ਨਿਆਈਆਂ 9:1-57

  • ਅਬੀਮਲਕ ਸ਼ਕਮ ਦਾ ਰਾਜਾ ਬਣਿਆ (1-6)

  • ਯੋਥਾਮ ਵੱਲੋਂ ਦਿੱਤੀ ਮਿਸਾਲ (7-21)

  • ਅਬੀਮਲਕ ਦੀ ਤਾਨਾਸ਼ਾਹੀ (22-33)

  • ਅਬੀਮਲਕ ਨੇ ਸ਼ਕਮ ’ਤੇ ਹਮਲਾ ਕੀਤਾ (34-49)

  • ਇਕ ਔਰਤ ਨੇ ਅਬੀਮਲਕ ਨੂੰ ਜ਼ਖ਼ਮੀ ਕੀਤਾ; ਉਹ ਮਰ ਗਿਆ (50-57)

9  ਸਮੇਂ ਦੇ ਬੀਤਣ ਨਾਲ ਯਰੁਬਾਲ ਦਾ ਪੁੱਤਰ ਅਬੀਮਲਕ+ ਸ਼ਕਮ ਵਿਚ ਆਪਣੇ ਮਾਮਿਆਂ ਕੋਲ ਗਿਆ ਤੇ ਉਸ ਨੇ ਉਨ੍ਹਾਂ ਨੂੰ ਅਤੇ ਆਪਣੇ ਨਾਨੇ ਦੇ ਸਾਰੇ ਪਰਿਵਾਰ ਨੂੰ ਕਿਹਾ:  “ਕਿਰਪਾ ਕਰ ਕੇ ਸ਼ਕਮ ਦੇ ਸਾਰੇ ਆਗੂਆਂ* ਨੂੰ ਪੁੱਛੋ: ‘ਤੁਹਾਡੇ ਲਈ ਕੀ ਬਿਹਤਰ ਹੈ, ਕੀ ਯਰੁਬਾਲ ਦੇ ਸਾਰੇ 70 ਪੁੱਤਰ+ ਤੁਹਾਡੇ ’ਤੇ ਰਾਜ ਕਰਨ ਜਾਂ ਇਕ ਆਦਮੀ ਤੁਹਾਡੇ ’ਤੇ ਰਾਜ ਕਰੇ? ਨਾਲੇ ਯਾਦ ਰੱਖੋ ਕਿ ਮੈਂ ਤੁਹਾਡਾ ਆਪਣਾ ਖ਼ੂਨ ਹਾਂ।’”*  ਇਸ ਲਈ ਉਸ ਦੇ ਮਾਮਿਆਂ ਨੇ ਉਸ ਵੱਲੋਂ ਸ਼ਕਮ ਦੇ ਸਾਰੇ ਆਗੂਆਂ ਨੂੰ ਇਹ ਗੱਲ ਦੱਸੀ ਅਤੇ ਉਨ੍ਹਾਂ ਨੇ ਅਬੀਮਲਕ ਪਿੱਛੇ ਜਾਣ ਦਾ ਮਨ ਬਣਾਇਆ ਕਿਉਂਕਿ ਉਨ੍ਹਾਂ ਨੇ ਕਿਹਾ: “ਉਹ ਸਾਡਾ ਆਪਣਾ ਭਰਾ ਹੈ।”  ਫਿਰ ਉਨ੍ਹਾਂ ਨੇ ਬਆਲ-ਬਰੀਥ+ ਦੇ ਮੰਦਰ* ਵਿੱਚੋਂ ਉਸ ਨੂੰ ਚਾਂਦੀ ਦੇ 70 ਟੁਕੜੇ ਦਿੱਤੇ ਅਤੇ ਅਬੀਮਲਕ ਨੇ ਇਨ੍ਹਾਂ ਨਾਲ ਵਿਹਲੇ ਤੇ ਬਦਮਾਸ਼ ਬੰਦੇ ਕਿਰਾਏ ’ਤੇ ਰੱਖ ਲਏ ਤਾਂਕਿ ਉਹ ਉਸ ਨਾਲ ਰਹਿਣ।  ਇਸ ਤੋਂ ਬਾਅਦ, ਉਹ ਆਫਰਾਹ ਵਿਚ ਆਪਣੇ ਪਿਤਾ ਦੇ ਘਰ ਗਿਆ+ ਅਤੇ ਉਸ ਨੇ ਆਪਣੇ ਭਰਾਵਾਂ, ਹਾਂ, ਯਰੁਬਾਲ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਸੁੱਟਿਆ।+ ਯਰੁਬਾਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਹੀ ਬਚਿਆ ਕਿਉਂਕਿ ਉਹ ਲੁਕ ਗਿਆ ਸੀ।  ਫਿਰ ਸ਼ਕਮ ਦੇ ਸਾਰੇ ਆਗੂ ਅਤੇ ਸਾਰਾ ਬੈਤ-ਮਿੱਲੋ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ਕਮ ਵਿਚ ਥੰਮ੍ਹ ਦੇ ਨੇੜੇ ਵੱਡੇ ਦਰਖ਼ਤ ਕੋਲ ਅਬੀਮਲਕ ਨੂੰ ਰਾਜਾ ਬਣਾ ਦਿੱਤਾ।+  ਜਦੋਂ ਇਹ ਖ਼ਬਰ ਉਨ੍ਹਾਂ ਨੇ ਯੋਥਾਮ ਨੂੰ ਦਿੱਤੀ, ਤਾਂ ਉਹ ਉਸੇ ਵੇਲੇ ਗਿਆ ਤੇ ਗਰਿੱਜ਼ੀਮ ਪਹਾੜ ਦੀ ਚੋਟੀ+ ’ਤੇ ਖੜ੍ਹ ਗਿਆ ਅਤੇ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਕਿਹਾ: “ਹੇ ਸ਼ਕਮ ਦੇ ਆਗੂਓ, ਮੇਰੀ ਸੁਣੋ ਤੇ ਫਿਰ ਪਰਮੇਸ਼ੁਰ ਤੁਹਾਡੀ ਸੁਣੇਗਾ।  “ਇਕ ਵਾਰ ਦਰਖ਼ਤ ਆਪਣੇ ਉੱਤੇ ਕਿਸੇ ਨੂੰ ਰਾਜਾ ਬਣਾਉਣ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਤੂੰ ਸਾਡੇ ’ਤੇ ਰਾਜ ਕਰ।’+  ਪਰ ਜ਼ੈਤੂਨ ਦੇ ਦਰਖ਼ਤ ਨੇ ਉਨ੍ਹਾਂ ਨੂੰ ਕਿਹਾ, ‘ਕੀ ਮੈਂ ਤੇਲ* ਪੈਦਾ ਕਰਨਾ ਛੱਡ ਦਿਆਂ ਜਿਸ ਨਾਲ ਉਹ ਪਰਮੇਸ਼ੁਰ ਤੇ ਮਨੁੱਖਾਂ ਦੀ ਵਡਿਆਈ ਕਰਦੇ ਹਨ ਅਤੇ ਜਾ ਕੇ ਦੂਜੇ ਦਰਖ਼ਤਾਂ ’ਤੇ ਝੂਲਦਾ ਫਿਰਾਂ?’ 10  ਫਿਰ ਦਰਖ਼ਤਾਂ ਨੇ ਅੰਜੀਰ ਦੇ ਦਰਖ਼ਤ ਨੂੰ ਕਿਹਾ, ‘ਆ ਕੇ ਸਾਡੇ ਉੱਤੇ ਰਾਜ ਕਰ।’ 11  ਪਰ ਅੰਜੀਰ ਦੇ ਦਰਖ਼ਤ ਨੇ ਉਨ੍ਹਾਂ ਨੂੰ ਕਿਹਾ, ‘ਕੀ ਮੈਂ ਆਪਣੀ ਮਿਠਾਸ ਅਤੇ ਵਧੀਆ-ਵਧੀਆ ਫਲ ਪੈਦਾ ਕਰਨੇ ਛੱਡ ਦਿਆਂ ਅਤੇ ਜਾ ਕੇ ਦੂਜੇ ਦਰਖ਼ਤਾਂ ’ਤੇ ਝੂਲਦਾ ਫਿਰਾਂ?’ 12  ਇਸ ਤੋਂ ਬਾਅਦ, ਦਰਖ਼ਤਾਂ ਨੇ ਅੰਗੂਰੀ ਵੇਲ ਨੂੰ ਕਿਹਾ, ‘ਆ ਕੇ ਸਾਡੇ ’ਤੇ ਰਾਜ ਕਰ।’ 13  ਅੰਗੂਰੀ ਵੇਲ ਨੇ ਉਨ੍ਹਾਂ ਨੂੰ ਜਵਾਬ ਦਿੱਤਾ, ‘ਕੀ ਮੈਂ ਆਪਣਾ ਨਵਾਂ ਦਾਖਰਸ ਪੈਦਾ ਕਰਨਾ ਛੱਡ ਦਿਆਂ ਜਿਸ ਤੋਂ ਪਰਮੇਸ਼ੁਰ ਤੇ ਮਨੁੱਖਾਂ ਨੂੰ ਖ਼ੁਸ਼ੀ ਮਿਲਦੀ ਹੈ ਅਤੇ ਜਾ ਕੇ ਦਰਖ਼ਤਾਂ ’ਤੇ ਝੂਲਦੀ ਫਿਰਾਂ?’ 14  ਅਖ਼ੀਰ ਬਾਕੀ ਸਾਰੇ ਦਰਖ਼ਤਾਂ ਨੇ ਕੰਡਿਆਲ਼ੀ ਝਾੜੀ ਨੂੰ ਕਿਹਾ, ‘ਆ ਕੇ ਸਾਡੇ ’ਤੇ ਰਾਜ ਕਰ।’+ 15  ਇਹ ਸੁਣ ਕੇ ਕੰਡਿਆਲ਼ੀ ਝਾੜੀ ਨੇ ਦਰਖ਼ਤਾਂ ਨੂੰ ਕਿਹਾ, ‘ਜੇ ਤੁਸੀਂ ਸੱਚ-ਮੁੱਚ ਮੈਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਆਓ ਅਤੇ ਮੇਰੀ ਛਾਂ ਹੇਠ ਪਨਾਹ ਲਓ। ਪਰ ਜੇ ਨਹੀਂ, ਤਾਂ ਕੰਡਿਆਲ਼ੀ ਝਾੜੀ ਵਿੱਚੋਂ ਅੱਗ ਨਿਕਲੇ ਤੇ ਲਬਾਨੋਨ ਦੇ ਦਿਆਰਾਂ ਨੂੰ ਭਸਮ ਕਰ ਸੁੱਟੇ।’ 16  “ਹੁਣ ਤੁਸੀਂ ਦੱਸੋ, ਕੀ ਤੁਸੀਂ ਸੱਚੇ ਮਨ ਤੇ ਆਦਰ ਨਾਲ ਅਬੀਮਲਕ ਨੂੰ ਰਾਜਾ ਬਣਾਇਆ ਹੈ?+ ਕੀ ਤੁਸੀਂ ਯਰੁਬਾਲ ਤੇ ਉਸ ਦੇ ਘਰਾਣੇ ਨਾਲ ਭਲਾਈ ਕੀਤੀ ਹੈ? ਨਾਲੇ ਤੁਸੀਂ ਅਬੀਮਲਕ ਲਈ ਜੋ ਕੀਤਾ, ਕੀ ਉਹ ਉਸ ਦੇ ਲਾਇਕ ਹੈ? 17  ਜਦੋਂ ਮੇਰਾ ਪਿਤਾ ਤੁਹਾਡੇ ਲਈ ਲੜਿਆ ਸੀ,+ ਤਾਂ ਉਸ ਨੇ ਆਪਣੀ ਜਾਨ ਤਲੀ ’ਤੇ ਧਰ ਕੇ ਤੁਹਾਨੂੰ ਮਿਦਿਆਨ ਦੇ ਹੱਥੋਂ ਬਚਾਇਆ।+ 18  ਪਰ ਅੱਜ ਤੁਸੀਂ ਮੇਰੇ ਪਿਤਾ ਦੇ ਘਰਾਣੇ ਖ਼ਿਲਾਫ਼ ਉੱਠ ਖੜ੍ਹੇ ਹੋਏ ਅਤੇ ਤੁਸੀਂ ਉਸ ਦੇ ਪੁੱਤਰਾਂ, ਹਾਂ, 70 ਆਦਮੀਆਂ ਨੂੰ ਇੱਕੋ ਪੱਥਰ ਉੱਤੇ ਮਾਰ ਸੁੱਟਿਆ।+ ਫਿਰ ਤੁਸੀਂ ਉਸ ਦੀ ਦਾਸੀ ਦੇ ਪੁੱਤਰ ਅਬੀਮਲਕ+ ਨੂੰ ਸ਼ਕਮ ਦੇ ਆਗੂਆਂ ’ਤੇ ਰਾਜਾ ਬਣਾਇਆ, ਸਿਰਫ਼ ਇਸ ਲਈ ਕਿਉਂਕਿ ਉਹ ਤੁਹਾਡਾ ਭਰਾ ਹੈ। 19  ਹਾਂ, ਜੇ ਤੁਸੀਂ ਅੱਜ ਯਰੁਬਾਲ ਤੇ ਉਸ ਦੇ ਘਰਾਣੇ ਨਾਲ ਸੱਚੇ ਮਨ ਅਤੇ ਆਦਰ ਨਾਲ ਪੇਸ਼ ਆਏ ਹੋ, ਤਾਂ ਤੁਸੀਂ ਅਬੀਮਲਕ ਤੋਂ ਖ਼ੁਸ਼ ਰਹੋ ਅਤੇ ਉਹ ਵੀ ਤੁਹਾਡੇ ਤੋਂ ਖ਼ੁਸ਼ ਰਹੇ। 20  ਪਰ ਜੇ ਨਹੀਂ, ਤਾਂ ਅਬੀਮਲਕ ਤੋਂ ਅੱਗ ਨਿਕਲੇ ਤੇ ਸ਼ਕਮ ਦੇ ਆਗੂਆਂ ਤੇ ਬੈਤ-ਮਿੱਲੋ ਨੂੰ ਭਸਮ ਕਰ ਦੇਵੇ, ਨਾਲੇ ਸ਼ਕਮ ਦੇ ਆਗੂਆਂ ਤੇ ਬੈਤ-ਮਿੱਲੋ+ ਤੋਂ ਅੱਗ ਨਿਕਲੇ ਅਤੇ ਅਬੀਮਲਕ ਨੂੰ ਭਸਮ ਕਰ ਸੁੱਟੇ।”+ 21  ਫਿਰ ਯੋਥਾਮ+ ਭੱਜ ਕੇ ਬਏਰ ਚਲਾ ਗਿਆ ਅਤੇ ਉਹ ਆਪਣੇ ਭਰਾ ਅਬੀਮਲਕ ਕਰਕੇ ਉੱਥੇ ਹੀ ਰਿਹਾ। 22  ਅਬੀਮਲਕ ਨੇ ਤਿੰਨ ਸਾਲ ਇਜ਼ਰਾਈਲ ’ਤੇ ਰਾਜ ਕੀਤਾ।* 23  ਫਿਰ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਆਗੂਆਂ ਵਿਚ ਦੁਸ਼ਮਣੀ ਪੈਦਾ ਹੋਣ ਦਿੱਤੀ* ਅਤੇ ਉਨ੍ਹਾਂ ਨੇ ਅਬੀਮਲਕ ਨਾਲ ਧੋਖਾ ਕੀਤਾ। 24  ਇਹ ਇਸ ਲਈ ਹੋਇਆ ਤਾਂਕਿ ਯਰੁਬਾਲ ਦੇ 70 ਪੁੱਤਰਾਂ ਨਾਲ ਹੋਏ ਜ਼ੁਲਮ ਦਾ ਬਦਲਾ ਲਿਆ ਜਾ ਸਕੇ ਅਤੇ ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਪਵੇ+ ਜਿਸ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ, ਨਾਲੇ ਸ਼ਕਮ ਦੇ ਆਗੂਆਂ ਦੇ ਸਿਰ ਪਵੇ ਜਿਨ੍ਹਾਂ ਨੇ ਅਬੀਮਲਕ ਦੇ ਭਰਾਵਾਂ ਨੂੰ ਮਾਰਨ ਵਿਚ ਉਸ ਦੀ ਮਦਦ ਕੀਤੀ ਸੀ। 25  ਸ਼ਕਮ ਦੇ ਆਗੂਆਂ ਨੇ ਪਹਾੜਾਂ ਦੀਆਂ ਚੋਟੀਆਂ ’ਤੇ ਉਸ ਖ਼ਿਲਾਫ਼ ਆਦਮੀਆਂ ਨੂੰ ਘਾਤ ਲਾ ਕੇ ਬਿਠਾਇਆ ਅਤੇ ਜਿਹੜਾ ਵੀ ਉਸ ਰਾਹ ਥਾਣੀਂ ਲੰਘਦਾ ਸੀ, ਉਸ ਨੂੰ ਉਹ ਲੁੱਟ ਲੈਂਦੇ ਸਨ। ਇਹ ਖ਼ਬਰ ਅਬੀਮਲਕ ਨੂੰ ਦਿੱਤੀ ਗਈ। 26  ਫਿਰ ਅਬਦ ਦਾ ਪੁੱਤਰ ਗਆਲ ਅਤੇ ਉਸ ਦੇ ਭਰਾ ਪਾਰ ਲੰਘ ਕੇ ਸ਼ਕਮ+ ਗਏ ਅਤੇ ਸ਼ਕਮ ਦੇ ਆਗੂਆਂ ਨੇ ਉਸ ’ਤੇ ਭਰੋਸਾ ਕੀਤਾ। 27  ਉਹ ਖੇਤ ਵਿਚ ਗਏ ਅਤੇ ਉਨ੍ਹਾਂ ਨੇ ਆਪਣੇ ਅੰਗੂਰਾਂ ਦੇ ਬਾਗ਼ਾਂ ਵਿੱਚੋਂ ਅੰਗੂਰ ਇਕੱਠੇ ਕਰ ਕੇ ਉਨ੍ਹਾਂ ਨੂੰ ਮਿੱਧਿਆ ਤੇ ਤਿਉਹਾਰ ਮਨਾਇਆ। ਇਸ ਤੋਂ ਬਾਅਦ ਉਹ ਆਪਣੇ ਦੇਵਤੇ ਦੇ ਘਰ ਗਏ+ ਤੇ ਉਨ੍ਹਾਂ ਨੇ ਖਾਧਾ-ਪੀਤਾ ਤੇ ਅਬੀਮਲਕ ਨੂੰ ਸਰਾਪ ਦਿੱਤਾ। 28  ਫਿਰ ਅਬਦ ਦੇ ਪੁੱਤਰ ਗਆਲ ਨੇ ਕਿਹਾ: “ਅਬੀਮਲਕ ਹੈ ਹੀ ਕੌਣ ਅਤੇ ਸ਼ਕਮ ਕੌਣ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ? ਕੀ ਉਹ ਯਰੁਬਾਲ+ ਦਾ ਪੁੱਤਰ ਨਹੀਂ ਅਤੇ ਕੀ ਜ਼ਬੂਲ ਉਸ ਦਾ ਅਧਿਕਾਰੀ ਨਹੀਂ? ਸ਼ਕਮ ਦੇ ਪਿਤਾ ਹਮੋਰ ਦੇ ਆਦਮੀਆਂ ਦੀ ਸੇਵਾ ਕਰੋ! ਪਰ ਅਸੀਂ ਅਬੀਮਲਕ ਦੀ ਸੇਵਾ ਕਿਉਂ ਕਰੀਏ? 29  ਜੇ ਇਹ ਲੋਕ ਮੇਰੇ ਅਧੀਨ ਹੋ ਜਾਣ, ਤਾਂ ਮੈਂ ਅਬੀਮਲਕ ਨੂੰ ਗੱਦੀਓਂ ਲਾਹ ਦਿਆਂਗਾ।” ਫਿਰ ਉਸ ਨੇ ਅਬੀਮਲਕ ਨੂੰ ਕਿਹਾ: “ਆਪਣੇ ਫ਼ੌਜੀਆਂ ਦੀ ਗਿਣਤੀ ਵਧਾ ਲੈ ਤੇ ਬਾਹਰ ਨਿਕਲ ਆ।” 30  ਜਦੋਂ ਸ਼ਹਿਰ ਦੇ ਹਾਕਮ ਜ਼ਬੂਲ ਨੇ ਅਬਦ ਦੇ ਪੁੱਤਰ ਗਆਲ ਦੀਆਂ ਗੱਲਾਂ ਸੁਣੀਆਂ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। 31  ਇਸ ਲਈ ਉਸ ਨੇ ਚੁੱਪ-ਚਾਪ* ਆਦਮੀਆਂ ਕੋਲ ਅਬੀਮਲਕ ਲਈ ਇਹ ਸੰਦੇਸ਼ ਭੇਜਿਆ: “ਦੇਖ! ਅਬਦ ਦਾ ਪੁੱਤਰ ਗਆਲ ਅਤੇ ਉਸ ਦੇ ਭਰਾ ਹੁਣ ਸ਼ਕਮ ਵਿਚ ਹਨ ਅਤੇ ਉਹ ਸ਼ਹਿਰ ਨੂੰ ਤੇਰੇ ਖ਼ਿਲਾਫ਼ ਭੜਕਾ ਰਹੇ ਹਨ। 32  ਹੁਣ ਤੂੰ ਆਪਣੇ ਆਦਮੀਆਂ ਨਾਲ ਰਾਤ ਨੂੰ ਆਈਂ ਤੇ ਸ਼ਹਿਰ ਦੇ ਬਾਹਰ ਘਾਤ ਲਾ ਕੇ ਬੈਠ ਜਾਈਂ। 33  ਸਵੇਰ ਨੂੰ ਸੂਰਜ ਚੜ੍ਹਦਿਆਂ ਹੀ ਤੂੰ ਉੱਠੀਂ ਅਤੇ ਸ਼ਹਿਰ ’ਤੇ ਹਮਲਾ ਕਰ ਦੇਈਂ; ਜਦੋਂ ਉਹ ਅਤੇ ਉਸ ਦੇ ਆਦਮੀ ਤੇਰੇ ਖ਼ਿਲਾਫ਼ ਲੜਨ ਬਾਹਰ ਆਉਣਗੇ, ਤਾਂ ਤੂੰ ਉਸ ਨੂੰ ਹਰਾਉਣ ਲਈ ਜੋ ਵੀ ਕਰ ਸਕਦਾ ਹੈਂ ਕਰੀਂ।”* 34  ਇਸ ਲਈ ਅਬੀਮਲਕ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਰਾਤ ਨੂੰ ਉੱਠੇ ਅਤੇ ਚਾਰ ਟੋਲੀਆਂ ਬਣਾ ਕੇ ਸ਼ਕਮ ਖ਼ਿਲਾਫ਼ ਘਾਤ ਲਾ ਕੇ ਬੈਠ ਗਏ। 35  ਜਦੋਂ ਅਬਦ ਦਾ ਪੁੱਤਰ ਗਆਲ ਬਾਹਰ ਆ ਕੇ ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ ਖੜ੍ਹਾ ਹੋਇਆ, ਤਾਂ ਅਬੀਮਲਕ ਅਤੇ ਉਸ ਦੇ ਨਾਲ ਦੇ ਲੋਕ ਆਪਣੀ ਜਗ੍ਹਾ ਤੋਂ ਉੱਠੇ ਜਿੱਥੇ ਉਹ ਘਾਤ ਲਾ ਕੇ ਬੈਠੇ ਸਨ। 36  ਜਦੋਂ ਗਆਲ ਨੇ ਲੋਕਾਂ ਨੂੰ ਦੇਖਿਆ, ਤਾਂ ਉਸ ਨੇ ਜ਼ਬੂਲ ਨੂੰ ਕਿਹਾ: “ਦੇਖ! ਲੋਕ ਪਹਾੜਾਂ ਦੀਆਂ ਚੋਟੀਆਂ ਤੋਂ ਥੱਲੇ ਆ ਰਹੇ ਹਨ।” ਪਰ ਜ਼ਬੂਲ ਨੇ ਉਸ ਨੂੰ ਕਿਹਾ: “ਤੈਨੂੰ ਪਹਾੜਾਂ ਦੇ ਪਰਛਾਵੇਂ ਨਜ਼ਰ ਆ ਰਹੇ ਹਨ ਜੋ ਆਦਮੀਆਂ ਵਰਗੇ ਲੱਗਦੇ ਹਨ।” 37  ਫਿਰ ਗਆਲ ਨੇ ਕਿਹਾ: “ਦੇਖ! ਲੋਕ ਪਹਾੜੀ ਇਲਾਕੇ ਵਿਚਕਾਰੋਂ ਹੇਠਾਂ ਆ ਰਹੇ ਹਨ ਅਤੇ ਇਕ ਟੋਲੀ ਮਾਓਨਾਨੀਮ ਦੇ ਵੱਡੇ ਦਰਖ਼ਤ ਦੇ ਰਸਤੇ ਥਾਣੀਂ ਆ ਰਹੀ ਹੈ।” 38  ਜ਼ਬੂਲ ਨੇ ਉਸ ਨੂੰ ਜਵਾਬ ਦਿੱਤਾ: “ਹੁਣ ਕਿੱਥੇ ਗਈ ਉਹ ਫੜ੍ਹ ਜੋ ਤੂੰ ਮਾਰੀ ਸੀ, ‘ਅਬੀਮਲਕ ਹੈ ਹੀ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?’+ ਕੀ ਇਹ ਉਹ ਲੋਕ ਨਹੀਂ ਜਿਨ੍ਹਾਂ ਨੂੰ ਤੂੰ ਠੁਕਰਾਇਆ ਸੀ? ਹੁਣ ਬਾਹਰ ਜਾਹ ਤੇ ਉਨ੍ਹਾਂ ਨਾਲ ਲੜ।” 39  ਇਸ ਲਈ ਗਆਲ ਸ਼ਕਮ ਦੇ ਆਗੂਆਂ ਦੇ ਅੱਗੇ-ਅੱਗੇ ਬਾਹਰ ਗਿਆ ਤੇ ਅਬੀਮਲਕ ਨਾਲ ਲੜਿਆ। 40  ਅਬੀਮਲਕ ਨੇ ਉਸ ਦਾ ਪਿੱਛਾ ਕੀਤਾ ਅਤੇ ਗਆਲ ਉਸ ਅੱਗੋਂ ਭੱਜ ਗਿਆ ਤੇ ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਤਕ ਬਹੁਤ ਸਾਰੇ ਲੋਕ ਮਾਰੇ ਗਏ। 41  ਅਬੀਮਲਕ ਅਰੂਮਾਹ ਵਿਚ ਹੀ ਵੱਸਿਆ ਰਿਹਾ ਅਤੇ ਜ਼ਬੂਲ+ ਨੇ ਗਆਲ ਤੇ ਉਸ ਦੇ ਭਰਾਵਾਂ ਨੂੰ ਸ਼ਕਮ ਵਿੱਚੋਂ ਕੱਢ ਦਿੱਤਾ। 42  ਅਗਲੇ ਦਿਨ ਲੋਕ ਸ਼ਹਿਰ ਵਿੱਚੋਂ ਬਾਹਰ ਗਏ ਅਤੇ ਇਹ ਖ਼ਬਰ ਅਬੀਮਲਕ ਨੂੰ ਦਿੱਤੀ ਗਈ। 43  ਇਸ ਲਈ ਉਸ ਨੇ ਲੋਕਾਂ ਨੂੰ ਲੈ ਕੇ ਤਿੰਨ ਟੋਲੀਆਂ ਵਿਚ ਵੰਡਿਆ ਅਤੇ ਸ਼ਹਿਰ ਦੇ ਬਾਹਰ ਘਾਤ ਲਾ ਕੇ ਬੈਠ ਗਿਆ। ਜਦੋਂ ਉਸ ਨੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਜਾਂਦਿਆਂ ਦੇਖਿਆ, ਤਾਂ ਉਸ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਮਾਰ ਸੁੱਟਿਆ। 44  ਅਬੀਮਲਕ ਅਤੇ ਉਸ ਦੇ ਨਾਲ ਦੀਆਂ ਟੋਲੀਆਂ ਅੱਗੇ ਵਧੀਆਂ ਤੇ ਸ਼ਹਿਰ ਦੇ ਦਰਵਾਜ਼ੇ ’ਤੇ ਤੈਨਾਤ ਹੋ ਗਈਆਂ ਜਦ ਕਿ ਦੋ ਟੋਲੀਆਂ ਨੇ ਸ਼ਹਿਰੋਂ ਬਾਹਰ ਆਏ ਸਾਰੇ ਲੋਕਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ।  45  ਅਬੀਮਲਕ ਸਾਰਾ ਦਿਨ ਉਸ ਸ਼ਹਿਰ ਨਾਲ ਲੜਦਾ ਰਿਹਾ ਤੇ ਉਸ ’ਤੇ ਕਬਜ਼ਾ ਕਰ ਲਿਆ। ਉਸ ਨੇ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ ਤੇ ਫਿਰ ਸ਼ਹਿਰ ਨੂੰ ਤਹਿਸ-ਨਹਿਸ ਕਰ ਦਿੱਤਾ+ ਤੇ ਉਸ ਵਿਚ ਲੂਣ ਖਿਲਾਰ ਦਿੱਤਾ। 46  ਜਦੋਂ ਸ਼ਕਮ ਦੇ ਬੁਰਜ ਦੇ ਸਾਰੇ ਆਗੂਆਂ ਨੇ ਇਸ ਬਾਰੇ ਸੁਣਿਆ, ਤਾਂ ਉਹ ਫਟਾਫਟ ਏਲ-ਬਰੀਥ ਦੇ ਮੰਦਰ*+ ਦੇ ਤਹਿਖਾਨੇ* ਵਿਚ ਗਏ। 47  ਅਬੀਮਲਕ ਨੂੰ ਜਿਉਂ ਹੀ ਖ਼ਬਰ ਮਿਲੀ ਕਿ ਸ਼ਕਮ ਦੇ ਬੁਰਜ ਦੇ ਸਾਰੇ ਆਗੂ ਇਕੱਠੇ ਹੋਏ ਸਨ, 48  ਤਾਂ ਅਬੀਮਲਕ ਅਤੇ ਉਸ ਦੇ ਨਾਲ ਦੇ ਸਾਰੇ ਆਦਮੀ ਸਲਮੋਨ ਪਹਾੜ ’ਤੇ ਗਏ। ਅਬੀਮਲਕ ਨੇ ਆਪਣੇ ਹੱਥ ਵਿਚ ਇਕ ਕੁਹਾੜੀ ਲਈ ਤੇ ਦਰਖ਼ਤ ਦੀ ਇਕ ਟਾਹਣੀ ਵੱਢ ਕੇ ਆਪਣੇ ਮੋਢੇ ਉੱਤੇ ਰੱਖੀ ਤੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ: “ਤੁਸੀਂ ਮੈਨੂੰ ਜੋ ਕਰਦਿਆਂ ਦੇਖਿਆ ਹੈ, ਫਟਾਫਟ ਉਸੇ ਤਰ੍ਹਾਂ ਕਰੋ!” 49  ਇਸ ਲਈ ਸਾਰੇ ਲੋਕਾਂ ਨੇ ਵੀ ਟਾਹਣੀਆਂ ਵੱਢੀਆਂ ਤੇ ਅਬੀਮਲਕ ਦੇ ਪਿੱਛੇ-ਪਿੱਛੇ ਚਲੇ ਗਏ। ਫਿਰ ਉਨ੍ਹਾਂ ਨੇ ਟਾਹਣੀਆਂ ਤਹਿਖਾਨੇ ਨਾਲ ਟਿਕਾ ਦਿੱਤੀਆਂ ਅਤੇ ਤਹਿਖਾਨੇ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸ਼ਕਮ ਦੇ ਬੁਰਜ ਦੇ ਸਾਰੇ ਲੋਕ ਵੀ ਮਾਰੇ ਗਏ ਜੋ ਲਗਭਗ 1,000 ਆਦਮੀ ਅਤੇ ਔਰਤਾਂ ਸਨ। 50  ਫਿਰ ਅਬੀਮਲਕ ਤੇਬੇਸ ਨੂੰ ਗਿਆ; ਉਸ ਨੇ ਤੇਬੇਸ ਖ਼ਿਲਾਫ਼ ਡੇਰਾ ਲਾਇਆ ਤੇ ਇਸ ਉੱਤੇ ਕਬਜ਼ਾ ਕਰ ਲਿਆ। 51  ਸ਼ਹਿਰ ਦੇ ਵਿਚਕਾਰ ਇਕ ਮਜ਼ਬੂਤ ਬੁਰਜ ਸੀ ਅਤੇ ਸਾਰੇ ਆਦਮੀ ਤੇ ਔਰਤਾਂ ਅਤੇ ਸ਼ਹਿਰ ਦੇ ਸਾਰੇ ਆਗੂ ਭੱਜ ਕੇ ਉੱਥੇ ਚਲੇ ਗਏ। ਉਨ੍ਹਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਬੁਰਜ ਦੀ ਛੱਤ ’ਤੇ ਚੜ੍ਹ ਗਏ। 52  ਅਬੀਮਲਕ ਬੁਰਜ ਦੇ ਕੋਲ ਪਹੁੰਚ ਗਿਆ ਤੇ ਇਸ ਉੱਤੇ ਹਮਲਾ ਕਰ ਦਿੱਤਾ। ਬੁਰਜ ਨੂੰ ਅੱਗ ਲਾਉਣ ਲਈ ਉਹ ਇਸ ਦੇ ਦਰਵਾਜ਼ੇ ਨੇੜੇ ਗਿਆ। 53  ਫਿਰ ਇਕ ਔਰਤ ਨੇ ਚੱਕੀ ਦਾ ਉੱਪਰਲਾ ਪੁੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਤੇ ਉਸ ਦੀ ਖੋਪੜੀ ਪਾਟ ਗਈ।+ 54  ਉਸ ਨੇ ਫਟਾਫਟ ਆਪਣੇ ਹਥਿਆਰ ਚੁੱਕਣ ਵਾਲੇ ਸੇਵਾਦਾਰ ਨੂੰ ਬੁਲਾਇਆ ਤੇ ਉਸ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਮਾਰ ਸੁੱਟ ਤਾਂਕਿ ਉਹ ਮੇਰੇ ਬਾਰੇ ਇਹ ਨਾ ਕਹਿਣ, ‘ਉਹ ਇਕ ਔਰਤ ਹੱਥੋਂ ਮਾਰਿਆ ਗਿਆ।’” ਇਸ ਲਈ ਉਸ ਦੇ ਸੇਵਾਦਾਰ ਨੇ ਉਸ ਨੂੰ ਵਿੰਨ੍ਹ ਦਿੱਤਾ ਤੇ ਉਹ ਮਰ ਗਿਆ। 55  ਜਦੋਂ ਇਜ਼ਰਾਈਲ ਦੇ ਆਦਮੀਆਂ ਨੇ ਦੇਖਿਆ ਕਿ ਅਬੀਮਲਕ ਮਰ ਗਿਆ ਹੈ, ਤਾਂ ਉਹ ਸਾਰੇ ਘਰਾਂ ਨੂੰ ਮੁੜ ਗਏ। 56  ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਤੋਂ ਉਸ ਬੁਰਾਈ ਦਾ ਬਦਲਾ ਲਿਆ ਜੋ ਉਸ ਨੇ ਆਪਣੇ 70 ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਨਾਲ ਕੀਤੀ ਸੀ।+ 57  ਨਾਲੇ ਪਰਮੇਸ਼ੁਰ ਨੇ ਸ਼ਕਮ ਦੇ ਆਦਮੀਆਂ ਦੀ ਸਾਰੀ ਬੁਰਾਈ ਉਨ੍ਹਾਂ ਦੇ ਆਪਣੇ ਹੀ ਸਿਰਾਂ ’ਤੇ ਲਿਆਂਦੀ। ਇਸ ਤਰ੍ਹਾਂ ਯਰੁਬਾਲ+ ਦੇ ਪੁੱਤਰ ਯੋਥਾਮ+ ਦਾ ਸਰਾਪ ਉਨ੍ਹਾਂ ’ਤੇ ਆ ਪਿਆ।

ਫੁਟਨੋਟ

ਜਾਂ ਸੰਭਵ ਹੈ, “ਜ਼ਮੀਂਦਾਰਾਂ।”
ਇਬ, “ਤੁਹਾਡੀ ਹੱਡੀ ਤੇ ਤੁਹਾਡਾ ਮਾਸ ਹਾਂ।”
ਜਾਂ, “ਘਰ।”
ਜਾਂ, “ਪੈਦਾਵਾਰ।”
ਜਾਂ, “ਆਪੇ ਰਾਜਕੁਮਾਰ ਬਣ ਬੈਠਾ।”
ਇਬ, “ਬੁਰਾ ਸੁਭਾਅ ਘੱਲਿਆ।”
ਜਾਂ, “ਚਲਾਕੀ ਨਾਲ।”
ਜਾਂ, “ਜੋ ਵੀ ਤੇਰੇ ਹੱਥ-ਵੱਸ ਹੋਵੇ, ਉਸ ਨਾਲ ਕਰੀਂ।”
ਜਾਂ, “ਘਰ।”
ਜਾਂ, “ਦੀ ਸੁਰੱਖਿਅਤ ਜਗ੍ਹਾ।”