ਨਿਆਈਆਂ 21:1-25

  • ਬਿਨਯਾਮੀਨ ਗੋਤ ਬਚ ਗਿਆ (1-25)

21  ਇਜ਼ਰਾਈਲ ਦੇ ਆਦਮੀਆਂ ਨੇ ਮਿਸਪਾਹ ਵਿਚ ਇਹ ਸਹੁੰ ਖਾਧੀ ਸੀ:+ “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਬਿਨਯਾਮੀਨ ਦੇ ਕਿਸੇ ਆਦਮੀ ਨਾਲ ਵਿਆਹੁਣ ਲਈ ਨਹੀਂ ਦੇਵੇਗਾ।”+  ਇਸ ਲਈ ਲੋਕ ਬੈਤੇਲ ਆਏ+ ਤੇ ਉੱਥੇ ਸ਼ਾਮ ਤਕ ਸੱਚੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਤੇ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਂਦੇ ਰਹੇ।  ਉਹ ਕਹਿ ਰਹੇ ਸਨ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਇਜ਼ਰਾਈਲ ਵਿਚ ਇਸ ਤਰ੍ਹਾਂ ਕਿਉਂ ਹੋਇਆ? ਇਜ਼ਰਾਈਲ ਵਿਚ ਅੱਜ ਇਕ ਗੋਤ ਕਿਉਂ ਘਟ ਗਿਆ?”  ਅਤੇ ਅਗਲੇ ਦਿਨ ਲੋਕ ਤੜਕੇ ਉੱਠੇ ਅਤੇ ਉਨ੍ਹਾਂ ਨੇ ਹੋਮ-ਬਲ਼ੀਆਂ ਤੇ ਸ਼ਾਂਤੀ-ਭੇਟਾਂ ਚੜ੍ਹਾਉਣ ਲਈ ਉੱਥੇ ਇਕ ਵੇਦੀ ਬਣਾਈ।+  ਫਿਰ ਇਜ਼ਰਾਈਲ ਦੇ ਲੋਕਾਂ ਨੇ ਕਿਹਾ: “ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਯਹੋਵਾਹ ਅੱਗੇ ਸਭਾ ਵਿਚ ਨਹੀਂ ਆਇਆ?” ਕਿਉਂਕਿ ਉਨ੍ਹਾਂ ਨੇ ਇਕ ਗੰਭੀਰ ਸਹੁੰ ਖਾਧੀ ਸੀ ਕਿ ਜਿਹੜਾ ਵੀ ਮਿਸਪਾਹ ਵਿਚ ਯਹੋਵਾਹ ਅੱਗੇ ਹਾਜ਼ਰ ਨਹੀਂ ਹੋਵੇਗਾ, ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ।  ਇਜ਼ਰਾਈਲੀਆਂ ਦੇ ਭਰਾ ਬਿਨਯਾਮੀਨ ਨਾਲ ਜੋ ਹੋਇਆ, ਉਸ ਕਰਕੇ ਉਨ੍ਹਾਂ ਨੂੰ ਦੁੱਖ ਹੋਇਆ। ਉਨ੍ਹਾਂ ਨੇ ਕਿਹਾ: “ਅੱਜ ਇਜ਼ਰਾਈਲ ਵਿੱਚੋਂ ਇਕ ਗੋਤ ਕੱਟਿਆ ਗਿਆ।  ਹੁਣ ਜਿਹੜੇ ਬਾਕੀ ਰਹਿ ਗਏ ਹਨ, ਅਸੀਂ ਉਨ੍ਹਾਂ ਲਈ ਪਤਨੀਆਂ ਕਿੱਥੋਂ ਲਿਆਈਏ ਕਿਉਂਕਿ ਅਸੀਂ ਤਾਂ ਯਹੋਵਾਹ ਦੀ ਸਹੁੰ ਖਾਧੀ ਹੈ+ ਕਿ ਅਸੀਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਨਹੀਂ ਕਰਾਂਗੇ?”+  ਉਨ੍ਹਾਂ ਨੇ ਪੁੱਛਿਆ: “ਇਜ਼ਰਾਈਲ ਦੇ ਗੋਤਾਂ ਵਿੱਚੋਂ ਕਿਹੜਾ ਮਿਸਪਾਹ ਵਿਚ ਯਹੋਵਾਹ ਅੱਗੇ ਹਾਜ਼ਰ ਨਹੀਂ ਹੋਇਆ?”+ ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼-ਗਿਲਆਦ ਵਿੱਚੋਂ ਕੋਈ ਵੀ ਉੱਥੇ ਨਹੀਂ ਆਇਆ ਜਿੱਥੇ ਮੰਡਲੀ ਇਕੱਠੀ ਹੋਈ ਸੀ  ਕਿਉਂਕਿ ਜਦੋਂ ਲੋਕਾਂ ਦੀ ਗਿਣਤੀ ਕੀਤੀ ਗਈ ਸੀ, ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼-ਗਿਲਆਦ ਦਾ ਕੋਈ ਵੀ ਵਾਸੀ ਉੱਥੇ ਨਹੀਂ ਸੀ। 10  ਇਸ ਲਈ ਮੰਡਲੀ ਨੇ ਉੱਥੇ 12,000 ਤਾਕਤਵਰ ਆਦਮੀ ਘੱਲੇ। ਉਨ੍ਹਾਂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਜਾਓ ਅਤੇ ਯਾਬੇਸ਼-ਗਿਲਆਦ ਦੇ ਵਾਸੀਆਂ ਨੂੰ ਤਲਵਾਰ ਨਾਲ ਵੱਢ ਸੁੱਟੋ, ਔਰਤਾਂ ਅਤੇ ਬੱਚਿਆਂ ਨੂੰ ਵੀ।+ 11  ਤੁਸੀਂ ਇੱਦਾਂ ਕਰਿਓ: ਹਰੇਕ ਆਦਮੀ ਨੂੰ ਜਾਨੋਂ ਮਾਰ ਦਿਓ ਅਤੇ ਉਸ ਹਰੇਕ ਔਰਤ ਨੂੰ ਵੀ ਮਾਰ ਸੁੱਟਿਓ ਜਿਸ ਨੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਬਣਾਏ ਹੋਣ।” 12  ਯਾਬੇਸ਼-ਗਿਲਆਦ ਦੇ ਵਾਸੀਆਂ ਵਿਚ ਉਨ੍ਹਾਂ ਨੂੰ 400 ਕੁਆਰੀਆਂ ਕੁੜੀਆਂ ਲੱਭੀਆਂ ਜਿਨ੍ਹਾਂ ਨੇ ਕਦੇ ਵੀ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ। ਇਸ ਲਈ ਉਹ ਉਨ੍ਹਾਂ ਨੂੰ ਸ਼ੀਲੋਹ ਵਿਚ ਛਾਉਣੀ ਵਿਚ ਲੈ ਆਏ+ ਜੋ ਕਨਾਨ ਦੇਸ਼ ਵਿਚ ਹੈ। 13  ਫਿਰ ਸਾਰੀ ਮੰਡਲੀ ਨੇ ਰਿੰਮੋਨ ਦੀ ਚਟਾਨ ਉੱਤੇ ਬਿਨਯਾਮੀਨੀਆਂ ਨੂੰ ਇਕ ਸੰਦੇਸ਼ ਘੱਲਿਆ+ ਤੇ ਉਨ੍ਹਾਂ ਅੱਗੇ ਸ਼ਾਂਤੀ ਕਾਇਮ ਕਰਨ ਦੀ ਪੇਸ਼ਕਸ਼ ਰੱਖੀ। 14  ਇਸ ਲਈ ਬਿਨਯਾਮੀਨੀ ਉਸ ਵੇਲੇ ਵਾਪਸ ਆ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਉਹ ਔਰਤਾਂ ਦੇ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਯਾਬੇਸ਼-ਗਿਲਆਦ ਦੀਆਂ ਔਰਤਾਂ ਵਿੱਚੋਂ ਜੀਉਂਦਾ ਰਹਿਣ ਦਿੱਤਾ ਸੀ,+ ਪਰ ਉਹ ਸਾਰਿਆਂ ਲਈ ਕਾਫ਼ੀ ਨਹੀਂ ਸਨ। 15  ਬਿਨਯਾਮੀਨ ਨਾਲ ਜੋ ਹੋਇਆ ਸੀ, ਉਸ ਕਰਕੇ ਲੋਕਾਂ ਨੂੰ ਦੁੱਖ ਲੱਗਾ+ ਕਿਉਂਕਿ ਯਹੋਵਾਹ ਨੇ ਇਜ਼ਰਾਈਲ ਦੇ ਗੋਤਾਂ ਨੂੰ ਜੁਦਾ ਕਰ ਦਿੱਤਾ ਸੀ। 16  ਮੰਡਲੀ ਦੇ ਬਜ਼ੁਰਗਾਂ ਨੇ ਕਿਹਾ: “ਅਸੀਂ ਬਾਕੀ ਆਦਮੀਆਂ ਲਈ ਪਤਨੀਆਂ ਕਿੱਥੋਂ ਲੈ ਕੇ ਆਈਏ ਕਿਉਂਕਿ ਬਿਨਯਾਮੀਨ ਦੇ ਗੋਤ ਦੀਆਂ ਸਾਰੀਆਂ ਔਰਤਾਂ ਨੂੰ ਤਾਂ ਮਾਰ ਦਿੱਤਾ ਗਿਆ ਸੀ?” 17  ਉਨ੍ਹਾਂ ਨੇ ਜਵਾਬ ਦਿੱਤਾ: “ਬਿਨਯਾਮੀਨ ਦੇ ਬਚੇ ਹੋਏ ਲੋਕਾਂ ਨੂੰ ਵਿਰਾਸਤ ਵਿਚ ਕੁਝ ਮਿਲਣਾ ਚਾਹੀਦਾ ਹੈ ਤਾਂਕਿ ਇਜ਼ਰਾਈਲ ਵਿੱਚੋਂ ਇਕ ਗੋਤ ਮਿਟ ਨਾ ਜਾਵੇ। 18  ਪਰ ਅਸੀਂ ਆਪਣੀਆਂ ਧੀਆਂ ਉਨ੍ਹਾਂ ਨਾਲ ਵਿਆਹੁਣ ਲਈ ਨਹੀਂ ਦੇ ਸਕਦੇ ਕਿਉਂਕਿ ਇਜ਼ਰਾਈਲ ਦੇ ਲੋਕਾਂ ਨੇ ਸਹੁੰ ਖਾਧੀ ਹੈ: ‘ਸਰਾਪੀ ਹੈ ਉਹ ਜਿਹੜਾ ਕਿਸੇ ਬਿਨਯਾਮੀਨੀ ਨੂੰ ਪਤਨੀ ਦੇਵੇ।’”+ 19  ਫਿਰ ਉਨ੍ਹਾਂ ਨੇ ਕਿਹਾ: “ਦੇਖੋ! ਯਹੋਵਾਹ ਲਈ ਹਰ ਸਾਲ ਸ਼ੀਲੋਹ ਵਿਚ ਤਿਉਹਾਰ ਮਨਾਇਆ ਜਾਂਦਾ ਹੈ+ ਜੋ ਬੈਤੇਲ ਦੇ ਉੱਤਰ ਵੱਲ ਅਤੇ ਬੈਤੇਲ ਤੋਂ ਸ਼ਕਮ ਜਾਣ ਵਾਲੇ ਰਾਜਮਾਰਗ ਦੇ ਪੂਰਬ ਵੱਲ ਤੇ ਲਬੋਨਾਹ ਦੇ ਦੱਖਣ ਵੱਲ ਹੈ।” 20  ਫਿਰ ਉਨ੍ਹਾਂ ਨੇ ਬਿਨਯਾਮੀਨ ਦੇ ਆਦਮੀਆਂ ਨੂੰ ਹੁਕਮ ਦਿੱਤਾ: “ਜਾਓ ਤੇ ਅੰਗੂਰਾਂ ਦੇ ਬਾਗ਼ਾਂ ਵਿਚ ਘਾਤ ਲਾ ਕੇ ਬੈਠੋ। 21  ਅਤੇ ਜਦੋਂ ਤੁਸੀਂ ਦੇਖੋ ਕਿ ਸ਼ੀਲੋਹ ਦੀਆਂ ਕੁੜੀਆਂ* ਘੇਰਾ ਬਣਾ ਕੇ ਨੱਚਣ ਲਈ ਬਾਹਰ ਆ ਗਈਆਂ ਹਨ, ਤਾਂ ਤੁਹਾਡੇ ਵਿੱਚੋਂ ਹਰੇਕ ਜਣਾ ਅੰਗੂਰਾਂ ਦੇ ਬਾਗ਼ਾਂ ਵਿੱਚੋਂ ਨਿਕਲ ਆਵੇ ਅਤੇ ਸ਼ੀਲੋਹ ਦੀਆਂ ਕੁੜੀਆਂ ਵਿੱਚੋਂ ਆਪਣੇ ਲਈ ਇਕ-ਇਕ ਪਤਨੀ ਫੜ ਲਵੇ ਤੇ ਫਿਰ ਤੁਸੀਂ ਬਿਨਯਾਮੀਨ ਦੇ ਇਲਾਕੇ ਨੂੰ ਮੁੜ ਜਾਇਓ। 22  ਜੇ ਉਨ੍ਹਾਂ ਦੇ ਪਿਤਾ ਜਾਂ ਉਨ੍ਹਾਂ ਦੇ ਭਰਾ ਸਾਡੇ ਖ਼ਿਲਾਫ਼ ਸ਼ਿਕਾਇਤ ਕਰਨ ਆਉਣ, ਤਾਂ ਅਸੀਂ ਉਨ੍ਹਾਂ ਨੂੰ ਕਹਾਂਗੇ: ‘ਉਨ੍ਹਾਂ ਦੀ ਖ਼ਾਤਰ ਸਾਡੇ ’ਤੇ ਕਿਰਪਾ ਕਰੋ ਕਿਉਂਕਿ ਅਸੀਂ ਯੁੱਧ ਕਰ ਕੇ ਹਰ ਕਿਸੇ ਨੂੰ ਪਤਨੀ ਨਹੀਂ ਦਿਵਾ ਸਕੇ+ ਅਤੇ ਨਾ ਹੀ ਤੁਸੀਂ ਦੋਸ਼ੀ ਠਹਿਰੇ ਬਗੈਰ ਉਨ੍ਹਾਂ ਨੂੰ ਪਤਨੀਆਂ ਦੇ ਸਕਦੇ ਸੀ।’”+ 23  ਬਿਨਯਾਮੀਨ ਦੇ ਆਦਮੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਨ੍ਹਾਂ ਨੂੰ ਕਿਹਾ ਗਿਆ ਸੀ। ਹਰ ਕਿਸੇ ਨੇ ਨੱਚ ਰਹੀਆਂ ਔਰਤਾਂ ਵਿੱਚੋਂ ਆਪਣੇ ਲਈ ਇਕ-ਇਕ ਪਤਨੀ ਚੁੱਕ ਲਈ। ਉਸ ਤੋਂ ਬਾਅਦ ਉਹ ਆਪਣੀ ਵਿਰਾਸਤ ਵਿਚ ਚਲੇ ਗਏ ਤੇ ਆਪਣੇ ਸ਼ਹਿਰਾਂ ਨੂੰ ਉਸਾਰਿਆ+ ਤੇ ਉਨ੍ਹਾਂ ਵਿਚ ਵੱਸਣ ਲੱਗੇ। 24  ਉਸ ਸਮੇਂ ਇਜ਼ਰਾਈਲੀ ਉੱਥੋਂ ਖਿੰਡ-ਪੁੰਡ ਗਏ ਤੇ ਹਰੇਕ ਜਣਾ ਆਪੋ-ਆਪਣੇ ਗੋਤ ਅਤੇ ਘਰਾਣੇ ਕੋਲ ਚਲਾ ਗਿਆ। ਉੱਥੋਂ ਉਹ ਆਪੋ-ਆਪਣੀ ਵਿਰਾਸਤ ਨੂੰ ਚਲੇ ਗਏ। 25  ਉਨ੍ਹਾਂ ਦਿਨਾਂ ਵਿਚ ਇਜ਼ਰਾਈਲ ਵਿਚ ਕੋਈ ਰਾਜਾ ਨਹੀਂ ਸੀ।+ ਹਰ ਕੋਈ ਉਹੀ ਕਰ ਰਿਹਾ ਸੀ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਸੀ।*

ਫੁਟਨੋਟ

ਇਬ, “ਧੀਆਂ।”
ਜਾਂ, “ਜੋ ਉਹ ਸੋਚਦਾ ਸੀ ਕਿ ਸਹੀ ਹੈ।”