ਮਲਾਕੀ 3:1-18
3 “ਦੇਖੋ! ਮੈਂ ਆਪਣੇ ਸੰਦੇਸ਼ ਦੇਣ ਵਾਲੇ* ਨੂੰ ਘੱਲਾਂਗਾ ਜੋ ਮੇਰੇ ਅੱਗੇ-ਅੱਗੇ ਰਾਹ ਪੱਧਰਾ* ਕਰੇਗਾ।+ ਨਾਲੇ ਸੱਚਾ ਪ੍ਰਭੂ, ਜਿਸ ਦੀ ਤੁਸੀਂ ਤਲਾਸ਼ ਕਰ ਰਹੇ ਹੋ, ਅਚਾਨਕ ਆਪਣੇ ਮੰਦਰ ਵਿਚ ਆਵੇਗਾ+ ਅਤੇ ਇਕਰਾਰ ਦਾ ਦੂਤ ਆਵੇਗਾ ਜਿਸ ਦਾ ਤੁਸੀਂ ਖ਼ੁਸ਼ੀ-ਖ਼ੁਸ਼ੀ ਇੰਤਜ਼ਾਰ ਕਰ ਰਹੇ ਹੋ। ਦੇਖੋ! ਉਹ ਜ਼ਰੂਰ ਆਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
2 “ਪਰ ਜਿਸ ਦਿਨ ਉਹ ਆਵੇਗਾ, ਤਾਂ ਕੌਣ ਉਸ ਦਾ ਸਾਮ੍ਹਣਾ ਕਰ ਸਕੇਗਾ ਅਤੇ ਜਦ ਉਹ ਪ੍ਰਗਟ ਹੋਵੇਗਾ, ਤਾਂ ਕੌਣ ਉਸ ਦੇ ਸਾਮ੍ਹਣੇ ਖੜ੍ਹਾ ਰਹਿ ਸਕੇਗਾ? ਕਿਉਂਕਿ ਉਹ ਸੁਨਿਆਰੇ ਦੀ ਭੱਠੀ ਵਿਚ ਬਲ਼ਦੀ ਅੱਗ ਵਰਗਾ ਅਤੇ ਧੋਬੀ ਦੇ ਸਾਬਣ+ ਵਰਗਾ ਹੋਵੇਗਾ।
3 ਜਿਵੇਂ ਸੁਨਿਆਰਾ ਚਾਂਦੀ+ ਨੂੰ ਪਿਘਲਾ ਕੇ ਉਸ ਵਿੱਚੋਂ ਮੈਲ਼ ਕੱਢਦਾ ਹੈ, ਉਸੇ ਤਰ੍ਹਾਂ ਉਹ ਬੈਠ ਕੇ ਲੇਵੀ ਦੇ ਪੁੱਤਰਾਂ ਨੂੰ ਸ਼ੁੱਧ ਕਰੇਗਾ। ਉਹ ਉਨ੍ਹਾਂ ਨੂੰ ਸੋਨੇ-ਚਾਂਦੀ ਵਾਂਗ ਨਿਖਾਰੇਗਾ ਅਤੇ ਉਹ ਜ਼ਰੂਰ ਅਜਿਹੇ ਲੋਕ ਬਣਨਗੇ ਜੋ ਯਹੋਵਾਹ ਨੂੰ ਸਾਫ਼ ਦਿਲ ਨਾਲ ਭੇਟ ਚੜ੍ਹਾਉਂਦੇ ਹਨ।
4 ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੀ ਭੇਟ ਤੋਂ ਖ਼ੁਸ਼ ਹੋਵੇਗਾ, ਜਿਵੇਂ ਉਹ ਪੁਰਾਣੇ ਜ਼ਮਾਨੇ ਵਿਚ ਹੁੰਦਾ ਸੀ।+
5 “ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਜਾਦੂ-ਟੂਣਾ ਕਰਨ ਵਾਲਿਆਂ,+ ਹਰਾਮਕਾਰਾਂ ਤੇ ਝੂਠੀਆਂ ਸਹੁੰਆਂ ਖਾਣ ਵਾਲਿਆਂ+ ਅਤੇ ਮਜ਼ਦੂਰਾਂ,+ ਵਿਧਵਾਵਾਂ ਤੇ ਯਤੀਮਾਂ*+ ਨਾਲ ਧੋਖਾ ਕਰਨ ਵਾਲਿਆਂ ਅਤੇ ਪਰਦੇਸੀਆਂ ਦੀ ਮਦਦ ਤੋਂ ਇਨਕਾਰ ਕਰਨ ਵਾਲਿਆਂ ਨੂੰ*+ ਸਜ਼ਾ ਸੁਣਾਉਣ ਵਿਚ ਦੇਰ ਨਹੀਂ ਲਾਵਾਂਗਾ। ਇਨ੍ਹਾਂ ਨੇ ਮੇਰਾ ਡਰ ਨਹੀਂ ਮੰਨਿਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
6 “ਮੈਂ ਯਹੋਵਾਹ ਹਾਂ; ਮੈਂ ਕਦੇ ਨਹੀਂ ਬਦਲਦਾ।*+ ਨਾਲੇ ਤੁਸੀਂ ਯਾਕੂਬ ਦੇ ਪੁੱਤਰ ਹੋ। ਇਸੇ ਕਰਕੇ ਤੁਸੀਂ ਅਜੇ ਤਕ ਨਾਸ਼ ਨਹੀਂ ਹੋਏ।
7 ਤੁਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਤੋਂ ਹੀ ਮੇਰੇ ਨਿਯਮਾਂ ’ਤੇ ਚੱਲਣੋਂ ਹਟ ਗਏ ਅਤੇ ਉਨ੍ਹਾਂ ਨੂੰ ਨਹੀਂ ਮੰਨਿਆ।+ ਮੇਰੇ ਕੋਲ ਵਾਪਸ ਆਓ ਅਤੇ ਮੈਂ ਵੀ ਤੁਹਾਡੇ ਕੋਲ ਵਾਪਸ ਆਵਾਂਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
ਪਰ ਤੁਸੀਂ ਕਹਿੰਦੇ ਹੋ: “ਅਸੀਂ ਕਿਵੇਂ ਵਾਪਸ ਆਈਏ?”
8 “ਕੀ ਇਕ ਮਾਮੂਲੀ ਇਨਸਾਨ ਪਰਮੇਸ਼ੁਰ ਨੂੰ ਲੁੱਟ ਸਕਦਾ ਹੈ? ਪਰ ਤੁਸੀਂ ਮੈਨੂੰ ਲੁੱਟ ਰਹੇ ਹੋ।”
ਤੁਸੀਂ ਕਹਿੰਦੇ ਹੋ: “ਅਸੀਂ ਤੈਨੂੰ ਕਿਵੇਂ ਲੁੱਟਿਆ?”
“ਦਸਵਾਂ ਹਿੱਸਾ ਅਤੇ ਦਾਨ ਨਾ ਦੇ ਕੇ।
9 ਤੁਸੀਂ ਸਰਾਪੇ ਹੋਏ ਹੋ* ਕਿਉਂਕਿ ਤੁਸੀਂ ਮੈਨੂੰ ਲੁੱਟ ਰਹੇ ਹੋ। ਹਾਂ, ਪੂਰੀ ਕੌਮ ਮੈਨੂੰ ਲੁੱਟ ਰਹੀ ਹੈ।
10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ* ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ’ਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+
11 “ਅਤੇ ਮੈਂ ਤੁਹਾਡੀ ਖ਼ਾਤਰ ਕੀੜੇ-ਮਕੌੜਿਆਂ* ਨੂੰ ਝਿੜਕਾਂਗਾ, ਇਸ ਕਰਕੇ ਉਹ ਤੁਹਾਡੀ ਫ਼ਸਲ ਤਬਾਹ ਨਹੀਂ ਕਰਨਗੇ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ ਫਲਾਂ ਤੋਂ ਸੱਖਣੇ ਨਹੀਂ ਹੋਣਗੇ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
12 “ਸਾਰੀਆਂ ਕੌਮਾਂ ਨੂੰ ਕਹਿਣਾ ਹੀ ਪਵੇਗਾ ਕਿ ਤੁਸੀਂ ਖ਼ੁਸ਼ਹਾਲ ਹੋ+ ਕਿਉਂਕਿ ਤੁਸੀਂ ਖ਼ੁਸ਼ੀ ਦਾ ਦੇਸ਼ ਬਣੋਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
13 “ਤੁਸੀਂ ਮੇਰੇ ਖ਼ਿਲਾਫ਼ ਕੌੜੀਆਂ ਗੱਲਾਂ ਕਹੀਆਂ ਹਨ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
ਤੁਸੀਂ ਕਹਿੰਦੇ ਹੋ: “ਅਸੀਂ ਤੇਰੇ ਖ਼ਿਲਾਫ਼ ਆਪਸ ਵਿਚ ਕਿਹੜੀਆਂ ਗੱਲਾਂ ਕੀਤੀਆਂ?”+
14 “ਤੁਸੀਂ ਕਹਿੰਦੇ ਹੋ, ‘ਪਰਮੇਸ਼ੁਰ ਦੀ ਸੇਵਾ ਕਰ ਕੇ ਸਾਨੂੰ ਕੀ ਮਿਲਿਆ?+ ਸਾਨੂੰ ਉਸ ਦੀਆਂ ਮੰਗਾਂ ਪੂਰੀਆਂ ਕਰ ਕੇ ਅਤੇ ਸੈਨਾਵਾਂ ਦੇ ਯਹੋਵਾਹ ਨੂੰ ਇਹ ਦਿਖਾ ਕੇ ਕੀ ਫ਼ਾਇਦਾ ਹੋਇਆ ਕਿ ਅਸੀਂ ਆਪਣੇ ਪਾਪਾਂ ’ਤੇ ਸ਼ਰਮਿੰਦੇ ਹਾਂ?
15 ਸਾਨੂੰ ਲੱਗਦਾ ਹੈ ਕਿ ਗੁਸਤਾਖ਼ੀ ਕਰਨ ਵਾਲੇ ਲੋਕ ਖ਼ੁਸ਼ ਹਨ। ਨਾਲੇ ਦੁਸ਼ਟ ਕੰਮਾਂ ਵਿਚ ਲੱਗੇ ਲੋਕ ਸਫ਼ਲ ਹੁੰਦੇ ਹਨ।+ ਉਹ ਪਰਮੇਸ਼ੁਰ ਨੂੰ ਪਰਖਣ ਦੀ ਜੁਰਅਤ ਕਰਦੇ ਹਨ, ਪਰ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ।”
16 ਉਸ ਸਮੇਂ ਯਹੋਵਾਹ ਤੋਂ ਡਰਨ ਵਾਲਿਆਂ ਨੇ ਆਪਸ ਵਿਚ, ਹਾਂ, ਹਰ ਇਕ ਨੇ ਆਪਣੇ ਸਾਥੀ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਧਿਆਨ ਨਾਲ ਸੁਣਦਾ ਰਿਹਾ। ਯਹੋਵਾਹ ਤੋਂ ਡਰਨ ਵਾਲੇ ਅਤੇ ਉਸ ਦੇ ਨਾਂ ’ਤੇ ਸੋਚ-ਵਿਚਾਰ* ਕਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।+
17 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਜਿਸ ਦਿਨ ਮੈਂ ਉਨ੍ਹਾਂ ਨੂੰ ਆਪਣੇ ਖ਼ਾਸ ਲੋਕ* ਬਣਾਵਾਂਗਾ,+ ਉਸ ਦਿਨ ਉਹ ਮੇਰੇ ਆਪਣੇ ਹੋਣਗੇ।+ ਮੈਂ ਉਨ੍ਹਾਂ ’ਤੇ ਦਇਆ ਕਰਾਂਗਾ, ਜਿਵੇਂ ਇਕ ਪਿਤਾ ਆਪਣੇ ਆਗਿਆਕਾਰ ਪੁੱਤਰ ’ਤੇ ਦਇਆ ਕਰਦਾ ਹੈ।+
18 ਤੁਸੀਂ ਫਿਰ ਤੋਂ ਧਰਮੀ ਤੇ ਦੁਸ਼ਟ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਚ ਫ਼ਰਕ ਦੇਖੋਗੇ।”+
ਫੁਟਨੋਟ
^ ਜਾਂ, “ਤਿਆਰ।”
^ ਜਾਂ, “ਦੂਤ।”
^ ਜਾਂ, “ਪਰਦੇਸੀਆਂ ਦੇ ਹੱਕ ਖੋਹਣ ਵਾਲਿਆਂ ਨੂੰ।”
^ ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਜਾਂ, “ਮੈਂ ਬਦਲਿਆ ਨਹੀਂ ਹਾਂ।”
^ ਜਾਂ ਸੰਭਵ ਹੈ, “ਤੁਸੀਂ ਮੈਨੂੰ ਸਰਾਪ ਦਿੰਦੇ ਹੋ।”
^ ਇਬ, “ਭੰਡਾਰ।”
^ ਇਬ, “ਉਜਾੜਨ ਵਾਲਿਆਂ।”
^ ਜਾਂ, “ਮਨਨ।”
^ ਜਾਂ, “ਆਪਣੀ ਕੀਮਤੀ ਜਾਇਦਾਦ।”