਜਾਰੀ ਬਣਨਾ ਵਧੀਆ ਹੈ+ ਜਾਂ ਇਜ਼ਰਾਈਲ ਦੇ ਇਕ ਗੋਤ ਤੇ ਘਰਾਣੇ ਦਾ ਪੁਜਾਰੀ ਬਣਨਾ?”+ 20  ਇਹ ਸੁਣ ਕੇ ਪੁਜਾਰੀ ਖ਼ੁਸ਼ ਹੋ ਗਿਆ ਅਤੇ ਉਸ ਨੇ ਏਫ਼ੋਦ, ਬੁੱਤ* ਅਤੇ ਘੜੀ ਹੋਈ ਮੂਰਤ ਲਈ+ ਤੇ ਲੋਕਾਂ ਨਾਲ ਤੁਰ ਪਿਆ। 21  ਫਿਰ ਉਹ ਜਾਣ ਲਈ ਮੁੜੇ ਅਤੇ ਉਨ੍ਹਾਂ ਨੇ ਬੱਚਿਆਂ, ਪਸ਼ੂਆਂ ਅਤੇ ਕੀਮਤੀ ਚੀਜ਼ਾਂ ਨੂੰ ਆਪਣੇ ਅੱਗੇ-ਅੱਗੇ ਰੱਖਿਆ। 22  ਉਹ ਮੀਕਾਹ ਦੇ ਘਰ ਤੋਂ ਥੋੜ੍ਹੀ ਹੀ ਦੂਰ ਗਏ ਸਨ ਕਿ ਮੀਕਾਹ ਦੇ ਘਰ ਦੇ ਨੇੜਲੇ ਘਰਾਂ ਵਿਚ ਰਹਿੰਦੇ ਆਦਮੀ ਇਕੱਠੇ ਹੋਏ ਤੇ ਦਾਨ ਦੇ ਲੋਕਾਂ ਤਕ ਪਹੁੰਚ ਗਏ। 23  ਜਦੋਂ ਉਨ੍ਹਾਂ ਨੇ ਦਾਨ ਦੇ ਲੋਕਾਂ ਨੂੰ ਉੱਚੀ ਆਵਾਜ਼ ਵਿਚ ਪੁਕਾਰਿਆ, ਤਾਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਮੀਕਾਹ ਨੂੰ ਕਿਹਾ: “ਕੀ ਗੱਲ ਹੋਈ? ਤੂੰ ਇੰਨੀ ਵੱਡੀ ਭੀੜ ਇਕੱਠੀ ਕਰ ਕੇ ਕਿਉਂ ਲਿਆਇਆਂ?” 24  ਉਸ ਨੇ ਕਿਹਾ: “ਤੁਸੀਂ ਮੇਰੇ ਦੇਵਤੇ ਚੁੱਕ ਲਿਆਏ ਹੋ ਜੋ ਮੈਂ ਬਣਾਏ ਸਨ ਤੇ ਤੁਸੀਂ ਪੁਜਾਰੀ ਨੂੰ ਵੀ ਲੈ ਕੇ ਤੁਰ ਪਏ। ਮੇਰੇ ਕੋਲ ਕੀ ਰਹਿ ਗਿਆ? ਫਿਰ ਤੁਸੀਂ ਕਿੱਦਾਂ ਮੈਨੂੰ ਕਹਿ ਸਕਦੇ ਹੋ, ‘ਕੀ ਗੱਲ ਹੋਈ?’” 25  ਦਾਨ ਦੇ ਲੋਕਾਂ ਨੇ ਜਵਾਬ ਦਿੱਤਾ: “ਸਾਡੇ ਨਾਲ ਉੱਚੀ ਆਵਾਜ਼ ਵਿਚ ਗੱਲ ਨਾ ਕਰ; ਨਹੀਂ ਤਾਂ ਗੁੱਸੇ ਨਾਲ ਭਰੇ ਇਹ ਆਦਮੀ* ਤੁਹਾਡੇ ’ਤੇ ਵਾਰ ਕਰ ਸਕਦੇ ਹਨ ਜਿਸ ਕਰਕੇ ਤੂੰ ਤੇ ਤੇਰਾ ਘਰਾਣਾ ਆਪਣੀ ਜਾਨ ਤੋਂ ਹੱਥ ਧੋ ਬੈਠੋਗੇ।” 26  ਫਿਰ ਦਾਨ ਦੇ ਲੋਕ ਆਪਣੇ ਰਾਹ ਤੁਰ ਪਏ; ਅਤੇ ਮੀਕਾਹ ਮੁੜ ਕੇ ਆਪਣੇ ਘਰ ਚਲਾ ਗਿਆ ਕਿਉਂਕਿ ਉਸ ਨੇ ਦੇਖਿਆ ਕਿ ਉਹ ਉਸ ਨਾਲੋਂ ਤਾਕਤਵਰ ਸਨ। 27  ਮੀਕਾਹ ਦੀਆਂ ਬਣਾਈਆਂ ਚੀਜ਼ਾਂ ਤੇ ਉਸ ਦੇ ਪੁਜਾਰੀ ਨੂੰ ਲਿਜਾਣ ਤੋਂ ਬਾਅਦ, ਉਹ ਲਾਇਸ਼+ ਵਿਚ ਉਨ੍ਹਾਂ ਲੋਕਾਂ ਕੋਲ ਗਏ ਜੋ ਅਮਨ-ਚੈਨ ਨਾਲ ਅਤੇ ਬੇਫ਼ਿਕਰ ਹੋ ਕੇ ਰਹਿ ਰਹੇ ਸਨ।+ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ। 28  ਸ਼ਹਿਰ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਇਹ ਸੀਦੋਨ ਤੋਂ ਦੂਰ ਸੀ ਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਇਹ ਬੈਤ-ਰਹੋਬ ਦੀ ਘਾਟੀ ਵਿਚ ਸੀ।+ ਫਿਰ ਉਨ੍ਹਾਂ ਨੇ ਸ਼ਹਿਰ ਨੂੰ ਦੁਬਾਰਾ ਉਸਾਰਿਆ ਤੇ ਇਸ ਵਿਚ ਰਹਿਣ ਲੱਗ ਪਏ। 29  ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਪੂਰਵਜ ਦਾਨ ਦੇ ਨਾਂ ’ਤੇ, ਜੋ ਇਜ਼ਰਾਈਲ ਦਾ ਪੁੱਤਰ ਸੀ,+ ਉਸ ਸ਼ਹਿਰ ਦਾ ਨਾਂ ਦਾਨ+ ਰੱਖਿਆ। ਪਰ ਉਸ ਸ਼ਹਿਰ ਦਾ ਪਹਿਲਾ ਨਾਂ ਲਾਇਸ਼ ਸੀ।+ 30  ਉਸ ਤੋਂ ਬਾਅਦ ਦਾਨ ਦੇ ਲੋਕਾਂ ਨੇ ਆਪਣੇ ਲਈ ਉਹ ਘੜੀ ਹੋਈ ਮੂਰਤ ਖੜ੍ਹੀ ਕੀਤੀ।+ ਮੂਸਾ ਦੇ ਪੁੱਤਰ ਗੇਰਸ਼ੋਮ+ ਦਾ ਪੁੱਤਰ ਯੋਨਾਥਾਨ+ ਅਤੇ ਉਸ ਦੇ ਪੁੱਤਰ ਉਸ ਦਿਨ ਤਕ ਦਾਨ ਦੇ ਗੋਤ ਦੇ ਲੋਕਾਂ ਦੇ ਪੁਜਾਰੀ ਬਣੇ ਰਹੇ ਜਿਸ ਦਿਨ ਦੇਸ਼ ਦੇ ਵਾਸੀ ਗ਼ੁਲਾਮੀ ਵਿਚ ਗਏ। 31  ਉਨ੍ਹਾਂ ਨੇ ਉਹ ਘੜੀ ਹੋਈ ਮੂਰਤ ਸਥਾਪਿਤ ਕੀਤੀ ਜੋ ਮੀਕਾਹ ਨੇ ਬਣਾਈ ਸੀ ਅਤੇ ਉਹ ਉਨ੍ਹਾਂ ਸਾਰੇ ਦਿਨਾਂ ਦੌਰਾਨ ਉੱਥੇ ਰਹੀ ਜਦੋਂ ਤਕ ਸੱਚੇ ਪਰਮੇਸ਼ੁਰ ਦਾ ਘਰ* ਸ਼ੀਲੋਹ ਵਿਚ ਰਿਹਾ।+

ਫੁਟਨੋਟ

ਜਾਂ, “ਦਾ ਲਹਿਜਾ।”
ਮਤਲਬ “ਦਾਨ ਦਾ ਡੇਰਾ।”
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਜਾਂ, “ਢਾਲ਼ਿਆ ਹੋਇਆ ਬੁੱਤ।”
ਜਾਂ, “ਢਾਲ਼ਿਆ ਹੋਇਆ ਬੁੱਤ।”
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਜਾਂ, “ਢਾਲ਼ਿਆ ਹੋਇਆ ਬੁੱਤ।”
ਇਬ, “ਆਪਣੇ ਮੂੰਹ ’ਤੇ ਹੱਥ ਰੱਖ।”
ਇਬ, “ਪਿਤਾ।”
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਜਾਂ, “ਕੁੜੱਤਣ ਨਾਲ ਭਰੇ ਆਦਮੀ।”
ਜਾਂ, “ਡੇਰਾ।”