ਯਹੋਸ਼ੁਆ 3:1-17
-
ਇਜ਼ਰਾਈਲ ਨੇ ਯਰਦਨ ਪਾਰ ਕੀਤਾ (1-17)
3 ਫਿਰ ਯਹੋਸ਼ੁਆ ਸਵੇਰੇ ਤੜਕੇ ਉੱਠਿਆ ਅਤੇ ਉਹ ਤੇ ਸਾਰੇ ਇਜ਼ਰਾਈਲੀ* ਸ਼ਿੱਟੀਮ+ ਤੋਂ ਤੁਰ ਪਏ ਅਤੇ ਯਰਦਨ ਆਏ। ਉਨ੍ਹਾਂ ਨੇ ਦਰਿਆ ਪਾਰ ਕਰਨ ਤੋਂ ਪਹਿਲਾਂ ਉੱਥੇ ਹੀ ਰਾਤ ਬਿਤਾਈ।
2 ਤਿੰਨ ਦਿਨਾਂ ਬਾਅਦ ਅਧਿਕਾਰੀ+ ਸਾਰੀ ਛਾਉਣੀ ਵਿੱਚੋਂ ਦੀ ਲੰਘੇ
3 ਅਤੇ ਲੋਕਾਂ ਨੂੰ ਹੁਕਮ ਦਿੱਤਾ: “ਜਿਉਂ ਹੀ ਤੁਸੀਂ ਲੇਵੀ ਪੁਜਾਰੀਆਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਜਾਂਦਿਆਂ ਦੇਖੋ,+ ਤਾਂ ਤੁਸੀਂ ਆਪੋ-ਆਪਣੀ ਜਗ੍ਹਾ ਤੋਂ ਤੁਰ ਪਇਓ ਅਤੇ ਉਸ ਦੇ ਮਗਰ-ਮਗਰ ਜਾਇਓ।
4 ਪਰ ਤੁਸੀਂ ਉਸ ਤੋਂ ਲਗਭਗ 2,000 ਹੱਥ* ਦੇ ਫ਼ਾਸਲੇ ’ਤੇ ਰਹਿਓ; ਇਸ ਤੋਂ ਨੇੜੇ ਨਾ ਜਾਇਓ ਤਾਂਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਵੀ ਇਸ ਰਾਹ ਥਾਣੀਂ ਨਹੀਂ ਗਏ।”
5 ਫਿਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ: “ਆਪਣੇ ਆਪ ਨੂੰ ਸ਼ੁੱਧ ਕਰੋ+ ਕਿਉਂਕਿ ਕੱਲ੍ਹ ਯਹੋਵਾਹ ਤੁਹਾਡੇ ਦਰਮਿਆਨ ਸ਼ਾਨਦਾਰ ਕੰਮ ਕਰੇਗਾ।”+
6 ਫਿਰ ਯਹੋਸ਼ੁਆ ਨੇ ਪੁਜਾਰੀਆਂ ਨੂੰ ਕਿਹਾ: “ਇਕਰਾਰ ਦਾ ਸੰਦੂਕ ਚੁੱਕੋ+ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲੋ।” ਇਸ ਲਈ ਉਨ੍ਹਾਂ ਨੇ ਇਕਰਾਰ ਦਾ ਸੰਦੂਕ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ।
7 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਅੱਜ ਦੇ ਦਿਨ ਤੋਂ ਮੈਂ ਤੈਨੂੰ ਸਾਰੇ ਇਜ਼ਰਾਈਲ ਦੀਆਂ ਨਜ਼ਰਾਂ ਵਿਚ ਉੱਚਾ ਕਰਨਾ ਸ਼ੁਰੂ ਕਰਾਂਗਾ+ ਤਾਂਕਿ ਉਹ ਜਾਣ ਲੈਣ ਕਿ ਮੈਂ ਤੇਰੇ ਨਾਲ ਰਹਾਂਗਾ+ ਜਿਵੇਂ ਮੈਂ ਮੂਸਾ ਦੇ ਨਾਲ ਸੀ।+
8 ਤੂੰ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੂੰ ਇਹ ਹੁਕਮ ਦੇਈਂ: ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕੰਢੇ ’ਤੇ ਪਹੁੰਚੋ, ਤਾਂ ਤੁਸੀਂ ਯਰਦਨ ਵਿਚ ਉੱਥੇ ਹੀ ਖੜ੍ਹੇ ਰਹਿਓ।’”+
9 ਯਹੋਸ਼ੁਆ ਨੇ ਇਜ਼ਰਾਈਲੀਆਂ ਨੂੰ ਕਿਹਾ: “ਇੱਥੇ ਆਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਗੱਲਾਂ ਸੁਣੋ।”
10 ਫਿਰ ਯਹੋਸ਼ੁਆ ਨੇ ਕਿਹਾ: “ਇਸ ਤੋਂ ਤੁਸੀਂ ਜਾਣ ਲਵੋਗੇ ਕਿ ਜੀਉਂਦਾ ਪਰਮੇਸ਼ੁਰ ਤੁਹਾਡੇ ਦਰਮਿਆਨ ਹੈ+ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗਿਓਂ ਜ਼ਰੂਰ ਭਜਾ ਦੇਵੇਗਾ।+
11 ਦੇਖੋ! ਸਾਰੀ ਧਰਤੀ ਦੇ ਮਾਲਕ ਦੇ ਇਕਰਾਰ ਦਾ ਸੰਦੂਕ ਤੁਹਾਡੇ ਅੱਗੇ-ਅੱਗੇ ਯਰਦਨ ਵਿਚ ਜਾ ਰਿਹਾ ਹੈ।
12 ਹੁਣ ਇਜ਼ਰਾਈਲ ਦੇ ਗੋਤਾਂ ਵਿੱਚੋਂ 12 ਆਦਮੀਆਂ ਨੂੰ ਲਓ, ਹਰੇਕ ਗੋਤ ਵਿੱਚੋਂ ਇਕ ਆਦਮੀ ਨੂੰ।+
13 ਸਾਰੀ ਧਰਤੀ ਦੇ ਮਾਲਕ ਯਹੋਵਾਹ ਦੇ ਸੰਦੂਕ ਨੂੰ ਲਿਜਾ ਰਹੇ ਪੁਜਾਰੀਆਂ ਦੇ ਪੈਰਾਂ ਦੀਆਂ ਤਲੀਆਂ ਜਿਉਂ ਹੀ ਯਰਦਨ ਦੇ ਪਾਣੀਆਂ ਨੂੰ ਛੂਹਣਗੀਆਂ,* ਤਾਂ ਉੱਪਰੋਂ ਵਹਿ ਰਹੇ ਯਰਦਨ ਦੇ ਪਾਣੀ ਰੁਕ ਜਾਣਗੇ ਅਤੇ ਕੰਧ* ਵਾਂਗ ਉੱਥੇ ਹੀ ਖੜ੍ਹੇ ਹੋ ਜਾਣਗੇ।”+
14 ਯਰਦਨ ਪਾਰ ਕਰਨ ਤੋਂ ਪਹਿਲਾਂ ਜਦੋਂ ਲੋਕ ਆਪਣੇ ਤੰਬੂਆਂ ਵਿੱਚੋਂ ਤੁਰ ਪਏ, ਤਾਂ ਇਕਰਾਰ ਦਾ ਸੰਦੂਕ+ ਚੁੱਕਣ ਵਾਲੇ ਪੁਜਾਰੀ ਲੋਕਾਂ ਦੇ ਅੱਗੇ-ਅੱਗੇ ਗਏ।
15 ਜਿਉਂ ਹੀ ਸੰਦੂਕ ਚੁੱਕਣ ਵਾਲੇ ਯਰਦਨ ਪਹੁੰਚੇ ਅਤੇ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੇ ਆਪਣੇ ਪੈਰ ਕੰਢੇ ਦੇ ਪਾਣੀਆਂ ਵਿਚ ਰੱਖੇ (ਵਾਢੀ ਦੇ ਸਾਰੇ ਦਿਨਾਂ ਦੌਰਾਨ ਯਰਦਨ ਦਾ ਪਾਣੀ ਇਸ ਦੇ ਕੰਢਿਆਂ ਉੱਪਰੋਂ ਦੀ ਵਹਿੰਦਾ ਸੀ),+
16 ਤਾਂ ਉੱਪਰੋਂ ਵਹਿੰਦੇ ਪਾਣੀ ਉੱਥੇ ਹੀ ਰੁਕ ਗਏ। ਉਹ ਬਹੁਤ ਦੂਰ ਸਾਰਥਾਨ ਦੇ ਨੇੜੇ ਇਕ ਸ਼ਹਿਰ ਆਦਾਮ ਵਿਚ ਇਕ ਕੰਧ* ਵਾਂਗ ਖੜ੍ਹ ਗਏ ਜਦ ਕਿ ਹੇਠਾਂ ਦਾ ਪਾਣੀ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਵੱਲ ਨੂੰ ਵਹਿ ਗਿਆ। ਪਾਣੀ ਰੁਕ ਗਏ ਅਤੇ ਲੋਕ ਪਾਰ ਲੰਘ ਕੇ ਯਰੀਹੋ ਨੇੜੇ ਪਹੁੰਚ ਗਏ।
17 ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀ ਉਦੋਂ ਤਕ ਯਰਦਨ ਦੇ ਵਿਚਕਾਰ ਸੁੱਕੀ ਜ਼ਮੀਨ ’ਤੇ ਖੜ੍ਹੇ ਰਹੇ+ ਜਦ ਤਕ ਸਾਰਾ ਇਜ਼ਰਾਈਲ ਸੁੱਕੀ ਜ਼ਮੀਨ ਥਾਣੀਂ ਪਾਰ ਨਾ ਲੰਘ ਗਿਆ,+ ਹਾਂ, ਜਦ ਤਕ ਸਾਰੀ ਕੌਮ ਨੇ ਯਰਦਨ ਪਾਰ ਨਾ ਕਰ ਲਿਆ।
ਫੁਟਨੋਟ
^ ਇਬ, “ਇਜ਼ਰਾਈਲ ਦੇ ਪੁੱਤਰ।”
^ ਲਗਭਗ 890 ਮੀਟਰ (2,920 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਵਿਚ ਪੈਣਗੀਆਂ।”
^ ਜਾਂ, “ਬੰਨ੍ਹ।”
^ ਜਾਂ, “ਬੰਨ੍ਹ।”
^ ਯਾਨੀ, ਮ੍ਰਿਤ ਸਾਗਰ।