ਮੱਤੀ ਮੁਤਾਬਕ ਖ਼ੁਸ਼ ਖ਼ਬਰੀ 11:1-30
11 ਜਦੋਂ ਯਿਸੂ ਆਪਣੇ 12 ਚੇਲਿਆਂ ਨੂੰ ਹਿਦਾਇਤਾਂ ਦੇ ਹਟਿਆ, ਤਾਂ ਉਹ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਤੁਰ ਪਿਆ।+
2 ਪਰ ਜੇਲ੍ਹ ਵਿਚ ਯੂਹੰਨਾ+ ਨੇ ਮਸੀਹ ਦੇ ਕੰਮਾਂ ਬਾਰੇ ਸੁਣ ਕੇ ਆਪਣੇ ਚੇਲਿਆਂ ਨੂੰ ਉਸ ਕੋਲ ਇਹ ਪੁੱਛਣ ਲਈ+
3 ਭੇਜਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”+
4 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਯੂਹੰਨਾ ਨੂੰ ਉਹ ਸਾਰੀਆਂ ਗੱਲਾਂ ਦੱਸੋ ਜੋ ਤੁਸੀਂ ਸੁਣਦੇ ਅਤੇ ਦੇਖਦੇ ਹੋ:+
5 ਅੰਨ੍ਹੇ ਹੁਣ ਦੇਖ ਰਹੇ ਹਨ,+ ਲੰਗੜੇ ਤੁਰ ਰਹੇ ਹਨ, ਕੋੜ੍ਹੀ+ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।+
6 ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।”+
7 ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਯਿਸੂ ਨੇ ਯੂਹੰਨਾ ਬਾਰੇ ਭੀੜ ਨੂੰ ਦੱਸਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿਚ ਕੀ ਦੇਖਣ ਗਏ ਸੀ?+ ਕੀ ਹਵਾ ਵਿਚ ਝੂਲਦੇ ਸਰਕੰਡੇ ਨੂੰ?+
8 ਫਿਰ ਤੁਸੀਂ ਕੀ ਦੇਖਣ ਗਏ ਸੀ? ਮੁਲਾਇਮ ਤੇ ਰੇਸ਼ਮੀ* ਕੱਪੜੇ ਪਾਈ ਆਦਮੀ ਨੂੰ? ਇਹੋ ਜਿਹੇ ਕੱਪੜੇ ਪਾਉਣ ਵਾਲੇ ਲੋਕ ਰਾਜਿਆਂ ਦੇ ਮਹਿਲਾਂ ਵਿਚ ਹੁੰਦੇ ਹਨ।
9 ਤਾਂ ਫਿਰ, ਤੁਸੀਂ ਕਿਉਂ ਗਏ ਸੀ? ਕੀ ਨਬੀ ਨੂੰ ਦੇਖਣ? ਹਾਂ, ਉਹ ਤਾਂ ਦੂਸਰੇ ਨਬੀਆਂ ਤੋਂ ਵੀ ਵੱਡਾ ਹੈ।+
10 ਉਸੇ ਬਾਰੇ ਇਹ ਲਿਖਿਆ ਗਿਆ ਹੈ: ‘ਦੇਖ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ* ਨੂੰ ਘੱਲ ਰਿਹਾ ਹਾਂ ਜੋ ਤੇਰੇ ਲਈ ਰਾਹ ਤਿਆਰ ਕਰੇਗਾ!’+
11 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੀਵੀਆਂ ਦੀ ਕੁੱਖੋਂ ਪੈਦਾ ਹੋਏ ਲੋਕਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ, ਪਰ ਸਵਰਗ ਦੇ ਰਾਜ ਵਿਚ ਜਿਹੜਾ ਛੋਟਾ ਵੀ ਹੈ, ਉਹ ਯੂਹੰਨਾ ਨਾਲੋਂ ਵੱਡਾ ਹੈ।+
12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤਕ, ਲੋਕ ਸਵਰਗ ਦਾ ਰਾਜ ਹਾਸਲ ਕਰਨ ਲਈ ਬਹੁਤ ਜਤਨ ਕਰ ਰਹੇ ਹਨ ਅਤੇ ਜਿਹੜੇ ਪੂਰਾ ਜ਼ੋਰ ਲਾ ਕੇ ਜਤਨ ਕਰਦੇ ਹਨ, ਉਹੀ ਇਸ ਰਾਜ ਨੂੰ ਹਾਸਲ ਕਰਦੇ ਹਨ।+
13 ਕਿਉਂਕਿ ਯੂਹੰਨਾ ਦੇ ਸਮੇਂ ਤਕ ਸਾਰੇ ਨਬੀਆਂ ਅਤੇ ਮੂਸਾ ਦੇ ਕਾਨੂੰਨ ਨੇ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਪਹਿਲਾਂ ਹੀ ਦੱਸਿਆ ਸੀ;+
14 ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ, ਯੂਹੰਨਾ ਹੀ ‘ਏਲੀਯਾਹ ਨਬੀ ਹੈ ਜਿਸ ਨੇ ਆਉਣਾ ਸੀ।’+
15 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।
16 “ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ?+ ਇਹ ਪੀੜ੍ਹੀ ਬਾਜ਼ਾਰਾਂ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੀ ਹੈ ਜਿਹੜੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ
17 ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਸਿਆਪਾ ਨਾ ਕੀਤਾ।’
18 ਇਸੇ ਤਰ੍ਹਾਂ, ਯੂਹੰਨਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ, ਪਰ ਲੋਕ ਕਹਿੰਦੇ ਹਨ, ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ।’
19 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ,+ ਤਾਂ ਲੋਕ ਕਹਿੰਦੇ ਹਨ, ‘ਦੇਖੋ! ਪੇਟੂ ਅਤੇ ਸ਼ਰਾਬੀ, ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’+ ਪਰ ਗੱਲ ਤਾਂ ਇਹ ਹੈ ਕਿ ਬੁੱਧ ਆਪਣੇ ਕੰਮਾਂ* ਤੋਂ ਜ਼ਾਹਰ ਹੁੰਦੀ ਹੈ।”+
20 ਫਿਰ ਉਹ ਉਨ੍ਹਾਂ ਸ਼ਹਿਰਾਂ ਨੂੰ ਫਿਟਕਾਰਨ ਲੱਗਾ ਜਿੱਥੇ ਉਸ ਨੇ ਜ਼ਿਆਦਾ ਕਰਾਮਾਤਾਂ ਕੀਤੀਆਂ ਸਨ ਕਿਉਂਕਿ ਉੱਥੇ ਦੇ ਲੋਕਾਂ ਨੇ ਤੋਬਾ ਨਹੀਂ ਕੀਤੀ ਸੀ।
21 ਉਸ ਨੇ ਕਿਹਾ: “ਲਾਹਨਤ ਹੈ ਤੇਰੇ ’ਤੇ, ਖੁਰਾਜ਼ੀਨ! ਲਾਹਨਤ ਹੈ ਤੇਰੇ ’ਤੇ, ਬੈਤਸੈਦਾ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸੋਰ ਅਤੇ ਸੀਦੋਨ ਵਿਚ ਕੀਤੀਆਂ ਜਾਂਦੀਆਂ, ਤਾਂ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੇ ਬਹੁਤ ਚਿਰ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿਚ ਬੈਠ ਕੇ ਤੋਬਾ ਕਰ ਲਈ ਹੁੰਦੀ।+
22 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ: ਤੁਹਾਡੇ ਨਾਲੋਂ ਸੋਰ ਅਤੇ ਸੀਦੋਨ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।+
23 ਅਤੇ ਹੇ ਕਫ਼ਰਨਾਹੂਮ,+ ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ;+ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਕੀਤੀਆਂ ਗਈਆਂ ਸਨ, ਜੇ ਇਹੀ ਕਰਾਮਾਤਾਂ ਸਦੂਮ ਵਿਚ ਕੀਤੀਆਂ ਜਾਂਦੀਆਂ, ਤਾਂ ਉਸ ਸ਼ਹਿਰ ਨੇ ਅੱਜ ਦੇ ਦਿਨ ਤਕ ਹੋਣਾ ਸੀ।
24 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ: ਤੇਰੇ* ਨਾਲੋਂ ਸਦੂਮ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।”+
25 ਉਸ ਵੇਲੇ ਯਿਸੂ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।+
26 ਹੇ ਪਿਤਾ, ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ।
27 ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪ ਦਿੱਤਾ ਹੈ+ ਅਤੇ ਪਿਤਾ ਤੋਂ ਸਿਵਾਇ ਕੋਈ ਵੀ ਪੁੱਤਰ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ;+ ਨਾ ਕੋਈ ਪਿਤਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਸਿਵਾਇ ਪੁੱਤਰ ਦੇ ਅਤੇ ਉਸ ਦੇ ਜਿਸ ਨੂੰ ਪੁੱਤਰ ਉਸ ਬਾਰੇ ਦੱਸਣਾ ਚਾਹੁੰਦਾ ਹੈ।+
28 ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।
29 ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ+ ਅਤੇ ਤੁਹਾਨੂੰ ਤਾਜ਼ਗੀ ਮਿਲੇਗੀ।
30 ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੇਰਾ ਬੋਝ ਭਾਰਾ ਨਹੀਂ ਹੈ।”