ਨਿਆਈਆਂ 20:1-48

20  ਤਦ ਦਾਨ+ ਤੋਂ ਲੈ ਕੇ ਬਏਰ-ਸ਼ਬਾ ਦੇ ਅਤੇ ਗਿਲਆਦ ਦੇ ਇਲਾਕੇ+ ਦੇ ਸਾਰੇ ਇਜ਼ਰਾਈਲੀ ਆਏ ਅਤੇ ਸਾਰੀ ਮੰਡਲੀ ਇਕ ਹੋ ਕੇ* ਮਿਸਪਾਹ ਵਿਚ ਯਹੋਵਾਹ ਅੱਗੇ ਇਕੱਠੀ ਹੋਈ।+  ਇਜ਼ਰਾਈਲ ਦੇ ਲੋਕਾਂ ਦੇ ਅਤੇ ਸਾਰੇ ਗੋਤਾਂ ਦੇ ਮੁਖੀਆਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਮੰਡਲੀ ਵਿਚ ਆਪੋ-ਆਪਣੀ ਜਗ੍ਹਾ ਲਈ। ਤਲਵਾਰ ਨਾਲ ਲੈਸ ਪੈਦਲ ਚੱਲਣ ਵਾਲੇ 4,00,000 ਫ਼ੌਜੀ ਸਨ।+  ਬਿਨਯਾਮੀਨੀਆਂ ਨੇ ਸੁਣਿਆ ਕਿ ਇਜ਼ਰਾਈਲ ਦੇ ਆਦਮੀ ਮਿਸਪਾਹ ਨੂੰ ਗਏ ਹਨ। ਫਿਰ ਇਜ਼ਰਾਈਲ ਦੇ ਆਦਮੀਆਂ ਨੇ ਪੁੱਛਿਆ: “ਸਾਨੂੰ ਦੱਸ, ਇਹ ਭੈੜਾ ਕੰਮ ਹੋਇਆ ਕਿੱਦਾਂ?”+  ਉਸ ਲੇਵੀ ਆਦਮੀ+ ਯਾਨੀ ਕਤਲ ਕੀਤੀ ਗਈ ਔਰਤ ਦੇ ਪਤੀ ਨੇ ਜਵਾਬ ਦਿੱਤਾ: “ਮੈਂ ਰਾਤ ਗੁਜ਼ਾਰਨ ਲਈ ਆਪਣੀ ਰਖੇਲ ਨਾਲ ਬਿਨਯਾਮੀਨ ਦੇ ਗਿਬਆਹ+ ਸ਼ਹਿਰ ਆਇਆ ਸੀ।  ਰਾਤ ਨੂੰ ਗਿਬਆਹ ਦੇ ਵਾਸੀ* ਮੇਰੇ ਖ਼ਿਲਾਫ਼ ਆ ਖੜ੍ਹੇ ਹੋਏ ਤੇ ਘਰ ਨੂੰ ਘੇਰਾ ਪਾ ਲਿਆ। ਉਹ ਮੈਨੂੰ ਮਾਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਤੇ ਉਹ ਮਰ ਗਈ।+  ਇਸ ਲਈ ਮੈਂ ਆਪਣੀ ਰਖੇਲ ਦੀ ਲਾਸ਼ ਲਈ ਤੇ ਉਸ ਦੇ ਟੋਟੇ-ਟੋਟੇ ਕਰ ਕੇ ਇਜ਼ਰਾਈਲ ਦੀ ਵਿਰਾਸਤ ਦੇ ਹਰ ਹਿੱਸੇ ਵਿਚ ਘੱਲ ਦਿੱਤੇ+ ਕਿਉਂਕਿ ਉਨ੍ਹਾਂ ਨੇ ਇਜ਼ਰਾਈਲ ਵਿਚ ਇਹ ਸ਼ਰਮਨਾਕ ਤੇ ਘਿਣਾਉਣਾ ਕੰਮ ਕੀਤਾ ਸੀ।  ਹੇ ਇਜ਼ਰਾਈਲ ਦੇ ਸਾਰੇ ਲੋਕੋ, ਤੁਸੀਂ ਹੁਣੇ ਸਲਾਹ ਕਰ ਕੇ+ ਆਪਣੀ ਰਾਇ ਦਿਓ।”  ਫਿਰ ਸਾਰੇ ਲੋਕ ਇਕ ਮਨ ਹੋ ਕੇ* ਉੱਠੇ ਤੇ ਉਨ੍ਹਾਂ ਨੇ ਕਿਹਾ: “ਸਾਡੇ ਵਿੱਚੋਂ ਕੋਈ ਵੀ ਆਪਣੇ ਤੰਬੂ ਨੂੰ ਨਹੀਂ ਜਾਵੇਗਾ ਤੇ ਨਾ ਹੀ ਆਪਣੇ ਘਰ ਮੁੜੇਗਾ।  ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ: “ਅਸੀਂ ਗੁਣਾ ਪਾ ਕੇ ਉਸ ਉੱਤੇ ਚੜ੍ਹਾਈ ਕਰਾਂਗੇ।+ 10  ਅਸੀਂ ਇਜ਼ਰਾਈਲ ਦੇ ਸਾਰੇ ਗੋਤਾਂ ਦੇ 100 ਆਦਮੀਆਂ ਵਿੱਚੋਂ 10 ਆਦਮੀ, 1,000 ਵਿੱਚੋਂ 100 ਅਤੇ 10,000 ਵਿੱਚੋਂ 1,000 ਆਦਮੀ ਠਹਿਰਾਵਾਂਗੇ ਜੋ ਫ਼ੌਜ ਲਈ ਖਾਣ-ਪੀਣ ਦਾ ਪ੍ਰਬੰਧ ਕਰਨਗੇ। ਬਾਕੀ ਫ਼ੌਜ ਬਿਨਯਾਮੀਨ ਦੇ ਗਿਬਆਹ ਸ਼ਹਿਰ ਖ਼ਿਲਾਫ਼ ਕਦਮ ਚੁੱਕੇਗੀ ਕਿਉਂਕਿ ਉਨ੍ਹਾਂ ਨੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤਾ ਹੈ।” 11  ਇਸ ਤਰ੍ਹਾਂ, ਇਜ਼ਰਾਈਲ ਦੇ ਸਾਰੇ ਆਦਮੀ ਇਕ ਹੋ ਕੇ* ਸ਼ਹਿਰ ਖ਼ਿਲਾਫ਼ ਇਕੱਠੇ ਹੋਏ। 12  ਫਿਰ ਇਜ਼ਰਾਈਲ ਦੇ ਗੋਤਾਂ ਨੇ ਬਿਨਯਾਮੀਨ ਦੇ ਗੋਤ ਦੇ ਸਾਰੇ ਆਦਮੀਆਂ ਕੋਲ ਇਹ ਸੁਨੇਹਾ ਦੇ ਕੇ ਆਦਮੀ ਭੇਜੇ: “ਤੁਹਾਡੇ ਵਿਚ ਇਹ ਕਿੱਦਾਂ ਦਾ ਭੈੜਾ ਕੰਮ ਹੋਇਆ ਹੈ? 13  ਹੁਣ ਗਿਬਆਹ ਦੇ ਉਨ੍ਹਾਂ ਘਟੀਆ ਆਦਮੀਆਂ ਨੂੰ ਸਾਡੇ ਹਵਾਲੇ ਕਰੋ+ ਤਾਂਕਿ ਅਸੀਂ ਉਨ੍ਹਾਂ ਨੂੰ ਜਾਨੋਂ ਮਾਰੀਏ ਤੇ ਇਜ਼ਰਾਈਲ ਵਿੱਚੋਂ ਬੁਰਾਈ ਨੂੰ ਖ਼ਤਮ ਕਰੀਏ।”+ ਪਰ ਬਿਨਯਾਮੀਨੀਆਂ ਨੇ ਆਪਣੇ ਇਜ਼ਰਾਈਲੀ ਭਰਾਵਾਂ ਦੀ ਗੱਲ ਨਹੀਂ ਮੰਨੀ। 14  ਫਿਰ ਇਜ਼ਰਾਈਲ ਦੇ ਆਦਮੀਆਂ ਨਾਲ ਯੁੱਧ ਕਰਨ ਲਈ ਬਿਨਯਾਮੀਨ ਦੇ ਲੋਕ ਸ਼ਹਿਰਾਂ ਵਿੱਚੋਂ ਨਿਕਲ ਕੇ ਗਿਬਆਹ ਵਿਚ ਇਕੱਠੇ ਹੋਏ। 15  ਗਿਬਆਹ ਦੇ ਚੁਣੇ ਹੋਏ 700 ਆਦਮੀਆਂ ਤੋਂ ਛੁੱਟ, ਉਸ ਦਿਨ ਬਿਨਯਾਮੀਨੀਆਂ ਨੇ ਆਪਣੇ ਸ਼ਹਿਰਾਂ ਤੋਂ ਤਲਵਾਰ ਨਾਲ ਲੈਸ 26,000 ਆਦਮੀਆਂ ਨੂੰ ਇਕੱਠਾ ਕੀਤਾ। 16  ਇਸ ਫ਼ੌਜ ਵਿਚ 700 ਚੁਣੇ ਹੋਏ ਆਦਮੀ ਖੱਬੂ ਸਨ। ਇਨ੍ਹਾਂ ਆਦਮੀਆਂ ਵਿੱਚੋਂ ਹਰੇਕ ਜਣਾ ਜੇ ਗੋਪੀਏ ਦੇ ਪੱਥਰ ਨਾਲ ਨਿਸ਼ਾਨਾ ਲਾਉਂਦਾ, ਤਾਂ ਉਸ ਦਾ ਨਿਸ਼ਾਨਾ ਇਕ ਵਾਲ਼ ਬਰਾਬਰ ਫ਼ਾਸਲੇ ਜਿੰਨਾ ਵੀ ਨਹੀਂ ਖੁੰਝਦਾ ਸੀ। 17  ਬਿਨਯਾਮੀਨ ਤੋਂ ਛੁੱਟ, ਇਜ਼ਰਾਈਲ ਦੇ ਆਦਮੀਆਂ ਨੇ ਤਲਵਾਰ ਨਾਲ ਲੈਸ 4,00,000 ਆਦਮੀ ਇਕੱਠੇ ਕੀਤੇ+ ਤੇ ਹਰ ਆਦਮੀ ਇਕ ਤਜਰਬੇਕਾਰ ਯੋਧਾ ਸੀ। 18  ਉਹ ਉੱਠੇ ਤੇ ਪਰਮੇਸ਼ੁਰ ਦੀ ਸਲਾਹ ਲੈਣ ਲਈ ਉਤਾਂਹ ਬੈਤੇਲ ਗਏ।+ ਫਿਰ ਇਜ਼ਰਾਈਲ ਦੇ ਲੋਕਾਂ ਨੇ ਪੁੱਛਿਆ: “ਸਾਡੇ ਵਿੱਚੋਂ ਕੌਣ ਬਿਨਯਾਮੀਨੀਆਂ ਨਾਲ ਲੜਨ ਲਈ ਪਹਿਲਾਂ ਜਾਵੇ?” ਯਹੋਵਾਹ ਨੇ ਜਵਾਬ ਦਿੱਤਾ: “ਯਹੂਦਾਹ ਪਹਿਲਾਂ ਜਾਵੇ।” 19  ਇਸ ਤੋਂ ਬਾਅਦ ਇਜ਼ਰਾਈਲੀ ਸਵੇਰੇ ਉੱਠੇ ਅਤੇ ਉਨ੍ਹਾਂ ਨੇ ਗਿਬਆਹ ਖ਼ਿਲਾਫ਼ ਡੇਰਾ ਲਾਇਆ। 20  ਫਿਰ ਇਜ਼ਰਾਈਲ ਦੇ ਆਦਮੀ ਬਿਨਯਾਮੀਨ ਖ਼ਿਲਾਫ਼ ਲੜਨ ਗਏ; ਉਨ੍ਹਾਂ ਨੇ ਗਿਬਆਹ ਨੇੜੇ ਉਨ੍ਹਾਂ ਖ਼ਿਲਾਫ਼ ਮੋਰਚਾ ਬੰਨ੍ਹਿਆ। 21  ਬਿਨਯਾਮੀਨ ਦੇ ਲੋਕ ਗਿਬਆਹ ਤੋਂ ਨਿਕਲੇ ਤੇ ਉਸ ਦਿਨ ਉਨ੍ਹਾਂ ਨੇ ਇਜ਼ਰਾਈਲ ਦੇ 22,000 ਆਦਮੀਆਂ ਨੂੰ ਮਾਰ ਮੁਕਾਇਆ। 22  ਪਰ ਇਜ਼ਰਾਈਲ ਦੇ ਆਦਮੀਆਂ ਨੇ ਦਲੇਰੀ ਦਿਖਾਈ ਅਤੇ ਦੁਬਾਰਾ ਉਸੇ ਜਗ੍ਹਾ ਮੋਰਚਾ ਬੰਨ੍ਹਿਆ ਜਿੱਥੇ ਪਹਿਲੇ ਦਿਨ ਬੰਨ੍ਹਿਆ ਸੀ। 23  ਫਿਰ ਇਜ਼ਰਾਈਲੀ ਉਤਾਂਹ ਗਏ ਅਤੇ ਸ਼ਾਮ ਤਕ ਯਹੋਵਾਹ ਅੱਗੇ ਰੋਂਦੇ ਰਹੇ ਤੇ ਯਹੋਵਾਹ ਤੋਂ ਸਲਾਹ ਮੰਗੀ: “ਕੀ ਅਸੀਂ ਦੁਬਾਰਾ ਆਪਣੇ ਭਰਾਵਾਂ ਯਾਨੀ ਬਿਨਯਾਮੀਨ ਦੇ ਲੋਕਾਂ ਖ਼ਿਲਾਫ਼ ਯੁੱਧ ਲੜਨ ਜਾਈਏ?”+ ਯਹੋਵਾਹ ਨੇ ਕਿਹਾ: “ਹਾਂ, ਉਨ੍ਹਾਂ ਖ਼ਿਲਾਫ਼ ਜਾਓ।” 24  ਇਸ ਲਈ ਇਜ਼ਰਾਈਲੀ ਦੂਜੇ ਦਿਨ ਬਿਨਯਾਮੀਨੀਆਂ ਦੇ ਨੇੜੇ ਆਏ। 25  ਬਿਨਯਾਮੀਨ ਦੇ ਲੋਕ ਵੀ ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਦੂਜੇ ਦਿਨ ਗਿਬਆਹ ਵਿੱਚੋਂ ਬਾਹਰ ਆਏ ਤੇ ਉਨ੍ਹਾਂ ਨੇ ਹੋਰ 18,000 ਇਜ਼ਰਾਈਲੀਆਂ ਨੂੰ ਮਾਰ ਸੁੱਟਿਆ+ ਜੋ ਸਾਰੇ ਦੇ ਸਾਰੇ ਤਲਵਾਰਾਂ ਨਾਲ ਲੈਸ ਸਨ। 26  ਫਿਰ ਇਜ਼ਰਾਈਲ ਦੇ ਸਾਰੇ ਆਦਮੀ ਉਤਾਂਹ ਬੈਤੇਲ ਨੂੰ ਗਏ। ਉਹ ਰੋਏ ਅਤੇ ਉੱਥੇ ਯਹੋਵਾਹ ਸਾਮ੍ਹਣੇ ਬੈਠ ਗਏ+ ਤੇ ਉਨ੍ਹਾਂ ਨੇ ਉਸ ਦਿਨ ਸ਼ਾਮ ਤਕ ਵਰਤ ਰੱਖਿਆ+ ਅਤੇ ਯਹੋਵਾਹ ਅੱਗੇ ਹੋਮ-ਬਲ਼ੀਆਂ+ ਤੇ ਸ਼ਾਂਤੀ-ਭੇਟਾਂ ਚੜ੍ਹਾਈਆਂ।+ 27  ਇਸ ਤੋਂ ਬਾਅਦ ਇਜ਼ਰਾਈਲ ਦੇ ਆਦਮੀਆਂ ਨੇ ਯਹੋਵਾਹ ਤੋਂ ਸਲਾਹ ਮੰਗੀ+ ਕਿਉਂਕਿ ਉਨ੍ਹਾਂ ਦਿਨਾਂ ਵਿਚ ਸੱਚੇ ਪਰਮੇਸ਼ੁਰ ਦੇ ਇਕਰਾਰ ਦਾ ਸੰਦੂਕ ਉੱਥੇ ਸੀ। 28  ਹਾਰੂਨ ਦਾ ਪੋਤਾ ਤੇ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਉਨ੍ਹਾਂ ਦਿਨਾਂ ਵਿਚ ਸੰਦੂਕ ਅੱਗੇ ਸੇਵਾ ਕਰਦਾ* ਸੀ। ਉਨ੍ਹਾਂ ਨੇ ਪੁੱਛਿਆ: “ਕੀ ਅਸੀਂ ਇਕ ਵਾਰ ਫਿਰ ਆਪਣੇ ਭਰਾਵਾਂ ਯਾਨੀ ਬਿਨਯਾਮੀਨ ਦੇ ਆਦਮੀਆਂ ਨਾਲ ਯੁੱਧ ਕਰਨ ਜਾਈਏ ਜਾਂ ਨਾ?”+ ਯਹੋਵਾਹ ਨੇ ਜਵਾਬ ਦਿੱਤਾ: “ਜਾਹ, ਕਿਉਂਕਿ ਕੱਲ੍ਹ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।” 29  ਫਿਰ ਇਜ਼ਰਾਈਲੀਆਂ ਨੇ ਗਿਬਆਹ ਦੇ ਚਾਰੇ ਪਾਸੇ ਆਦਮੀਆਂ ਤੋਂ ਘਾਤ ਲਗਵਾਈ।+ 30  ਤੀਜੇ ਦਿਨ ਇਜ਼ਰਾਈਲੀ ਬਿਨਯਾਮੀਨ ਦੇ ਲੋਕਾਂ ਖ਼ਿਲਾਫ਼ ਗਏ ਅਤੇ ਉਨ੍ਹਾਂ ਨੇ ਪਹਿਲਾਂ ਵਾਂਗ ਗਿਬਆਹ ਖ਼ਿਲਾਫ਼ ਮੋਰਚਾ ਬੰਨ੍ਹਿਆ।+ 31  ਜਦੋਂ ਫ਼ੌਜ ਦਾ ਸਾਮ੍ਹਣਾ ਕਰਨ ਲਈ ਬਿਨਯਾਮੀਨ ਦੇ ਲੋਕ ਬਾਹਰ ਆਏ, ਤਾਂ ਉਹ ਫ਼ੌਜ ਦਾ ਪਿੱਛਾ ਕਰਦੇ-ਕਰਦੇ ਸ਼ਹਿਰ ਤੋਂ ਕਾਫ਼ੀ ਦੂਰ ਚਲੇ ਗਏ।+ ਫਿਰ ਉਹ ਪਹਿਲਾਂ ਵਾਂਗ ਹਮਲਾ ਕਰਨ ਲੱਗੇ ਅਤੇ ਰਾਜਮਾਰਗਾਂ ਉੱਤੇ ਕੁਝ ਆਦਮੀਆਂ ਨੂੰ ਮਾਰਨ ਲੱਗੇ ਜਿਨ੍ਹਾਂ ਵਿੱਚੋਂ ਇਕ ਰਾਜਮਾਰਗ ਬੈਤੇਲ ਨੂੰ ਜਾਂਦਾ ਸੀ ਤੇ ਦੂਜਾ ਗਿਬਆਹ ਨੂੰ। ਇਸ ਖੁੱਲ੍ਹੇ ਮੈਦਾਨ ਵਿਚ ਉਨ੍ਹਾਂ ਨੇ ਇਜ਼ਰਾਈਲ ਦੇ 30 ਆਦਮੀਆਂ ਨੂੰ ਮਾਰ ਸੁੱਟਿਆ।+ 32  ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਕਿਹਾ: “ਉਹ ਪਹਿਲਾਂ ਵਾਂਗ ਸਾਡੇ ਤੋਂ ਹਾਰ ਰਹੇ ਹਨ।”+ ਪਰ ਇਜ਼ਰਾਈਲ ਨੇ ਕਿਹਾ ਸੀ: “ਅਸੀਂ ਉਨ੍ਹਾਂ ਨੂੰ ਪਿੱਠ ਦਿਖਾ ਕੇ ਭੱਜ ਜਾਵਾਂਗੇ ਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਰਾਜਮਾਰਗਾਂ ’ਤੇ ਲੈ ਜਾਵਾਂਗੇ।” 33  ਇਸ ਲਈ ਇਜ਼ਰਾਈਲ ਦੇ ਸਾਰੇ ਆਦਮੀ ਆਪੋ-ਆਪਣੀ ਜਗ੍ਹਾ ਤੋਂ ਉੱਠੇ ਅਤੇ ਉਨ੍ਹਾਂ ਨੇ ਬਆਲ-ਤਾਮਾਰ ਵਿਚ ਮੋਰਚਾ ਬੰਨ੍ਹਿਆ, ਜਦ ਕਿ ਗਿਬਆਹ ਦੇ ਨੇੜੇ ਘਾਤ ਲਾ ਕੇ ਬੈਠੇ ਇਜ਼ਰਾਈਲੀ ਫਟਾਫਟ ਆਪੋ-ਆਪਣੀ ਜਗ੍ਹਾ ਤੋਂ ਬਾਹਰ ਨਿਕਲ ਆਏ। 34  ਸਾਰੇ ਇਜ਼ਰਾਈਲ ਵਿੱਚੋਂ ਚੁਣੇ ਹੋਏ 10,000 ਆਦਮੀ ਗਿਬਆਹ ਦੇ ਸਾਮ੍ਹਣੇ ਆ ਗਏ ਤੇ ਘਮਸਾਣ ਯੁੱਧ ਹੋਇਆ। ਪਰ ਬਿਨਯਾਮੀਨ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ’ਤੇ ਬਿਪਤਾ ਆਉਣ ਵਾਲੀ ਸੀ। 35  ਯਹੋਵਾਹ ਨੇ ਬਿਨਯਾਮੀਨ ਨੂੰ ਇਜ਼ਰਾਈਲ ਅੱਗੇ ਹਰਾ ਦਿੱਤਾ+ ਅਤੇ ਉਸ ਦਿਨ ਇਜ਼ਰਾਈਲੀਆਂ ਨੇ ਬਿਨਯਾਮੀਨ ਦੇ 25,100 ਆਦਮੀ ਮਾਰ ਸੁੱਟੇ। ਉਹ ਸਾਰੇ ਦੇ ਸਾਰੇ ਤਲਵਾਰਾਂ ਨਾਲ ਲੈਸ ਸਨ।+ 36  ਜਦੋਂ ਇਜ਼ਰਾਈਲ ਦੇ ਆਦਮੀ ਬਿਨਯਾਮੀਨ ਨੂੰ ਪਿੱਠ ਦਿਖਾ ਕੇ ਭੱਜ ਰਹੇ ਸਨ, ਤਾਂ ਬਿਨਯਾਮੀਨ ਦੇ ਲੋਕਾਂ ਨੇ ਸੋਚਿਆ ਕਿ ਇਜ਼ਰਾਈਲ ਦੇ ਆਦਮੀ ਹਾਰ ਜਾਣਗੇ।+ ਪਰ ਉਹ ਇਸ ਲਈ ਭੱਜੇ ਸਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਗਿਬਆਹ ਉੱਤੇ ਹਮਲਾ ਕਰਨ ਲਈ ਆਦਮੀ ਘਾਤ ਲਾ ਕੇ ਬੈਠੇ ਸਨ।+ 37  ਘਾਤ ਲਾ ਕੇ ਬੈਠੇ ਆਦਮੀ ਫਟਾਫਟ ਉੱਠੇ ਤੇ ਗਿਬਆਹ ਵੱਲ ਵਧੇ। ਫਿਰ ਉਹ ਸ਼ਹਿਰ ਵਿਚ ਹਰ ਪਾਸੇ ਖਿੰਡ-ਪੁੰਡ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਸੁੱਟਿਆ। 38  ਇਜ਼ਰਾਈਲ ਦੇ ਆਦਮੀਆਂ ਨੇ ਸ਼ਹਿਰ ਖ਼ਿਲਾਫ਼ ਘਾਤ ਲਾ ਕੇ ਬੈਠਣ ਵਾਲਿਆਂ ਨੂੰ ਕਿਹਾ ਸੀ ਕਿ ਉਹ ਨਿਸ਼ਾਨੀ ਦੇ ਤੌਰ ਤੇ ਸ਼ਹਿਰ ਵਿੱਚੋਂ ਧੂੰਏਂ ਦਾ ਬੱਦਲ ਉਡਾਉਣ। 39  ਜਦੋਂ ਇਜ਼ਰਾਈਲੀ ਯੁੱਧ ਵਿੱਚੋਂ ਪਿੱਛੇ ਹਟ ਗਏ ਸਨ, ਤਾਂ ਬਿਨਯਾਮੀਨ ਦੇ ਆਦਮੀ ਉਨ੍ਹਾਂ ’ਤੇ ਹਮਲਾ ਕਰਨ ਲੱਗ ਪਏ ਤੇ ਉਨ੍ਹਾਂ ਨੇ ਇਜ਼ਰਾਈਲ ਦੇ 30 ਆਦਮੀਆਂ ਨੂੰ ਮਾਰ ਸੁੱਟਿਆ।+ ਉਹ ਕਹਿਣ ਲੱਗੇ: “ਉਹ ਸਾਡੇ ਤੋਂ ਇਕ ਵਾਰ ਫਿਰ ਹਾਰ ਰਹੇ ਹਨ, ਜਿਵੇਂ ਉਹ ਪਿਛਲੇ ਯੁੱਧ ਵਿਚ ਹਾਰੇ ਸਨ।”+ 40  ਪਰ ਫਿਰ ਸ਼ਹਿਰ ਵਿੱਚੋਂ ਧੂੰਏਂ ਦਾ ਇਕ ਥੰਮ੍ਹ ਉੱਠਣ ਲੱਗਾ ਜੋ ਕਿ ਇਕ ਨਿਸ਼ਾਨੀ ਸੀ। ਜਦੋਂ ਬਿਨਯਾਮੀਨ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਸਾਰੇ ਸ਼ਹਿਰ ਵਿੱਚੋਂ ਅੱਗ ਦੀਆਂ ਲਪਟਾਂ ਆਕਾਸ਼ ਤਕ ਉੱਪਰ ਉੱਠ ਰਹੀਆਂ ਸਨ। 41  ਫਿਰ ਇਜ਼ਰਾਈਲ ਦੇ ਆਦਮੀਆਂ ਨੇ ਅਚਾਨਕ ਪਿੱਛੇ ਮੁੜ ਕੇ ਹਮਲਾ ਕਰ ਦਿੱਤਾ ਤੇ ਬਿਨਯਾਮੀਨ ਦੇ ਆਦਮੀ ਘਬਰਾ ਗਏ ਕਿਉਂਕਿ ਉਨ੍ਹਾਂ ਦੇਖਿਆ ਕਿ ਉਨ੍ਹਾਂ ਉੱਤੇ ਬਿਪਤਾ ਆ ਪਈ ਸੀ। 42  ਇਸ ਲਈ ਉਹ ਇਜ਼ਰਾਈਲ ਦੇ ਆਦਮੀਆਂ ਨੂੰ ਪਿੱਠ ਦਿਖਾ ਕੇ ਉਜਾੜ ਵੱਲ ਨੂੰ ਭੱਜੇ, ਪਰ ਉਨ੍ਹਾਂ ਨਾਲ ਲੜਾਈ ਹੁੰਦੀ ਰਹੀ; ਉਨ੍ਹਾਂ ਨੂੰ ਮਾਰਨ ਲਈ ਸ਼ਹਿਰਾਂ ਵਿੱਚੋਂ ਇਜ਼ਰਾਈਲੀ ਆਦਮੀ ਵੀ ਆ ਰਲ਼ੇ। 43  ਉਨ੍ਹਾਂ ਨੇ ਚਾਰੇ ਪਾਸਿਓਂ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਬਿਨਾਂ ਰੁਕੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਨੇ ਪੂਰਬ ਵੱਲ ਗਿਬਆਹ ਦੇ ਐਨ ਸਾਮ੍ਹਣੇ ਉਨ੍ਹਾਂ ਨੂੰ ਮਿੱਧ ਸੁੱਟਿਆ। 44  ਅਖ਼ੀਰ ਬਿਨਯਾਮੀਨ ਦੇ 18,000 ਆਦਮੀ ਮਾਰੇ ਗਏ ਜੋ ਸਾਰੇ ਦੇ ਸਾਰੇ ਤਾਕਤਵਰ ਯੋਧੇ ਸਨ।+ 45  ਬਿਨਯਾਮੀਨ ਦੇ ਆਦਮੀ ਮੁੜੇ ਅਤੇ ਉਜਾੜ ਵਿਚ ਰਿੰਮੋਨ ਦੀ ਚਟਾਨ ਵੱਲ ਨੂੰ ਭੱਜ ਗਏ+ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਵਿੱਚੋਂ 5,000 ਜਣਿਆਂ ਨੂੰ ਰਾਜਮਾਰਗਾਂ ਉੱਤੇ ਮਾਰ ਸੁੱਟਿਆ। ਉਹ ਗਿਦੋਮ ਤਕ ਉਨ੍ਹਾਂ ਦਾ ਪਿੱਛਾ ਕਰਦੇ ਰਹੇ; ਉਨ੍ਹਾਂ ਨੇ ਹੋਰ 2,000 ਆਦਮੀਆਂ ਨੂੰ ਮਾਰ ਮੁਕਾਇਆ। 46  ਉਸ ਦਿਨ ਬਿਨਯਾਮੀਨ ਦੇ ਆਦਮੀਆਂ ਵਿੱਚੋਂ ਮਾਰੇ ਗਏ ਤਲਵਾਰਾਂ ਨਾਲ ਲੈਸ ਆਦਮੀਆਂ ਦੀ ਕੁੱਲ ਗਿਣਤੀ 25,000 ਸੀ।+ ਉਹ ਸਾਰੇ ਤਾਕਤਵਰ ਯੋਧੇ ਸਨ। 47  ਪਰ 600 ਆਦਮੀ ਉਜਾੜ ਵਿਚ ਰਿੰਮੋਨ ਦੀ ਚਟਾਨ ਵੱਲ ਨੂੰ ਭੱਜ ਗਏ ਅਤੇ ਉਹ ਚਾਰ ਮਹੀਨਿਆਂ ਤਕ ਰਿੰਮੋਨ ਦੀ ਚਟਾਨ ਉੱਤੇ ਹੀ ਰਹੇ। 48  ਫਿਰ ਇਜ਼ਰਾਈਲ ਦੇ ਆਦਮੀਆਂ ਨੇ ਵਾਪਸ ਆ ਕੇ ਬਿਨਯਾਮੀਨ ਦੇ ਹਰ ਸ਼ਹਿਰ ਉੱਤੇ ਹਮਲਾ ਕੀਤਾ ਤੇ ਉਨ੍ਹਾਂ ਸ਼ਹਿਰਾਂ ਵਿਚ ਜਿੰਨੇ ਵੀ ਲੋਕ ਤੇ ਜਾਨਵਰ ਰਹਿ ਗਏ ਸਨ, ਉਨ੍ਹਾਂ ਸਾਰਿਆਂ ਨੂੰ ਤਲਵਾਰ ਨਾਲ ਮਾਰ ਸੁੱਟਿਆ। ਨਾਲੇ ਉਨ੍ਹਾਂ ਨੇ ਰਾਹ ਵਿਚ ਆਉਂਦੇ ਸਾਰੇ ਸ਼ਹਿਰਾਂ ਨੂੰ ਅੱਗ ਲਾ ਦਿੱਤੀ।

ਫੁਟਨੋਟ

ਇਬ, “ਇਕ ਮਨੁੱਖ ਵਾਂਗ।”
ਜਾਂ ਸੰਭਵ ਹੈ, “ਜ਼ਮੀਂਦਾਰ।”
ਇਬ, “ਇਕ ਮਨੁੱਖ ਵਾਂਗ।”
ਇਬ, “ਇਕ ਮਨੁੱਖ ਵਾਂਗ।”
ਇਬ, “ਖੜ੍ਹਦਾ।”