ਯਸਾਯਾਹ 36:1-22
36 ਰਾਜਾ ਹਿਜ਼ਕੀਯਾਹ ਦੇ ਰਾਜ ਦੇ 14ਵੇਂ ਸਾਲ ਅੱਸ਼ੂਰ+ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਖ਼ਿਲਾਫ਼ ਆਇਆ ਅਤੇ ਉਨ੍ਹਾਂ ’ਤੇ ਕਬਜ਼ਾ ਕਰ ਲਿਆ।+
2 ਫਿਰ ਅੱਸ਼ੂਰ ਦੇ ਰਾਜੇ ਨੇ ਲਾਕੀਸ਼+ ਤੋਂ ਰਬਸ਼ਾਕੇਹ*+ ਨੂੰ ਵੱਡੀ ਸਾਰੀ ਫ਼ੌਜ ਨਾਲ ਯਰੂਸ਼ਲਮ ਵਿਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਉੱਪਰਲੇ ਸਰੋਵਰ ਦੀ ਖਾਲ਼ ਕੋਲ ਤੈਨਾਤ ਹੋ ਗਏ+ ਜੋ ਧੋਬੀ ਦੇ ਮੈਦਾਨ ਦੇ ਰਾਜਮਾਰਗ ’ਤੇ ਹੈ।+
3 ਫਿਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ,+ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਉਸ ਕੋਲ ਬਾਹਰ ਆਏ।
4 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ’ਤੇ ਭਰੋਸਾ ਹੈ?+
5 ਤੂੰ ਕਹਿੰਦਾ ਹੈਂ, ‘ਮੇਰੇ ਕੋਲ ਰਣਨੀਤੀ ਤੇ ਯੁੱਧ ਕਰਨ ਲਈ ਤਾਕਤ ਹੈ,’ ਪਰ ਇਹ ਖੋਖਲੀਆਂ ਗੱਲਾਂ ਹਨ। ਤੂੰ ਕਿਹਦੇ ਉੱਤੇ ਭਰੋਸਾ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕਰਨ ਦੀ ਜੁਰਅਤ ਕੀਤੀ?+
6 ਦੇਖ! ਤੂੰ ਇਸ ਦਰੜੇ ਹੋਏ ਕਾਨੇ ਮਿਸਰ ਦੀ ਮਦਦ ’ਤੇ ਭਰੋਸਾ ਕਰ ਰਿਹਾ ਹੈਂ। ਜੇ ਕੋਈ ਆਦਮੀ ਇਹਦਾ ਸਹਾਰਾ ਲੈਣ ਲਈ ਇਸ ਨੂੰ ਫੜੇ, ਤਾਂ ਇਹ ਉਸ ਦੀ ਹਥੇਲੀ ਵਿਚ ਖੁੱਭ ਕੇ ਆਰ-ਪਾਰ ਹੋ ਜਾਵੇਗਾ। ਮਿਸਰ ਦਾ ਰਾਜਾ ਫ਼ਿਰਊਨ ਉਨ੍ਹਾਂ ਸਾਰਿਆਂ ਲਈ ਇਸੇ ਤਰ੍ਹਾਂ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ।+
7 ਅਤੇ ਜੇ ਤੁਸੀਂ ਮੈਨੂੰ ਕਹਿੰਦੇ ਹੋ, ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ,’ ਤਾਂ ਕੀ ਉਹ ਉਹੀ ਨਹੀਂ ਜਿਸ ਦੀਆਂ ਉੱਚੀਆਂ ਥਾਵਾਂ ਅਤੇ ਵੇਦੀਆਂ ਨੂੰ ਹਿਜ਼ਕੀਯਾਹ ਨੇ ਢਾਹ ਸੁੱਟਿਆ+ ਤੇ ਹੁਣ ਉਹ ਯਹੂਦਾਹ ਤੇ ਯਰੂਸ਼ਲਮ ਨੂੰ ਕਹਿੰਦਾ ਹੈ, ‘ਤੁਸੀਂ ਇਸ ਵੇਦੀ ਅੱਗੇ ਮੱਥਾ ਟੇਕੋ’?”’+
8 ਇਸ ਲਈ ਹੁਣ ਮੇਰੇ ਮਾਲਕ ਅੱਸ਼ੂਰ ਦੇ ਰਾਜੇ+ ਨਾਲ ਇਹ ਸ਼ਰਤ ਲਾ: ਮੈਂ ਤੈਨੂੰ 2,000 ਘੋੜੇ ਦਿਆਂਗਾ ਜੇ ਤੂੰ ਉਨ੍ਹਾਂ ਲਈ ਸਵਾਰ ਲਿਆ ਕੇ ਦਿਖਾਵੇਂ।
9 ਜੇ ਨਹੀਂ ਲਿਆ ਸਕਦਾ, ਤਾਂ ਫਿਰ ਤੂੰ ਕਿੱਦਾਂ ਮੇਰੇ ਮਾਲਕ ਦੇ ਸੇਵਕਾਂ ਵਿੱਚੋਂ ਸਭ ਤੋਂ ਮਾਮੂਲੀ ਰਾਜਪਾਲ ਨੂੰ ਭਜਾ ਸਕਦਾ ਹੈਂ ਕਿਉਂਕਿ ਤੂੰ ਤਾਂ ਰਥਾਂ ਅਤੇ ਘੋੜਸਵਾਰਾਂ ਲਈ ਮਿਸਰ ’ਤੇ ਭਰੋਸਾ ਕਰਦਾ ਹੈਂ?
10 ਕੀ ਮੈਂ ਯਹੋਵਾਹ ਦੀ ਇਜਾਜ਼ਤ ਤੋਂ ਬਿਨਾਂ ਇਸ ਦੇਸ਼ ਨੂੰ ਤਬਾਹ ਕਰਨ ਆਇਆ ਹਾਂ? ਯਹੋਵਾਹ ਨੇ ਆਪ ਮੈਨੂੰ ਕਿਹਾ ਹੈ, ‘ਇਸ ਦੇਸ਼ ’ਤੇ ਚੜ੍ਹਾਈ ਕਰ ਕੇ ਇਸ ਨੂੰ ਤਬਾਹ ਕਰ ਦੇ।’”
11 ਇਹ ਸੁਣ ਕੇ ਅਲਯਾਕੀਮ, ਸ਼ਬਨਾ+ ਅਤੇ ਯੋਆਹ ਨੇ ਰਬਸ਼ਾਕੇਹ+ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਸੇਵਕਾਂ ਨਾਲ ਅਰਾਮੀ* ਭਾਸ਼ਾ+ ਵਿਚ ਗੱਲ ਕਰ ਕਿਉਂਕਿ ਅਸੀਂ ਇਹ ਭਾਸ਼ਾ ਸਮਝ ਸਕਦੇ ਹਾਂ; ਸਾਡੇ ਨਾਲ ਯਹੂਦੀਆਂ ਦੀ ਭਾਸ਼ਾ ਵਿਚ ਗੱਲ ਨਾ ਕਰ ਕਿਉਂਕਿ ਜਿਹੜੇ ਲੋਕ ਕੰਧ ਉੱਤੇ ਹਨ, ਤੇਰੀ ਗੱਲ ਸੁਣ ਰਹੇ ਹਨ।”+
12 ਪਰ ਰਬਸ਼ਾਕੇਹ ਨੇ ਕਿਹਾ: “ਤੈਨੂੰ ਕੀ ਲੱਗਦਾ, ਕੀ ਮੇਰੇ ਮਾਲਕ ਨੇ ਸਿਰਫ਼ ਤੇਰੇ ਮਾਲਕ ਨੂੰ ਤੇ ਤੈਨੂੰ ਹੀ ਇਹ ਗੱਲਾਂ ਦੱਸਣ ਲਈ ਮੈਨੂੰ ਭੇਜਿਆ ਹੈ? ਕੀ ਕੰਧ ਉੱਤੇ ਬੈਠੇ ਇਨ੍ਹਾਂ ਆਦਮੀਆਂ ਨੂੰ ਵੀ ਦੱਸਣ ਲਈ ਨਹੀਂ ਜਿਹੜੇ ਤੁਹਾਡੇ ਨਾਲ ਆਪਣਾ ਹੀ ਗੂੰਹ ਖਾਣਗੇ ਤੇ ਆਪਣਾ ਹੀ ਪਿਸ਼ਾਬ ਪੀਣਗੇ?”
13 ਫਿਰ ਰਬਸ਼ਾਕੇਹ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਯਹੂਦੀਆਂ ਦੀ ਭਾਸ਼ਾ ਵਿਚ+ ਕਿਹਾ: “ਮਹਾਨ ਰਾਜੇ, ਹਾਂ, ਅੱਸ਼ੂਰ ਦੇ ਰਾਜੇ ਦਾ ਸੰਦੇਸ਼ ਸੁਣੋ।+
14 ਰਾਜਾ ਇਹ ਕਹਿੰਦਾ ਹੈ, ‘ਹਿਜ਼ਕੀਯਾਹ ਦੇ ਧੋਖੇ ਵਿਚ ਨਾ ਆਓ ਕਿਉਂਕਿ ਉਹ ਤੁਹਾਨੂੰ ਨਹੀਂ ਬਚਾ ਸਕਦਾ।+
15 ਨਾਲੇ ਹਿਜ਼ਕੀਯਾਹ ਦੀਆਂ ਇਨ੍ਹਾਂ ਗੱਲਾਂ ਵਿਚ ਆ ਕੇ ਯਹੋਵਾਹ ਉੱਤੇ ਭਰੋਸਾ ਨਾ ਕਰੋ:+ “ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ ਅਤੇ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”
16 ਹਿਜ਼ਕੀਯਾਹ ਦੀ ਗੱਲ ਨਾ ਸੁਣੋ ਕਿਉਂਕਿ ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਮੇਰੇ ਨਾਲ ਸੁਲ੍ਹਾ ਕਰ ਲਓ ਅਤੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ* ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਤੋਂ ਖਾਵੇਗਾ ਤੇ ਆਪਣੇ ਹੀ ਖੂਹ ਦਾ ਪਾਣੀ ਪੀਵੇਗਾ
17 ਜਦ ਤਕ ਮੈਂ ਆ ਕੇ ਤੁਹਾਨੂੰ ਉਸ ਦੇਸ਼ ਵਿਚ ਨਾ ਲੈ ਜਾਵਾਂ ਜੋ ਤੁਹਾਡੇ ਆਪਣੇ ਦੇਸ਼ ਵਰਗਾ ਹੈ,+ ਹਾਂ, ਅਨਾਜ ਤੇ ਨਵੇਂ ਦਾਖਰਸ ਦਾ ਦੇਸ਼, ਰੋਟੀ ਤੇ ਅੰਗੂਰਾਂ ਦੇ ਬਾਗ਼ਾਂ ਦਾ ਦੇਸ਼।
18 ਹਿਜ਼ਕੀਯਾਹ ਦੀ ਇਸ ਗੱਲ ਵਿਚ ਆ ਕੇ ਗੁਮਰਾਹ ਨਾ ਹੋਵੋ, ‘ਯਹੋਵਾਹ ਸਾਨੂੰ ਬਚਾਵੇਗਾ।’ ਕੀ ਕੌਮਾਂ ਦਾ ਕੋਈ ਵੀ ਦੇਵਤਾ ਅੱਸ਼ੂਰ ਦੇ ਰਾਜੇ ਦੇ ਹੱਥੋਂ ਆਪਣੇ ਦੇਸ਼ ਨੂੰ ਬਚਾ ਸਕਿਆ?+
19 ਹਮਾਥ ਤੇ ਅਰਪਾਦ ਦੇ ਦੇਵਤੇ ਕਿੱਥੇ ਹਨ?+ ਸਫਰਵਾਇਮ ਦੇ ਦੇਵਤੇ ਕਿੱਥੇ ਹਨ?+ ਕੀ ਉਹ ਸਾਮਰਿਯਾ ਨੂੰ ਮੇਰੇ ਹੱਥੋਂ ਬਚਾ ਪਾਏ?+
20 ਉਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਇਆ ਜੋ ਯਹੋਵਾਹ ਯਰੂਸ਼ਲਮ ਨੂੰ ਮੇਰੇ ਹੱਥੋਂ ਬਚਾ ਸਕੇ?”’”+
21 ਪਰ ਉਹ ਚੁੱਪ ਰਹੇ ਅਤੇ ਉਨ੍ਹਾਂ ਨੇ ਜਵਾਬ ਵਿਚ ਇਕ ਸ਼ਬਦ ਵੀ ਨਾ ਕਿਹਾ ਕਿਉਂਕਿ ਰਾਜੇ ਦਾ ਹੁਕਮ ਸੀ, “ਤੁਸੀਂ ਉਹਨੂੰ ਜਵਾਬ ਨਾ ਦੇਇਓ।”+
22 ਪਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਆਪਣੇ ਕੱਪੜੇ ਪਾੜੀ ਹਿਜ਼ਕੀਯਾਹ ਕੋਲ ਆਏ ਤੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।
ਫੁਟਨੋਟ
^ ਜਾਂ, “ਮੁੱਖ ਸਾਕੀ।”
^ ਜਾਂ, “ਮਹਿਲ।”
^ ਜਾਂ, “ਸੀਰੀਆਈ।”
^ ਇਬ, “ਮੇਰੇ ਨਾਲ ਆ ਕੇ ਬਰਕਤ ਪਾਓ ਅਤੇ ਮੇਰੇ ਕੋਲ ਬਾਹਰ ਆਓ।”
^ ਜਾਂ, “ਮਹਿਲ।”