ਮੱਤੀ ਮੁਤਾਬਕ ਖ਼ੁਸ਼ ਖ਼ਬਰੀ 20:1-34

  • ਬਾਗ਼ ਦੇ ਮਜ਼ਦੂਰ ਤੇ ਬਰਾਬਰ ਮਜ਼ਦੂਰੀ (1-16)

  • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (17-19)

  • ਰਾਜ ਵਿਚ ਖ਼ਾਸ ਪਦਵੀਆਂ ਲਈ ਬੇਨਤੀ (20-28)

    • ਯਿਸੂ ਬਹੁਤਿਆਂ ਲਈ ਰਿਹਾਈ ਦੀ ਕੀਮਤ ਹੈ (28)

  • ਦੋ ਅੰਨ੍ਹੇ ਆਦਮੀ ਸੁਜਾਖੇ ਕੀਤੇ ਗਏ (29-34)

20  “ਸਵਰਗ ਦਾ ਰਾਜ ਇਕ ਆਦਮੀ ਵਰਗਾ ਹੈ ਜਿਸ ਕੋਲ ਅੰਗੂਰਾਂ ਦਾ ਬਾਗ਼ ਹੈ ਅਤੇ ਉਹ ਸਵੇਰੇ-ਸਵੇਰੇ ਉੱਠ ਕੇ ਆਪਣੇ ਬਾਗ਼ ਵਿਚ ਕੰਮ ਕਰਨ ਵਾਸਤੇ ਮਜ਼ਦੂਰਾਂ ਨੂੰ ਲੈਣ ਗਿਆ।+  ਉਸ ਨੇ ਮਜ਼ਦੂਰਾਂ ਨਾਲ ਇਕ-ਇਕ ਦੀਨਾਰ* ਮਜ਼ਦੂਰੀ ਤੈਅ ਕੀਤੀ ਅਤੇ ਫਿਰ ਉਨ੍ਹਾਂ ਨੂੰ ਆਪਣੇ ਬਾਗ਼ ਵਿਚ ਕੰਮ ਕਰਨ ਲਈ ਘੱਲ ਦਿੱਤਾ।  ਫਿਰ ਜਦ ਉਹ ਸਵੇਰੇ 9 ਕੁ ਵਜੇ* ਬਾਹਰ ਗਿਆ, ਤਾਂ ਉਸ ਨੇ ਬਾਜ਼ਾਰ ਵਿਚ ਕਈ ਹੋਰ ਜਣਿਆਂ ਨੂੰ ਵਿਹਲੇ ਖੜ੍ਹੇ ਦੇਖਿਆ  ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ ਅਤੇ ਜੋ ਮਜ਼ਦੂਰੀ ਬਣੇਗੀ, ਮੈਂ ਤੁਹਾਨੂੰ ਦਿਆਂਗਾ।’  ਤਦ ਉਹ ਵੀ ਕੰਮ ਕਰਨ ਚਲੇ ਗਏ। ਫਿਰ ਉਸ ਨੇ ਦੁਪਹਿਰ ਦੇ 12 ਕੁ ਵਜੇ* ਤੇ 3 ਕੁ ਵਜੇ* ਵੀ ਬਾਹਰ ਜਾ ਕੇ ਇਸੇ ਤਰ੍ਹਾਂ ਕੀਤਾ।  ਅਖ਼ੀਰ ਵਿਚ, ਉਸ ਨੇ ਸ਼ਾਮ ਦੇ 5 ਕੁ ਵਜੇ* ਬਾਹਰ ਜਾ ਕੇ ਹੋਰ ਕਈਆਂ ਨੂੰ ਖੜ੍ਹੇ ਦੇਖਿਆ ਤੇ ਪੁੱਛਿਆ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ?’  ਉਨ੍ਹਾਂ ਨੇ ਜਵਾਬ ਦਿੱਤਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ’ਤੇ ਨਹੀਂ ਲਾਇਆ।’ ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਬਾਗ਼ ਵਿਚ ਜਾ ਕੇ ਕੰਮ ਕਰੋ।’  “ਜਦ ਸ਼ਾਮ ਹੋਈ, ਤਾਂ ਮਾਲਕ ਨੇ ਬਾਗ਼ ਦੀ ਦੇਖ-ਰੇਖ ਕਰਨ ਵਾਲੇ ਨੂੰ ਕਿਹਾ, ‘ਸਾਰੇ ਮਜ਼ਦੂਰਾਂ ਨੂੰ ਬੁਲਾ ਕੇ ਉਨ੍ਹਾਂ ਦੀ ਮਜ਼ਦੂਰੀ ਦੇ।+ ਜਿਹੜੇ ਅਖ਼ੀਰ ਵਿਚ ਆਏ ਸਨ, ਉਨ੍ਹਾਂ ਤੋਂ ਸ਼ੁਰੂ ਕਰ ਕੇ ਸਭ ਤੋਂ ਪਹਿਲਾਂ ਆਏ ਮਜ਼ਦੂਰਾਂ ਤਕ ਸਾਰਿਆਂ ਨੂੰ ਦੇ।’  ਜਿਨ੍ਹਾਂ ਨੇ 5 ਕੁ ਵਜੇ* ਤੋਂ ਕੰਮ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇਕ-ਇਕ ਦੀਨਾਰ* ਮਜ਼ਦੂਰੀ ਮਿਲੀ। 10  ਜਦ ਸਾਰਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਵਾਲਿਆਂ ਦੀ ਵਾਰੀ ਆਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰੀ ਮਿਲੇਗੀ, ਪਰ ਉਨ੍ਹਾਂ ਨੂੰ ਵੀ ਇਕ-ਇਕ ਦੀਨਾਰ* ਹੀ ਮਿਲਿਆ। 11  ਮਜ਼ਦੂਰੀ ਮਿਲਣ ਤੇ ਉਹ ਮਾਲਕ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। 12  ਉਨ੍ਹਾਂ ਨੇ ਕਿਹਾ, ‘ਇਹ ਜਿਹੜੇ ਅਖ਼ੀਰ ਵਿਚ ਆਏ ਸਨ, ਇਨ੍ਹਾਂ ਨੇ ਇੱਕੋ ਘੰਟਾ ਕੰਮ ਕੀਤਾ, ਜਦ ਕਿ ਅਸੀਂ ਸਾਰਾ ਦਿਨ ਧੁੱਪੇ ਟੁੱਟ-ਟੁੱਟ ਕੇ ਕੰਮ ਕੀਤਾ, ਫਿਰ ਵੀ ਤੂੰ ਉਨ੍ਹਾਂ ਨੂੰ ਸਾਡੇ ਜਿੰਨੀ ਮਜ਼ਦੂਰੀ ਦਿੱਤੀ!’ 13  ਪਰ ਉਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਕਿਹਾ, ‘ਭਰਾਵਾ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ। ਕੀ ਤੂੰ ਇਕ ਦੀਨਾਰ* ਮਜ਼ਦੂਰੀ ਲਈ ਨਹੀਂ ਮੰਨਿਆ ਸੀ?+ 14  ਆਪਣੀ ਮਜ਼ਦੂਰੀ ਲੈ ਤੇ ਜਾਹ। ਜਿਨ੍ਹਾਂ ਨੇ ਇਕ ਘੰਟਾ ਕੰਮ ਕੀਤਾ, ਮੈਂ ਉਨ੍ਹਾਂ ਨੂੰ ਵੀ ਤੇਰੇ ਜਿੰਨੀ ਮਜ਼ਦੂਰੀ ਦੇਣੀ ਚਾਹੁੰਦਾ ਹਾਂ। 15  ਕੀ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਆਪਣੇ ਪੈਸੇ ਨਾਲ ਜੋ ਜੀਅ ਚਾਹੇ ਕਰਾਂ? ਕੀ ਤੈਨੂੰ ਇਸ ਗੱਲ ਦਾ ਸਾੜਾ ਹੈ* ਕਿ ਮੈਂ ਇਨ੍ਹਾਂ ਦਾ ਭਲਾ ਕੀਤਾ?’+ 16  ਇਸ ਤਰ੍ਹਾਂ, ਜਿਹੜੇ ਪਿੱਛੇ ਹਨ ਉਹ ਅੱਗੇ ਹੋ ਜਾਣਗੇ ਅਤੇ ਅਗਲੇ ਪਿੱਛੇ ਹੋ ਜਾਣਗੇ।”+ 17  ਜਦ ਉਹ ਯਰੂਸ਼ਲਮ ਨੂੰ ਜਾ ਰਹੇ ਸਨ, ਤਾਂ ਰਾਹ ਵਿਚ ਯਿਸੂ ਨੇ ਆਪਣੇ 12 ਚੇਲਿਆਂ ਨੂੰ ਇਕ ਪਾਸੇ ਲੈ ਜਾ ਕੇ ਦੱਸਿਆ:+ 18  “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਉੱਥੇ ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ। ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ+ 19  ਅਤੇ ਉਹ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ ਅਤੇ ਲੋਕ ਉਸ ਦਾ ਮਜ਼ਾਕ ਉਡਾਉਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਸੂਲ਼ੀ ਉੱਤੇ ਟੰਗ ਦੇਣਗੇ;+ ਅਤੇ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ ਜਾਵੇਗਾ।”+ 20  ਫਿਰ ਜ਼ਬਦੀ ਦੇ ਪੁੱਤਰ ਆਪਣੀ ਮਾਂ ਨਾਲ+ ਆਏ ਅਤੇ ਯਿਸੂ ਨੂੰ ਨਮਸਕਾਰ ਕੀਤਾ।* ਉਨ੍ਹਾਂ ਦੀ ਮਾਂ ਉਸ ਤੋਂ ਕੁਝ ਮੰਗਣ ਆਈ ਸੀ।+ 21  ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ: “ਵਾਅਦਾ ਕਰ ਕਿ ਤੂੰ ਆਪਣੇ ਰਾਜ ਵਿਚ ਮੇਰੇ ਇਨ੍ਹਾਂ ਦੋਵਾਂ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ ਬਿਠਾਏਂਗਾ।”+ 22  ਯਿਸੂ ਨੇ ਜਵਾਬ ਦਿੱਤਾ: “ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜੋ ਮੈਂ ਪੀਣ ਵਾਲਾ ਹਾਂ?”+ ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਪੀ ਸਕਦੇ ਹਾਂ।” 23  ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰਾ ਪਿਆਲਾ ਜ਼ਰੂਰ ਪੀਓਗੇ।+ ਪਰ ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਮੇਰਾ ਪਿਤਾ ਇਸ ਗੱਲ ਦਾ ਫ਼ੈਸਲਾ ਕਰੇਗਾ।”+ 24  ਜਦੋਂ ਬਾਕੀ ਦਸਾਂ ਚੇਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਦੋਹਾਂ ਭਰਾਵਾਂ ’ਤੇ ਬਹੁਤ ਗੁੱਸੇ ਹੋਏ।+ 25  ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਹਾਕਮ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ।+ 26  ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ;+ ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ+ 27  ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ।+ 28  ਠੀਕ ਜਿਵੇਂ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+ 29  ਜਦੋਂ ਉਹ ਯਰੀਹੋ ਤੋਂ ਬਾਹਰ ਜਾ ਰਹੇ ਸਨ, ਉਦੋਂ ਇਕ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਜਾ ਰਹੀ ਸੀ। 30  ਅਤੇ ਦੇਖੋ! ਰਾਹ ਵਿਚ ਬੈਠੇ ਦੋ ਅੰਨ੍ਹਿਆਂ ਨੇ ਜਦੋਂ ਸੁਣਿਆ ਕਿ ਯਿਸੂ ਉੱਧਰੋਂ ਦੀ ਲੰਘ ਰਿਹਾ ਸੀ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ’ਤੇ ਰਹਿਮ ਕਰ!”+ 31  ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਤੇ ਚੁੱਪ ਰਹਿਣ ਲਈ ਕਿਹਾ; ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਏ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ’ਤੇ ਰਹਿਮ ਕਰ!” 32  ਇਹ ਸੁਣ ਕੇ ਯਿਸੂ ਰੁਕ ਗਿਆ ਤੇ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ: “ਦੱਸੋ, ਮੈਂ ਤੁਹਾਡੇ ਲਈ ਕੀ ਕਰਾਂ?” 33  ਉਨ੍ਹਾਂ ਨੇ ਕਿਹਾ: “ਪ੍ਰਭੂ, ਸਾਨੂੰ ਸੁਜਾਖੇ ਕਰ ਦੇ।” 34  ਯਿਸੂ ਨੂੰ ਉਨ੍ਹਾਂ ’ਤੇ ਦਇਆ ਆਈ ਅਤੇ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ+ ਤੇ ਉਸੇ ਵੇਲੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਉਸ ਦੇ ਮਗਰ ਤੁਰ ਪਏ।

ਫੁਟਨੋਟ

ਯੂਨਾ, “ਤੀਸਰਾ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
ਯੂਨਾ, “ਛੇਵਾਂ ਘੰਟਾ।”
ਯੂਨਾ, “ਨੌਵਾਂ ਘੰਟਾ।”
ਯੂਨਾ, “ਗਿਆਰਵਾਂ ਘੰਟਾ।”
ਯੂਨਾ, “ਗਿਆਰਵਾਂ ਘੰਟਾ।”
ਯੂਨਾ, “ਤੇਰੀ ਅੱਖ ਦੁਸ਼ਟ ਹੈ।”
ਜਾਂ, “ਅੱਗੇ ਸਿਰ ਝੁਕਾਇਆ।”