ਯਸਾਯਾਹ 47:1-15
47 ਹੇ ਬਾਬਲ ਦੀਏ ਕੁਆਰੀਏ ਧੀਏ,+ਥੱਲੇ ਆ ਤੇ ਧੂੜ ਵਿਚ ਬੈਠ।
ਹੇ ਕਸਦੀਆਂ ਦੀਏ ਧੀਏ,ਜ਼ਮੀਨ ਉੱਤੇ ਬੈਠ ਜਿੱਥੇ ਕੋਈ ਰਾਜ-ਗੱਦੀ ਨਹੀਂ ਹੈ+ਕਿਉਂਕਿ ਲੋਕ ਫਿਰ ਕਦੇ ਨਹੀਂ ਕਹਿਣਗੇ ਕਿ ਤੂੰ ਨਾਜ਼ੁਕ ਹੈਂ ਤੇ ਤੈਨੂੰ ਬਹੁਤ ਲਾਡ-ਪਿਆਰ ਮਿਲਿਆ ਹੈ।
2 ਚੱਕੀ ਲੈ ਤੇ ਆਟਾ ਪੀਹ।
ਆਪਣਾ ਘੁੰਡ ਹਟਾ।
ਆਪਣਾ ਘੱਗਰਾ ਉਤਾਰ ਤੇ ਆਪਣੀਆਂ ਲੱਤਾਂ ਨੰਗੀਆਂ ਕਰ।
ਨਦੀਆਂ ਨੂੰ ਪਾਰ ਕਰ।
3 ਤੇਰਾ ਨੰਗੇਜ਼ ਉਘਾੜਿਆ ਜਾਵੇਗਾ।
ਲੋਕ ਤੇਰੀ ਸ਼ਰਮਨਾਕ ਹਾਲਤ ਦੇਖਣਗੇ।
ਮੈਂ ਬਦਲਾ ਲਵਾਂਗਾ+ ਅਤੇ ਕੋਈ ਵੀ ਆਦਮੀ ਮੇਰੇ ਰਾਹ ਵਿਚ ਨਹੀਂ ਖੜ੍ਹੇਗਾ।*
4 “ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰਸਾਡਾ ਛੁਡਾਉਣ ਵਾਲਾ ਹੈ,ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।”+
5 ਹੇ ਕਸਦੀਆਂ ਦੀਏ ਧੀਏ,+ਹਨੇਰੇ ਵਿਚ ਚਲੀ ਜਾਹ, ਚੁੱਪ ਕਰ ਕੇ ਉੱਥੇ ਬੈਠ ਜਾ;ਉਹ ਤੈਨੂੰ ਅੱਗੇ ਤੋਂ ਰਾਜਾਂ ਦੀ ਮਾਲਕਣ* ਨਹੀਂ ਕਹਿਣਗੇ।+
6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+
ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+
ਪਰ ਤੂੰ ਉਨ੍ਹਾਂ ’ਤੇ ਕੋਈ ਰਹਿਮ ਨਹੀਂ ਕੀਤਾ।+
ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+
7 ਤੂੰ ਕਿਹਾ: “ਮੈਂ ਹਮੇਸ਼ਾ ਮਾਲਕਣ* ਬਣੀ ਰਹਾਂਗੀ।”+
ਤੂੰ ਇਨ੍ਹਾਂ ਗੱਲਾਂ ’ਤੇ ਧਿਆਨ ਨਹੀਂ ਲਾਇਆ;ਤੂੰ ਇਹ ਨਹੀਂ ਸੋਚਿਆ ਕਿ ਅੰਜਾਮ ਕੀ ਹੋਵੇਗਾ।
8 ਹੇ ਅਯਾਸ਼ੀ ਦੀਏ ਸ਼ੌਂਕਣੇ, ਹੁਣ ਇਹ ਸੁਣ,+ਹਾਂ, ਤੂੰ ਜਿਹੜੀ ਅਮਨ-ਚੈਨ ਨਾਲ ਬੈਠੀ ਹੈਂ ਤੇ ਆਪਣੇ ਮਨ ਵਿਚ ਕਹਿੰਦੀ ਹੈਂ:
“ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।+
ਮੈਂ ਵਿਧਵਾ ਨਹੀਂ ਹੋਵਾਂਗੀ।
ਮੇਰੇ ਬੱਚੇ ਕਦੇ ਨਹੀਂ ਮਰਨਗੇ।”+
9 ਪਰ ਇੱਕੋ ਦਿਨ ਵਿਚ ਅਚਾਨਕ ਤੇਰੇ ਉੱਤੇ ਇਹ ਦੋ ਬਿਪਤਾਵਾਂ ਆਉਣਗੀਆਂ:+
ਤੇਰੇ ਬੱਚੇ ਮਰ ਜਾਣਗੇ ਤੇ ਤੂੰ ਵਿਧਵਾ ਹੋ ਜਾਏਂਗੀ।
ਇਹ ਜ਼ਬਰਦਸਤ ਤਰੀਕੇ ਨਾਲ ਤੇਰੇ ਉੱਤੇ ਆਉਣਗੀਆਂ+ਕਿਉਂਕਿ ਤੂੰ ਬਹੁਤ ਸਾਰੇ ਜਾਦੂ-ਟੂਣੇ ਕਰਦੀ ਹੈਂ ਤੇ ਵੱਡੇ-ਵੱਡੇ ਮੰਤਰ ਫੂਕਦੀ ਹੈਂ।+
10 ਤੂੰ ਆਪਣੀ ਦੁਸ਼ਟਤਾ ਉੱਤੇ ਭਰੋਸਾ ਕੀਤਾ।
ਤੂੰ ਕਿਹਾ: “ਮੈਨੂੰ ਕੋਈ ਨਹੀਂ ਦੇਖਦਾ।”
ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਗੁਮਰਾਹ ਕਰ ਦਿੱਤਾਅਤੇ ਤੂੰ ਆਪਣੇ ਮਨ ਵਿਚ ਕਹਿੰਦੀ ਹੈਂ: “ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।”
11 ਪਰ ਬਿਪਤਾ ਤੇਰੇ ਉੱਤੇ ਆ ਪਵੇਗੀਅਤੇ ਤੇਰੇ ਜਾਦੂ-ਮੰਤਰ ਇਸ ਨੂੰ ਰੋਕ ਨਹੀਂ ਪਾਉਣਗੇ।*
ਤੇਰੇ ਉੱਤੇ ਮੁਸੀਬਤ ਆ ਪਵੇਗੀ; ਤੂੰ ਉਸ ਨੂੰ ਟਾਲ਼ ਨਹੀਂ ਸਕੇਂਗੀ।
ਅਚਾਨਕ ਤੇਰਾ ਅਜਿਹਾ ਨਾਸ਼ ਹੋਵੇਗਾ ਜਿਸ ਬਾਰੇ ਤੂੰ ਕਦੇ ਸੋਚਿਆ ਵੀ ਨਹੀਂ।+
12 ਤੂੰ ਆਪਣੇ ਮੰਤਰ ਫੂਕਣ ਅਤੇ ਬਹੁਤੇ ਜਾਦੂ-ਟੂਣੇ ਕਰਨ ਵਿਚ ਲੱਗੀ ਰਹਿ+ਜਿਨ੍ਹਾਂ ਲਈ ਤੂੰ ਆਪਣੀ ਜਵਾਨੀ ਤੋਂ ਹੀ ਮਿਹਨਤ ਕਰਦੀ ਆਈ ਹੈਂ।
ਸ਼ਾਇਦ ਤੈਨੂੰ ਕੋਈ ਲਾਭ ਹੋ ਜਾਵੇ;ਸ਼ਾਇਦ ਤੂੰ ਲੋਕਾਂ ਵਿਚ ਖ਼ੌਫ਼ ਪੈਦਾ ਕਰ ਦੇਵੇਂ।
13 ਆਪਣੇ ਬਹੁਤ ਸਾਰੇ ਸਲਾਹਕਾਰਾਂ ਦੀ ਸੁਣ-ਸੁਣ ਕੇ ਤੂੰ ਥੱਕ ਗਈ ਹੈਂ।
ਹੁਣ ਉਹ ਖੜ੍ਹੇ ਹੋਣ ਤੇ ਤੈਨੂੰ ਬਚਾਉਣਜੋ ਆਕਾਸ਼ਾਂ ਦੀ ਭਗਤੀ ਕਰਦੇ ਹਨ,* ਜੋ ਤਾਰਿਆਂ ਨੂੰ ਧਿਆਨ ਨਾਲ ਦੇਖਦੇ ਹਨ,+ਜਿਹੜੇ ਪੂਰਨਮਾਸੀ ਦੇ ਚੰਦ ਨੂੰ ਦੇਖ ਕੇ ਦੱਸਦੇ ਹਨ ਕਿਭਵਿੱਖ ਵਿਚ ਤੇਰੇ ਨਾਲ ਕੀ ਹੋਵੇਗਾ।
14 ਦੇਖ! ਉਹ ਘਾਹ-ਫੂਸ ਦੀ ਤਰ੍ਹਾਂ ਹਨ।
ਅੱਗ ਉਨ੍ਹਾਂ ਨੂੰ ਸਾੜ ਸੁੱਟੇਗੀ।
ਲਪਟਾਂ ਦਾ ਸੇਕ ਇੰਨਾ ਜ਼ਿਆਦਾ ਹੋਵੇਗਾ ਕਿ ਉਹ ਖ਼ੁਦ ਨੂੰ ਬਚਾ ਨਹੀਂ ਸਕਣਗੇ।
ਇਹ ਸੇਕਣ ਲਈ ਕੋਲੇ ਨਹੀਂ ਹਨ,ਨਾ ਹੀ ਇਹ ਅੱਗ ਹੈ ਜਿਸ ਦੇ ਸਾਮ੍ਹਣੇ ਬੈਠਿਆ ਜਾ ਸਕੇ।
15 ਤੇਰੇ ਜਾਦੂ-ਮੰਤਰ ਕਰਨ ਵਾਲਿਆਂ ਦਾ ਇਹ ਹਾਲ ਹੋਵੇਗਾਜਿਨ੍ਹਾਂ ਦੇ ਨਾਲ ਤੂੰ ਜਵਾਨੀ ਤੋਂ ਮਿਹਨਤ ਕੀਤੀ ਹੈ।
ਉਹ ਸਾਰੇ ਭਟਕਣਗੇ, ਹਰ ਕੋਈ ਇੱਧਰ-ਉੱਧਰ ਚਲਾ ਜਾਵੇਗਾ।*
ਤੈਨੂੰ ਬਚਾਉਣ ਵਾਲਾ ਕੋਈ ਨਾ ਹੋਵੇਗਾ।+
ਫੁਟਨੋਟ
^ ਜਾਂ ਸੰਭਵ ਹੈ, “ਅਤੇ ਆਪਣੇ ਸਾਮ੍ਹਣੇ ਆਉਣ ਵਾਲੇ ਕਿਸੇ ਦਾ ਲਿਹਾਜ਼ ਨਹੀਂ ਕਰਾਂਗਾ।”
^ ਜਾਂ, “ਰਾਣੀ।”
^ ਜਾਂ, “ਰਾਣੀ।”
^ ਜਾਂ, “ਅਤੇ ਤੂੰ ਆਪਣੇ ਜਾਦੂ-ਮੰਤਰ ਨਾਲ ਇਸ ਨੂੰ ਦੂਰ ਨਹੀਂ ਭਜਾ ਸਕੇਂਗੀ।”
^ ਜਾਂ ਸੰਭਵ ਹੈ, “ਜਿਹੜੇ ਆਕਾਸ਼ਾਂ ਨੂੰ ਵੰਡਦੇ ਹਨ; ਜੋਤਸ਼ੀ।”
^ ਇਬ, “ਆਪੋ-ਆਪਣੇ ਇਲਾਕੇ ਨੂੰ।”