ਯਹੋਸ਼ੁਆ 5:1-15

  • ਗਿਲਗਾਲ ਵਿਚ ਸੁੰਨਤ (1-9)

  • ਪਸਾਹ ਮਨਾਇਆ ਗਿਆ; ਮੰਨ ਮਿਲਣਾ ਬੰਦ (10-12)

  • ਯਹੋਵਾਹ ਦੀ ਫ਼ੌਜ ਦਾ ਹਾਕਮ (13-15)

5  ਜਦੋਂ ਯਰਦਨ ਦੇ ਪੱਛਮ ਵੱਲ* ਰਹਿੰਦੇ ਅਮੋਰੀਆਂ+ ਦੇ ਸਾਰੇ ਰਾਜਿਆਂ ਅਤੇ ਸਮੁੰਦਰ ਲਾਗੇ ਰਹਿੰਦੇ ਕਨਾਨੀਆਂ+ ਦੇ ਸਾਰੇ ਰਾਜਿਆਂ ਨੇ ਸੁਣਿਆ ਕਿ ਯਹੋਵਾਹ ਨੇ ਯਰਦਨ ਦੇ ਪਾਣੀਆਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਤਾਂ ਉਹ ਦਿਲ ਹਾਰ ਬੈਠੇ*+ ਅਤੇ ਇਜ਼ਰਾਈਲੀਆਂ ਕਰਕੇ ਉਨ੍ਹਾਂ ਦੀ ਹਿੰਮਤ ਪੂਰੀ ਤਰ੍ਹਾਂ ਟੁੱਟ ਗਈ।+  ਉਸ ਸਮੇਂ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਆਪਣੇ ਲਈ ਚਕਮਾਕ ਪੱਥਰ ਦੀਆਂ ਛੁਰੀਆਂ ਬਣਾ ਤੇ ਇਜ਼ਰਾਈਲ ਦੇ ਆਦਮੀਆਂ ਦੀ ਦੁਬਾਰਾ, ਹਾਂ, ਦੂਜੀ ਵਾਰ ਸੁੰਨਤ ਕਰ।”+  ਇਸ ਲਈ ਯਹੋਸ਼ੁਆ ਨੇ ਚਕਮਾਕ ਪੱਥਰ ਦੀਆਂ ਛੁਰੀਆਂ ਬਣਾਈਆਂ ਅਤੇ ਗਿਬੀਥ-ਹਾਰਲੋਥ* ਵਿਚ ਇਜ਼ਰਾਈਲ ਦੇ ਆਦਮੀਆਂ ਦੀ ਸੁੰਨਤ ਕੀਤੀ।+  ਯਹੋਸ਼ੁਆ ਨੇ ਇਸ ਕਾਰਨ ਉਨ੍ਹਾਂ ਦੀ ਸੁੰਨਤ ਕੀਤੀ: ਮਿਸਰ ਤੋਂ ਨਿਕਲਣ ਵਾਲੇ ਸਾਰੇ ਨਰ ਯਾਨੀ ਯੁੱਧ ਲੜਨ ਦੇ ਕਾਬਲ ਸਾਰੇ ਆਦਮੀ* ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਸਫ਼ਰ ਦੌਰਾਨ ਉਜਾੜ ਵਿਚ ਮਰ ਗਏ ਸਨ।+  ਮਿਸਰ ਤੋਂ ਨਿਕਲਣ ਵਾਲੇ ਸਾਰੇ ਲੋਕਾਂ ਦੀ ਸੁੰਨਤ ਹੋਈ ਸੀ, ਪਰ ਉਨ੍ਹਾਂ ਦੇ ਮਿਸਰ ਤੋਂ ਨਿਕਲਣ ਤੋਂ ਬਾਅਦ ਸਫ਼ਰ ਦੌਰਾਨ ਉਜਾੜ ਵਿਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ।  ਇਜ਼ਰਾਈਲੀ 40 ਸਾਲ ਉਜਾੜ ਵਿਚ ਭਟਕਦੇ ਰਹੇ+ ਜਦ ਤਕ ਸਾਰੀ ਕੌਮ ਮਰ ਨਾ ਗਈ ਯਾਨੀ ਮਿਸਰ ਤੋਂ ਨਿਕਲਣ ਵਾਲੇ ਉਹ ਯੋਧੇ ਜਿਨ੍ਹਾਂ ਨੇ ਯਹੋਵਾਹ ਦੀ ਗੱਲ ਨਹੀਂ ਮੰਨੀ ਸੀ।+ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਨ੍ਹਾਂ ਨੂੰ ਕਦੇ ਵੀ ਉਹ ਦੇਸ਼ ਨਹੀਂ ਦੇਖਣ ਦੇਵੇਗਾ+ ਜਿਹੜਾ ਦੇਸ਼ ਸਾਨੂੰ ਦੇਣ ਦੀ ਸਹੁੰ ਯਹੋਵਾਹ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਹਾਂ, ਉਹ ਦੇਸ਼ ਜਿਸ ਵਿਚ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+  ਇਸ ਲਈ ਉਸ ਨੇ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਪੁੱਤਰਾਂ ਨੂੰ ਖੜ੍ਹਾ ਕੀਤਾ।+ ਯਹੋਸ਼ੁਆ ਨੇ ਇਨ੍ਹਾਂ ਦੀ ਸੁੰਨਤ ਕੀਤੀ; ਉਹ ਬੇਸੁੰਨਤੇ ਸਨ ਕਿਉਂਕਿ ਉਨ੍ਹਾਂ ਨੇ ਸਫ਼ਰ ਦੌਰਾਨ ਉਨ੍ਹਾਂ ਦੀ ਸੁੰਨਤ ਨਹੀਂ ਕੀਤੀ ਸੀ।  ਜਦੋਂ ਉਹ ਸਾਰੀ ਕੌਮ ਦੀ ਸੁੰਨਤ ਕਰ ਚੁੱਕੇ, ਤਾਂ ਉਹ ਛਾਉਣੀ ਵਿਚ ਜਿੱਥੇ ਸਨ, ਉੱਥੇ ਹੀ ਰਹੇ ਜਦ ਤਕ ਉਹ ਠੀਕ ਨਹੀਂ ਹੋ ਗਏ।  ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮਿਸਰ ਵੱਲੋਂ ਹੋਈ ਤੁਹਾਡੀ ਬਦਨਾਮੀ ਨੂੰ ਅੱਜ ਮੈਂ ਤੁਹਾਡੇ ਤੋਂ ਦੂਰ ਕੀਤਾ ਹੈ।”* ਇਸ ਕਰਕੇ ਅੱਜ ਤਕ ਉਹ ਜਗ੍ਹਾ ਗਿਲਗਾਲ* ਕਹਾਉਂਦੀ ਹੈ।+ 10  ਇਜ਼ਰਾਈਲੀਆਂ ਨੇ ਗਿਲਗਾਲ ਵਿਚ ਡੇਰਾ ਲਾਈ ਰੱਖਿਆ ਅਤੇ ਉਨ੍ਹਾਂ ਨੇ ਮਹੀਨੇ ਦੀ 14 ਤਾਰੀਖ਼ ਦੀ ਸ਼ਾਮ ਨੂੰ ਯਰੀਹੋ ਦੀ ਉਜਾੜ ਵਿਚ ਪਸਾਹ ਮਨਾਇਆ।+ 11  ਪਸਾਹ ਤੋਂ ਅਗਲੇ ਦਿਨ ਉਨ੍ਹਾਂ ਨੇ ਜ਼ਮੀਨ ਦੀ ਪੈਦਾਵਾਰ ਖਾਣੀ ਸ਼ੁਰੂ ਕੀਤੀ। ਉਸ ਦਿਨ ਉਨ੍ਹਾਂ ਨੇ ਬੇਖਮੀਰੀ ਰੋਟੀ+ ਅਤੇ ਭੁੰਨੇ ਹੋਏ ਦਾਣੇ ਖਾਧੇ। 12  ਜਿਸ ਦਿਨ ਉਨ੍ਹਾਂ ਨੇ ਦੇਸ਼ ਦੀ ਕੁਝ ਪੈਦਾਵਾਰ ਖਾਧੀ, ਉਸੇ ਦਿਨ ਤੋਂ ਮੰਨ ਮਿਲਣਾ ਬੰਦ ਹੋ ਗਿਆ; ਇਸ ਤੋਂ ਬਾਅਦ ਇਜ਼ਰਾਈਲੀਆਂ ਨੂੰ ਫਿਰ ਕਦੇ ਮੰਨ ਨਹੀਂ ਮਿਲਿਆ,+ ਪਰ ਉਹ ਉਸ ਸਾਲ ਤੋਂ ਕਨਾਨ ਦੇਸ਼ ਦੀ ਪੈਦਾਵਾਰ ਖਾਣ ਲੱਗੇ।+ 13  ਜਦੋਂ ਯਹੋਸ਼ੁਆ ਯਰੀਹੋ ਦੇ ਲਾਗੇ ਸੀ, ਤਾਂ ਉਸ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਇਕ ਆਦਮੀ ਹੱਥ ਵਿਚ ਤਲਵਾਰ ਫੜੀ ਉਸ ਦੇ ਸਾਮ੍ਹਣੇ ਖੜ੍ਹਾ ਸੀ।+ ਯਹੋਸ਼ੁਆ ਨੇ ਉਸ ਕੋਲ ਜਾ ਕੇ ਪੁੱਛਿਆ: “ਕੀ ਤੂੰ ਸਾਡੇ ਵੱਲ ਹੈਂ ਜਾਂ ਸਾਡੇ ਦੁਸ਼ਮਣਾਂ ਵੱਲ?” 14  ਉਸ ਨੇ ਜਵਾਬ ਦਿੱਤਾ: “ਨਹੀਂ, ਮੈਂ ਤਾਂ ਯਹੋਵਾਹ ਦੀ ਫ਼ੌਜ ਦੇ ਹਾਕਮ* ਵਜੋਂ ਆਇਆ ਹਾਂ।”+ ਇਹ ਸੁਣਦਿਆਂ ਸਾਰ ਯਹੋਸ਼ੁਆ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਉਸ ਨੂੰ ਪੁੱਛਿਆ: “ਮੇਰਾ ਪ੍ਰਭੂ ਆਪਣੇ ਸੇਵਕ ਨੂੰ ਕੀ ਕਹਿਣਾ ਚਾਹੁੰਦਾ ਹੈ?” 15  ਯਹੋਵਾਹ ਦੀ ਫ਼ੌਜ ਦੇ ਹਾਕਮ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ ਕਿਉਂਕਿ ਜਿਸ ਜਗ੍ਹਾ ਤੂੰ ਖੜ੍ਹਾ ਹੈਂ, ਉਹ ਪਵਿੱਤਰ ਹੈ।” ਯਹੋਸ਼ੁਆ ਨੇ ਤੁਰੰਤ ਇਸੇ ਤਰ੍ਹਾਂ ਕੀਤਾ।+

ਫੁਟਨੋਟ

ਇਬ, “ਸਮੁੰਦਰ ਵੱਲ ਦੇ ਪਾਸੇ।”
ਇਬ, “ਉਨ੍ਹਾਂ ਦੇ ਦਿਲ ਪਿਘਲ ਗਏ।”
ਮਤਲਬ “ਖਲੜੀਆਂ ਦਾ ਟਿੱਬਾ।”
ਜਾਂ, “ਜਿਨ੍ਹਾਂ ਦੀ ਉਮਰ ਫ਼ੌਜ ਵਿਚ ਭਰਤੀ ਹੋਣ ਦੀ ਸੀ।”
ਇਬ, “ਮਿਸਰ ਦੀ ਬਦਨਾਮੀ ਨੂੰ ਤੁਹਾਡੇ ਤੋਂ ਦੂਰ ਰੋੜ੍ਹ ਦਿੱਤਾ ਹੈ।”
ਮਤਲਬ “ਰੋੜ੍ਹਨਾ; ਦੂਰ ਰੋੜ੍ਹਨਾ।”
ਜਾਂ, “ਮੁਖੀ।”