ਯਹੋਸ਼ੁਆ 17:1-18

  • ਪੱਛਮ ਵਿਚ ਮਨੱਸ਼ਹ ਦੀ ਵਿਰਾਸਤ (1-13)

  • ਯੂਸੁਫ਼ ਦੇ ਪੁੱਤਰਾਂ ਨੂੰ ਹੋਰ ਜ਼ਮੀਨ ਮਿਲੀ (14-18)

17  ਫਿਰ ਮਨੱਸ਼ਹ+ ਦੇ ਗੋਤ ਲਈ ਗੁਣਾ ਨਿਕਲਿਆ+ ਕਿਉਂਕਿ ਉਹ ਯੂਸੁਫ਼ ਦਾ ਜੇਠਾ ਪੁੱਤਰ ਸੀ।+ ਮਨੱਸ਼ਹ ਦਾ ਜੇਠਾ ਪੁੱਤਰ ਅਤੇ ਗਿਲਆਦ ਦਾ ਪਿਤਾ ਮਾਕੀਰ+ ਇਕ ਯੋਧਾ ਸੀ, ਇਸ ਕਰਕੇ ਉਸ ਨੂੰ ਗਿਲਆਦ ਅਤੇ ਬਾਸ਼ਾਨ ਮਿਲੇ।+  ਅਤੇ ਮਨੱਸ਼ਹ ਦੀ ਬਾਕੀ ਔਲਾਦ ਲਈ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ, ਅਬੀ-ਅਜ਼ਰ ਦੇ ਪੁੱਤਰਾਂ ਲਈ,+ ਹੇਲਕ ਦੇ ਪੁੱਤਰਾਂ ਲਈ, ਅਸਰੀਏਲ ਦੇ ਪੁੱਤਰਾਂ ਲਈ, ਸ਼ਕਮ ਦੇ ਪੁੱਤਰਾਂ ਲਈ, ਹੇਫਰ ਦੇ ਪੁੱਤਰਾਂ ਲਈ ਅਤੇ ਸ਼ਮੀਦਾ ਦੇ ਪੁੱਤਰਾਂ ਲਈ। ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੀ ਔਲਾਦ ਸਨ ਯਾਨੀ ਆਪੋ-ਆਪਣੇ ਘਰਾਣੇ ਦੇ ਆਦਮੀ।+  ਪਰ ਸਲਾਫਹਾਦ+ ਦੇ ਪੁੱਤਰ ਨਹੀਂ ਸਨ, ਸਿਰਫ਼ ਧੀਆਂ ਸਨ। ਉਹ ਹੇਫਰ ਦਾ ਪੁੱਤਰ ਸੀ, ਹੇਫਰ ਗਿਲਆਦ ਦਾ, ਗਿਲਆਦ ਮਾਕੀਰ ਦਾ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਸਲਾਫਹਾਦ ਦੀਆਂ ਧੀਆਂ ਦੇ ਨਾਂ ਇਹ ਸਨ: ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।  ਇਸ ਲਈ ਉਹ ਅਲਆਜ਼ਾਰ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਪ੍ਰਧਾਨਾਂ ਕੋਲ ਆ ਕੇ ਕਹਿਣ ਲੱਗੀਆਂ:+ “ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਵਿਚਕਾਰ ਵਿਰਾਸਤ ਦਿੱਤੀ ਜਾਵੇ।”+ ਇਸ ਲਈ ਉਸ ਨੇ ਯਹੋਵਾਹ ਦੇ ਹੁਕਮ ਮੁਤਾਬਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਵਿਚਕਾਰ ਵਿਰਾਸਤ ਦਿੱਤੀ।+  ਯਰਦਨ ਦੇ ਦੂਜੇ ਪਾਸੇ* ਪੈਂਦੇ ਗਿਲਆਦ ਅਤੇ ਬਾਸ਼ਾਨ+ ਤੋਂ ਇਲਾਵਾ ਮਨੱਸ਼ਹ ਨੂੰ ਗੁਣੇ ਪਾ ਕੇ ਦਸ ਹੋਰ ਹਿੱਸੇ ਵੀ ਦਿੱਤੇ ਗਏ  ਕਿਉਂਕਿ ਮਨੱਸ਼ਹ ਦੇ ਪੁੱਤਰਾਂ ਦੇ ਨਾਲ-ਨਾਲ ਉਸ ਦੀਆਂ ਧੀਆਂ ਨੂੰ ਵੀ ਵਿਰਾਸਤ ਮਿਲੀ ਅਤੇ ਗਿਲਆਦ ਮਨੱਸ਼ਹ ਦੀ ਬਾਕੀ ਔਲਾਦ ਦੀ ਜਾਇਦਾਦ ਬਣ ਗਿਆ।  ਮਨੱਸ਼ਹ ਦੀ ਸਰਹੱਦ ਆਸ਼ੇਰ ਤੋਂ ਮਿਕਮਥਾਥ ਤਕ ਸੀ+ ਜੋ ਸ਼ਕਮ+ ਦੇ ਸਾਮ੍ਹਣੇ ਪੈਂਦਾ ਹੈ ਅਤੇ ਇਹ ਸਰਹੱਦ ਦੱਖਣ ਵੱਲ* ਏਨ-ਤੱਪੂਆਹ ਦੇ ਵਾਸੀਆਂ ਦੇ ਇਲਾਕੇ ਤਕ ਜਾਂਦੀ ਸੀ।  ਤੱਪੂਆਹ+ ਦਾ ਇਲਾਕਾ ਮਨੱਸ਼ਹ ਦਾ ਹੋ ਗਿਆ, ਪਰ ਮਨੱਸ਼ਹ ਦੀ ਸਰਹੱਦ ’ਤੇ ਪੈਂਦਾ ਤੱਪੂਆਹ ਸ਼ਹਿਰ ਇਫ਼ਰਾਈਮ ਦੇ ਵਾਸੀਆਂ ਦਾ ਸੀ।  ਇਹ ਸਰਹੱਦ ਹੇਠਾਂ ਕਾਨਾਹ ਘਾਟੀ ਦੇ ਦੱਖਣ ਵੱਲ ਜਾਂਦੀ ਸੀ। ਮਨੱਸ਼ਹ ਦੇ ਸ਼ਹਿਰਾਂ ਵਿਚਕਾਰ ਇਫ਼ਰਾਈਮ ਦੇ ਸ਼ਹਿਰ ਸਨ+ ਅਤੇ ਮਨੱਸ਼ਹ ਦੀ ਸਰਹੱਦ ਘਾਟੀ ਦੇ ਉੱਤਰ ਤੋਂ ਹੁੰਦੀ ਹੋਈ ਸਾਗਰ ਤਕ ਜਾ ਕੇ ਮੁੱਕਦੀ ਸੀ।+ 10  ਦੱਖਣ ਵੱਲ ਦਾ ਇਲਾਕਾ ਇਫ਼ਰਾਈਮ ਦਾ ਸੀ, ਉੱਤਰ ਵੱਲ ਦਾ ਇਲਾਕਾ ਮਨੱਸ਼ਹ ਦਾ ਸੀ ਤੇ ਸਾਗਰ ਉਸ ਦੀ ਸਰਹੱਦ ਸੀ+ ਅਤੇ ਉੱਤਰ ਵੱਲ ਉਹ* ਆਸ਼ੇਰ ਤਕ ਅਤੇ ਪੂਰਬ ਵੱਲ ਯਿਸਾਕਾਰ ਤਕ ਗਏ। 11  ਯਿਸਾਕਾਰ ਅਤੇ ਆਸ਼ੇਰ ਦੇ ਇਲਾਕਿਆਂ ਵਿਚ ਮਨੱਸ਼ਹ ਨੂੰ ਬੈਤ-ਸ਼ਿਆਨ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਯਿਬਲਾਮ+ ਤੇ ਇਸ ਦੇ ਅਧੀਨ ਆਉਂਦੇ ਕਸਬੇ, ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਏਨ-ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਮਗਿੱਦੋ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਦਿੱਤੇ ਗਏ ਯਾਨੀ ਤਿੰਨ ਉਚਾਈਆਂ। 12  ਪਰ ਮਨੱਸ਼ਹ ਦੀ ਔਲਾਦ ਇਨ੍ਹਾਂ ਸ਼ਹਿਰਾਂ ’ਤੇ ਕਬਜ਼ਾ ਨਹੀਂ ਕਰ ਸਕੀ; ਕਨਾਨੀ ਇਸ ਦੇਸ਼ ਵਿਚ ਰਹਿਣ ਤੇ ਅੜੇ ਹੋਏ ਸਨ।+ 13  ਜਦੋਂ ਇਜ਼ਰਾਈਲੀ ਤਕੜੇ ਹੋਏ, ਤਾਂ ਉਹ ਕਨਾਨੀਆਂ ਤੋਂ ਜਬਰੀ ਮਜ਼ਦੂਰੀ ਕਰਾਉਣ ਲੱਗ ਪਏ,+ ਪਰ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਨਹੀਂ ਭਜਾਇਆ।*+ 14  ਯੂਸੁਫ਼ ਦੀ ਔਲਾਦ ਨੇ ਯਹੋਸ਼ੁਆ ਨੂੰ ਕਿਹਾ: “ਤੂੰ ਸਾਨੂੰ* ਗੁਣਾ ਪਾ ਕੇ ਸਿਰਫ਼ ਇਕ ਹਿੱਸਾ+ ਕਿਉਂ ਦਿੱਤਾ ਹੈ? ਅਸੀਂ ਬਹੁਤ ਜਣੇ ਹਾਂ ਕਿਉਂਕਿ ਯਹੋਵਾਹ ਹੁਣ ਤਕ ਸਾਨੂੰ ਬਰਕਤ ਦਿੰਦਾ ਆਇਆ ਹੈ।”+ 15  ਯਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਗਿਣਤੀ ਵਿਚ ਇੰਨੇ ਜ਼ਿਆਦਾ ਹੋ, ਤਾਂ ਪਰਿੱਜੀਆਂ+ ਅਤੇ ਰਫ਼ਾਈਮੀਆਂ+ ਦੇ ਇਲਾਕੇ ਦੇ ਜੰਗਲ ਵਿਚ ਜਾਓ ਤੇ ਇਸ ਨੂੰ ਸਾਫ਼ ਕਰ ਕੇ ਆਪਣੇ ਲਈ ਜਗ੍ਹਾ ਬਣਾਓ ਕਿਉਂਕਿ ਇਫ਼ਰਾਈਮ ਦਾ ਪਹਾੜੀ ਇਲਾਕਾ+ ਤੁਹਾਡੇ ਲਈ ਬਹੁਤ ਛੋਟਾ ਪੈ ਗਿਆ ਹੈ।” 16  ਫਿਰ ਯੂਸੁਫ਼ ਦੀ ਔਲਾਦ ਨੇ ਕਿਹਾ: “ਪਹਾੜੀ ਇਲਾਕਾ ਸਾਡੇ ਲਈ ਕਾਫ਼ੀ ਨਹੀਂ ਹੈ ਅਤੇ ਘਾਟੀ ਵਿਚ ਰਹਿਣ ਵਾਲੇ, ਹਾਂ, ਬੈਤ-ਸ਼ਿਆਨ+ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਅਤੇ ਯਿਜ਼ਰਾਏਲ ਘਾਟੀ+ ਵਿਚ ਰਹਿੰਦੇ ਸਾਰੇ ਕਨਾਨੀਆਂ ਕੋਲ ਯੁੱਧ ਦੇ ਰਥ+ ਹਨ ਜਿਨ੍ਹਾਂ ਨੂੰ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਹਨ।* 17  ਇਸ ਲਈ ਯਹੋਸ਼ੁਆ ਨੇ ਯੂਸੁਫ਼ ਦੇ ਘਰਾਣੇ ਯਾਨੀ ਇਫ਼ਰਾਈਮ ਤੇ ਮਨੱਸ਼ਹ ਨੂੰ ਕਿਹਾ: “ਤੁਸੀਂ ਬਹੁਤ ਜਣੇ ਹੋ ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਸਿਰਫ਼ ਇਕ ਹਿੱਸਾ ਨਹੀਂ ਮਿਲੇਗਾ,+ 18  ਸਗੋਂ ਸਾਰਾ ਪਹਾੜੀ ਇਲਾਕਾ ਵੀ ਤੁਹਾਡਾ ਹੋਵੇਗਾ।+ ਹਾਲਾਂਕਿ ਇਹ ਇਲਾਕਾ ਜੰਗਲ ਹੈ, ਪਰ ਤੁਸੀਂ ਇਸ ਨੂੰ ਸਾਫ਼ ਕਰੋਗੇ ਤੇ ਇਹ ਤੁਹਾਡੇ ਇਲਾਕੇ ਦੀ ਸਰਹੱਦ ਹੋਵੇਗੀ। ਤੁਸੀਂ ਕਨਾਨੀਆਂ ਨੂੰ ਭਜਾ ਦਿਓਗੇ, ਭਾਵੇਂ ਕਿ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਯੁੱਧ ਦੇ ਰਥ ਹਨ ਜਿਨ੍ਹਾਂ ਨੂੰ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਹਨ।”*+

ਫੁਟਨੋਟ

ਯਾਨੀ, ਪੂਰਬ ਵੱਲ।
ਇਬ, “ਸੱਜੇ ਪਾਸੇ ਵੱਲ।”
ਯਾਨੀ, ਮਨੱਸ਼ਹ ਦੇ ਲੋਕ ਜਾਂ ਮਨੱਸ਼ਹ ਦਾ ਇਲਾਕਾ।
ਜਾਂ, “ਆਲੇ-ਦੁਆਲੇ ਦੇ।”
ਜਾਂ, “ਨਹੀਂ ਕੱਢਿਆ।”
ਇਬ, “ਮੈਨੂੰ।”
ਜਾਂ, “ਆਲੇ-ਦੁਆਲੇ ਦੇ।”
ਇਬ, “ਲੋਹੇ ਦੇ ਰਥ ਹਨ।”
ਇਬ, “ਲੋਹੇ ਦੇ ਰਥ ਹਨ।”