ਯਹੋਸ਼ੁਆ 20:1-9
-
ਪਨਾਹ ਦੇ ਸ਼ਹਿਰ (1-9)
20 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ:
2 “ਇਜ਼ਰਾਈਲੀਆਂ ਨੂੰ ਕਹਿ, ‘ਆਪਣੇ ਲਈ ਪਨਾਹ ਦੇ ਸ਼ਹਿਰ+ ਚੁਣ ਲਓ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਮੂਸਾ ਰਾਹੀਂ ਗੱਲ ਕੀਤੀ ਸੀ
3 ਤਾਂਕਿ ਉਹ ਖ਼ੂਨੀ ਜਿਸ ਤੋਂ ਅਣਜਾਣੇ ਵਿਚ ਜਾਂ ਗ਼ਲਤੀ ਨਾਲ ਕਿਸੇ ਦਾ ਖ਼ੂਨ ਹੋ ਜਾਵੇ, ਭੱਜ ਕੇ ਉੱਥੇ ਜਾ ਸਕੇ। ਇਹ ਸ਼ਹਿਰ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਲਈ ਤੁਹਾਡੇ ਵਾਸਤੇ ਪਨਾਹ ਠਹਿਰਨਗੇ।+
4 ਉਹ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਨੂੰ ਭੱਜ ਜਾਵੇ+ ਅਤੇ ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ+ ਖੜ੍ਹ ਜਾਵੇ ਅਤੇ ਉਸ ਸ਼ਹਿਰ ਦੇ ਬਜ਼ੁਰਗਾਂ ਦੇ ਸਾਮ੍ਹਣੇ ਆਪਣਾ ਮਾਮਲਾ ਪੇਸ਼ ਕਰੇ। ਫਿਰ ਉਹ ਉਸ ਨੂੰ ਸ਼ਹਿਰ ਵਿਚ ਵੜਨ ਦੇਣ ਅਤੇ ਉਸ ਨੂੰ ਜਗ੍ਹਾ ਦੇਣ ਅਤੇ ਉਹ ਉਨ੍ਹਾਂ ਨਾਲ ਰਹੇਗਾ।
5 ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਸ ਦਾ ਪਿੱਛਾ ਕਰਦੇ ਹੋਏ ਆਉਂਦਾ ਹੈ, ਤਾਂ ਉਹ ਉਸ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥ ਵਿਚ ਨਾ ਦੇਣ ਕਿਉਂਕਿ ਉਸ ਦਾ ਸਾਥੀ ਗ਼ਲਤੀ ਨਾਲ ਉਸ ਦੇ ਹੱਥੋਂ ਮਾਰਿਆ ਗਿਆ ਸੀ ਅਤੇ ਉਹ ਉਸ ਨਾਲ ਨਫ਼ਰਤ ਨਹੀਂ ਕਰਦਾ ਸੀ।+
6 ਉਹ ਪਨਾਹ ਦੇ ਸ਼ਹਿਰ ਵਿਚ ਉੱਨੀ ਦੇਰ ਰਹੇ ਜਿੰਨੀ ਦੇਰ ਮੰਡਲੀ ਸਾਮ੍ਹਣੇ ਉਸ ਦੇ ਮੁਕੱਦਮੇ ਦਾ ਫ਼ੈਸਲਾ ਨਹੀਂ ਹੋ ਜਾਂਦਾ+ ਅਤੇ ਉਸ ਸਮੇਂ ਦੇ ਮਹਾਂ ਪੁਜਾਰੀ ਦੀ ਮੌਤ ਨਹੀਂ ਹੋ ਜਾਂਦੀ।+ ਫਿਰ ਉਹ ਖ਼ੂਨੀ ਉਸ ਸ਼ਹਿਰ ਨੂੰ ਮੁੜ ਸਕਦਾ ਹੈ ਜਿੱਥੋਂ ਉਹ ਭੱਜਿਆ ਸੀ ਅਤੇ ਉਹ ਆਪਣੇ ਸ਼ਹਿਰ ਅਤੇ ਆਪਣੇ ਘਰ ਜਾ ਸਕਦਾ ਹੈ।’”+
7 ਇਸ ਲਈ ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਇਲਾਕੇ ਦੇ ਗਲੀਲ ਵਿਚ ਕੇਦਸ਼,+ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਅਤੇ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਕਿਰਯਥ-ਅਰਬਾ+ ਯਾਨੀ ਹਬਰੋਨ ਨੂੰ ਪਵਿੱਤਰ ਠਹਿਰਾਇਆ।*
8 ਯਰਦਨ ਦੇ ਇਲਾਕੇ ਵਿਚ ਯਰੀਹੋ ਦੇ ਪੂਰਬ ਵਿਚ ਉਨ੍ਹਾਂ ਨੇ ਰਊਬੇਨ ਦੇ ਗੋਤ ਵਿੱਚੋਂ ਪਠਾਰ ਦੀ ਉਜਾੜ ਵਿਚ ਪੈਂਦੇ ਬਸਰ+ ਨੂੰ ਚੁਣਿਆ, ਗਾਦ ਦੇ ਗੋਤ ਵਿੱਚੋਂ ਗਿਲਆਦ ਵਿਚ ਪੈਂਦੇ ਰਾਮੋਥ+ ਨੂੰ ਅਤੇ ਮਨੱਸ਼ਹ ਦੇ ਗੋਤ+ ਵਿੱਚੋਂ ਬਾਸ਼ਾਨ ਵਿਚ ਪੈਂਦੇ ਗੋਲਨ+ ਨੂੰ ਚੁਣਿਆ।
9 ਇਹ ਸ਼ਹਿਰ ਸਾਰੇ ਇਜ਼ਰਾਈਲੀਆਂ ਅਤੇ ਉਨ੍ਹਾਂ ਦਰਮਿਆਨ ਵੱਸਦੇ ਪਰਦੇਸੀਆਂ ਲਈ ਠਹਿਰਾਏ ਗਏ ਤਾਂਕਿ ਜੇ ਕਿਸੇ ਦੇ ਹੱਥੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਉੱਥੇ ਜਾ ਸਕੇ+ ਅਤੇ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ।+
ਫੁਟਨੋਟ
^ ਜਾਂ, “ਵੱਖਰਾ ਕੀਤਾ।”