ਯਹੋਸ਼ੁਆ 11:1-23
11 ਜਿਉਂ ਹੀ ਹਾਸੋਰ ਦੇ ਰਾਜੇ ਯਾਬੀਨ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮਾਦੋਨ ਦੇ ਰਾਜੇ+ ਯੋਬਾਬ ਨੂੰ, ਸ਼ਿਮਰੋਨ ਦੇ ਰਾਜੇ ਨੂੰ ਅਤੇ ਅਕਸ਼ਾਫ ਦੇ ਰਾਜੇ+ ਨੂੰ ਸੰਦੇਸ਼ ਘੱਲਿਆ,
2 ਨਾਲੇ ਉਨ੍ਹਾਂ ਰਾਜਿਆਂ ਨੂੰ ਜੋ ਉੱਤਰੀ ਪਹਾੜੀ ਇਲਾਕਿਆਂ ਵਿਚ ਸਨ, ਜੋ ਕਿੰਨਰਥ ਦੇ ਦੱਖਣੀ ਮੈਦਾਨਾਂ* ਵਿਚ ਸਨ, ਜੋ ਸ਼ੇਫਲਾਹ ਵਿਚ ਸਨ ਅਤੇ ਜੋ ਪੱਛਮ ਵੱਲ ਦੋਰ+ ਦੀਆਂ ਢਲਾਣਾਂ ’ਤੇ ਸਨ,
3 ਨਾਲੇ ਪੂਰਬ ਤੇ ਪੱਛਮ ਵੱਲ ਕਨਾਨੀਆਂ+ ਨੂੰ, ਪਹਾੜੀ ਇਲਾਕੇ ਵਿਚ ਅਮੋਰੀਆਂ,+ ਹਿੱਤੀਆਂ, ਪਰਿੱਜੀਆਂ ਤੇ ਯਬੂਸੀਆਂ ਨੂੰ ਅਤੇ ਮਿਸਪਾਹ ਦੇਸ਼ ਵਿਚ ਹਰਮੋਨ ਪਹਾੜ+ ਦੇ ਹੇਠਾਂ ਰਹਿੰਦੇ ਹਿੱਵੀਆਂ+ ਨੂੰ।
4 ਇਸ ਲਈ ਉਹ ਆਪਣੀਆਂ ਸਾਰੀਆਂ ਫ਼ੌਜਾਂ ਨਾਲ ਆਏ ਜਿਨ੍ਹਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ ਅਤੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਘੋੜੇ ਤੇ ਯੁੱਧ ਦੇ ਰਥ ਸਨ।
5 ਇਹ ਸਾਰੇ ਰਾਜੇ ਮਿਲਣ ਲਈ ਸਹਿਮਤ ਹੋ ਗਏ। ਉਹ ਆਏ ਤੇ ਉਨ੍ਹਾਂ ਇਕੱਠਿਆਂ ਨੇ ਇਜ਼ਰਾਈਲ ਨਾਲ ਲੜਨ ਲਈ ਮੇਰੋਮ ਦੇ ਪਾਣੀਆਂ ਕੋਲ ਡੇਰਾ ਲਾਇਆ।
6 ਇਹ ਦੇਖ ਕੇ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਉਨ੍ਹਾਂ ਕਰਕੇ ਨਾ ਡਰ+ ਕਿਉਂਕਿ ਕੱਲ੍ਹ ਇਸੇ ਕੁ ਵੇਲੇ ਮੈਂ ਉਨ੍ਹਾਂ ਨੂੰ ਇਜ਼ਰਾਈਲੀਆਂ ਦੇ ਹਵਾਲੇ ਕਰ ਦਿਆਂਗਾ ਤਾਂਕਿ ਉਹ ਉਨ੍ਹਾਂ ਨੂੰ ਵੱਢ ਸੁੱਟਣ। ਤੂੰ ਉਨ੍ਹਾਂ ਦੇ ਘੋੜਿਆਂ ਦੇ ਗੋਡਿਆਂ ਦੀਆਂ ਨਸਾਂ ਵੱਢ ਦੇਈਂ+ ਅਤੇ ਉਨ੍ਹਾਂ ਦੇ ਰਥਾਂ ਨੂੰ ਅੱਗ ਨਾਲ ਸਾੜ ਸੁੱਟੀਂ।”
7 ਫਿਰ ਯਹੋਸ਼ੁਆ ਸਾਰੇ ਫ਼ੌਜੀਆਂ ਨਾਲ ਗਿਆ ਤੇ ਮੇਰੋਮ ਦੇ ਪਾਣੀਆਂ ਕੋਲ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ।
8 ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ+ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਤੇ ਵੱਡੇ ਸੀਦੋਨ+ ਅਤੇ ਮਿਸਰਫੋਥ-ਮਾਇਮ+ ਤਕ ਅਤੇ ਪੂਰਬ ਵੱਲ ਮਿਸਪੇਹ ਘਾਟੀ ਤਕ ਉਨ੍ਹਾਂ ਦਾ ਪਿੱਛਾ ਕੀਤਾ। ਉਹ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਇਕ ਵੀ ਜਣਾ ਜੀਉਂਦਾ ਨਾ ਬਚਿਆ।+
9 ਫਿਰ ਯਹੋਸ਼ੁਆ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਿਹਾ ਸੀ; ਉਸ ਨੇ ਉਨ੍ਹਾਂ ਦੇ ਘੋੜਿਆਂ ਦੇ ਗੋਡਿਆਂ ਦੀਆਂ ਨਸਾਂ ਵੱਢ ਦਿੱਤੀਆਂ ਤੇ ਉਨ੍ਹਾਂ ਦੇ ਰਥਾਂ ਨੂੰ ਅੱਗ ਨਾਲ ਸਾੜ ਸੁੱਟਿਆ।+
10 ਇਸ ਦੇ ਨਾਲ-ਨਾਲ, ਯਹੋਸ਼ੁਆ ਮੁੜਿਆ ਤੇ ਉਸ ਨੇ ਹਾਸੋਰ ’ਤੇ ਕਬਜ਼ਾ ਕਰ ਲਿਆ ਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਮਾਰ ਸੁੱਟਿਆ+ ਕਿਉਂਕਿ ਹਾਸੋਰ ਪਹਿਲਾਂ ਇਨ੍ਹਾਂ ਸਾਰੇ ਰਾਜਾਂ ਦਾ ਮੁੱਖ ਸ਼ਹਿਰ ਹੁੰਦਾ ਸੀ।
11 ਉਨ੍ਹਾਂ ਨੇ ਉਸ ਵਿਚ ਹਰ ਕਿਸੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ+ ਤੇ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਛੱਡਿਆ।+ ਫਿਰ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਦਿੱਤਾ।
12 ਯਹੋਸ਼ੁਆ ਨੇ ਇਨ੍ਹਾਂ ਰਾਜਿਆਂ ਦੇ ਸਾਰੇ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਹਰਾ ਕੇ ਤਲਵਾਰ ਨਾਲ ਵੱਢ ਦਿੱਤਾ।+ ਉਸ ਨੇ ਉਨ੍ਹਾਂ ਨੂੰ ਨਾਸ਼ ਕਰ ਦਿੱਤਾ+ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਹੁਕਮ ਦਿੱਤਾ ਸੀ।
13 ਪਰ ਇਜ਼ਰਾਈਲ ਨੇ ਹਾਸੋਰ ਤੋਂ ਛੁੱਟ ਉਨ੍ਹਾਂ ਦੇ ਟਿੱਲਿਆਂ ’ਤੇ ਵੱਸੇ ਹੋਰ ਕਿਸੇ ਸ਼ਹਿਰ ਨੂੰ ਨਹੀਂ ਸਾੜਿਆ; ਸਿਰਫ਼ ਇਹੀ ਸ਼ਹਿਰ ਸੀ ਜਿਸ ਨੂੰ ਯਹੋਸ਼ੁਆ ਨੇ ਸਾੜਿਆ ਸੀ।
14 ਇਜ਼ਰਾਈਲੀਆਂ ਨੇ ਇਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਸਾਰਾ ਮਾਲ ਅਤੇ ਪਸ਼ੂ ਆਪਣੇ ਲਈ ਲੈ ਲਏ।+ ਪਰ ਉਹ ਹਰ ਇਨਸਾਨ ਨੂੰ ਤਲਵਾਰ ਨਾਲ ਵੱਢਦੇ ਗਏ ਜਦ ਤਕ ਉਨ੍ਹਾਂ ਨੇ ਹਰੇਕ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੱਤਾ।+ ਉਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਜੀਉਂਦਾ ਨਹੀਂ ਛੱਡਿਆ।+
15 ਠੀਕ ਜਿਵੇਂ ਯਹੋਵਾਹ ਨੇ ਆਪਣੇ ਸੇਵਕ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੂਸਾ ਨੇ ਵੀ ਯਹੋਸ਼ੁਆ ਨੂੰ ਹੁਕਮ ਦਿੱਤਾ+ ਅਤੇ ਯਹੋਸ਼ੁਆ ਨੇ ਉਸੇ ਤਰ੍ਹਾਂ ਕੀਤਾ। ਉਸ ਨੇ ਕੋਈ ਵੀ ਕੰਮ ਅਧੂਰਾ ਨਹੀਂ ਛੱਡਿਆ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
16 ਯਹੋਸ਼ੁਆ ਨੇ ਸਾਰਾ ਦੇਸ਼ ਜਿੱਤ ਲਿਆ ਯਾਨੀ ਪਹਾੜੀ ਇਲਾਕਾ, ਸਾਰਾ ਨੇਗੇਬ,+ ਗੋਸ਼ਨ ਦਾ ਸਾਰਾ ਇਲਾਕਾ, ਸ਼ੇਫਲਾਹ,+ ਅਰਾਬਾਹ+ ਅਤੇ ਇਜ਼ਰਾਈਲ ਦਾ ਪਹਾੜੀ ਇਲਾਕਾ ਅਤੇ ਇਸ ਦਾ ਸ਼ੇਫਲਾਹ,*
17 ਉੱਪਰ ਸੇਈਰ ਨੂੰ ਜਾਂਦੇ ਹਾਲਾਕ ਪਹਾੜ ਤੋਂ ਲੈ ਕੇ ਬਆਲ-ਗਾਦ+ ਤਕ ਦਾ ਇਲਾਕਾ ਜੋ ਲਬਾਨੋਨ ਘਾਟੀ ਵਿਚ ਹਰਮੋਨ ਪਹਾੜ+ ਦੇ ਹੇਠ ਹੈ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
18 ਯਹੋਸ਼ੁਆ ਇਨ੍ਹਾਂ ਸਾਰੇ ਰਾਜਿਆਂ ਨਾਲ ਕਾਫ਼ੀ ਸਮੇਂ ਤਕ ਯੁੱਧ ਕਰਦਾ ਰਿਹਾ।
19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+
20 ਯਹੋਵਾਹ ਨੇ ਹੀ ਉਨ੍ਹਾਂ ਦੇ ਦਿਲਾਂ ਨੂੰ ਕਠੋਰ ਹੋਣ ਦਿੱਤਾ+ ਤਾਂਕਿ ਉਹ ਇਜ਼ਰਾਈਲ ਨਾਲ ਯੁੱਧ ਕਰਨ। ਉਸ ਨੇ ਇਹ ਹੋ ਲੈਣ ਦਿੱਤਾ ਤਾਂਕਿ ਉਹ ਬਿਨਾਂ ਕੋਈ ਰਹਿਮ ਕੀਤੇ ਉਨ੍ਹਾਂ ਦਾ ਨਾਸ਼ ਕਰ ਦੇਵੇ।+ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਣਾ ਸੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
21 ਉਸ ਸਮੇਂ ਯਹੋਸ਼ੁਆ ਨੇ ਪਹਾੜੀ ਇਲਾਕੇ ਵਿੱਚੋਂ, ਹਬਰੋਨ, ਦਬੀਰ ਤੇ ਅਨਾਬ ਵਿੱਚੋਂ, ਯਹੂਦਾਹ ਦੇ ਸਾਰੇ ਪਹਾੜੀ ਇਲਾਕੇ ਅਤੇ ਇਜ਼ਰਾਈਲ ਦੇ ਸਾਰੇ ਪਹਾੜੀ ਇਲਾਕੇ ਵਿੱਚੋਂ ਅਨਾਕੀਆਂ ਦਾ ਸਫ਼ਾਇਆ ਕਰ ਦਿੱਤਾ।+ ਯਹੋਸ਼ੁਆ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ।+
22 ਇਜ਼ਰਾਈਲੀਆਂ ਦੇ ਦੇਸ਼ ਵਿਚ ਕੋਈ ਅਨਾਕੀ ਨਾ ਬਚਿਆ; ਸਿਰਫ਼ ਉਹੀ ਰਹਿ ਗਏ ਜੋ ਗਾਜ਼ਾ,+ ਗਥ+ ਤੇ ਅਸ਼ਦੋਦ+ ਵਿਚ ਵੱਸਦੇ ਸਨ।+
23 ਇਸ ਤਰ੍ਹਾਂ ਯਹੋਸ਼ੁਆ ਨੇ ਸਾਰੇ ਦੇਸ਼ ’ਤੇ ਕਬਜ਼ਾ ਕਰ ਲਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨਾਲ ਵਾਅਦਾ ਕੀਤਾ ਸੀ+ ਅਤੇ ਫਿਰ ਯਹੋਸ਼ੁਆ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ ਤਾਂਕਿ ਇਸ ਨੂੰ ਗੋਤਾਂ ਵਿਚ ਵੰਡਿਆ ਜਾਵੇ।+ ਇਸ ਤੋਂ ਬਾਅਦ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+