ਨਿਆਈਆਂ 6:1-40

  • ਮਿਦਿਆਨ ਨੇ ਇਜ਼ਰਾਈਲ ’ਤੇ ਅਤਿਆਚਾਰ ਕੀਤਾ (1-10)

  • ਇਕ ਦੂਤ ਨੇ ਨਿਆਂਕਾਰ ਗਿਦਾਊਨ ਨੂੰ ਮਦਦ ਦਾ ਭਰੋਸਾ ਦਿੱਤਾ (11-24)

  • ਗਿਦਾਊਨ ਨੇ ਬਆਲ ਦੀ ਵੇਦੀ ਢਾਹ ਸੁੱਟੀ (25-32)

  • ਪਰਮੇਸ਼ੁਰ ਦੀ ਸ਼ਕਤੀ ਗਿਦਾਊਨ ’ਤੇ ਆਈ (33-35)

  • ਉੱਨ ਨਾਲ ਪਰਖ (36-40)

6  ਪਰ ਇਜ਼ਰਾਈਲੀ ਫਿਰ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ,+ ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੱਤਾਂ ਸਾਲਾਂ ਲਈ ਮਿਦਿਆਨ ਦੇ ਹੱਥ ਵਿਚ ਦੇ ਦਿੱਤਾ।+  ਮਿਦਿਆਨ ਦਾ ਹੱਥ ਇਜ਼ਰਾਈਲ ’ਤੇ ਭਾਰੀ ਪੈ ਗਿਆ।+ ਮਿਦਿਆਨ ਕਰਕੇ ਇਜ਼ਰਾਈਲੀਆਂ ਨੇ ਪਹਾੜਾਂ ਵਿਚ, ਗੁਫਾਵਾਂ ਵਿਚ ਅਤੇ ਉਨ੍ਹਾਂ ਥਾਵਾਂ ’ਤੇ ਆਪਣੇ ਲੁਕਣ ਲਈ ਥਾਵਾਂ ਬਣਾਈਆਂ* ਜਿੱਥੇ ਪਹੁੰਚਣਾ ਔਖਾ ਸੀ।+  ਜਦੋਂ ਵੀ ਇਜ਼ਰਾਈਲੀ ਬੀ ਬੀਜਦੇ ਸਨ, ਤਾਂ ਮਿਦਿਆਨ ਅਤੇ ਅਮਾਲੇਕ+ ਤੇ ਪੂਰਬੀ ਲੋਕ+ ਉਨ੍ਹਾਂ ’ਤੇ ਹਮਲਾ ਕਰ ਦਿੰਦੇ ਸਨ।  ਉਹ ਉਨ੍ਹਾਂ ਖ਼ਿਲਾਫ਼ ਡੇਰਾ ਲਾ ਲੈਂਦੇ ਸਨ ਤੇ ਗਾਜ਼ਾ ਤਕ ਦੇਸ਼ ਦੀ ਪੈਦਾਵਾਰ ਤਬਾਹ ਕਰ ਦਿੰਦੇ ਸਨ ਅਤੇ ਇਜ਼ਰਾਈਲ ਦੇ ਖਾਣ ਲਈ ਕੁਝ ਵੀ ਨਹੀਂ ਛੱਡਦੇ ਸਨ ਤੇ ਨਾ ਹੀ ਕੋਈ ਭੇਡ, ਬਲਦ ਜਾਂ ਗਧਾ ਛੱਡਦੇ ਸਨ।+  ਉਹ ਆਪਣੇ ਪਸ਼ੂਆਂ ਤੇ ਤੰਬੂਆਂ ਸਣੇ ਅਣਗਿਣਤ ਟਿੱਡੀਆਂ ਵਾਂਗ ਆ ਜਾਂਦੇ ਸਨ।+ ਉਨ੍ਹਾਂ ਦੀ ਤੇ ਉਨ੍ਹਾਂ ਦੇ ਊਠਾਂ ਦੀ ਤਾਂ ਗਿਣਤੀ ਹੀ ਨਹੀਂ ਹੁੰਦੀ ਸੀ+ ਤੇ ਉਹ ਦੇਸ਼ ਵਿਚ ਆ ਕੇ ਇਸ ਨੂੰ ਤਬਾਹ ਕਰ ਦਿੰਦੇ ਸਨ।  ਮਿਦਿਆਨ ਕਰਕੇ ਇਜ਼ਰਾਈਲ ਬਹੁਤ ਗ਼ਰੀਬ ਹੋ ਗਿਆ; ਅਤੇ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਅੱਗੇ ਦੁਹਾਈ ਦਿੱਤੀ।+  ਮਿਦਿਆਨ ਕਾਰਨ ਜਦੋਂ ਇਜ਼ਰਾਈਲੀਆਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ,+  ਤਾਂ ਯਹੋਵਾਹ ਨੇ ਇਜ਼ਰਾਈਲੀਆਂ ਕੋਲ ਇਕ ਨਬੀ ਘੱਲਿਆ ਜਿਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਤੁਹਾਨੂੰ ਮਿਸਰ ਵਿੱਚੋਂ ਲੈ ਆਇਆ ਤੇ ਮੈਂ ਤੁਹਾਨੂੰ ਗ਼ੁਲਾਮੀ ਦੇ ਘਰੋਂ ਕੱਢ ਲਿਆਇਆ।+  ਇਸ ਤਰ੍ਹਾਂ ਮੈਂ ਤੁਹਾਨੂੰ ਮਿਸਰ ਦੇ ਹੱਥੋਂ ਅਤੇ ਉਨ੍ਹਾਂ ਸਾਰਿਆਂ ਦੇ ਹੱਥੋਂ ਬਚਾਇਆ ਜੋ ਤੁਹਾਡੇ ’ਤੇ ਅਤਿਆਚਾਰ ਕਰਦੇ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਭਜਾ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਤੁਹਾਨੂੰ ਦੇ ਦਿੱਤਾ।+ 10  ਮੈਂ ਤੁਹਾਨੂੰ ਕਿਹਾ ਸੀ: “ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ ਨਾ ਡਰਿਓ ਜਿਨ੍ਹਾਂ ਦੇ ਦੇਸ਼ ਵਿਚ ਤੁਸੀਂ ਰਹਿ ਰਹੇ ਹੋ।”+ ਪਰ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ।’”*+ 11  ਬਾਅਦ ਵਿਚ ਯਹੋਵਾਹ ਦਾ ਇਕ ਦੂਤ ਆਇਆ+ ਤੇ ਆਫਰਾਹ ਵਿਚ ਇਕ ਵੱਡੇ ਦਰਖ਼ਤ ਥੱਲੇ ਬੈਠ ਗਿਆ ਜੋ ਯੋਆਸ਼ ਅਬੀ-ਅਜ਼ਰੀ+ ਦਾ ਸੀ। ਉਸ ਦਾ ਪੁੱਤਰ ਗਿਦਾਊਨ+ ਚੁਬੱਚੇ ਵਿਚ ਕਣਕ ਕੁੱਟ ਰਿਹਾ ਸੀ ਤਾਂਕਿ ਇਸ ਨੂੰ ਮਿਦਿਆਨ ਤੋਂ ਲੁਕਾਇਆ ਜਾ ਸਕੇ। 12  ਯਹੋਵਾਹ ਦਾ ਦੂਤ ਉਸ ਅੱਗੇ ਪ੍ਰਗਟ ਹੋਇਆ ਤੇ ਕਿਹਾ: “ਹੇ ਤਾਕਤਵਰ ਯੋਧੇ, ਯਹੋਵਾਹ ਤੇਰੇ ਨਾਲ ਹੈ।”+ 13  ਇਹ ਸੁਣ ਕੇ ਗਿਦਾਊਨ ਨੇ ਉਸ ਨੂੰ ਕਿਹਾ: “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੀਂ, ਪਰ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਇਹ ਸਾਰਾ ਕੁਝ ਸਾਡੇ ਨਾਲ ਕਿਉਂ ਹੋਇਆ?+ ਕਿੱਥੇ ਹਨ ਉਸ ਦੇ ਉਹ ਸਾਰੇ ਸ਼ਾਨਦਾਰ ਕੰਮ ਜਿਨ੍ਹਾਂ ਬਾਰੇ ਸਾਡੇ ਪੂਰਵਜਾਂ ਨੇ ਸਾਨੂੰ ਦੱਸਿਆ ਸੀ?+ ਉਨ੍ਹਾਂ ਨੇ ਕਿਹਾ ਸੀ: ‘ਭਲਾ, ਯਹੋਵਾਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਨਹੀਂ ਲਿਆਇਆ ਸੀ?’+ ਹੁਣ ਯਹੋਵਾਹ ਨੇ ਸਾਨੂੰ ਛੱਡ ਦਿੱਤਾ ਹੈ+ ਅਤੇ ਸਾਨੂੰ ਮਿਦਿਆਨ ਦੇ ਹੱਥ ਵਿਚ ਦੇ ਦਿੱਤਾ ਹੈ।” 14  ਯਹੋਵਾਹ ਨੇ ਉਸ ਵੱਲ ਦੇਖ ਕੇ ਕਿਹਾ: “ਤੇਰੇ ਵਿਚ ਜਿੰਨੀ ਕੁ ਤਾਕਤ ਹੈ, ਉਸੇ ਨਾਲ ਜਾਹ ਤੇ ਤੂੰ ਮਿਦਿਆਨ ਦੇ ਹੱਥੋਂ ਇਜ਼ਰਾਈਲ ਨੂੰ ਬਚਾ ਲਵੇਂਗਾ।+ ਭਲਾ, ਤੈਨੂੰ ਘੱਲਣ ਵਾਲਾ ਮੈਂ ਨਹੀਂ?” 15  ਗਿਦਾਊਨ ਨੇ ਉਸ ਨੂੰ ਜਵਾਬ ਦਿੱਤਾ: “ਮੈਨੂੰ ਮਾਫ਼ ਕਰੀਂ ਯਹੋਵਾਹ, ਮੈਂ ਇਜ਼ਰਾਈਲ ਨੂੰ ਕਿਵੇਂ ਬਚਾ ਸਕਦਾ ਹਾਂ? ਦੇਖ! ਮੇਰਾ ਕਬੀਲਾ* ਮਨੱਸ਼ਹ ਵਿਚ ਸਭ ਤੋਂ ਛੋਟਾ ਹੈ ਤੇ ਮੈਂ ਆਪਣੇ ਪਿਤਾ ਦੇ ਘਰਾਣੇ ਵਿਚ ਸਭ ਤੋਂ ਮਾਮੂਲੀ ਇਨਸਾਨ ਹਾਂ।” 16  ਪਰ ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੇਰੇ ਨਾਲ ਹੋਵਾਂਗਾ,+ ਇਸ ਕਰਕੇ ਤੂੰ ਮਿਦਿਆਨ ਨੂੰ ਇਵੇਂ ਮਾਰੇਂਗਾ ਜਿਵੇਂ ਕਿ ਉਹ ਇਕ ਆਦਮੀ ਹੋਵੇ।” 17  ਫਿਰ ਗਿਦਾਊਨ ਨੇ ਉਸ ਨੂੰ ਕਿਹਾ: “ਹੁਣ ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ’ਤੇ ਹੈ, ਤਾਂ ਮੈਨੂੰ ਇਕ ਨਿਸ਼ਾਨੀ ਦਿਖਾ ਕਿ ਤੂੰ ਹੀ ਮੇਰੇ ਨਾਲ ਗੱਲ ਕਰ ਰਿਹਾ ਹੈਂ। 18  ਕਿਰਪਾ ਕਰ ਕੇ ਇੱਥੋਂ ਜਾਈਂ ਨਾ ਜਦ ਤਕ ਮੈਂ ਆਪਣੀ ਭੇਟ ਲੈ ਕੇ ਵਾਪਸ ਨਾ ਆਵਾਂ ਤੇ ਤੇਰੇ ਅੱਗੇ ਨਾ ਰੱਖ ਦਿਆਂ।”+ ਇਸ ਲਈ ਉਸ ਨੇ ਕਿਹਾ: “ਠੀਕ ਹੈ, ਜਦ ਤਕ ਤੂੰ ਵਾਪਸ ਨਹੀਂ ਆਉਂਦਾ, ਮੈਂ ਇੱਥੇ ਹੀ ਰਹਾਂਗਾ।” 19  ਗਿਦਾਊਨ ਅੰਦਰ ਗਿਆ ਅਤੇ ਉਸ ਨੇ ਇਕ ਮੇਮਣਾ ਤਿਆਰ ਕੀਤਾ ਤੇ ਇਕ ਏਫਾ* ਆਟੇ ਦੀਆਂ ਬੇਖਮੀਰੀਆਂ ਰੋਟੀਆਂ ਬਣਾਈਆਂ।+ ਉਸ ਨੇ ਮੀਟ ਟੋਕਰੀ ਵਿਚ ਰੱਖਿਆ ਤੇ ਤਰੀ ਪਤੀਲੇ ਵਿਚ ਪਾ ਲਈ; ਫਿਰ ਉਹ ਇਹ ਸਭ ਬਾਹਰ ਲੈ ਆਇਆ ਤੇ ਵੱਡੇ ਦਰਖ਼ਤ ਥੱਲੇ ਉਸ ਅੱਗੇ ਪਰੋਸਿਆ। 20  ਫਿਰ ਸੱਚੇ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਕਿਹਾ: “ਮੀਟ ਤੇ ਬੇਖਮੀਰੀਆਂ ਰੋਟੀਆਂ ਲੈ ਅਤੇ ਇਨ੍ਹਾਂ ਨੂੰ ਉਸ ਵੱਡੀ ਚਟਾਨ ’ਤੇ ਰੱਖ ਦੇ ਅਤੇ ਉੱਤੋਂ ਦੀ ਤਰੀ ਪਾ ਦੇ।” ਉਸ ਨੇ ਇਸੇ ਤਰ੍ਹਾਂ ਕੀਤਾ। 21  ਇਸ ਤੋਂ ਬਾਅਦ, ਯਹੋਵਾਹ ਦੇ ਦੂਤ ਨੇ ਆਪਣੇ ਹੱਥ ਵਿਚਲੇ ਡੰਡੇ ਦਾ ਸਿਰਾ ਵਧਾਇਆ ਤੇ ਉਸ ਨਾਲ ਮੀਟ ਤੇ ਬੇਖਮੀਰੀਆਂ ਰੋਟੀਆਂ ਨੂੰ ਛੋਹਿਆ ਅਤੇ ਚਟਾਨ ਵਿੱਚੋਂ ਅੱਗ ਬਲ਼ ਉੱਠੀ ਤੇ ਮੀਟ ਅਤੇ ਬੇਖਮੀਰੀਆਂ ਰੋਟੀਆਂ ਨੂੰ ਭਸਮ ਕਰ ਗਈ।+ ਫਿਰ ਯਹੋਵਾਹ ਦਾ ਦੂਤ ਉਸ ਦੇ ਸਾਮ੍ਹਣਿਓਂ ਗਾਇਬ ਹੋ ਗਿਆ। 22  ਇਸ ਸਮੇਂ ਗਿਦਾਊਨ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਯਹੋਵਾਹ ਦਾ ਦੂਤ ਸੀ।+ ਗਿਦਾਊਨ ਨੇ ਉਸੇ ਵੇਲੇ ਕਿਹਾ: “ਹਾਇ, ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹੋ-ਸਾਮ੍ਹਣੇ ਦੇਖ ਲਿਆ ਹੈ!”+ 23  ਪਰ ਯਹੋਵਾਹ ਨੇ ਉਸ ਨੂੰ ਕਿਹਾ: “ਤੈਨੂੰ ਸ਼ਾਂਤੀ ਮਿਲੇ। ਡਰ ਨਾ;+ ਤੂੰ ਮਰੇਂਗਾ ਨਹੀਂ।” 24  ਇਸ ਲਈ ਗਿਦਾਊਨ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਅਤੇ ਇਸ ਨੂੰ ਅੱਜ ਤਕ ਯਹੋਵਾਹ-ਸ਼ਲੋਮ*+ ਕਿਹਾ ਜਾਂਦਾ ਹੈ। ਇਹ ਅਜੇ ਵੀ ਅਬੀ-ਅਜ਼ਰੀਆਂ ਦੇ ਆਫਰਾਹ ਵਿਚ ਹੈ। 25  ਉਸ ਰਾਤ ਯਹੋਵਾਹ ਨੇ ਉਸ ਨੂੰ ਕਿਹਾ: “ਆਪਣੇ ਪਿਤਾ ਦਾ ਬਲਦ ਲੈ, ਹਾਂ, ਦੂਜਾ ਬਲਦ ਜੋ ਸੱਤਾਂ ਸਾਲਾਂ ਦਾ ਹੈ ਅਤੇ ਬਆਲ ਦੀ ਵੇਦੀ ਢਾਹ ਸੁੱਟ ਜੋ ਤੇਰੇ ਪਿਤਾ ਦੀ ਹੈ ਤੇ ਇਸ ਦੇ ਕੋਲ ਖੜ੍ਹੇ ਪੂਜਾ-ਖੰਭੇ* ਨੂੰ ਵੱਢ ਸੁੱਟ।+ 26  ਇਸ ਉੱਚੀ ਜਗ੍ਹਾ ਉੱਪਰ ਪੱਥਰਾਂ ਨੂੰ ਕਤਾਰ ਵਿਚ ਰੱਖ ਕੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਇਕ ਵੇਦੀ ਬਣਾ। ਇਸ ਤੋਂ ਬਾਅਦ ਉਹੀ ਦੂਜਾ ਬਲਦ ਲੈ ਤੇ ਉਸ ਪੂਜਾ-ਖੰਭੇ* ਦੀਆਂ ਲੱਕੜਾਂ ਉੱਤੇ ਇਸ ਦੀ ਹੋਮ-ਬਲ਼ੀ ਚੜ੍ਹਾ ਜੋ ਤੂੰ ਵੱਢ ਸੁੱਟੇਂਗਾ।” 27  ਇਸ ਲਈ ਗਿਦਾਊਨ ਨੇ ਆਪਣੇ ਨੌਕਰਾਂ ਵਿੱਚੋਂ ਦਸ ਆਦਮੀ ਲਏ ਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਿਹਾ ਸੀ। ਪਰ ਉਸ ਨੇ ਇਹ ਕੰਮ ਦਿਨੇ ਨਹੀਂ ਕੀਤਾ ਕਿਉਂਕਿ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਸ਼ਹਿਰ ਦੇ ਆਦਮੀਆਂ ਤੋਂ ਬਹੁਤ ਡਰਦਾ ਸੀ, ਇਸ ਲਈ ਉਸ ਨੇ ਇਹ ਕੰਮ ਰਾਤ ਨੂੰ ਕੀਤਾ। 28  ਜਦੋਂ ਸ਼ਹਿਰ ਦੇ ਆਦਮੀ ਅਗਲੇ ਦਿਨ ਤੜਕੇ ਉੱਠੇ, ਤਾਂ ਉਨ੍ਹਾਂ ਨੇ ਦੇਖਿਆ ਕਿ ਬਆਲ ਦੀ ਵੇਦੀ ਢੱਠੀ ਪਈ ਸੀ ਤੇ ਉਸ ਨਾਲ ਖੜ੍ਹਾ ਪੂਜਾ-ਖੰਭਾ* ਵੱਢਿਆ ਪਿਆ ਸੀ ਅਤੇ ਜਿਸ ਵੇਦੀ ਨੂੰ ਬਣਾਇਆ ਗਿਆ ਸੀ, ਉਸ ਉੱਤੇ ਦੂਜੇ ਬਲਦ ਦੀ ਬਲ਼ੀ ਚੜ੍ਹਾਈ ਹੋਈ ਸੀ। 29  ਉਨ੍ਹਾਂ ਨੇ ਇਕ-ਦੂਜੇ ਨੂੰ ਪੁੱਛਿਆ: “ਇਹ ਕਿਹਨੇ ਕੀਤਾ?” ਪੁੱਛ-ਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ: “ਇਹ ਯੋਆਸ਼ ਦੇ ਪੁੱਤਰ ਗਿਦਾਊਨ ਦਾ ਕੰਮ ਹੈ।”  30  ਇਸ ਲਈ ਸ਼ਹਿਰ ਦੇ ਆਦਮੀਆਂ ਨੇ ਯੋਆਸ਼ ਨੂੰ ਕਿਹਾ: “ਆਪਣੇ ਪੁੱਤਰ ਨੂੰ ਬਾਹਰ ਲਿਆ ਤਾਂਕਿ ਉਹ ਮਾਰਿਆ ਜਾਵੇ ਕਿਉਂਕਿ ਉਸ ਨੇ ਬਆਲ ਦੀ ਵੇਦੀ ਢਾਹ ਸੁੱਟੀ ਹੈ ਤੇ ਇਸ ਕੋਲ ਖੜ੍ਹੇ ਪੂਜਾ-ਖੰਭੇ* ਨੂੰ ਵੱਢ ਸੁੱਟਿਆ ਹੈ।” 31  ਫਿਰ ਯੋਆਸ਼+ ਨੇ ਉਨ੍ਹਾਂ ਸਾਰਿਆਂ ਨੂੰ ਕਿਹਾ ਜੋ ਉਸ ਦੇ ਸਾਮ੍ਹਣੇ ਖੜ੍ਹੇ ਸਨ: “ਤੁਸੀਂ ਬਆਲ ਦੀ ਵਕਾਲਤ ਕਿਉਂ ਕਰ ਰਹੇ ਹੋ? ਕੀ ਤੁਹਾਨੂੰ ਉਸ ਨੂੰ ਬਚਾਉਣ ਦੀ ਲੋੜ ਹੈ? ਜਿਹੜਾ ਵੀ ਉਸ ਦੀ ਵਕਾਲਤ ਕਰੇਗਾ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।+ ਜੇ ਉਹ ਦੇਵਤਾ ਹੈ, ਤਾਂ ਉਹ ਆਪੇ ਆਪਣਾ ਬਚਾਅ ਕਰੇ+ ਕਿਉਂਕਿ ਕਿਸੇ ਨੇ ਉਸ ਦੀ ਵੇਦੀ ਢਾਹ ਸੁੱਟੀ ਹੈ।” 32  ਉਸ ਦਿਨ ਉਸ ਨੇ ਇਹ ਕਹਿ ਕੇ ਗਿਦਾਊਨ ਦਾ ਨਾਂ ਯਰੁਬਾਲ* ਰੱਖਿਆ: “ਬਆਲ ਆਪਣਾ ਬਚਾਅ ਆਪੇ ਕਰੇ ਕਿਉਂਕਿ ਕਿਸੇ ਨੇ ਉਸ ਦੀ ਵੇਦੀ ਢਾਹ ਸੁੱਟੀ ਹੈ।” 33  ਸਾਰਾ ਮਿਦਿਆਨ,+ ਅਮਾਲੇਕ+ ਤੇ ਪੂਰਬੀ ਲੋਕ ਆਪਸ ਵਿਚ ਰਲ਼ ਗਏ;+ ਅਤੇ ਉਹ ਦਰਿਆ ਪਾਰ ਕਰ ਕੇ ਯਿਜ਼ਰਾਏਲ ਘਾਟੀ ਵਿਚ ਆ ਗਏ ਤੇ ਉੱਥੇ ਡੇਰਾ ਲਾਇਆ। 34  ਫਿਰ ਯਹੋਵਾਹ ਦੀ ਸ਼ਕਤੀ ਗਿਦਾਊਨ ਉੱਤੇ ਆਈ*+ ਤੇ ਉਸ ਨੇ ਨਰਸਿੰਗਾ ਵਜਾਇਆ+ ਅਤੇ ਅਬੀ-ਅਜ਼ਰੀ+ ਉਸ ਦੇ ਪਿੱਛੇ-ਪਿੱਛੇ ਤੁਰ ਪਏ। 35  ਉਸ ਨੇ ਮਨੱਸ਼ਹ ਦੇ ਸਾਰੇ ਲੋਕਾਂ ਵਿਚ ਸੰਦੇਸ਼ ਦੇਣ ਵਾਲੇ ਘੱਲੇ ਅਤੇ ਉਹ ਵੀ ਉਸ ਦੇ ਮਗਰ-ਮਗਰ ਤੁਰ ਪਏ। ਨਾਲੇ ਉਸ ਨੇ ਸਾਰੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿਚ ਵੀ ਸੰਦੇਸ਼ ਦੇਣ ਵਾਲੇ ਘੱਲੇ ਤੇ ਉਹ ਉਸ ਨੂੰ ਮਿਲਣ ਆਏ। 36  ਫਿਰ ਗਿਦਾਊਨ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਜੇ ਤੂੰ ਮੇਰੇ ਜ਼ਰੀਏ ਇਜ਼ਰਾਈਲ ਨੂੰ ਬਚਾ ਰਿਹਾ ਹੈਂ ਜਿਵੇਂ ਤੂੰ ਵਾਅਦਾ ਕੀਤਾ ਹੈ,+ 37  ਤਾਂ ਦੇਖ, ਮੈਂ ਇੱਥੇ ਪਿੜ ਵਿਚ ਉੱਨ ਦਾ ਗੁੱਛਾ ਰੱਖ ਰਿਹਾ ਹਾਂ। ਜੇ ਤ੍ਰੇਲ ਸਿਰਫ਼ ਇਸ ਗੁੱਛੇ ’ਤੇ ਪਈ, ਪਰ ਇਸ ਦੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਸੁੱਕੀ ਰਹੀ, ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਜ਼ਰੀਏ ਇਜ਼ਰਾਈਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ।” 38  ਅਤੇ ਇਸੇ ਤਰ੍ਹਾਂ ਹੋਇਆ। ਅਗਲੇ ਦਿਨ ਜਦੋਂ ਉਹ ਤੜਕੇ ਉੱਠਿਆ ਤੇ ਇਸ ਗੁੱਛੇ ਨੂੰ ਨਿਚੋੜਿਆ, ਤਾਂ ਗੁੱਛੇ ਵਿੱਚੋਂ ਤ੍ਰੇਲ ਦਾ ਇੰਨਾ ਪਾਣੀ ਨਿਕਲਿਆ ਕਿ ਇਸ ਨਾਲ ਦਾਅਵਤ ਵਾਲਾ ਇਕ ਵੱਡਾ ਕਟੋਰਾ ਭਰ ਗਿਆ। 39  ਪਰ ਗਿਦਾਊਨ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਤੇਰਾ ਗੁੱਸਾ ਮੇਰੇ ’ਤੇ ਨਾ ਭੜਕੇ, ਪਰ ਮੈਂ ਇਕ ਹੋਰ ਵਾਰ ਪੁੱਛਣਾ ਚਾਹੁੰਦਾ ਹਾਂ। ਕਿਰਪਾ ਕਰ ਕੇ ਮੈਨੂੰ ਇਸ ਉੱਨ ਨਾਲ ਇਕ ਹੋਰ ਪਰੀਖਿਆ ਲੈਣ ਦੇ। ਬੱਸ ਇਹ ਗੁੱਛਾ ਸੁੱਕਾ ਰਹੇ ਤੇ ਇਸ ਦੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਉੱਤੇ ਤ੍ਰੇਲ ਪਵੇ।” 40  ਉਸ ਰਾਤ ਪਰਮੇਸ਼ੁਰ ਨੇ ਇਸੇ ਤਰ੍ਹਾਂ ਕੀਤਾ; ਸਿਰਫ਼ ਗੁੱਛਾ ਸੁੱਕਾ ਰਿਹਾ ਅਤੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ’ਤੇ ਤ੍ਰੇਲ ਪਈ।

ਫੁਟਨੋਟ

ਜਾਂ ਸੰਭਵ ਹੈ, “ਜ਼ਮੀਨ ਥੱਲੇ ਗੋਦਾਮ ਬਣਾਏ।”
ਇਬ, “ਮੇਰੀ ਆਵਾਜ਼ ਨਹੀਂ ਸੁਣੀ।”
ਇਬ, “ਹਜ਼ਾਰ।”
ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਮਤਲਬ “ਯਹੋਵਾਹ ਸ਼ਾਂਤੀ ਹੈ।”
ਮਤਲਬ “ਬਆਲ ਮੁਕੱਦਮਾ ਲੜੇ (ਬਹਿਸ ਕਰੇ)।”
ਇਬ, “ਕੱਜ ਲਿਆ।”