ਮੱਤੀ ਮੁਤਾਬਕ ਖ਼ੁਸ਼ ਖ਼ਬਰੀ 3:1-17
3 ਉਨ੍ਹੀਂ ਦਿਨੀਂ ਯੂਹੰਨਾ+ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ+
2 ਲੋਕਾਂ ਨੂੰ ਕਹਿਣ ਲੱਗਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+
3 ਇਸੇ ਯੂਹੰਨਾ ਬਾਰੇ ਯਸਾਯਾਹ ਨਬੀ+ ਨੇ ਇਹ ਸ਼ਬਦ ਕਹੇ ਸਨ: “ਸੁਣੋ! ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: ‘ਯਹੋਵਾਹ* ਦਾ ਰਸਤਾ ਤਿਆਰ ਕਰੋ! ਉਸ ਦੇ ਰਾਹਾਂ ਨੂੰ ਸਿੱਧਾ ਕਰੋ।’”+
4 ਯੂਹੰਨਾ ਨੇ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਇਆ ਹੋਇਆ ਸੀ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਬੱਝਾ ਸੀ;+ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।+
5 ਫਿਰ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦਰਿਆ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਤੋਂ ਲੋਕ ਯੂਹੰਨਾ ਕੋਲ ਆ ਰਹੇ ਸਨ+
6 ਅਤੇ ਉਨ੍ਹਾਂ ਨੇ ਆਪਣੇ ਪਾਪ ਖੁੱਲ੍ਹ ਕੇ ਕਬੂਲ ਕੀਤੇ ਅਤੇ ਯਰਦਨ ਦਰਿਆ ਵਿਚ ਉਸ ਤੋਂ ਬਪਤਿਸਮਾ ਲਿਆ।*+
7 ਜਦੋਂ ਉਸ ਨੇ ਕਈ ਫ਼ਰੀਸੀਆਂ ਅਤੇ ਸਦੂਕੀਆਂ+ ਨੂੰ ਬਪਤਿਸਮੇ ਵਾਲੀ ਜਗ੍ਹਾ ਆਉਂਦੇ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ,+ ਤੁਹਾਨੂੰ ਕਿਸ ਨੇ ਚੇਤਾਵਨੀ ਦਿੱਤੀ ਕਿ ਤੁਸੀਂ ਪਰਮੇਸ਼ੁਰ ਦੇ ਕਹਿਰ ਦੇ ਦਿਨ ਤੋਂ ਬਚ ਜਾਓਗੇ?+
8 ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ ਦਿਓ।
9 ਆਪਣੇ ਮਨਾਂ ਵਿਚ ਇਹ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ।’+ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਇਨ੍ਹਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ।
10 ਕੁਹਾੜਾ ਦਰਖ਼ਤਾਂ ਦੀਆਂ ਜੜ੍ਹਾਂ ਉੱਤੇ ਰੱਖਿਆ ਹੋਇਆ ਹੈ। ਜਿਹੜਾ ਵੀ ਦਰਖ਼ਤ ਵਧੀਆ ਫਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਵੇਗਾ।+
11 ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਜਦ ਤੁਸੀਂ ਤੋਬਾ ਕਰਦੇ ਹੋ,+ ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ।+ ਉਹ ਤੁਹਾਨੂੰ ਪਵਿੱਤਰ ਸ਼ਕਤੀ+ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।+
12 ਉਸ ਦੀ ਤੰਗਲੀ ਉਸ ਦੇ ਹੱਥ ਵਿਚ ਹੈ ਅਤੇ ਉਹ ਪਿੜ* ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੀ ਵਿਚ ਸਾਂਭੇਗਾ ਤੇ ਤੂੜੀ ਨੂੰ ਅੱਗ ਲਾ ਦੇਵੇਗਾ+ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।”
13 ਫਿਰ ਗਲੀਲ ਤੋਂ ਯਿਸੂ ਬਪਤਿਸਮਾ ਲੈਣ ਯੂਹੰਨਾ ਕੋਲ ਯਰਦਨ ਦਰਿਆ ’ਤੇ ਆਇਆ।+
14 ਪਰ ਯੂਹੰਨਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਿਹਾ: “ਮੈਨੂੰ ਤਾਂ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ ਤੇ ਤੂੰ ਮੇਰੇ ਤੋਂ ਬਪਤਿਸਮਾ ਲੈਣ ਆਇਆ ਹੈਂ?”
15 ਯਿਸੂ ਨੇ ਉਸ ਨੂੰ ਕਿਹਾ: “ਹੁਣ ਇਸੇ ਤਰ੍ਹਾਂ ਹੋਣ ਦੇ ਕਿਉਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਸਾਡੇ ਲਈ ਇਸ ਤਰ੍ਹਾਂ ਕਰਨਾ ਠੀਕ ਹੈ।” ਫਿਰ ਯੂਹੰਨਾ ਨੇ ਉਸ ਨੂੰ ਨਾ ਰੋਕਿਆ।
16 ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ+ ਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦਿਆਂ ਦੇਖਿਆ।+
17 ਦੇਖੋ! ਸਵਰਗੋਂ ਇਕ ਆਵਾਜ਼ ਆਈ:+ “ਇਹ ਮੇਰਾ ਪਿਆਰਾ ਪੁੱਤਰ ਹੈ+ ਜਿਸ ਤੋਂ ਮੈਂ ਖ਼ੁਸ਼ ਹਾਂ।”+