ਨਿਆਈਆਂ 7:1-25

  • ਗਿਦਾਊਨ ਅਤੇ ਉਸ ਦੇ 300 ਆਦਮੀ (1-8)

  • ਗਿਦਾਊਨ ਦੀ ਫ਼ੌਜ ਨੇ ਮਿਦਿਆਨ ਨੂੰ ਹਰਾਇਆ (9-25)

    • “ਯਹੋਵਾਹ ਦੀ ਤਲਵਾਰ ਤੇ ਗਿਦਾਊਨ ਦੀ ਤਲਵਾਰ!” (20)

    • ਮਿਦਿਆਨ ਦੇ ਡੇਰੇ ਵਿਚ ਗੜਬੜੀ (21, 22)

7  ਫਿਰ ਯਰੁਬਾਲ ਯਾਨੀ ਗਿਦਾਊਨ+ ਤੇ ਉਸ ਦੇ ਨਾਲ ਦੇ ਸਾਰੇ ਆਦਮੀ ਤੜਕੇ ਉੱਠੇ ਅਤੇ ਉਨ੍ਹਾਂ ਨੇ ਹਰੋਦ ਦੇ ਚਸ਼ਮੇ ’ਤੇ ਡੇਰਾ ਲਾਇਆ ਜਦ ਕਿ ਮਿਦਿਆਨ ਨੇ ਉਸ ਦੇ ਉੱਤਰ ਵੱਲ ਮੋਰੇਹ ਪਹਾੜੀ ਦੇ ਲਾਗੇ ਘਾਟੀ ਵਿਚ ਡੇਰਾ ਲਾਇਆ ਹੋਇਆ ਸੀ।  ਫਿਰ ਯਹੋਵਾਹ ਨੇ ਗਿਦਾਊਨ ਨੂੰ ਕਿਹਾ: “ਤੇਰੇ ਨਾਲ ਬਹੁਤ ਜ਼ਿਆਦਾ ਆਦਮੀ ਹਨ, ਇਸ ਲਈ ਮੈਂ ਮਿਦਿਆਨ ਨੂੰ ਉਨ੍ਹਾਂ ਦੇ ਹੱਥ ਵਿਚ ਨਹੀਂ ਦੇ ਸਕਦਾ।+ ਨਹੀਂ ਤਾਂ ਇਜ਼ਰਾਈਲ ਸ਼ੇਖ਼ੀਆਂ ਮਾਰ ਕੇ ਮੇਰੇ ਵਿਰੁੱਧ ਕਹੇਗਾ, ‘ਮੈਂ ਆਪਣੇ ਹੱਥੀਂ ਖ਼ੁਦ ਨੂੰ ਬਚਾਇਆ ਹੈ।’+  ਹੁਣ ਆਦਮੀਆਂ ਸਾਮ੍ਹਣੇ ਇਹ ਐਲਾਨ ਕਰ: ‘ਜਿਹੜਾ ਵੀ ਡਰਦਾ ਜਾਂ ਕੰਬਦਾ ਹੈ, ਉਹ ਘਰ ਨੂੰ ਮੁੜ ਜਾਵੇ।’”+ ਇਸ ਕਰਕੇ ਗਿਦਾਊਨ ਨੇ ਉਨ੍ਹਾਂ ਨੂੰ ਪਰਖਿਆ। ਨਤੀਜੇ ਵਜੋਂ, 22,000 ਲੋਕ ਘਰ ਮੁੜ ਗਏ ਤੇ 10,000 ਰਹਿ ਗਏ।  ਯਹੋਵਾਹ ਨੇ ਫਿਰ ਗਿਦਾਊਨ ਨੂੰ ਕਿਹਾ: “ਹਾਲੇ ਵੀ ਆਦਮੀ ਬਹੁਤ ਜ਼ਿਆਦਾ ਹਨ। ਉਨ੍ਹਾਂ ਨੂੰ ਥੱਲੇ ਪਾਣੀ ਕੋਲ ਲੈ ਜਾ ਤਾਂਕਿ ਉੱਥੇ ਮੈਂ ਉਨ੍ਹਾਂ ਨੂੰ ਤੇਰੇ ਲਈ ਪਰਖਾਂ। ਜਦੋਂ ਮੈਂ ਤੈਨੂੰ ਕਹਾਂ, ‘ਆਹ ਬੰਦਾ ਤੇਰੇ ਨਾਲ ਜਾਵੇਗਾ,’ ਤਾਂ ਉਹ ਤੇਰੇ ਨਾਲ ਜਾਵੇਗਾ। ਪਰ ਜੇ ਮੈਂ ਤੈਨੂੰ ਕਹਾਂ, ‘ਆਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ,’ ਤਾਂ ਉਹ ਤੇਰੇ ਨਾਲ ਨਹੀਂ ਜਾਵੇਗਾ।”  ਇਸ ਲਈ ਉਹ ਲੋਕਾਂ ਨੂੰ ਥੱਲੇ ਪਾਣੀ ਕੋਲ ਲੈ ਗਿਆ। ਫਿਰ ਯਹੋਵਾਹ ਨੇ ਗਿਦਾਊਨ ਨੂੰ ਕਿਹਾ: “ਜਿਹੜਾ ਵੀ ਆਪਣੇ ਹੱਥ ਵਿੱਚੋਂ ਜੀਭ ਨਾਲ ਲੱਕ-ਲੱਕ ਕਰ ਕੇ ਪਾਣੀ ਪੀਵੇ ਜਿਵੇਂ ਕੁੱਤਾ ਪੀਂਦਾ ਹੈ, ਉਸ ਨੂੰ ਉਨ੍ਹਾਂ ਆਦਮੀਆਂ ਤੋਂ ਵੱਖਰਾ ਕਰ ਦੇਵੀਂ ਜੋ ਗੋਡਿਆਂ ਭਾਰ ਬੈਠ ਕੇ ਪਾਣੀ ਪੀਣਗੇ।”  ਜਿਨ੍ਹਾਂ ਆਦਮੀਆਂ ਨੇ ਮੂੰਹ ਨੂੰ ਹੱਥ ਲਾ ਕੇ ਲੱਕ-ਲੱਕ ਕਰ ਕੇ ਪਾਣੀ ਪੀਤਾ, ਉਨ੍ਹਾਂ ਦੀ ਗਿਣਤੀ 300 ਸੀ। ਬਾਕੀ ਲੋਕਾਂ ਨੇ ਗੋਡਿਆਂ ਭਾਰ ਬੈਠ ਕੇ ਪਾਣੀ ਪੀਤਾ।  ਯਹੋਵਾਹ ਨੇ ਗਿਦਾਊਨ ਨੂੰ ਕਿਹਾ: “ਮੈਂ ਇਨ੍ਹਾਂ 300 ਆਦਮੀਆਂ ਦੇ ਹੱਥੀਂ ਤੁਹਾਨੂੰ ਬਚਾਵਾਂਗਾ ਜਿਨ੍ਹਾਂ ਨੇ ਹੱਥ ਨਾਲ ਲੱਕ-ਲੱਕ ਕਰ ਕੇ ਪਾਣੀ ਪੀਤਾ ਅਤੇ ਮੈਂ ਮਿਦਿਆਨ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।+ ਪਰ ਬਾਕੀ ਸਾਰੇ ਆਦਮੀਆਂ ਨੂੰ ਘਰ ਭੇਜ ਦੇ।”  ਇਸ ਲਈ ਇਨ੍ਹਾਂ ਆਦਮੀਆਂ ਤੋਂ ਉਨ੍ਹਾਂ ਨੇ ਖਾਣ-ਪੀਣ ਦਾ ਸਾਮਾਨ ਅਤੇ ਨਰਸਿੰਗੇ ਲੈ ਲਏ ਤੇ ਇਸ ਤੋਂ ਬਾਅਦ ਉਸ ਨੇ ਇਜ਼ਰਾਈਲ ਦੇ ਬਾਕੀ ਸਾਰੇ ਆਦਮੀਆਂ ਨੂੰ ਵਾਪਸ ਘਰ ਭੇਜ ਦਿੱਤਾ ਤੇ ਸਿਰਫ਼ 300 ਆਦਮੀਆਂ ਨੂੰ ਹੀ ਰੱਖਿਆ। ਮਿਦਿਆਨ ਦੀ ਛਾਉਣੀ ਉਸ ਦੀ ਛਾਉਣੀ ਦੇ ਹੇਠਾਂ ਘਾਟੀ ਵਿਚ ਸੀ।+  ਉਸ ਰਾਤ ਯਹੋਵਾਹ ਨੇ ਉਸ ਨੂੰ ਕਿਹਾ: “ਉੱਠ, ਛਾਉਣੀ ’ਤੇ ਹਮਲਾ ਕਰ ਕਿਉਂਕਿ ਮੈਂ ਇਸ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ 10  ਪਰ ਜੇ ਤੂੰ ਹਮਲਾ ਕਰਨ ਤੋਂ ਡਰਦਾ ਹੈਂ, ਤਾਂ ਆਪਣੇ ਸੇਵਾਦਾਰ ਫੂਰਾਹ ਨਾਲ ਹੇਠਾਂ ਛਾਉਣੀ ਵੱਲ ਜਾਹ। 11  ਤੂੰ ਸੁਣੀਂ ਕਿ ਉਹ ਕੀ ਗੱਲਾਂ ਕਰਦੇ ਹਨ ਤੇ ਇਸ ਪਿੱਛੋਂ ਤੇਰੇ ਵਿਚ ਛਾਉਣੀ ’ਤੇ ਹਮਲਾ ਕਰਨ ਦੀ ਹਿੰਮਤ ਆ ਜਾਵੇਗੀ।” ਇਹ ਸੁਣ ਕੇ ਉਹ ਤੇ ਉਸ ਦਾ ਸੇਵਾਦਾਰ ਫੂਰਾਹ ਹੇਠਾਂ ਫ਼ੌਜ ਦੀ ਛਾਉਣੀ ਦੀ ਹੱਦ ਤਕ ਚਲੇ ਗਏ। 12  ਘਾਟੀ ਮਿਦਿਆਨ, ਅਮਾਲੇਕ ਅਤੇ ਪੂਰਬੀ ਲੋਕਾਂ+ ਨਾਲ ਇਵੇਂ ਭਰੀ ਪਈ ਸੀ ਜਿਵੇਂ ਕਿ ਟਿੱਡੀਆਂ ਦਾ ਦਲ ਹੋਵੇ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੇ ਅਣਗਿਣਤ ਸਨ।+ 13  ਜਦੋਂ ਗਿਦਾਊਨ ਪਹੁੰਚਿਆ, ਤਾਂ ਇਕ ਆਦਮੀ ਆਪਣੇ ਸਾਥੀ ਨੂੰ ਇਕ ਸੁਪਨਾ ਦੱਸ ਰਿਹਾ ਸੀ। ਉਸ ਨੇ ਕਿਹਾ: “ਮੈਨੂੰ ਇਹ ਸੁਪਨਾ ਆਇਆ ਸੀ ਕਿ ਜੌਆਂ ਦੀ ਇਕ ਗੋਲ ਰੋਟੀ ਰੁੜ੍ਹਦੀ-ਰੁੜ੍ਹਦੀ ਮਿਦਿਆਨ ਦੀ ਛਾਉਣੀ ਵਿਚ ਆਈ। ਇਹ ਇਕ ਤੰਬੂ ਵੱਲ ਆਈ ਤੇ ਇੰਨੀ ਜ਼ੋਰ ਨਾਲ ਇਸ ਵਿਚ ਵੱਜੀ ਕਿ ਤੰਬੂ ਡਿਗ ਗਿਆ।+ ਹਾਂ, ਇਸ ਨੇ ਤੰਬੂ ਨੂੰ ਉਲਟਾ ਦਿੱਤਾ ਤੇ ਤੰਬੂ ਢਹਿ-ਢੇਰੀ ਹੋ ਗਿਆ।” 14  ਇਹ ਸੁਣ ਕੇ ਉਸ ਦੇ ਸਾਥੀ ਨੇ ਕਿਹਾ: “ਇਹ ਇਜ਼ਰਾਈਲੀ ਆਦਮੀ ਗਿਦਾਊਨ ਦੀ ਤਲਵਾਰ ਹੀ ਹੋ ਸਕਦੀ ਹੈ+ ਜੋ ਯੋਆਸ਼ ਦਾ ਪੁੱਤਰ ਹੈ। ਪਰਮੇਸ਼ੁਰ ਨੇ ਮਿਦਿਆਨ ਤੇ ਸਾਰੀ ਛਾਉਣੀ ਨੂੰ ਉਸ ਦੇ ਹੱਥ ਵਿਚ ਦੇ ਦਿੱਤਾ ਹੈ।”+ 15  ਜਿਉਂ ਹੀ ਗਿਦਾਊਨ ਨੇ ਉਸ ਦਾ ਸੁਪਨਾ ਤੇ ਇਸ ਦਾ ਅਰਥ ਸੁਣਿਆ,+ ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਇਜ਼ਰਾਈਲ ਦੀ ਛਾਉਣੀ ਵਿਚ ਮੁੜ ਆਇਆ ਤੇ ਕਿਹਾ: “ਉੱਠੋ, ਕਿਉਂਕਿ ਯਹੋਵਾਹ ਨੇ ਮਿਦਿਆਨ ਦੀ ਛਾਉਣੀ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ।” 16  ਫਿਰ ਉਸ ਨੇ 300 ਆਦਮੀਆਂ ਨੂੰ ਤਿੰਨ ਟੋਲੀਆਂ ਵਿਚ ਵੰਡਿਆ ਤੇ ਉਨ੍ਹਾਂ ਸਾਰਿਆਂ ਨੂੰ ਨਰਸਿੰਗੇ+ ਅਤੇ ਵੱਡੇ-ਵੱਡੇ ਖਾਲੀ ਘੜੇ ਦਿੱਤੇ ਜਿਨ੍ਹਾਂ ਵਿਚ ਮਸ਼ਾਲਾਂ ਸਨ। 17  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਵੱਲ ਦੇਖਿਓ ਤੇ ਬਿਲਕੁਲ ਉਸੇ ਤਰ੍ਹਾਂ ਕਰਿਓ ਜਿਵੇਂ ਮੈਂ ਕਰਾਂਗਾ। ਜਦੋਂ ਮੈਂ ਛਾਉਣੀ ਦੀ ਹੱਦ ’ਤੇ ਜਾਵਾਂਗਾ, ਤਾਂ ਤੁਸੀਂ ਉਵੇਂ ਕਰਿਓ ਜਿਵੇਂ ਮੈਂ ਕਰਾਂਗਾ। 18  ਜਦੋਂ ਮੈਂ ਨਰਸਿੰਗਾ ਵਜਾਵਾਂਗਾ, ਹਾਂ, ਮੈਂ ਤੇ ਮੇਰੇ ਨਾਲ ਦੇ ਸਾਰੇ ਜਣੇ ਨਰਸਿੰਗੇ ਵਜਾਉਣਗੇ, ਤਾਂ ਤੁਸੀਂ ਵੀ ਛਾਉਣੀ ਦੇ ਆਲੇ-ਦੁਆਲੇ ਨਰਸਿੰਗੇ ਵਜਾਇਓ ਤੇ ਉੱਚੀ-ਉੱਚੀ ਕਹੀਓ, ‘ਯਹੋਵਾਹ ਲਈ ਤੇ ਗਿਦਾਊਨ ਲਈ!’” 19  ਰਾਤ ਦਾ ਦੂਜਾ ਪਹਿਰ* ਸ਼ੁਰੂ ਹੁੰਦਿਆਂ ਹੀ, ਜਦੋਂ ਪਹਿਰੇਦਾਰ ਅਜੇ ਬਦਲੇ ਹੀ ਸਨ, ਗਿਦਾਊਨ ਅਤੇ ਉਸ ਦੇ ਨਾਲ ਦੇ 100 ਆਦਮੀ ਛਾਉਣੀ ਦੀ ਹੱਦ ’ਤੇ ਪਹੁੰਚ ਗਏ। ਉਸੇ ਸਮੇਂ ਉਨ੍ਹਾਂ ਨੇ ਨਰਸਿੰਗੇ ਵਜਾਏ+ ਅਤੇ ਪਾਣੀ ਵਾਲੇ ਵੱਡੇ-ਵੱਡੇ ਘੜਿਆਂ ਨੂੰ ਭੰਨ ਸੁੱਟਿਆ ਜੋ ਉਨ੍ਹਾਂ ਦੇ ਹੱਥਾਂ ਵਿਚ ਸਨ।+ 20  ਇਸ ਤਰ੍ਹਾਂ, ਤਿੰਨਾਂ ਟੋਲੀਆਂ ਨੇ ਨਰਸਿੰਗੇ ਵਜਾਏ ਤੇ ਵੱਡੇ-ਵੱਡੇ ਘੜੇ ਭੰਨ ਸੁੱਟੇ। ਉਨ੍ਹਾਂ ਨੇ ਆਪਣੇ ਖੱਬੇ ਹੱਥਾਂ ਵਿਚ ਮਸ਼ਾਲਾਂ ਫੜੀਆਂ ਅਤੇ ਆਪਣੇ ਸੱਜੇ ਹੱਥਾਂ ਵਿਚ ਫੜੇ ਨਰਸਿੰਗੇ ਵਜਾਏ ਤੇ ਜੈਕਾਰਾ ਲਾਇਆ: “ਯਹੋਵਾਹ ਦੀ ਤਲਵਾਰ ਤੇ ਗਿਦਾਊਨ ਦੀ ਤਲਵਾਰ!” 21  ਇਸ ਸਮੇਂ ਦੌਰਾਨ ਹਰ ਆਦਮੀ ਛਾਉਣੀ ਦੇ ਆਲੇ-ਦੁਆਲੇ ਆਪੋ-ਆਪਣੀ ਜਗ੍ਹਾ ਖੜ੍ਹਾ ਰਿਹਾ ਤੇ ਸਾਰੀ ਫ਼ੌਜ ਭੱਜਣ ਲੱਗੀ ਤੇ ਭੱਜਦੀ ਹੋਈ ਚੀਕ-ਚਿਹਾੜਾ ਪਾ ਰਹੀ ਸੀ।+ 22  ਇਸ ਦੌਰਾਨ 300 ਆਦਮੀ ਲਗਾਤਾਰ ਨਰਸਿੰਗੇ ਵਜਾਉਂਦੇ ਰਹੇ ਤੇ ਯਹੋਵਾਹ ਨੇ ਪੂਰੀ ਛਾਉਣੀ ਵਿਚ ਸਾਰਿਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ+ ਤੇ ਉਹ ਇਕ-ਦੂਜੇ ਨੂੰ ਤਲਵਾਰ ਨਾਲ ਮਾਰਨ ਲੱਗੇ; ਅਤੇ ਫ਼ੌਜ ਬੈਤ-ਸ਼ਿਟਾਹ ਤਕ ਅਤੇ ਟਬਾਥ ਕੋਲ ਪੈਂਦੇ ਆਬੇਲ-ਮਹੋਲਾਹ+ ਤਕ ਸਰੇਰਾਹ ਵੱਲ ਨੂੰ ਭੱਜ ਗਈ। 23  ਇਜ਼ਰਾਈਲ ਦੇ ਆਦਮੀਆਂ ਨੂੰ ਨਫ਼ਤਾਲੀ, ਆਸ਼ੇਰ ਅਤੇ ਸਾਰੇ ਮਨੱਸ਼ਹ+ ਤੋਂ ਬੁਲਾਇਆ ਗਿਆ ਤੇ ਉਨ੍ਹਾਂ ਨੇ ਮਿਦਿਆਨ ਦਾ ਪਿੱਛਾ ਕੀਤਾ। 24  ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿਚ ਇਹ ਸੰਦੇਸ਼ ਦੇਣ ਲਈ ਆਦਮੀ ਘੱਲੇ: “ਹੇਠਾਂ ਜਾ ਕੇ ਮਿਦਿਆਨ ’ਤੇ ਹਮਲਾ ਕਰੋ ਅਤੇ ਬੈਤ-ਬਾਰਾਹ ਤਕ ਯਰਦਨ ਦੇ ਘਾਟਾਂ ਅਤੇ ਇਸ ਦੀਆਂ ਉਪ-ਨਦੀਆਂ ’ਤੇ ਕਬਜ਼ਾ ਕਰ ਲਓ।” ਇਸ ਲਈ ਇਫ਼ਰਾਈਮ ਦੇ ਸਾਰੇ ਆਦਮੀ ਇਕੱਠੇ ਹੋਏ ਤੇ ਉਨ੍ਹਾਂ ਨੇ ਬੈਤ-ਬਾਰਾਹ ਤਕ ਯਰਦਨ ਦੇ ਘਾਟਾਂ ਅਤੇ ਇਸ ਦੀਆਂ ਉਪ-ਨਦੀਆਂ ’ਤੇ ਕਬਜ਼ਾ ਕਰ ਲਿਆ।” 25  ਉਨ੍ਹਾਂ ਨੇ ਮਿਦਿਆਨ ਦੇ ਦੋ ਹਾਕਮਾਂ, ਓਰੇਬ ਅਤੇ ਜ਼ਏਬ ਨੂੰ ਵੀ ਫੜ ਲਿਆ; ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚਟਾਨ+ ’ਤੇ ਮਾਰ ਸੁੱਟਿਆ ਅਤੇ ਜ਼ਏਬ ਨੂੰ ਜ਼ਏਬ ਦੇ ਚੁਬੱਚੇ ’ਤੇ ਮਾਰ ਦਿੱਤਾ। ਉਹ ਮਿਦਿਆਨ ਦਾ ਪਿੱਛਾ ਕਰਦੇ ਰਹੇ+ ਅਤੇ ਉਹ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਇਲਾਕੇ ਵਿਚ ਗਿਦਾਊਨ ਕੋਲ ਲੈ ਆਏ।

ਫੁਟਨੋਟ

ਰਾਤ ਦੇ 10 ਕੁ ਵਜੇ ਤੋਂ ਲੈ ਕੇ ਸਵੇਰੇ 2 ਕੁ ਵਜੇ ਤਕ ਦਾ ਸਮਾਂ।