ਯਹੋਸ਼ੁਆ 4:1-24
-
ਯਾਦਗਾਰ ਵਜੋਂ ਪੱਥਰ (1-24)
4 ਜਿਉਂ ਹੀ ਸਾਰੀ ਕੌਮ ਨੇ ਯਰਦਨ ਪਾਰ ਕਰ ਲਿਆ, ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ:
2 “ਲੋਕਾਂ ਵਿੱਚੋਂ 12 ਆਦਮੀ ਲੈ, ਹਰ ਗੋਤ ਵਿੱਚੋਂ ਇਕ ਆਦਮੀ+
3 ਅਤੇ ਉਨ੍ਹਾਂ ਨੂੰ ਇਹ ਹੁਕਮ ਦੇ: ‘ਯਰਦਨ ਦੇ ਵਿਚਕਾਰੋਂ ਉਸ ਥਾਂ ਤੋਂ 12 ਪੱਥਰ ਚੁੱਕੋ ਜਿੱਥੇ ਪੁਜਾਰੀ ਖੜ੍ਹੇ ਹਨ+ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਓ ਤੇ ਉਸ ਜਗ੍ਹਾ ਰੱਖਿਓ ਜਿੱਥੇ ਤੁਸੀਂ ਰਾਤ ਗੁਜ਼ਾਰੋਗੇ।’”+
4 ਇਸ ਲਈ ਯਹੋਸ਼ੁਆ ਨੇ 12 ਆਦਮੀਆਂ ਨੂੰ ਸੱਦਿਆ ਜਿਨ੍ਹਾਂ ਨੂੰ ਉਸ ਨੇ ਇਜ਼ਰਾਈਲੀਆਂ ਵਿੱਚੋਂ ਚੁਣਿਆ ਸੀ, ਹਰ ਗੋਤ ਵਿੱਚੋਂ ਇਕ ਆਦਮੀ ਨੂੰ
5 ਅਤੇ ਯਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿਚਕਾਰ ਜਾਓ ਅਤੇ ਇਜ਼ਰਾਈਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮੋਢੇ ’ਤੇ ਇਕ-ਇਕ ਪੱਥਰ ਚੁੱਕ ਲਵੇ
6 ਜੋ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਦੇ ਤੌਰ ਤੇ ਹੋਣਗੇ। ਬਾਅਦ ਵਿਚ ਜੇ ਤੁਹਾਡੇ ਬੱਚੇ* ਤੁਹਾਨੂੰ ਪੁੱਛਣ, ‘ਤੁਹਾਡੇ ਕੋਲ ਇਹ ਪੱਥਰ ਕਿਉਂ ਹਨ?’+
7 ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ: ‘ਕਿਉਂਕਿ ਯਰਦਨ ਦੇ ਪਾਣੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਦੇ ਸਾਮ੍ਹਣੇ ਵਗਣੋਂ ਰੁਕ ਗਏ ਸਨ।+ ਜਦੋਂ ਇਹ ਯਰਦਨ ਦੇ ਪਾਰ ਲੰਘਿਆ ਸੀ, ਤਾਂ ਯਰਦਨ ਦੇ ਪਾਣੀ ਵਗਣੇ ਬੰਦ ਹੋ ਗਏ ਸਨ। ਇਹ ਪੱਥਰ ਇਜ਼ਰਾਈਲ ਦੇ ਲੋਕਾਂ ਵਾਸਤੇ ਹਮੇਸ਼ਾ ਲਈ ਇਕ ਯਾਦਗਾਰ ਵਜੋਂ ਹੋਣਗੇ।’”+
8 ਇਜ਼ਰਾਈਲੀਆਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇਜ਼ਰਾਈਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿਚਕਾਰੋਂ 12 ਪੱਥਰ ਚੁੱਕ ਲਏ, ਠੀਕ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹਿਦਾਇਤ ਦਿੱਤੀ ਸੀ। ਉਹ ਉਨ੍ਹਾਂ ਨੂੰ ਉਸ ਜਗ੍ਹਾ ਲੈ ਆਏ ਜਿੱਥੇ ਉਨ੍ਹਾਂ ਨੇ ਰਾਤ ਗੁਜ਼ਾਰਨੀ ਸੀ ਤੇ ਉੱਥੇ ਉਨ੍ਹਾਂ ਨੂੰ ਰੱਖ ਦਿੱਤਾ।
9 ਯਹੋਸ਼ੁਆ ਨੇ 12 ਪੱਥਰ ਯਰਦਨ ਦੇ ਵਿਚਕਾਰ ਉਸ ਜਗ੍ਹਾ ਵੀ ਖੜ੍ਹੇ ਕੀਤੇ ਜਿੱਥੇ ਪੁਜਾਰੀ ਇਕਰਾਰ ਦਾ ਸੰਦੂਕ ਚੁੱਕੀ ਖੜ੍ਹੇ ਸਨ+ ਅਤੇ ਉਹ ਪੱਥਰ ਅੱਜ ਦੇ ਦਿਨ ਤਕ ਉੱਥੇ ਹਨ।
10 ਸੰਦੂਕ ਚੁੱਕਣ ਵਾਲੇ ਪੁਜਾਰੀ ਯਰਦਨ ਦੇ ਵਿਚਕਾਰ ਉਦੋਂ ਤਕ ਖੜ੍ਹੇ ਰਹੇ ਜਦ ਤਕ ਉਹ ਸਭ ਕੁਝ ਪੂਰਾ ਨਾ ਹੋ ਗਿਆ ਜੋ ਕੁਝ ਯਹੋਸ਼ੁਆ ਨੇ ਯਹੋਵਾਹ ਦੇ ਹੁਕਮ ਮੁਤਾਬਕ ਲੋਕਾਂ ਨੂੰ ਕਰਨ ਲਈ ਕਿਹਾ ਸੀ। ਇਹ ਸਭ ਉਨ੍ਹਾਂ ਗੱਲਾਂ ਅਨੁਸਾਰ ਸੀ ਜੋ ਕੁਝ ਮੂਸਾ ਨੇ ਯਹੋਸ਼ੁਆ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੌਰਾਨ ਲੋਕ ਜਲਦੀ-ਜਲਦੀ ਦਰਿਆ ਪਾਰ ਕਰ ਰਹੇ ਸਨ।
11 ਜਿਉਂ ਹੀ ਸਾਰੇ ਲੋਕਾਂ ਨੇ ਦਰਿਆ ਪਾਰ ਕੀਤਾ, ਤਾਂ ਉਨ੍ਹਾਂ ਦੇ ਦੇਖਦਿਆਂ-ਦੇਖਦਿਆਂ ਪੁਜਾਰੀ ਯਹੋਵਾਹ ਦਾ ਸੰਦੂਕ ਲੈ ਕੇ ਦਰਿਆ ਪਾਰ ਲੰਘ ਆਏ।+
12 ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਮੋਰਚਾ ਬੰਨ੍ਹ ਕੇ ਹੋਰ ਇਜ਼ਰਾਈਲੀਆਂ ਦੇ ਅੱਗੇ-ਅੱਗੇ ਦਰਿਆ ਪਾਰ ਲੰਘ ਗਿਆ,+ ਠੀਕ ਜਿਵੇਂ ਮੂਸਾ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਸੀ।+
13 ਯੁੱਧ ਲਈ ਤਿਆਰ ਲਗਭਗ 40,000 ਫ਼ੌਜੀ ਯਹੋਵਾਹ ਦੇ ਸਾਮ੍ਹਣੇ ਦਰਿਆ ਪਾਰ ਕਰ ਕੇ ਯਰੀਹੋ ਦੀ ਉਜਾੜ ਵਿਚ ਆ ਗਏ।
14 ਉਸ ਦਿਨ ਯਹੋਵਾਹ ਨੇ ਯਹੋਸ਼ੁਆ ਨੂੰ ਸਾਰੇ ਇਜ਼ਰਾਈਲ ਦੀਆਂ ਨਜ਼ਰਾਂ ਵਿਚ ਉੱਚਾ ਕੀਤਾ+ ਅਤੇ ਉਹ ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਗਹਿਰਾ ਆਦਰ ਕਰਦੇ* ਰਹੇ, ਠੀਕ ਜਿਵੇਂ ਉਹ ਮੂਸਾ ਦਾ ਗਹਿਰਾ ਆਦਰ ਕਰਦੇ ਸਨ।+
15 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ:
16 “ਗਵਾਹੀ ਦਾ ਸੰਦੂਕ+ ਚੁੱਕਣ ਵਾਲੇ ਪੁਜਾਰੀਆਂ ਨੂੰ ਯਰਦਨ ਵਿੱਚੋਂ ਬਾਹਰ ਆਉਣ ਦਾ ਹੁਕਮ ਦੇ।”
17 ਇਸ ਲਈ ਯਹੋਸ਼ੁਆ ਨੇ ਪੁਜਾਰੀਆਂ ਨੂੰ ਹੁਕਮ ਦਿੱਤਾ: “ਯਰਦਨ ਵਿੱਚੋਂ ਬਾਹਰ ਆ ਜਾਓ।”
18 ਜਦੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀ+ ਯਰਦਨ ਦੇ ਵਿਚਕਾਰੋਂ ਬਾਹਰ ਆਏ ਤੇ ਪੁਜਾਰੀਆਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਜ਼ਮੀਨ ਨੂੰ ਛੂਹੀਆਂ, ਤਾਂ ਯਰਦਨ ਦੇ ਪਾਣੀ ਦੁਬਾਰਾ ਵਹਿ ਤੁਰੇ ਅਤੇ ਦਰਿਆ ਦੇ ਕੰਢਿਆਂ ਦੇ ਉੱਪਰੋਂ ਦੀ ਪਹਿਲਾਂ ਵਾਂਗ ਵਗਣ ਲੱਗੇ।+
19 ਲੋਕਾਂ ਨੇ ਪਹਿਲੇ ਮਹੀਨੇ ਦੀ 10 ਤਾਰੀਖ਼ ਨੂੰ ਯਰਦਨ ਪਾਰ ਕੀਤਾ ਅਤੇ ਯਰੀਹੋ ਦੀ ਪੂਰਬੀ ਸਰਹੱਦ ’ਤੇ ਗਿਲਗਾਲ ਵਿਚ ਡੇਰਾ ਲਾਇਆ।+
20 ਉਨ੍ਹਾਂ ਨੇ ਜੋ 12 ਪੱਥਰ ਯਰਦਨ ਵਿੱਚੋਂ ਲਏ ਸਨ, ਉਨ੍ਹਾਂ ਨੂੰ ਯਹੋਸ਼ੁਆ ਨੇ ਗਿਲਗਾਲ ਵਿਚ ਖੜ੍ਹਾ ਕਰ ਦਿੱਤਾ।+
21 ਫਿਰ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ: “ਭਵਿੱਖ ਵਿਚ ਜਦੋਂ ਤੁਹਾਡੇ ਬੱਚੇ ਤੁਹਾਡੇ ਤੋਂ ਪੁੱਛਣ, ‘ਇਨ੍ਹਾਂ ਪੱਥਰਾਂ ਦਾ ਕੀ ਮਤਲਬ ਹੈ?’+
22 ਤਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਇਓ: ‘ਇਜ਼ਰਾਈਲ ਨੇ ਸੁੱਕੀ ਜ਼ਮੀਨ ਉੱਤੋਂ ਦੀ ਯਰਦਨ ਪਾਰ ਕੀਤਾ ਸੀ+
23 ਜਦੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਅੱਗੇ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸ ਨੇ ਸਾਡੇ ਸਾਮ੍ਹਣੇ ਇਸ ਨੂੰ ਸੁਕਾ ਦਿੱਤਾ ਸੀ ਜਦ ਤਕ ਅਸੀਂ ਪਾਰ ਨਾ ਲੰਘ ਗਏ।+
24 ਇਹ ਉਸ ਨੇ ਇਸ ਲਈ ਕੀਤਾ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਜਾਣ ਲੈਣ ਕਿ ਯਹੋਵਾਹ ਦਾ ਹੱਥ ਕਿੰਨਾ ਸ਼ਕਤੀਸ਼ਾਲੀ ਹੈ,+ ਨਾਲੇ ਇਸ ਲਈ ਵੀ ਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੋ।’”