ਫ਼ਿਲਿੱਪੀਆਂ ਨੂੰ ਚਿੱਠੀ 1:1-30

  • ਨਮਸਕਾਰ (1, 2)

  • ਪਰਮੇਸ਼ੁਰ ਦਾ ਧੰਨਵਾਦ; ਪੌਲੁਸ ਦੀ ਪ੍ਰਾਰਥਨਾ (3-11)

  • ਮੁਸ਼ਕਲਾਂ ਦੇ ਬਾਵਜੂਦ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ (12-20)

  • ਮਸੀਹ ਲਈ ਜੀਉਣਾ, ਮਰਨਾ ਫ਼ਾਇਦੇਮੰਦ (21-26)

  • ਤੁਹਾਡੇ ਤੌਰ-ਤਰੀਕੇ ਖ਼ੁਸ਼ ਖ਼ਬਰੀ ਦੇ ਯੋਗ ਹੋਣ (27-30)

1  ਮੈਂ ਪੌਲੁਸ ਅਤੇ ਤਿਮੋਥਿਉਸ, ਮਸੀਹ ਯਿਸੂ ਦੇ ਦਾਸ ਹਾਂ ਅਤੇ ਅਸੀਂ ਫ਼ਿਲਿੱਪੈ+ ਵਿਚ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਸਾਰੇ ਪਵਿੱਤਰ ਸੇਵਕਾਂ, ਨਿਗਾਹਬਾਨਾਂ ਤੇ ਸਹਾਇਕ ਸੇਵਕਾਂ+ ਨੂੰ ਇਹ ਚਿੱਠੀ ਲਿਖ ਰਹੇ ਹਾਂ:  ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।  ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ, ਤਾਂ ਮੈਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।  ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਡੇ ਸਾਰਿਆਂ ਲਈ ਹਮੇਸ਼ਾ ਫ਼ਰਿਆਦ ਕਰਦਾ ਹਾਂ+  ਕਿਉਂਕਿ ਜਿਸ ਦਿਨ ਤੋਂ ਤੁਸੀਂ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਹੈ, ਉਸ ਦਿਨ ਤੋਂ ਲੈ ਕੇ ਹੁਣ ਤਕ ਤੁਸੀਂ ਇਸ ਦਾ ਪ੍ਰਚਾਰ ਕਰਨ ਵਿਚ ਯੋਗਦਾਨ ਪਾਇਆ ਹੈ।  ਮੈਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਵਿਚ ਜੋ ਚੰਗਾ ਕੰਮ ਸ਼ੁਰੂ ਕੀਤਾ ਹੈ, ਉਹ ਇਸ ਨੂੰ ਮਸੀਹ ਯਿਸੂ ਦਾ ਦਿਨ+ ਆਉਣ ਤਕ ਜ਼ਰੂਰ ਪੂਰਾ ਵੀ ਕਰੇਗਾ।+  ਤੁਹਾਡੇ ਸਾਰਿਆਂ ਬਾਰੇ ਮੇਰੀ ਇਹ ਸੋਚ ਬਿਲਕੁਲ ਸਹੀ ਹੈ ਕਿਉਂਕਿ ਤੁਸੀਂ ਮੇਰੇ ਦਿਲ ਵਿਚ ਵੱਸਦੇ ਹੋ। ਮੇਰੇ ਕੈਦ ਵਿਚ ਹੁੰਦਿਆਂ+ ਅਤੇ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ+ ਵਿਚ ਤੁਸੀਂ ਮੇਰਾ ਸਾਥ ਦਿੱਤਾ ਹੈ। ਇਸ ਤਰ੍ਹਾਂ ਮੈਨੂੰ ਅਤੇ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਫ਼ਾਇਦਾ ਹੋਇਆ ਹੈ।  ਪਰਮੇਸ਼ੁਰ ਮੇਰਾ ਗਵਾਹ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਕਿੰਨਾ ਤਰਸਦਾ ਹਾਂ ਕਿਉਂਕਿ ਮਸੀਹ ਯਿਸੂ ਵਾਂਗ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ।  ਮੈਂ ਹਮੇਸ਼ਾ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਸਹੀ ਗਿਆਨ+ ਅਤੇ ਪੂਰੀ ਸਮਝ+ ਦੇ ਨਾਲ-ਨਾਲ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ+ 10  ਅਤੇ ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ+ ਤਾਂਕਿ ਮਸੀਹ ਦੇ ਦਿਨ ਤਕ ਤੁਸੀਂ ਨਿਰਦੋਸ਼ ਰਹੋ ਅਤੇ ਦੂਸਰਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰੋ+ 11  ਅਤੇ ਤੁਸੀਂ ਯਿਸੂ ਮਸੀਹ ਦੀ ਮਦਦ ਨਾਲ ਜ਼ਿਆਦਾ ਤੋਂ ਜ਼ਿਆਦਾ ਨੇਕ ਕੰਮ ਕਰੋ*+ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਅਤੇ ਵਡਿਆਈ ਹੋਵੇ। 12  ਭਰਾਵੋ, ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਹ ਗੱਲ ਜਾਣ ਲਵੋ ਕਿ ਮੇਰੇ ਨਾਲ ਜੋ ਵੀ ਹੋਇਆ ਹੈ, ਉਸ ਕਰਕੇ ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ ਹੈ 13  ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ+ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ।+ 14  ਮੇਰੇ ਕੈਦ ਵਿਚ ਹੋਣ ਕਰਕੇ ਪ੍ਰਭੂ ਦੀ ਸੇਵਾ ਕਰ ਰਹੇ ਜ਼ਿਆਦਾਤਰ ਭਰਾਵਾਂ ਨੂੰ ਹਿੰਮਤ ਮਿਲੀ ਹੈ ਤੇ ਉਹ ਨਿਡਰ ਹੋ ਕੇ ਹੋਰ ਵੀ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਹਨ। 15  ਇਹ ਸੱਚ ਹੈ ਕਿ ਕੁਝ ਲੋਕ ਈਰਖਾ ਅਤੇ ਝਗੜੇ ਦੇ ਇਰਾਦੇ ਨਾਲ ਮਸੀਹ ਦਾ ਪ੍ਰਚਾਰ ਕਰ ਰਹੇ ਹਨ, ਪਰ ਦੂਸਰੇ ਚੰਗੇ ਇਰਾਦੇ ਨਾਲ ਪ੍ਰਚਾਰ ਕਰ ਰਹੇ ਹਨ। 16  ਜਿਹੜੇ ਚੰਗੇ ਇਰਾਦੇ ਨਾਲ ਪ੍ਰਚਾਰ ਕਰ ਰਹੇ ਹਨ, ਉਹ ਮਸੀਹ ਨਾਲ ਪਿਆਰ ਹੋਣ ਕਰਕੇ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਮੈਨੂੰ ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਲਈ ਚੁਣਿਆ ਗਿਆ ਹੈ;+ 17  ਪਰ ਈਰਖਾ ਅਤੇ ਝਗੜਾ ਕਰਨ ਵਾਲੇ ਲੋਕ ਨੇਕ ਇਰਾਦੇ ਨਾਲ ਪ੍ਰਚਾਰ ਨਹੀਂ ਕਰ ਰਹੇ, ਸਗੋਂ ਉਹ ਕੈਦ ਵਿਚ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਨੀਆਂ ਚਾਹੁੰਦੇ ਹਨ। 18  ਪਰ ਇਸ ਦਾ ਨਤੀਜਾ ਕੀ ਨਿਕਲਦਾ ਹੈ? ਹਰ ਤਰੀਕੇ ਨਾਲ ਮਸੀਹ ਦਾ ਪ੍ਰਚਾਰ ਹੋ ਰਿਹਾ ਹੈ, ਚਾਹੇ ਇਹ ਮਾੜੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ ਜਾਂ ਨੇਕ ਇਰਾਦੇ ਨਾਲ। ਮੈਂ ਇਸ ਗੱਲੋਂ ਖ਼ੁਸ਼ ਹਾਂ ਅਤੇ ਖ਼ੁਸ਼ ਹੁੰਦਾ ਰਹਾਂਗਾ 19  ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਫ਼ਰਿਆਦਾਂ+ ਸਦਕਾ ਅਤੇ ਯਿਸੂ ਮਸੀਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਮੈਨੂੰ ਛੁਟਕਾਰਾ ਮਿਲੇਗਾ। 20  ਮੈਨੂੰ ਪੂਰਾ ਭਰੋਸਾ ਅਤੇ ਉਮੀਦ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ। ਦਲੇਰੀ ਨਾਲ ਗੱਲ ਕਰਨ ਕਰਕੇ ਹਮੇਸ਼ਾ ਵਾਂਗ ਹੁਣ ਵੀ ਮੇਰੇ* ਰਾਹੀਂ ਮਸੀਹ ਦੀ ਵਡਿਆਈ ਹੋਵੇਗੀ, ਫਿਰ ਚਾਹੇ ਮੈਂ ਜੀਉਂਦਾ ਰਹਾਂ ਚਾਹੇ ਮਰ ਜਾਵਾਂ।+ 21  ਜੇ ਮੈਂ ਜੀਉਂਦਾ ਹਾਂ, ਤਾਂ ਮੈਂ ਮਸੀਹ ਲਈ ਜੀਉਂਦਾ ਹਾਂ+ ਅਤੇ ਜੇ ਮੈਂ ਮਰ ਜਾਂਦਾ ਹਾਂ, ਤਾਂ ਇਸ ਦਾ ਮੈਨੂੰ ਫ਼ਾਇਦਾ ਹੈ।+ 22  ਜੇ ਮੈਂ ਇਸ ਸਰੀਰ ਵਿਚ ਜੀਉਂਦਾ ਰਹਿੰਦਾ ਹਾਂ, ਤਾਂ ਮੈਂ ਆਪਣੇ ਕੰਮ ਵਿਚ ਹੋਰ ਜ਼ਿਆਦਾ ਫਲ ਪੈਦਾ ਕਰ ਸਕਦਾ ਹਾਂ। ਪਰ ਮੈਂ ਨਹੀਂ ਦੱਸਣਾ ਕਿ ਮੈਂ ਕੀ ਚੁਣਾਂਗਾ। 23  ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਇਨ੍ਹਾਂ ਦੋਵਾਂ ਵਿੱਚੋਂ ਕੀ ਚੁਣਾਂ; ਮੈਂ ਚਾਹੁੰਦਾ ਤਾਂ ਇਹ ਹਾਂ ਕਿ ਮੈਂ ਛੁਟਕਾਰਾ ਪਾ ਕੇ ਮਸੀਹ ਦੇ ਨਾਲ ਹੋਵਾਂ+ ਜੋ ਕਿ ਸਭ ਤੋਂ ਵਧੀਆ ਹੈ।+ 24  ਪਰ ਤੁਹਾਡੀ ਖ਼ਾਤਰ ਇਸ ਸਰੀਰ ਵਿਚ ਜੀਉਂਦਾ ਰਹਿਣਾ ਮੇਰੇ ਲਈ ਜ਼ਿਆਦਾ ਜ਼ਰੂਰੀ ਹੈ। 25  ਇਸ ਗੱਲ ਦਾ ਪੂਰਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਜੀਉਂਦਾ ਰਹਾਂਗਾ ਅਤੇ ਤੁਹਾਡੇ ਸਾਰਿਆਂ ਦੇ ਨਾਲ ਹੋਵਾਂਗਾ ਤਾਂਕਿ ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੀ ਤਰੱਕੀ ਹੋਵੇ ਅਤੇ ਤੁਹਾਨੂੰ ਆਪਣੀ ਨਿਹਚਾ ਤੋਂ ਖ਼ੁਸ਼ੀ ਮਿਲੇ 26  ਅਤੇ ਜਦੋਂ ਮੈਂ ਦੁਬਾਰਾ ਤੁਹਾਡੇ ਕੋਲ ਹੋਵਾਂ, ਤਾਂ ਮੇਰੇ ਕਰਕੇ ਤੁਹਾਡੀ ਇਹ ਖ਼ੁਸ਼ੀ ਦੁਗਣੀ ਹੋ ਜਾਵੇ ਕਿ ਤੁਸੀਂ ਮਸੀਹ ਯਿਸੂ ਦੇ ਚੇਲੇ ਹੋ। 27  ਧਿਆਨ ਰੱਖੋ ਕਿ ਤੁਹਾਡੇ ਤੌਰ-ਤਰੀਕੇ* ਮਸੀਹ ਦੀ ਖ਼ੁਸ਼ ਖ਼ਬਰੀ ਦੇ ਯੋਗ ਹੋਣ।+ ਫਿਰ ਚਾਹੇ ਮੈਂ ਤੁਹਾਨੂੰ ਮਿਲਣ ਲਈ ਆਵਾਂ ਜਾਂ ਨਾ ਆਵਾਂ, ਮੈਂ ਤੁਹਾਡੇ ਬਾਰੇ ਇਹੀ ਸੁਣਾਂ ਤੇ ਜਾਣਾਂ ਕਿ ਤੁਸੀਂ ਇਕ ਮਨ ਹੋ ਕੇ ਮਜ਼ਬੂਤੀ ਨਾਲ ਖੜ੍ਹੇ ਹੋ+ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਬਰਕਰਾਰ ਰੱਖਣ ਲਈ ਇਕਜੁੱਟ ਹੋ ਕੇ ਮਿਹਨਤ ਕਰ ਰਹੇ ਹੋ 28  ਅਤੇ ਤੁਸੀਂ ਆਪਣੇ ਵਿਰੋਧੀਆਂ ਤੋਂ ਬਿਲਕੁਲ ਨਹੀਂ ਡਰਦੇ। ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ,+ ਪਰ ਤੁਹਾਨੂੰ ਬਚਾਇਆ ਜਾਵੇਗਾ।+ ਪਰਮੇਸ਼ੁਰ ਨੇ ਇਹ ਗੱਲ ਸਾਫ਼ ਦੱਸੀ ਹੈ। 29  ਤੁਹਾਨੂੰ ਨਾ ਸਿਰਫ਼ ਮਸੀਹ ਉੱਤੇ ਨਿਹਚਾ ਕਰਨ ਦਾ, ਸਗੋਂ ਉਸ ਦੀ ਖ਼ਾਤਰ ਦੁੱਖ ਸਹਿਣ ਦਾ ਸਨਮਾਨ ਵੀ ਬਖ਼ਸ਼ਿਆ ਗਿਆ ਹੈ।+ 30  ਇਸੇ ਕਰਕੇ ਤੁਸੀਂ ਵੀ ਉਹੀ ਲੜਾਈ ਲੜ ਰਹੇ ਹੋ ਜੋ ਲੜਾਈ ਤੁਸੀਂ ਮੈਨੂੰ ਲੜਦਿਆਂ ਦੇਖਿਆ ਹੈ।+ ਤੁਸੀਂ ਸੁਣਿਆ ਹੈ ਕਿ ਮੈਂ ਅਜੇ ਵੀ ਇਹ ਲੜਾਈ ਲੜ ਰਿਹਾ ਹਾਂ।

ਫੁਟਨੋਟ

ਯੂਨਾ, “ਧਰਮੀ ਫਲ ਪੈਦਾ ਕਰੋ।”
ਯੂਨਾ, “ਮੇਰੇ ਸਰੀਰ।”
ਜਾਂ, “ਨਾਗਰਿਕਾਂ ਵਜੋਂ ਤੁਹਾਡੇ ਤੌਰ-ਤਰੀਕੇ।”