ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ 3:1-35
3 ਇਕ ਵਾਰ ਫਿਰ ਉਹ ਸਭਾ ਘਰ ਵਿਚ ਗਿਆ ਅਤੇ ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ।*+
2 ਫ਼ਰੀਸੀ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਉਸ ਉੱਤੇ ਟਿਕੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਇਸ ਆਦਮੀ ਨੂੰ ਠੀਕ ਕਰੇਗਾ ਜਾਂ ਨਹੀਂ।
3 ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ* ਕਿਹਾ: “ਉੱਠ ਕੇ ਇੱਥੇ ਵਿਚਕਾਰ ਆ।”
4 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ ਪਰ ਉਹ ਚੁੱਪ ਰਹੇ।
5 ਫਿਰ ਉਸ ਨੇ ਉਨ੍ਹਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਉਹ ਬਹੁਤ ਦੁਖੀ ਹੋਇਆ।+ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ।
6 ਇਹ ਦੇਖ ਕੇ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਸੇ ਵੇਲੇ ਹੇਰੋਦੀਆਂ+ ਨਾਲ ਮਿਲ ਕੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ।
7 ਪਰ ਯਿਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਗਿਆ ਅਤੇ ਗਲੀਲ ਤੇ ਯਹੂਦਿਯਾ ਤੋਂ ਵੱਡੀ ਭੀੜ ਉਸ ਦੇ ਮਗਰ ਆਈ।+
8 ਉਸ ਦੇ ਵੱਡੇ-ਵੱਡੇ ਕੰਮਾਂ ਬਾਰੇ ਸੁਣ ਕੇ ਯਰੂਸ਼ਲਮ ਤੋਂ, ਅਦੂਮੀਆ ਤੋਂ, ਯਰਦਨ ਦਰਿਆ ਦੇ ਦੂਜੇ ਪਾਸਿਓਂ ਅਤੇ ਸੋਰ ਤੇ ਸੀਦੋਨ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਬਹੁਤ ਸਾਰੇ ਲੋਕ ਉਸ ਕੋਲ ਆਏ।
9 ਉਸ ਨੇ ਆਪਣੇ ਚੇਲਿਆਂ ਨੂੰ ਉਸ ਵਾਸਤੇ ਇਕ ਛੋਟੀ ਕਿਸ਼ਤੀ ਤਿਆਰ ਰੱਖਣ ਲਈ ਕਿਹਾ ਤਾਂਕਿ ਭੀੜ ਉਸ ਨੂੰ ਦਬਾ ਨਾ ਲਵੇ।
10 ਉਸ ਨੇ ਬਹੁਤ ਸਾਰੇ ਬੀਮਾਰਾਂ ਨੂੰ ਠੀਕ ਕੀਤਾ ਸੀ ਜਿਸ ਕਰਕੇ ਗੰਭੀਰ ਬੀਮਾਰੀਆਂ ਨਾਲ ਤੜਫ ਰਹੇ ਸਾਰੇ ਲੋਕਾਂ ਨੇ ਉਸ ਨੂੰ ਛੋਹਣ ਲਈ ਉਸ ਦੇ ਆਲੇ-ਦੁਆਲੇ ਭੀੜ ਲਾਈ ਹੋਈ ਸੀ।+
11 ਦੁਸ਼ਟ ਦੂਤ*+ ਜਦ ਵੀ ਉਸ ਨੂੰ ਦੇਖਦੇ ਸਨ, ਤਾਂ ਉਹ ਉਸ ਅੱਗੇ ਝੁਕ ਕੇ ਉੱਚੀ ਆਵਾਜ਼ ਵਿਚ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”+
12 ਪਰ ਉਸ ਨੇ ਉਨ੍ਹਾਂ ਨੂੰ ਕਈ ਵਾਰ ਸਖ਼ਤੀ ਨਾਲ ਇਹ ਦੱਸਣ ਤੋਂ ਵਰਜਿਆ ਕਿ ਉਹ ਕੌਣ ਹੈ।+
13 ਯਿਸੂ ਇਕ ਪਹਾੜ ਉੱਤੇ ਚੜ੍ਹਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ ਉਨ੍ਹਾਂ ਨੂੰ ਬੁਲਾਇਆ+ ਅਤੇ ਉਹ ਉਸ ਕੋਲ ਆਏ।+
14 ਉਸ ਨੇ 12 ਬੰਦਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਰਸੂਲ ਕਿਹਾ ਤਾਂਕਿ ਉਹ ਉਸ ਦੇ ਨਾਲ-ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਘੱਲੇ
15 ਤੇ ਉਹ ਉਨ੍ਹਾਂ ਨੂੰ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਣ ਦਾ ਅਧਿਕਾਰ ਦੇਵੇ।+
16 ਜਿਨ੍ਹਾਂ 12 ਜਣਿਆਂ+ ਨੂੰ ਉਸ ਨੇ ਚੁਣਿਆ ਸੀ, ਉਨ੍ਹਾਂ ਦੇ ਨਾਂ ਸਨ: ਸ਼ਮਊਨ (ਜਿਸ ਦਾ ਨਾਂ ਉਸ ਨੇ ਪਤਰਸ ਵੀ ਰੱਖਿਆ ਸੀ),+
17 ਜ਼ਬਦੀ ਦਾ ਪੁੱਤਰ ਯਾਕੂਬ, ਯਾਕੂਬ ਦਾ ਭਰਾ ਯੂਹੰਨਾ (ਉਸ ਨੇ ਇਨ੍ਹਾਂ ਦੋਹਾਂ ਭਰਾਵਾਂ ਦਾ ਨਾਂ “ਬੁਆਨੇਰਗਿਸ” ਵੀ ਰੱਖਿਆ ਜਿਸ ਦਾ ਮਤਲਬ ਹੈ “ਗਰਜ ਦੇ ਪੁੱਤਰ”),+
18 ਅੰਦ੍ਰਿਆਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਜੋਸ਼ੀਲਾ ਸ਼ਮਊਨ
19 ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਉਸ ਨਾਲ ਦਗ਼ਾ ਕੀਤਾ ਸੀ।
ਫਿਰ ਉਹ ਇਕ ਘਰ ਵਿਚ ਗਿਆ।
20 ਉੱਥੇ ਵੀ ਭੀੜ ਇਕੱਠੀ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ।
21 ਪਰ ਜਦ ਉਸ ਦੇ ਘਰਦਿਆਂ ਨੇ ਸੁਣਿਆ ਕਿ ਯਿਸੂ ਕੀ ਕਰ ਰਿਹਾ ਸੀ, ਤਾਂ ਉਹ ਉਸ ਨੂੰ ਫੜ ਕੇ ਲੈ ਜਾਣ ਲਈ ਆਏ ਕਿਉਂਕਿ ਉਹ ਕਹਿ ਰਹੇ ਸਨ: “ਇਹ ਤਾਂ ਪਾਗਲ ਹੋ ਗਿਆ ਹੈ।”+
22 ਨਾਲੇ ਯਰੂਸ਼ਲਮ ਤੋਂ ਆਏ ਗ੍ਰੰਥੀ ਵੀ ਕਹਿਣ ਲੱਗੇ: “ਇਹ ਬਆਲਜ਼ਬੂਲ* ਦੇ ਵੱਸ ਵਿਚ ਹੈ ਅਤੇ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+
23 ਫਿਰ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਨੂੰ ਮਿਸਾਲਾਂ ਦਿੱਤੀਆਂ: “ਭਲਾ ਸ਼ੈਤਾਨ ਆਪੇ ਸ਼ੈਤਾਨ ਨੂੰ ਕਿੱਦਾਂ ਕੱਢ ਸਕਦਾ ਹੈ?
24 ਜੇ ਕਿਸੇ ਰਾਜ ਵਿਚ ਫੁੱਟ ਪੈ ਜਾਵੇ, ਤਾਂ ਉਹ ਰਾਜ ਖੜ੍ਹਾ ਨਹੀਂ ਰਹਿ ਸਕਦਾ;+
25 ਜੇ ਕਿਸੇ ਘਰ ਵਿਚ ਫੁੱਟ ਪੈ ਜਾਵੇ, ਤਾਂ ਉਹ ਘਰ ਖੜ੍ਹਾ ਨਹੀਂ ਰਹਿ ਸਕਦਾ।
26 ਨਾਲੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਖੜ੍ਹਾ ਹੋ ਜਾਵੇ ਅਤੇ ਉਸ ਵਿਚ ਫੁੱਟ ਪੈ ਜਾਵੇ, ਤਾਂ ਉਹ ਕਾਇਮ ਨਹੀਂ ਰਹੇਗਾ, ਸਗੋਂ ਖ਼ਤਮ ਹੋ ਜਾਵੇਗਾ।
27 ਅਸਲ ਵਿਚ, ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵੜ ਕੇ ਉਸ ਦੀਆਂ ਚੀਜ਼ਾਂ ਚੋਰੀ ਨਹੀਂ ਕਰ ਸਕਦਾ। ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਫੜ ਕੇ ਬੰਨ੍ਹੇਗਾ। ਉਸ ਤੋਂ ਬਾਅਦ ਹੀ ਉਹ ਉਸ ਦਾ ਘਰ ਲੁੱਟ ਸਕਦਾ ਹੈ।
28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਨਸਾਨ ਨੇ ਭਾਵੇਂ ਜੋ ਵੀ ਪਾਪ ਕੀਤੇ ਹੋਣ ਅਤੇ ਭਾਵੇਂ ਜਿਸ ਦੀ ਵੀ ਨਿੰਦਿਆ ਕੀਤੀ ਹੋਵੇ, ਉਸ ਦੇ ਸਾਰੇ ਗੁਨਾਹ ਮਾਫ਼ ਕੀਤੇ ਜਾਣਗੇ।
29 ਪਰ ਜਿਹੜਾ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਦਾ ਹੈ, ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ,+ ਸਗੋਂ ਉਹ ਇਸ ਪਾਪ ਦਾ ਹਮੇਸ਼ਾ ਲਈ ਦੋਸ਼ੀ ਠਹਿਰੇਗਾ।”+
30 ਯਿਸੂ ਨੇ ਇਹ ਗੱਲ ਇਸ ਲਈ ਕਹੀ ਸੀ ਕਿਉਂਕਿ ਉਨ੍ਹਾਂ ਨੇ ਕਿਹਾ ਸੀ: “ਉਸ ਨੂੰ ਦੁਸ਼ਟ ਦੂਤ* ਚਿੰਬੜਿਆ ਹੋਇਆ ਹੈ।”+
31 ਫਿਰ ਯਿਸੂ ਦੀ ਮਾਤਾ ਤੇ ਭਰਾ+ ਆਏ ਅਤੇ ਬਾਹਰ ਖੜ੍ਹੇ ਰਹੇ ਤੇ ਉਸ ਨੂੰ ਬਾਹਰ ਬੁਲਾਉਣ ਲਈ ਕਿਸੇ ਨੂੰ ਘੱਲਿਆ।+
32 ਉਸ ਦੇ ਆਲੇ-ਦੁਆਲੇ ਭੀੜ ਬੈਠੀ ਹੋਈ ਸੀ ਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਅਤੇ ਤੇਰੇ ਭਰਾ ਤੈਨੂੰ ਬਾਹਰ ਬੁਲਾ ਰਹੇ ਹਨ।”+
33 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?”
34 ਫਿਰ ਉਸ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਵੱਲ ਦੇਖ ਕੇ ਕਿਹਾ: “ਆਹ ਦੇਖੋ, ਮੇਰੀ ਮਾਤਾ ਅਤੇ ਮੇਰੇ ਭਰਾ!+
35 ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।”+
ਫੁਟਨੋਟ
^ ਜਾਂ, “ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”
^ ਜਾਂ, “ਉਸ ਆਦਮੀ ਨੂੰ ਜਿਸ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ।”
^ ਸ਼ੈਤਾਨ ਦਾ ਇਕ ਹੋਰ ਨਾਂ।