ਬਿਵਸਥਾ ਸਾਰ 32:1-52
32 “ਹੇ ਆਕਾਸ਼, ਮੈਂ ਜੋ ਕਹਿ ਰਿਹਾ ਹਾਂ, ਉਸ ਵੱਲ ਕੰਨ ਲਾ,ਹੇ ਧਰਤੀ, ਮੇਰੀ ਗੱਲ ਸੁਣ।
2 ਮੇਰੀਆਂ ਹਿਦਾਇਤਾਂ ਮੀਂਹ ਵਾਂਗ ਵਰ੍ਹਨਗੀਆਂ;ਅਤੇ ਮੇਰੀਆਂ ਗੱਲਾਂ ਤ੍ਰੇਲ ਵਾਂਗ ਪੈਣਗੀਆਂ,ਜਿਵੇਂ ਘਾਹ ’ਤੇ ਮੀਂਹ ਦੀ ਫੁਹਾਰਅਤੇ ਪੇੜ-ਪੌਦਿਆਂ ’ਤੇ ਜ਼ੋਰਦਾਰ ਮੀਂਹ।
3 ਮੈਂ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ।+
ਹੇ ਲੋਕੋ, ਸਾਡੇ ਪਰਮੇਸ਼ੁਰ ਦੀ ਮਹਾਨਤਾ ਬਾਰੇ ਦੱਸੋ।+
4 ਉਹ ਚਟਾਨ ਹੈ ਤੇ ਉਸ ਦਾ ਹਰ ਕੰਮ ਖਰਾ ਹੈ,+ਉਸ ਦੇ ਸਾਰੇ ਰਾਹ ਨਿਆਂ ਦੇ ਹਨ।+
ਉਹ ਵਫ਼ਾਦਾਰ ਪਰਮੇਸ਼ੁਰ ਹੈ+ ਜੋ ਕਦੇ ਅਨਿਆਂ ਨਹੀਂ ਕਰਦਾ;+ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਉਹ ਸੱਚਾ ਹੈ।+
5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+
ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+
ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+
6 ਓਏ ਮੂਰਖੋ ਤੇ ਨਾਸਮਝੋ,+ਕੀ ਤੁਹਾਨੂੰ ਯਹੋਵਾਹ ਦੇ ਸਾਰੇ ਅਹਿਸਾਨਾਂ ਦਾ ਇਹ ਬਦਲਾ ਦੇਣਾ ਚਾਹੀਦਾ?+
ਕੀ ਉਹ ਤੁਹਾਡਾ ਪਿਤਾ ਨਹੀਂ ਜਿਸ ਕਰਕੇ ਤੁਸੀਂ ਵਜੂਦ ਵਿਚ ਹੋ?+
ਕੀ ਉਸੇ ਨੇ ਤੁਹਾਨੂੰ ਨਹੀਂ ਬਣਾਇਆ ਅਤੇ ਮਜ਼ਬੂਤੀ ਨਾਲ ਕਾਇਮ ਨਹੀਂ ਕੀਤਾ?
7 ਜ਼ਰਾ ਬੀਤੇ ਸਮਿਆਂ ਨੂੰ ਯਾਦ ਕਰੋ;ਪੁਰਾਣੀਆਂ ਪੀੜ੍ਹੀਆਂ ਦੇ ਦਿਨਾਂ ’ਤੇ ਗੌਰ ਕਰੋ।
ਆਪਣੇ ਪਿਤਾ ਨੂੰ ਪੁੱਛੋ, ਉਹ ਤੁਹਾਨੂੰ ਦੱਸੇਗਾ;+ਆਪਣੇ ਬਜ਼ੁਰਗਾਂ ਨੂੰ ਪੁੱਛੋ, ਉਹ ਤੁਹਾਨੂੰ ਦੱਸਣਗੇ।
8 ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਦਿੱਤੀ,+ਜਦ ਉਸ ਨੇ ਆਦਮ ਦੇ ਪੁੱਤਰਾਂ* ਨੂੰ ਇਕ-ਦੂਜੇ ਤੋਂ ਵੱਖ ਕੀਤਾ,+ਤਦ ਉਸ ਨੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਮੁਤਾਬਕ+ਦੇਸ਼-ਦੇਸ਼ ਦੇ ਲੋਕਾਂ ਦੀ ਹੱਦ ਮਿਥੀ।+
9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+
10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+
ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+
11 ਜਿਵੇਂ ਇਕ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ ਹੈ,ਆਪਣੇ ਬੱਚਿਆਂ ਉੱਤੇ ਮੰਡਲਾਉਂਦਾ ਹੈ,ਆਪਣੇ ਪਰਾਂ ਨੂੰ ਫੈਲਾ ਕੇ ਉਨ੍ਹਾਂ ਨੂੰ ਚੁੱਕ ਲੈਂਦਾ ਹੈ,ਆਪਣੇ ਖੰਭਾਂ ’ਤੇ ਉਨ੍ਹਾਂ ਨੂੰ ਬਿਠਾ ਲੈਂਦਾ ਹੈ,+
12 ਉਸੇ ਤਰ੍ਹਾਂ ਯਹੋਵਾਹ ਇਕੱਲਾ ਉਸ* ਦੀ ਅਗਵਾਈ ਕਰਦਾ ਰਿਹਾ;+ਹੋਰ ਕੌਮਾਂ ਦੇ ਦੇਵਤੇ ਉਸ ਦੇ ਨਾਲ ਨਹੀਂ ਸਨ।+
13 ਸਾਡੇ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀਆਂ ਉੱਚੀਆਂ ਥਾਵਾਂ ’ਤੇ ਜਿੱਤ ਦਿਵਾਈ,+ਜਿਸ ਕਰਕੇ ਉਸ ਨੇ ਜ਼ਮੀਨ ਦੀ ਪੈਦਾਵਾਰ ਖਾਧੀ।+
ਪਰਮੇਸ਼ੁਰ ਨੇ ਉਸ ਨੂੰ ਚਟਾਨ ਤੋਂ ਸ਼ਹਿਦ ਖੁਆਇਆਅਤੇ ਸਖ਼ਤ ਚਟਾਨ* ਵਿੱਚੋਂ ਤੇਲ ਦਿੱਤਾ,
14 ਉਸ ਨੂੰ ਗਾਂਵਾਂ ਦਾ ਮੱਖਣ ਤੇ ਭੇਡਾਂ-ਬੱਕਰੀਆਂ ਦਾ ਦੁੱਧ ਦਿੱਤਾ,ਸਭ ਤੋਂ ਵਧੀਆ ਭੇਡਾਂ,* ਬਾਸ਼ਾਨ ਦੇ ਭੇਡੂਆਂ ਅਤੇ ਬੱਕਰਿਆਂ ਦਾ ਮਾਸ ਦਿੱਤਾ,ਨਾਲੇ ਉੱਤਮ ਕਣਕ ਖਾਣ ਲਈ ਦਿੱਤੀ;+ਅਤੇ ਤੂੰ ਅੰਗੂਰਾਂ ਦੇ ਰਸ* ਤੋਂ ਬਣਿਆ ਦਾਖਰਸ ਪੀਤਾ।
15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ।
ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+
ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ।
16 ਉਨ੍ਹਾਂ ਨੇ ਹੋਰ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰ ਕੇ ਉਸ ਨੂੰ ਗੁੱਸਾ ਚੜ੍ਹਾਇਆ;+ਉਨ੍ਹਾਂ ਨੇ ਘਿਣਾਉਣੀਆਂ ਚੀਜ਼ਾਂ ਨਾਲ ਉਸ ਦਾ ਕ੍ਰੋਧ ਭੜਕਾਇਆ।+
17 ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਬਲ਼ੀਆਂ ਚੜ੍ਹਾਉਂਦੇ ਸਨ,+ਹਾਂ, ਅਜਿਹੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,ਨਵੇਂ-ਨਵੇਂ ਦੇਵਤਿਆਂ ਨੂੰ ਜਿਹੜੇ ਹੁਣੇ-ਹੁਣੇ ਬਣੇ ਹਨ,ਜਿਨ੍ਹਾਂ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।
18 ਤੂੰ ਉਸ ਚਟਾਨ ਨੂੰ ਭੁੱਲ ਗਿਆ+ ਜਿਸ ਨੇ ਤੈਨੂੰ ਪੈਦਾ ਕੀਤਾ,ਅਤੇ ਤੂੰ ਪਰਮੇਸ਼ੁਰ ਨੂੰ ਯਾਦ ਨਹੀਂ ਰੱਖਿਆ ਜਿਸ ਨੇ ਤੈਨੂੰ ਜਨਮ ਦਿੱਤਾ।+
19 ਜਦ ਯਹੋਵਾਹ ਨੇ ਇਹ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਤਿਆਗ ਦਿੱਤਾ+ਕਿਉਂਕਿ ਉਸ ਦੇ ਧੀਆਂ-ਪੁੱਤਰਾਂ ਨੇ ਉਸ ਨੂੰ ਗੁੱਸਾ ਚੜ੍ਹਾਇਆ।
20 ਇਸ ਲਈ ਉਸ ਨੇ ਕਿਹਾ, ‘ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ;+ਮੈਂ ਦੇਖਾਂਗਾ ਕਿ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈਕਿਉਂਕਿ ਉਹ ਇਕ ਦੁਸ਼ਟ ਪੀੜ੍ਹੀ ਹੈ,+ਉਹ ਅਜਿਹੇ ਪੁੱਤਰ ਹਨ ਜੋ ਜ਼ਰਾ ਵੀ ਵਫ਼ਾਦਾਰ ਨਹੀਂ ਹਨ।+
21 ਜੋ ਈਸ਼ਵਰ ਹੈ ਹੀ ਨਹੀਂ, ਉਸ ਦੀ ਭਗਤੀ ਕਰ ਕੇ ਉਨ੍ਹਾਂ ਨੇ ਮੇਰਾ ਕ੍ਰੋਧ ਭੜਕਾਇਆ;*+ਉਨ੍ਹਾਂ ਨੇ ਨਿਕੰਮੀਆਂ ਮੂਰਤਾਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਚੜ੍ਹਾਇਆ।+
ਇਸ ਲਈ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ;+ਮੈਂ ਇਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਵਾਂਗਾ।+
22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
23 ਮੈਂ ਉਨ੍ਹਾਂ ’ਤੇ ਆਫ਼ਤਾਂ ਤੇ ਆਫ਼ਤਾਂ ਲਿਆਵਾਂਗਾ;ਮੈਂ ਉਨ੍ਹਾਂ ’ਤੇ ਆਪਣੇ ਸਾਰੇ ਤੀਰ ਚਲਾਵਾਂਗਾ।
24 ਉਹ ਭੁੱਖ ਨਾਲ ਬੇਹਾਲ ਹੋ ਜਾਣਗੇ+ਅਤੇ ਤੇਜ਼ ਬੁਖ਼ਾਰ ਅਤੇ ਭਿਆਨਕ ਤਬਾਹੀ ਨਾਲ ਮਰ-ਮੁੱਕ ਜਾਣਗੇ।+
ਮੈਂ ਉਨ੍ਹਾਂ ਦੇ ਪਿੱਛੇ ਸ਼ਿਕਾਰੀ ਜਾਨਵਰ+ਅਤੇ ਜ਼ਮੀਨ ’ਤੇ ਘਿਸਰਨ ਵਾਲੇ ਜ਼ਹਿਰੀਲੇ ਸੱਪ ਛੱਡਾਂਗਾ।
25 ਘਰੋਂ ਬਾਹਰ ਤਲਵਾਰ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਖੋਹ ਲਵੇਗੀ;+ਅਤੇ ਘਰ ਦੇ ਅੰਦਰ ਖ਼ੌਫ਼ ਛਾਇਆ ਹੋਵੇਗਾ+ਕੁਆਰੇ ਮੁੰਡੇ-ਕੁੜੀਆਂ ਅਤੇ ਨਿਆਣੇ-ਸਿਆਣੇਸਭ ਖ਼ਤਮ ਹੋ ਜਾਣਗੇ।+
26 ਮੈਂ ਇਹ ਨਹੀਂ ਕਿਹਾ: “ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ;ਮੈਂ ਇਨਸਾਨਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿਆਂਗਾ,”
27 ਕਿਉਂਕਿ ਮੈਨੂੰ ਇਹ ਫ਼ਿਕਰ ਸੀ ਕਿ ਦੁਸ਼ਮਣ ਕੀ ਕਹੇਗਾ,+ਵਿਰੋਧੀਆਂ ਨੇ ਤਾਂ ਇਸ ਦਾ ਗ਼ਲਤ ਮਤਲਬ ਕੱਢ ਲੈਣਾ ਸੀ।+
ਉਹ ਸ਼ਾਇਦ ਕਹਿੰਦੇ: “ਅਸੀਂ ਆਪਣੀ ਤਾਕਤ ਸਦਕਾ ਜਿੱਤੇ ਹਾਂ;+ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।”
28 ਇਸ ਕੌਮ ਦੇ ਲੋਕ ਬੇਅਕਲ ਹਨ*ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਹੈ।+
29 ਕਾਸ਼! ਉਹ ਬੁੱਧੀਮਾਨ ਹੁੰਦੇ+ ਅਤੇ ਇਸ ਗੱਲ ’ਤੇ ਸੋਚ-ਵਿਚਾਰ ਕਰਦੇ+ਅਤੇ ਆਪਣੇ ਅੰਜਾਮ ਬਾਰੇ ਸੋਚਦੇ।+
30 ਇਹ ਕਿਵੇਂ ਹੋ ਸਕਦਾ ਕਿ ਇਕ ਜਣਾ 1,000 ਲੋਕਾਂ ਦਾ ਪਿੱਛਾ ਕਰੇਅਤੇ ਦੋ ਜਣੇ 10,000 ਲੋਕਾਂ ਨੂੰ ਭਜਾ ਦੇਣ?+
ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਦੀ ਚਟਾਨ ਨੇ ਉਨ੍ਹਾਂ ਨੂੰ ਵੇਚ ਦਿੱਤਾ+ਅਤੇ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ।
31 ਦੁਸ਼ਮਣਾਂ ਦੀ ਚਟਾਨ ਸਾਡੀ ਚਟਾਨ ਵਰਗੀ ਨਹੀਂ ਹੈ,+ਇਹ ਗੱਲ ਸਾਡੇ ਦੁਸ਼ਮਣ ਵੀ ਜਾਣਦੇ ਹਨ।+
32 ਉਨ੍ਹਾਂ ਲੋਕਾਂ ਦੀ ਅੰਗੂਰੀ ਵੇਲ ਸਦੂਮ ਦੀ ਅੰਗੂਰੀ ਵੇਲ ਤੋਂਅਤੇ ਗਮੋਰਾ* ਦੇ ਬਾਗ਼ਾਂ ਤੋਂ ਨਿਕਲੀ ਹੈ।+
ਉਨ੍ਹਾਂ ਦੇ ਅੰਗੂਰ ਜ਼ਹਿਰੀਲੇ ਹਨ,ਉਨ੍ਹਾਂ ਦੇ ਅੰਗੂਰਾਂ ਦੇ ਗੁੱਛੇ ਕੌੜੇ ਹਨ।+
33 ਉਨ੍ਹਾਂ ਦਾ ਦਾਖਰਸ ਸੱਪਾਂ ਦਾ ਜ਼ਹਿਰ ਹੈ,ਹਾਂ, ਫਨੀਅਰ ਨਾਗਾਂ ਦਾ ਜਾਨਲੇਵਾ ਜ਼ਹਿਰ ਹੈ।
34 ਕੀ ਮੈਂ ਇਹ ਸਾਰਾ ਕੁਝ ਆਪਣੇ ਕੋਲ ਜਮ੍ਹਾ ਨਹੀਂ ਕਰ ਰੱਖਿਆਅਤੇ ਆਪਣੇ ਭੰਡਾਰ ਵਿਚ ਮੁਹਰ ਲਾ ਕੇ ਨਹੀਂ ਰੱਖਿਆ?+
35 ਬਦਲਾ ਲੈਣਾ ਅਤੇ ਸਜ਼ਾ ਦੇਣਾ ਮੇਰਾ ਕੰਮ ਹੈ,+ਮਿਥੇ ਸਮੇਂ ’ਤੇ ਉਨ੍ਹਾਂ ਦਾ ਪੈਰ ਤਿਲਕੇਗਾ+ਕਿਉਂਕਿ ਉਨ੍ਹਾਂ ਦੀ ਤਬਾਹੀ ਦਾ ਦਿਨ ਨੇੜੇ ਆ ਗਿਆ ਹੈ,ਅਤੇ ਉਨ੍ਹਾਂ ਨਾਲ ਜੋ ਕੁਝ ਹੋਣ ਵਾਲਾ ਹੈ, ਉਹ ਛੇਤੀ ਹੋਵੇਗਾ।’
36 ਯਹੋਵਾਹ ਆਪਣੇ ਲੋਕਾਂ ਨਾਲ ਨਿਆਂ ਕਰੇਗਾ,+ਅਤੇ ਉਹ ਆਪਣੇ ਸੇਵਕਾਂ ’ਤੇ ਤਰਸ ਖਾਵੇਗਾ+ਜਦ ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈਅਤੇ ਸਿਰਫ਼ ਲਾਚਾਰ ਅਤੇ ਕਮਜ਼ੋਰ ਲੋਕ ਹੀ ਬਚੇ ਹਨ।
37 ਫਿਰ ਉਸ ਵੇਲੇ ਉਹ ਕਹੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ+ਹਾਂ, ਉਹ ਚਟਾਨ ਜਿਸ ਵਿਚ ਉਨ੍ਹਾਂ ਨੇ ਪਨਾਹ ਲਈ ਸੀ?
38 ਜਿਹੜੇ ਉਨ੍ਹਾਂ ਦੀਆਂ ਬਲ਼ੀਆਂ ਦੀ ਚਰਬੀ ਖਾਂਦੇ ਸਨ*ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਦਾ ਦਾਖਰਸ ਪੀਂਦੇ ਸਨ?+
ਹੁਣ ਉਹ ਉੱਠਣ ਅਤੇ ਤੁਹਾਡੀ ਮਦਦ ਕਰਨ।
ਉਹ ਤੁਹਾਡੇ ਲਈ ਪਨਾਹ ਦੀ ਜਗ੍ਹਾ ਬਣਨ।
39 ਹੁਣ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ,+ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਈਸ਼ਵਰ ਨਹੀਂ ਹੈ।+
ਮੈਂ ਹੀ ਮੌਤ ਦਿੰਦਾ ਹੈ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+
ਮੈਂ ਹੀ ਜ਼ਖ਼ਮ ਦਿੰਦਾ ਹਾਂ+ ਅਤੇ ਮੈਂ ਹੀ ਚੰਗਾ ਕਰਦਾ ਹਾਂ,+ਅਤੇ ਕੋਈ ਵੀ ਕਿਸੇ ਨੂੰ ਮੇਰੇ ਹੱਥੋਂ ਛੁਡਾ ਨਹੀਂ ਸਕਦਾ।+
40 ਮੈਂ ਆਪਣਾ ਹੱਥ ਸਵਰਗ ਵੱਲ ਚੁੱਕ ਕੇਆਪਣੀ ਅਨੰਤ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ,+
41 ਜਦ ਮੈਂ ਆਪਣੀ ਚਮਕਦੀ ਤਲਵਾਰ ਤਿੱਖੀ ਕਰਾਂਗਾਅਤੇ ਸਜ਼ਾ ਦੇਣ ਲਈ ਆਪਣਾ ਹੱਥ ਚੁੱਕਾਂਗਾ,+ਤਦ ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ+ਅਤੇ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨੂੰ ਸਜ਼ਾ ਦਿਆਂਗਾ।
42 ਮੈਂ ਕਤਲ ਕੀਤੇ ਹੋਏ ਲੋਕਾਂ ਅਤੇ ਬੰਦੀਆਂ ਦੇ ਖ਼ੂਨ ਨਾਲਆਪਣੇ ਤੀਰਾਂ ਨੂੰ ਸ਼ਰਾਬੀ ਕਰਾਂਗਾ,ਮੇਰੀ ਤਲਵਾਰ ਮੇਰੇ ਦੁਸ਼ਮਣਾਂ ਦੇ ਆਗੂਆਂ ਦੇ ਸਿਰਾਂ ਦਾ ਮਾਸ ਖਾਏਗੀ।’
43 ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ+ਕਿਉਂਕਿ ਉਹ ਆਪਣੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵੇਗਾ,+ਅਤੇ ਉਹ ਆਪਣੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ+ਉਹ ਆਪਣੇ ਲੋਕਾਂ ਦੇ ਦੇਸ਼ ਦੇ ਪਾਪ ਮਿਟਾ* ਦੇਵੇਗਾ।”
44 ਇਸ ਤਰ੍ਹਾਂ ਮੂਸਾ ਅਤੇ ਨੂਨ ਦੇ ਪੁੱਤਰ ਹੋਸ਼ੇਆ*+ ਨੇ ਆ ਕੇ ਇਸ ਗੀਤ ਦੇ ਸਾਰੇ ਬੋਲ ਲੋਕਾਂ ਨੂੰ ਸੁਣਾਏ।+
45 ਜਦ ਮੂਸਾ ਸਾਰੇ ਇਜ਼ਰਾਈਲੀਆਂ ਨੂੰ ਇਹ ਸਾਰੀਆਂ ਗੱਲਾਂ ਕਹਿ ਹਟਿਆ,
46 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਅੱਜ ਤੁਹਾਨੂੰ ਜੋ ਚੇਤਾਵਨੀ ਦੇ ਰਿਹਾ ਹਾਂ, ਤੁਸੀਂ ਉਸ ਨੂੰ ਆਪਣੇ ਦਿਲਾਂ ਵਿਚ ਬਿਠਾ ਲਓ+ ਤਾਂਕਿ ਤੁਸੀਂ ਆਪਣੇ ਪੁੱਤਰਾਂ ਨੂੰ ਹੁਕਮ ਦੇ ਸਕੋ ਕਿ ਉਹ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ।+
47 ਇਹ ਫੋਕੀਆਂ ਗੱਲਾਂ ਨਹੀਂ ਹਨ, ਸਗੋਂ ਤੁਹਾਡੀ ਜ਼ਿੰਦਗੀ ਇਨ੍ਹਾਂ ’ਤੇ ਨਿਰਭਰ ਕਰਦੀ ਹੈ।+ ਇਨ੍ਹਾਂ ਗੱਲਾਂ ਮੁਤਾਬਕ ਚੱਲ ਕੇ ਤੁਸੀਂ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੋਗੇ ਜਿਸ ਦੇਸ਼ ’ਤੇ ਤੁਸੀਂ ਯਰਦਨ ਦਰਿਆ ਪਾਰ ਕਬਜ਼ਾ ਕਰਨ ਜਾ ਰਹੇ ਹੋ।”
48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ:
49 “ਤੂੰ ਅਬਾਰੀਮ ਪਹਾੜਾਂ ’ਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+
50 ਫਿਰ ਉਸ ਪਹਾੜ ’ਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ’ਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ
51 ਕਿਉਂਕਿ ਤੁਸੀਂ ਦੋਵਾਂ ਨੇ ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਰੀਬਾਹ ਦੇ ਪਾਣੀਆਂ ਕੋਲ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ+ ਅਤੇ ਇਜ਼ਰਾਈਲੀਆਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+
52 ਤੂੰ ਉਸ ਦੇਸ਼ ਨੂੰ ਦੂਰੋਂ ਦੇਖੇਂਗਾ, ਪਰ ਤੂੰ ਉਸ ਦੇਸ਼ ਵਿਚ ਕਦਮ ਨਹੀਂ ਰੱਖ ਪਾਵੇਂਗਾ ਜੋ ਮੈਂ ਇਜ਼ਰਾਈਲੀਆਂ ਨੂੰ ਦੇਣ ਜਾ ਰਿਹਾ ਹਾਂ।”+
ਫੁਟਨੋਟ
^ ਜਾਂ ਸੰਭਵ ਹੈ, “ਮਨੁੱਖਜਾਤੀ।”
^ ਯਾਨੀ, ਯਾਕੂਬ।
^ ਇਬ, “ਚਕਮਾਕ ਪੱਥਰ।”
^ ਇਬ, “ਭੇਡਾਂ ਦੀ ਚਰਬੀ।”
^ ਇਬ, “ਖ਼ੂਨ।”
^ ਮਤਲਬ “ਖਰਾ,” ਆਦਰ ਦੇਣ ਲਈ ਇਜ਼ਰਾਈਲ ਨੂੰ ਦਿੱਤਾ ਗਿਆ ਖ਼ਿਤਾਬ।
^ ਜਾਂ, “ਮੇਰੇ ਵਿਚ ਈਰਖਾ ਪੈਦਾ ਕੀਤੀ।”
^ ਜਾਂ ਸੰਭਵ ਹੈ, “ਸਲਾਹ ਸੁਣ ਕੇ ਅਣਸੁਣੀ ਕਰਦੇ ਹਨ।”
^ ਜਾਂ, “ਅਮੂਰਾਹ।”
^ ਜਾਂ, “ਜਿਹੜੇ ਉਨ੍ਹਾਂ ਦੀਆਂ ਸਭ ਤੋਂ ਵਧੀਆ ਬਲ਼ੀਆਂ ਖਾਂਦੇ ਸਨ।”
^ ਜਾਂ, “ਦੇਸ਼ ਨੂੰ ਸ਼ੁੱਧ ਕਰ।”
^ ਯਹੋਸ਼ੁਆ ਦਾ ਅਸਲੀ ਨਾਂ। ਹੋਸ਼ੇਆ ਹੋਸ਼ਾਯਾਹ ਨਾਂ ਦਾ ਛੋਟਾ ਰੂਪ ਹੈ ਜਿਸ ਦਾ ਮਤਲਬ ਹੈ “ਯਾਹ ਦੁਆਰਾ ਬਚਾਇਆ ਗਿਆ; ਯਾਹ ਨੇ ਬਚਾਇਆ।”
^ ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।