ਬਿਵਸਥਾ ਸਾਰ 21:1-23
21 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰਨ ਜਾ ਰਿਹਾ ਹੈ, ਜੇ ਉੱਥੇ ਕਿਸੇ ਮੈਦਾਨ ਵਿਚ ਤੁਹਾਨੂੰ ਕਿਸੇ ਦੀ ਲਾਸ਼ ਪਈ ਮਿਲਦੀ ਹੈ, ਪਰ ਇਹ ਪਤਾ ਨਾ ਲੱਗੇ ਕਿ ਖ਼ੂਨ ਕਿਸ ਨੇ ਕੀਤਾ ਹੈ,
2 ਤਾਂ ਤੁਹਾਡੇ ਬਜ਼ੁਰਗ ਅਤੇ ਨਿਆਂਕਾਰ+ ਉਸ ਜਗ੍ਹਾ ਜਾਣ ਜਿੱਥੇ ਉਹ ਲਾਸ਼ ਪਈ ਹੈ ਅਤੇ ਲਾਸ਼ ਤੋਂ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਮਿਣਨ।
3 ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਪੈਂਦਾ ਹੈ, ਉਸ ਸ਼ਹਿਰ ਦੇ ਬਜ਼ੁਰਗ ਇਕ ਵੱਛੀ ਲੈਣ ਜਿਸ ਤੋਂ ਕਦੇ ਕੋਈ ਕੰਮ ਨਾ ਕਰਾਇਆ ਗਿਆ ਹੋਵੇ ਅਤੇ ਨਾ ਹੀ ਉਸ ਨੂੰ ਜੂਲੇ ਹੇਠ ਜੋਤਿਆ ਗਿਆ ਹੋਵੇ।
4 ਫਿਰ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਅਜਿਹੀ ਘਾਟੀ ਵਿਚ ਲੈ ਜਾਣ ਜਿੱਥੇ ਪਾਣੀ ਵਗਦਾ ਹੋਵੇ ਅਤੇ ਉੱਥੇ ਨਾ ਤਾਂ ਵਾਹੀ ਕੀਤੀ ਗਈ ਹੋਵੇ ਅਤੇ ਨਾ ਹੀ ਬੀ ਬੀਜਿਆ ਗਿਆ ਹੋਵੇ। ਬਜ਼ੁਰਗ ਉਸ ਘਾਟੀ ਵਿਚ ਵੱਛੀ ਦੀ ਧੌਣ ਤੋੜ ਦੇਣ।+
5 “ਫਿਰ ਲੇਵੀ ਪੁਜਾਰੀ ਅੱਗੇ ਆਉਣ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ+ ਅਤੇ ਯਹੋਵਾਹ ਦੇ ਨਾਂ ’ਤੇ ਬਰਕਤਾਂ ਦੇਣ ਲਈ ਚੁਣਿਆ ਹੈ।+ ਉਹ ਦੱਸਣਗੇ ਕਿ ਮਾਰ-ਧਾੜ ਦੇ ਹਰ ਮਾਮਲੇ ਦਾ ਫ਼ੈਸਲਾ ਕਿਵੇਂ ਕੀਤਾ ਜਾਣਾ ਚਾਹੀਦਾ ਹੈ।+
6 ਫਿਰ ਜਿਹੜਾ ਸ਼ਹਿਰ ਉਸ ਲਾਸ਼ ਦੇ ਸਭ ਤੋਂ ਨੇੜੇ ਹੈ, ਉੱਥੇ ਦੇ ਬਜ਼ੁਰਗ ਉਸ ਵੱਛੀ ’ਤੇ ਆਪਣੇ ਹੱਥ ਧੋਣ+ ਜਿਸ ਦੀ ਧੌਣ ਘਾਟੀ ਵਿਚ ਤੋੜ ਦਿੱਤੀ ਗਈ ਹੈ
7 ਅਤੇ ਉਹ ਇਹ ਐਲਾਨ ਕਰਨ, ‘ਸਾਡੇ ਹੱਥਾਂ ਨੇ ਇਸ ਆਦਮੀ ਦਾ ਖ਼ੂਨ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਸ ਦਾ ਖ਼ੂਨ ਹੁੰਦਾ ਦੇਖਿਆ ਹੈ।
8 ਹੇ ਯਹੋਵਾਹ, ਤੂੰ ਆਪਣੀ ਪਰਜਾ ਇਜ਼ਰਾਈਲ ਨੂੰ ਇਸ ਦਾ ਕਸੂਰਵਾਰ ਨਾ ਠਹਿਰਾ ਜਿਸ ਨੂੰ ਤੂੰ ਗ਼ੁਲਾਮੀ ਤੋਂ ਛੁਡਾਇਆ ਹੈ+ ਅਤੇ ਕਿਸੇ ਬੇਕਸੂਰ ਦੇ ਕਤਲ ਦਾ ਦੋਸ਼ ਆਪਣੇ ਇਜ਼ਰਾਈਲੀ ਲੋਕਾਂ ਵਿੱਚੋਂ ਮਿਟਾ ਦੇ।’+ ਫਿਰ ਉਨ੍ਹਾਂ ਨੂੰ ਉਸ ਕਤਲ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।
9 ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਉਸ ਬੇਕਸੂਰ ਦੇ ਕਤਲ ਦਾ ਦੋਸ਼ ਮਿਟਾ ਦਿਓਗੇ ਕਿਉਂਕਿ ਤੁਸੀਂ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ।
10 “ਜਦੋਂ ਤੂੰ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਲੜਾਈ ਕਰਨ ਜਾਂਦਾ ਹੈਂ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਹਰਾ ਦਿੰਦਾ ਹੈ ਅਤੇ ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ ਹੈਂ+
11 ਅਤੇ ਜੇ ਬੰਦੀ ਬਣਾਏ ਲੋਕਾਂ ਵਿੱਚੋਂ ਤੈਨੂੰ ਕੋਈ ਖ਼ੂਬਸੂਰਤ ਔਰਤ ਪਸੰਦ ਆਉਂਦੀ ਹੈ ਅਤੇ ਤੂੰ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈਂ,
12 ਤਾਂ ਤੂੰ ਉਸ ਨੂੰ ਆਪਣੇ ਘਰ ਲਿਆ ਸਕਦਾ ਹੈਂ। ਉਹ ਔਰਤ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,
13 ਅਤੇ ਗ਼ੁਲਾਮੀ ਦੇ ਕੱਪੜੇ ਲਾਹ ਸੁੱਟੇ। ਫਿਰ ਉਹ ਤੇਰੇ ਘਰ ਰਹਿ ਕੇ ਆਪਣੇ ਮਾਂ-ਪਿਉ ਲਈ ਇਕ ਮਹੀਨਾ ਸੋਗ ਮਨਾਵੇ।+ ਇਸ ਤੋਂ ਬਾਅਦ ਤੂੰ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਸਕਦਾ ਹੈਂ; ਫਿਰ ਤੂੰ ਉਸ ਦਾ ਪਤੀ ਹੋਵੇਂਗਾ ਅਤੇ ਉਹ ਤੇਰੀ ਪਤਨੀ ਹੋਵੇਗੀ।
14 ਪਰ ਜੇ ਤੂੰ ਉਸ ਤੋਂ ਖ਼ੁਸ਼ ਨਹੀਂ ਹੈਂ, ਤਾਂ ਉਹ ਜਿੱਥੇ ਜਾਣਾ ਚਾਹੁੰਦੀ ਹੈ, ਤੂੰ ਉਸ ਨੂੰ ਜਾਣ ਦੇਈਂ।+ ਪਰ ਤੂੰ ਉਸ ਨੂੰ ਪੈਸਿਆਂ ਲਈ ਨਾ ਵੇਚੀਂ ਜਾਂ ਉਸ ਨਾਲ ਬਦਸਲੂਕੀ ਨਾ ਕਰੀਂ ਕਿਉਂਕਿ ਤੂੰ ਉਸ ਨੂੰ ਜ਼ਬਰਦਸਤੀ ਆਪਣੀ ਪਤਨੀ ਬਣਾਇਆ ਸੀ।
15 “ਮੰਨ ਲਓ ਇਕ ਆਦਮੀ ਦੀਆਂ ਦੋ ਪਤਨੀਆਂ ਹਨ। ਉਹ ਇਕ ਪਤਨੀ ਨੂੰ ਦੂਜੀ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ।* ਉਨ੍ਹਾਂ ਦੋਵਾਂ ਤੋਂ ਉਸ ਦੇ ਮੁੰਡੇ ਪੈਦਾ ਹੋਏ ਹਨ ਅਤੇ ਜੇਠਾ ਮੁੰਡਾ ਉਸ ਪਤਨੀ ਦਾ ਹੈ ਜਿਸ ਨੂੰ ਉਹ ਘੱਟ ਪਿਆਰ ਕਰਦਾ ਹੈ।+
16 ਜਿਸ ਦਿਨ ਉਹ ਆਦਮੀ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿਚ ਵੰਡੇਗਾ, ਤਾਂ ਉਸ ਨੂੰ ਇਹ ਇਜਾਜ਼ਤ ਨਹੀਂ ਹੋਵੇਗੀ ਕਿ ਉਹ ਆਪਣੀ ਘੱਟ ਪਿਆਰੀ ਪਤਨੀ ਦੇ ਜੇਠੇ ਮੁੰਡੇ ਦਾ ਹੱਕ ਆਪਣੀ ਪਿਆਰੀ ਪਤਨੀ ਦੇ ਮੁੰਡੇ ਨੂੰ ਦੇਵੇ।
17 ਜਿਸ ਪਤਨੀ ਨੂੰ ਉਹ ਘੱਟ ਪਿਆਰ ਕਰਦਾ ਹੈ, ਉਸ ਦੇ ਮੁੰਡੇ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੁਗਣਾ ਹਿੱਸਾ ਦੇ ਕੇ ਦਿਖਾਵੇ ਕਿ ਉਹ ਉਸ ਦਾ ਜੇਠਾ ਪੁੱਤਰ ਹੈ ਕਿਉਂਕਿ ਉਹੀ ਬੱਚੇ ਪੈਦਾ ਕਰਨ ਦੀ ਉਸ ਦੀ ਤਾਕਤ ਦੀ ਸ਼ੁਰੂਆਤ ਹੈ। ਜੇਠਾ ਹੋਣ ਦਾ ਹੱਕ ਸਿਰਫ਼ ਉਸੇ ਮੁੰਡੇ ਦਾ ਹੈ।+
18 “ਜੇ ਕਿਸੇ ਆਦਮੀ ਦਾ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ+ ਅਤੇ ਉਨ੍ਹਾਂ ਨੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਉਨ੍ਹਾਂ ਦੀ ਨਹੀਂ ਸੁਣਦਾ,+
19 ਤਾਂ ਮਾਤਾ-ਪਿਤਾ ਉਸ ਨੂੰ ਫੜ ਕੇ ਸ਼ਹਿਰ ਦੇ ਦਰਵਾਜ਼ੇ ’ਤੇ ਬਜ਼ੁਰਗਾਂ ਕੋਲ ਲਿਜਾਣ।
20 ਅਤੇ ਉਹ ਸ਼ਹਿਰ ਦੇ ਬਜ਼ੁਰਗਾਂ ਨੂੰ ਦੱਸਣ, ‘ਸਾਡਾ ਮੁੰਡਾ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਉਹ ਪੇਟੂ+ ਅਤੇ ਸ਼ਰਾਬੀ ਹੈ।’+
21 ਫਿਰ ਉਸ ਦੇ ਸ਼ਹਿਰ ਦੇ ਸਾਰੇ ਆਦਮੀ ਉਸ ਮੁੰਡੇ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦੇਣਾ। ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ।+
22 “ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ+ ਤੁਸੀਂ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਹੈ,+
23 ਤਾਂ ਉਸ ਦੀ ਲਾਸ਼ ਪੂਰੀ ਰਾਤ ਸੂਲ਼ੀ ’ਤੇ ਨਾ ਟੰਗੀ ਰਹਿਣ ਦਿਓ।+ ਇਸ ਦੀ ਬਜਾਇ, ਤੁਸੀਂ ਉਸ ਨੂੰ ਉਸੇ ਦਿਨ ਦਫ਼ਨਾ ਦਿਓ ਕਿਉਂਕਿ ਸੂਲ਼ੀ ’ਤੇ ਟੰਗਿਆ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਰਾਪਿਆ ਹੋਇਆ ਹੈ।+ ਅਤੇ ਤੁਸੀਂ ਉਸ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।+
ਫੁਟਨੋਟ
^ ਇਬ, “ਉਹ ਇਕ ਪਤਨੀ ਨੂੰ ਪਿਆਰ ਕਰਦਾ ਹੈ ਤੇ ਦੂਜੀ ਨੂੰ ਨਫ਼ਰਤ।”