ਬਿਵਸਥਾ ਸਾਰ 20:1-20
20 “ਜੇ ਤੁਸੀਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਲੜਾਈ ਕਰਨ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਘੋੜੇ, ਰਥ ਅਤੇ ਆਪਣੇ ਤੋਂ ਵੱਡੀ ਫ਼ੌਜ ਦੇਖ ਕੇ ਘਬਰਾ ਨਾ ਜਾਇਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਹੈ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+
2 ਜਦ ਤੁਸੀਂ ਲੜਾਈ ਵਿਚ ਜਾਣ ਲਈ ਤਿਆਰ ਖੜ੍ਹੇ ਹੋਵੋਗੇ, ਤਾਂ ਪੁਜਾਰੀ ਆ ਕੇ ਫ਼ੌਜੀਆਂ ਨਾਲ ਗੱਲ ਕਰੇ।+
3 ਉਹ ਉਨ੍ਹਾਂ ਨੂੰ ਕਹੇ, ‘ਹੇ ਇਜ਼ਰਾਈਲੀਓ, ਸੁਣੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਡਰਪੋਕ ਨਾ ਬਣੋ। ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਅਤੇ ਨਾ ਹੀ ਥਰ-ਥਰ ਕੰਬੋ
4 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਤੁਹਾਡੇ ਨਾਲ ਜਾ ਰਿਹਾ ਹੈ ਅਤੇ ਉਹ ਤੁਹਾਨੂੰ ਬਚਾਵੇਗਾ।’+
5 “ਫ਼ੌਜ ਦੇ ਅਧਿਕਾਰੀ ਫ਼ੌਜੀਆਂ ਨੂੰ ਇਹ ਪੁੱਛਣ, ‘ਕੀ ਤੁਹਾਡੇ ਵਿੱਚੋਂ ਕਿਸੇ ਨੇ ਨਵਾਂ ਘਰ ਬਣਾਇਆ ਹੈ, ਪਰ ਅਜੇ ਉਸ ਵਿਚ ਰਹਿਣਾ ਸ਼ੁਰੂ ਨਹੀਂ ਕੀਤਾ ਹੈ? ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਕੋਈ ਹੋਰ ਉਸ ਦੇ ਘਰ ਵਿਚ ਰਹਿਣ ਲੱਗ ਪਵੇ।
6 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਨੇ ਅੰਗੂਰਾਂ ਦਾ ਬਾਗ਼ ਲਾਇਆ ਹੈ, ਪਰ ਅਜੇ ਉਸ ਦਾ ਫਲ ਨਹੀਂ ਖਾਧਾ? ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਉਸ ਦੇ ਬਾਗ਼ ਦਾ ਫਲ ਕੋਈ ਹੋਰ ਖਾਵੇ।
7 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਦੀ ਮੰਗਣੀ ਹੋਈ ਹੈ, ਪਰ ਅਜੇ ਉਸ ਦਾ ਵਿਆਹ ਨਹੀਂ ਹੋਇਆ ਹੈ? ਉਹ ਆਪਣੇ ਘਰ ਵਾਪਸ ਚਲਾ ਜਾਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਕੋਈ ਹੋਰ ਉਸ ਦੀ ਮੰਗੇਤਰ ਨਾਲ ਵਿਆਹ ਕਰਾ ਲਵੇ।’
8 ਫਿਰ ਫ਼ੌਜ ਦੇ ਅਧਿਕਾਰੀ ਉਨ੍ਹਾਂ ਨੂੰ ਇਹ ਵੀ ਪੁੱਛਣ, ‘ਤੁਹਾਡੇ ਵਿੱਚੋਂ ਕੌਣ ਡਰਪੋਕ ਅਤੇ ਕਮਜ਼ੋਰ ਦਿਲ ਵਾਲਾ ਹੈ?+ ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਆਪਣੇ ਭਰਾਵਾਂ ਦਾ ਵੀ ਹੌਸਲਾ ਢਾਹ ਦੇਵੇ।’*+
9 ਇਹ ਸਭ ਕਹਿਣ ਤੋਂ ਬਾਅਦ ਅਧਿਕਾਰੀ ਫ਼ੌਜ ਦੀ ਅਗਵਾਈ ਕਰਨ ਲਈ ਮੁਖੀ ਨਿਯੁਕਤ ਕਰਨ।
10 “ਜੇ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਜਾਂਦੇ ਹੋ, ਤਾਂ ਤੁਸੀਂ ਉੱਥੇ ਦੇ ਲੋਕਾਂ ਅੱਗੇ ਸ਼ਾਂਤੀ ਦੀਆਂ ਸ਼ਰਤਾਂ ਰੱਖੋ।+
11 ਜੇ ਉਹ ਸ਼ਰਤਾਂ ਮੰਨ ਲੈਂਦੇ ਹਨ ਅਤੇ ਆਪਣੇ ਸ਼ਹਿਰ ਦੇ ਦਰਵਾਜ਼ੇ ਤੁਹਾਡੇ ਲਈ ਖੋਲ੍ਹ ਦਿੰਦੇ ਹਨ, ਤਾਂ ਉੱਥੇ ਦੇ ਸਾਰੇ ਲੋਕ ਤੁਹਾਡੇ ਗ਼ੁਲਾਮ ਬਣ ਜਾਣਗੇ ਅਤੇ ਤੁਹਾਡੇ ਲਈ ਕੰਮ ਕਰਨਗੇ।+
12 ਪਰ ਜੇ ਉਹ ਸ਼ਾਂਤੀ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਨ ਲਈ ਤਿਆਰ ਹੋ ਜਾਂਦੇ ਹਨ, ਤਾਂ ਤੁਸੀਂ ਉਸ ਸ਼ਹਿਰ ਦੀ ਘੇਰਾਬੰਦੀ ਕਰਿਓ।
13 ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦੇਵੇਗਾ ਅਤੇ ਤੁਸੀਂ ਉਸ ਸ਼ਹਿਰ ਦੇ ਹਰ ਆਦਮੀ ਨੂੰ ਤਲਵਾਰ ਨਾਲ ਵੱਢ ਸੁੱਟਿਓ।
14 ਪਰ ਤੁਸੀਂ ਔਰਤਾਂ, ਬੱਚਿਆਂ, ਪਾਲਤੂ ਪਸ਼ੂਆਂ ਅਤੇ ਉਸ ਸ਼ਹਿਰ ਦੀ ਹਰ ਚੀਜ਼ ਆਪਣੇ ਲਈ ਲੁੱਟ ਲਓ।+ ਤੁਸੀਂ ਆਪਣੇ ਦੁਸ਼ਮਣਾਂ ਦੀਆਂ ਕੀਮਤੀ ਚੀਜ਼ਾਂ ਲੈ ਲਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਵੇਗਾ।+
15 “ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਦਾ ਇਹੀ ਹਾਲ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ ਅਤੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ।
16 ਪਰ ਤੁਹਾਡਾ ਪਰਮੇਸ਼ੁਰ ਯਹੋਵਾਹ ਆਲੇ-ਦੁਆਲੇ ਦੀਆਂ ਕੌਮਾਂ ਦੇ ਸ਼ਹਿਰ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ। ਤੁਸੀਂ ਇਨ੍ਹਾਂ ਵਿਚ ਕਿਸੇ ਵੀ ਇਨਸਾਨ ਨੂੰ ਜੀਉਂਦਾ ਨਾ ਛੱਡਿਓ।+
17 ਇਸ ਦੀ ਬਜਾਇ, ਤੁਸੀਂ ਇਨ੍ਹਾਂ ਕੌਮਾਂ ਨੂੰ ਯਾਨੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿਓ,+ ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ
18 ਤਾਂਕਿ ਉਹ ਤੁਹਾਨੂੰ ਆਪਣੇ ਸਾਰੇ ਘਿਣਾਉਣੇ ਕੰਮ ਨਾ ਸਿਖਾ ਸਕਣ ਜੋ ਉਹ ਆਪਣੇ ਦੇਵਤਿਆਂ ਲਈ ਕਰਦੇ ਹਨ ਅਤੇ ਉਹ ਤੁਹਾਡੇ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਨਾ ਕਰਵਾਉਣ।+
19 “ਜੇ ਤੁਸੀਂ ਕਿਸੇ ਸ਼ਹਿਰ ਦੇ ਆਲੇ-ਦੁਆਲੇ ਘੇਰਾਬੰਦੀ ਕਰਦੇ ਹੋ ਅਤੇ ਬਹੁਤ ਦਿਨਾਂ ਤਕ ਲੜਾਈ ਕਰਨ ਤੋਂ ਬਾਅਦ ਉਸ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦੇ ਹੋ, ਤਾਂ ਤੁਸੀਂ ਉੱਥੇ ਦੇ ਦਰਖ਼ਤਾਂ ਨੂੰ ਨਾ ਵੱਢਿਓ। ਤੁਸੀਂ ਉਨ੍ਹਾਂ ਦਾ ਫਲ ਖਾ ਸਕਦੇ ਹੋ, ਪਰ ਉਨ੍ਹਾਂ ਨੂੰ ਵੱਢ ਨਹੀਂ ਸਕਦੇ।+ ਤੁਸੀਂ ਇਨਸਾਨਾਂ ਵਾਂਗ ਦਰਖ਼ਤਾਂ ’ਤੇ ਹਮਲਾ ਨਾ ਕਰਿਓ।
20 ਤੁਸੀਂ ਸਿਰਫ਼ ਉਹੀ ਦਰਖ਼ਤ ਵੱਢਿਓ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਫਲਦਾਰ ਨਹੀਂ ਹਨ। ਤੁਸੀਂ ਉਨ੍ਹਾਂ ਦਰਖ਼ਤਾਂ ਨੂੰ ਵੱਢ ਕੇ ਲੜਾਈ ਵੇਲੇ ਸ਼ਹਿਰ ਦੀ ਘੇਰਾਬੰਦੀ ਲਈ ਵਰਤ ਸਕਦੇ ਹੋ ਜਦ ਤਕ ਤੁਸੀਂ ਸ਼ਹਿਰ ਨੂੰ ਜਿੱਤ ਨਹੀਂ ਲੈਂਦੇ।
ਫੁਟਨੋਟ
^ ਜਾਂ, “ਉਸ ਦੇ ਭਰਾਵਾਂ ਦੇ ਦਿਲ ਉਸ ਦੇ ਦਿਲ ਵਾਂਗ ਪਿਘਲ ਜਾਣ।”