ਯਹੋਸ਼ੁਆ 7:1-26

  • ਅਈ ਵਿਚ ਇਜ਼ਰਾਈਲ ਦੀ ਹਾਰ (1-5)

  • ਯਹੋਸ਼ੁਆ ਦੀ ਪ੍ਰਾਰਥਨਾ (6-9)

  • ਪਾਪ ਕਾਰਨ ਇਜ਼ਰਾਈਲ ਦੀ ਹਾਰ (10-15)

  • ਆਕਾਨ ਦਾ ਪਰਦਾਫ਼ਾਸ਼ ਅਤੇ ਪੱਥਰਾਂ ਨਾਲ ਮਾਰਿਆ ਗਿਆ (16-26)

7  ਪਰ ਇਜ਼ਰਾਈਲੀ ਨਾਸ਼ ਲਈ ਠਹਿਰਾਈਆਂ ਚੀਜ਼ਾਂ ਦੇ ਸੰਬੰਧ ਵਿਚ ਵਫ਼ਾਦਾਰ ਨਹੀਂ ਰਹੇ ਕਿਉਂਕਿ ਯਹੂਦਾਹ ਦੇ ਗੋਤ ਦੇ ਆਕਾਨ+ ਨੇ, ਜੋ ਕਰਮੀ ਦਾ ਪੁੱਤਰ, ਜ਼ਬਦੀ ਦਾ ਪੋਤਾ ਤੇ ਜ਼ਰਾਹ ਦਾ ਪੜਪੋਤਾ ਸੀ, ਨਾਸ਼ ਲਈ ਠਹਿਰਾਈਆਂ ਚੀਜ਼ਾਂ ਵਿੱਚੋਂ ਕੁਝ ਚੀਜ਼ਾਂ ਲੈ ਲਈਆਂ।+ ਇਸ ਕਾਰਨ ਇਜ਼ਰਾਈਲ ਉੱਤੇ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ।+  ਫਿਰ ਯਹੋਸ਼ੁਆ ਨੇ ਆਦਮੀਆਂ ਨੂੰ ਯਰੀਹੋ ਤੋਂ ਅਈ ਸ਼ਹਿਰ ਭੇਜਿਆ+ ਜੋ ਬੈਤੇਲ+ ਦੇ ਪੂਰਬ ਵੱਲ ਬੈਤ-ਆਵਨ ਦੇ ਲਾਗੇ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਉਤਾਂਹ ਜਾਓ ਤੇ ਉਸ ਦੇਸ਼ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਗਏ ਤੇ ਉਨ੍ਹਾਂ ਨੇ ਅਈ ਸ਼ਹਿਰ ਦੀ ਜਾਸੂਸੀ ਕੀਤੀ।  ਵਾਪਸ ਆ ਕੇ ਉਨ੍ਹਾਂ ਨੇ ਯਹੋਸ਼ੁਆ ਨੂੰ ਦੱਸਿਆ: ਸਾਰੇ ਲੋਕਾਂ ਨੂੰ ਉਤਾਂਹ ਜਾਣ ਦੀ ਲੋੜ ਨਹੀਂ। ਅਈ ਨੂੰ ਹਰਾਉਣ ਲਈ ਤਕਰੀਬਨ ਦੋ-ਤਿੰਨ ਹਜ਼ਾਰ ਆਦਮੀ ਕਾਫ਼ੀ ਹਨ। ਸਾਰੇ ਲੋਕਾਂ ਨੂੰ ਉੱਥੇ ਭੇਜ ਕੇ ਨਾ ਥਕਾ ਕਿਉਂਕਿ ਉੱਥੇ ਥੋੜ੍ਹੇ ਹੀ ਲੋਕ ਹਨ।”  ਇਸ ਲਈ ਉੱਥੇ ਤਕਰੀਬਨ 3,000 ਆਦਮੀ ਗਏ, ਪਰ ਉਨ੍ਹਾਂ ਨੂੰ ਅਈ ਦੇ ਆਦਮੀਆਂ ਅੱਗੋਂ ਭੱਜਣਾ ਪਿਆ।+  ਅਈ ਦੇ ਆਦਮੀਆਂ ਨੇ 36 ਆਦਮੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਨੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਸਬਾਰੀਮ* ਤਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਹ ਥੱਲੇ ਨੂੰ ਆਉਂਦੇ ਹੋਏ ਉਨ੍ਹਾਂ ਨੂੰ ਮਾਰਦੇ ਰਹੇ। ਇਸ ਕਾਰਨ ਲੋਕਾਂ ਦਾ ਹੌਸਲਾ ਢਹਿ ਗਿਆ।*  ਇਹ ਸੁਣ ਕੇ ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਸ਼ਾਮ ਤਕ ਮੂੰਹ ਭਾਰ ਲੰਮਾ ਪਿਆ ਰਿਹਾ, ਹਾਂ, ਉਹ ਤੇ ਇਜ਼ਰਾਈਲ ਦੇ ਬਜ਼ੁਰਗ। ਉਹ ਆਪਣੇ ਸਿਰਾਂ ’ਤੇ ਮਿੱਟੀ ਪਾਉਂਦੇ ਰਹੇ।  ਯਹੋਸ਼ੁਆ ਨੇ ਕਿਹਾ: “ਹਾਇ, ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਇੰਨੀ ਦੂਰ ਯਰਦਨ ਪਾਰ ਕਿਉਂ ਲੈ ਆਇਆਂ? ਕੀ ਇਸ ਲਈ ਕਿ ਸਾਨੂੰ ਅਮੋਰੀਆਂ ਦੇ ਹੱਥੋਂ ਨਾਸ਼ ਕਰਾਵੇਂ? ਚੰਗਾ ਹੁੰਦਾ ਅਸੀਂ ਯਰਦਨ ਦੇ ਦੂਜੇ ਪਾਸੇ* ਹੀ ਸੰਤੁਸ਼ਟ ਰਹਿੰਦੇ!  ਹੇ ਯਹੋਵਾਹ, ਮੈਨੂੰ ਮਾਫ਼ ਕਰੀਂ, ਹੁਣ ਜਦ ਇਜ਼ਰਾਈਲ ਆਪਣੇ ਦੁਸ਼ਮਣਾਂ ਅੱਗਿਓਂ* ਭੱਜ ਗਿਆ ਹੈ, ਤਾਂ ਮੈਂ ਹੋਰ ਕੀ ਕਹਾਂ?  ਜਦੋਂ ਕਨਾਨੀ ਅਤੇ ਦੇਸ਼ ਦੇ ਸਾਰੇ ਵਾਸੀ ਇਸ ਬਾਰੇ ਸੁਣਨਗੇ, ਤਾਂ ਉਹ ਸਾਨੂੰ ਘੇਰ ਲੈਣਗੇ ਅਤੇ ਧਰਤੀ ਉੱਤੋਂ ਸਾਡਾ ਨਾਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਂ ਲਈ ਕੀ ਕਰੇਂਗਾ?”+ 10  ਯਹੋਵਾਹ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਉੱਠ! ਤੂੰ ਮੂੰਹ ਭਾਰ ਕਿਉਂ ਪਿਆ ਹੈਂ? 11  ਇਜ਼ਰਾਈਲ ਨੇ ਪਾਪ ਕੀਤਾ ਹੈ। ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਜਿਸ ਦੀ ਪਾਲਣਾ ਕਰਨ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਨਾਸ਼ ਲਈ ਠਹਿਰਾਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ+ ਤੇ ਇਨ੍ਹਾਂ ਨੂੰ ਚੁਰਾ ਕੇ+ ਚੁੱਪ-ਚਾਪ ਆਪਣੇ ਸਾਮਾਨ ਵਿਚ ਲੁਕੋ ਲਿਆ ਹੈ।+ 12  ਇਸ ਕਰਕੇ ਇਜ਼ਰਾਈਲੀ ਆਪਣੇ ਦੁਸ਼ਮਣਾਂ ਅੱਗੇ ਟਿਕ ਨਹੀਂ ਪਾਉਣਗੇ। ਉਹ ਆਪਣੀ ਪਿੱਠ ਦਿਖਾ ਕੇ ਆਪਣੇ ਦੁਸ਼ਮਣਾਂ ਅੱਗਿਓਂ ਭੱਜ ਜਾਣਗੇ ਕਿਉਂਕਿ ਉਹ ਨਾਸ਼ ਲਈ ਠਹਿਰਾਏ ਗਏ ਹਨ। ਮੈਂ ਹੁਣ ਤੁਹਾਡੇ ਨਾਲ ਨਹੀਂ ਹੋਵਾਂਗਾ ਜਦ ਤਕ ਤੁਸੀਂ ਆਪਣੇ ਵਿਚਕਾਰੋਂ ਉਸ ਨੂੰ ਮਿਟਾ ਨਹੀਂ ਦਿੰਦੇ ਜਿਸ ਨੂੰ ਨਾਸ਼ ਲਈ ਠਹਿਰਾਇਆ ਗਿਆ ਹੈ।+ 13  ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ!+ ਉਨ੍ਹਾਂ ਨੂੰ ਕਹਿ, ‘ਕੱਲ੍ਹ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਹੇ ਇਜ਼ਰਾਈਲ, ਤੇਰੇ ਵਿਚਕਾਰ ਕੁਝ ਅਜਿਹਾ ਹੈ ਜੋ ਨਾਸ਼ ਦੇ ਲਾਇਕ ਠਹਿਰਾਇਆ ਗਿਆ ਹੈ। ਤੁਸੀਂ ਆਪਣੇ ਦੁਸ਼ਮਣਾਂ ਅੱਗੇ ਟਿਕ ਨਹੀਂ ਪਾਓਗੇ ਜਦ ਤਕ ਤੁਸੀਂ ਆਪਣੇ ਵਿਚਕਾਰੋਂ ਉਹ ਚੀਜ਼ ਕੱਢ ਨਹੀਂ ਦਿੰਦੇ ਜੋ ਨਾਸ਼ ਲਈ ਠਹਿਰਾਈ ਗਈ ਹੈ। 14  ਕੱਲ੍ਹ ਸਵੇਰੇ ਤੁਸੀਂ ਆਪੋ-ਆਪਣੇ ਗੋਤ ਅਨੁਸਾਰ ਹਾਜ਼ਰ ਹੋਇਓ। ਯਹੋਵਾਹ ਜਿਸ ਗੋਤ ਨੂੰ ਚੁਣੇਗਾ,+ ਉਸ ਗੋਤ ਦੇ ਘਰਾਣੇ ਇਕ-ਇਕ ਕਰ ਕੇ ਨੇੜੇ ਆਉਣ। ਜਿਸ ਘਰਾਣੇ ਨੂੰ ਯਹੋਵਾਹ ਚੁਣੇਗਾ, ਉਸ ਦੇ ਪਰਿਵਾਰ ਇਕ-ਇਕ ਕਰ ਕੇ ਨੇੜੇ ਆਉਣ ਅਤੇ ਜਿਸ ਪਰਿਵਾਰ ਨੂੰ ਯਹੋਵਾਹ ਚੁਣੇਗਾ, ਉਸ ਦੇ ਆਦਮੀ ਇਕ-ਇਕ ਕਰ ਕੇ ਨੇੜੇ ਆਉਣ। 15  ਜਿਹੜਾ ਵੀ ਨਾਸ਼ ਲਈ ਠਹਿਰਾਈ ਗਈ ਚੀਜ਼ ਦੇ ਨਾਲ ਫੜਿਆ ਜਾਵੇਗਾ, ਉਸ ਨੂੰ ਅੱਗ ਨਾਲ ਸਾੜਿਆ ਜਾਵੇਗਾ,+ ਹਾਂ, ਉਸ ਨੂੰ ਤੇ ਉਸ ਦਾ ਜੋ ਕੁਝ ਹੈ ਅੱਗ ਨਾਲ ਸਾੜ ਸੁੱਟਿਆ ਜਾਵੇਗਾ ਕਿਉਂਕਿ ਉਸ ਨੇ ਯਹੋਵਾਹ ਦੇ ਇਕਰਾਰ ਨੂੰ ਤੋੜਿਆ+ ਅਤੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤਾ ਹੈ।”’” 16  ਇਸ ਲਈ ਯਹੋਸ਼ੁਆ ਅਗਲੇ ਦਿਨ ਸਵੇਰੇ-ਸਵੇਰੇ ਉੱਠਿਆ ਅਤੇ ਉਸ ਨੇ ਇਜ਼ਰਾਈਲ ਨੂੰ ਗੋਤਾਂ ਅਨੁਸਾਰ ਨੇੜੇ ਆਉਣ ਲਈ ਕਿਹਾ ਅਤੇ ਯਹੂਦਾਹ ਦਾ ਗੋਤ ਚੁਣਿਆ ਗਿਆ। 17  ਉਸ ਨੇ ਯਹੂਦਾਹ ਦੇ ਘਰਾਣਿਆਂ ਨੂੰ ਨੇੜੇ ਆਉਣ ਲਈ ਕਿਹਾ ਅਤੇ ਜ਼ਰਾਹੀਆਂ ਦਾ ਘਰਾਣਾ ਚੁਣਿਆ ਗਿਆ। ਇਸ ਤੋਂ ਬਾਅਦ ਉਸ ਨੇ ਜ਼ਰਾਹੀਆਂ ਦੇ ਘਰਾਣੇ+ ਦੇ ਆਦਮੀਆਂ ਨੂੰ ਇਕ-ਇਕ ਕਰ ਕੇ ਨੇੜੇ ਆਉਣ ਲਈ ਕਿਹਾ ਤੇ ਜ਼ਬਦੀ ਨੂੰ ਚੁਣਿਆ ਗਿਆ। 18  ਅਖ਼ੀਰ ਉਸ ਨੇ ਜ਼ਬਦੀ ਦੇ ਪਰਿਵਾਰ ਦੇ ਆਦਮੀਆਂ ਨੂੰ ਇਕ-ਇਕ ਕਰ ਕੇ ਨੇੜੇ ਆਉਣ ਲਈ ਕਿਹਾ ਅਤੇ ਯਹੂਦਾਹ ਦੇ ਗੋਤ ਵਿੱਚੋਂ ਕਰਮੀ ਦਾ ਪੁੱਤਰ ਆਕਾਨ ਚੁਣਿਆ ਗਿਆ+ ਜੋ ਜ਼ਬਦੀ ਦਾ ਪੋਤਾ ਤੇ ਜ਼ਰਾਹ ਦਾ ਪੜਪੋਤਾ ਸੀ। 19  ਫਿਰ ਯਹੋਸ਼ੁਆ ਨੇ ਆਕਾਨ ਨੂੰ ਕਿਹਾ: “ਹੇ ਮੇਰੇ ਪੁੱਤਰ, ਕਿਰਪਾ ਕਰ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ ਕਰ ਅਤੇ ਉਸ ਅੱਗੇ ਆਪਣਾ ਗੁਨਾਹ ਕਬੂਲ ਕਰ। ਕਿਰਪਾ ਕਰ ਕੇ ਮੈਨੂੰ ਦੱਸ, ਤੂੰ ਕੀ ਕੀਤਾ ਹੈ। ਮੇਰੇ ਤੋਂ ਕੁਝ ਨਾ ਲੁਕਾ।” 20  ਆਕਾਨ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਸੱਚ-ਮੁੱਚ ਮੈਂ ਹੀ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਖ਼ਿਲਾਫ਼ ਪਾਪ ਕੀਤਾ ਹੈ। ਮੈਂ ਇਸ ਤਰ੍ਹਾਂ ਕੀਤਾ: 21  ਜਦੋਂ ਲੁੱਟ ਦੇ ਮਾਲ ਵਿਚ ਸ਼ਿਨਾਰ+ ਦੇ ਇਕ ਖ਼ਾਸ ਚੋਗੇ, 200 ਸ਼ੇਕੇਲ* ਚਾਂਦੀ ਅਤੇ 50 ਸ਼ੇਕੇਲ ਭਾਰੀ ਸੋਨੇ ਦੀ ਇਕ ਇੱਟ ’ਤੇ ਮੇਰੀ ਨਜ਼ਰ ਪਈ, ਤਾਂ ਮੇਰਾ ਮਨ ਕੀਤਾ ਕਿ ਉਹ ਚੀਜ਼ਾਂ ਲੈ ਲਵਾਂ ਤੇ ਮੈਂ ਲੈ ਲਈਆਂ। ਹੁਣ ਉਹ ਸਭ ਕੁਝ ਮੇਰੇ ਤੰਬੂ ਵਿਚ ਜ਼ਮੀਨ ਥੱਲੇ ਦੱਬਿਆ ਪਿਆ ਹੈ ਤੇ ਉਸ ਦੇ ਹੇਠਾਂ ਸੋਨਾ-ਚਾਂਦੀ ਹੈ।” 22  ਉਸੇ ਵੇਲੇ ਯਹੋਸ਼ੁਆ ਨੇ ਆਦਮੀ ਘੱਲੇ ਤੇ ਉਹ ਤੰਬੂ ਵੱਲ ਭੱਜੇ ਗਏ ਅਤੇ ਦੇਖੋ, ਚੋਗਾ ਤੰਬੂ ਵਿਚ ਲੁਕਾਇਆ ਹੋਇਆ ਸੀ ਤੇ ਉਸ ਦੇ ਥੱਲੇ ਸੋਨਾ-ਚਾਂਦੀ ਸੀ। 23  ਉਨ੍ਹਾਂ ਨੇ ਤੰਬੂ ਵਿੱਚੋਂ ਉਹ ਚੀਜ਼ਾਂ ਲਈਆਂ ਅਤੇ ਯਹੋਸ਼ੁਆ ਤੇ ਸਾਰੇ ਇਜ਼ਰਾਈਲੀਆਂ ਕੋਲ ਲੈ ਆਏ ਅਤੇ ਉਨ੍ਹਾਂ ਨੂੰ ਯਹੋਵਾਹ ਸਾਮ੍ਹਣੇ ਰੱਖਿਆ। 24  ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਜ਼ਰਾਈਲ ਜ਼ਰਾਹ ਦੇ ਪੁੱਤਰ ਆਕਾਨ+ ਨੂੰ, ਚਾਂਦੀ, ਖ਼ਾਸ ਚੋਗੇ ਅਤੇ ਸੋਨੇ ਦੀ ਇੱਟ+ ਸਮੇਤ ਉਸ ਦੇ ਪੁੱਤਰਾਂ, ਧੀਆਂ, ਉਸ ਦਾ ਬਲਦ, ਉਸ ਦਾ ਗਧਾ, ਉਸ ਦਾ ਇੱਜੜ, ਉਸ ਦਾ ਤੰਬੂ ਅਤੇ ਜੋ ਕੁਝ ਉਸ ਦਾ ਸੀ, ਸਭ ਕੁਝ ਲੈ ਕੇ ਆਕੋਰ ਘਾਟੀ+ ਵਿਚ ਚਲੇ ਗਏ। 25  ਯਹੋਸ਼ੁਆ ਨੇ ਕਿਹਾ: “ਤੂੰ ਸਾਡੇ ਉੱਤੇ ਬਿਪਤਾ* ਕਿਉਂ ਲਿਆਇਆ ਹੈਂ?+ ਯਹੋਵਾਹ ਅੱਜ ਦੇ ਦਿਨ ਤੇਰੇ ’ਤੇ ਬਿਪਤਾ ਲਿਆਵੇਗਾ।” ਫਿਰ ਸਾਰੇ ਇਜ਼ਰਾਈਲ ਨੇ ਉਸ ਦੇ ਪੱਥਰ ਮਾਰੇ+ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅੱਗ ਨਾਲ ਸਾੜ ਸੁੱਟਿਆ।+ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦੇ ਪੱਥਰ ਮਾਰੇ। 26  ਉਨ੍ਹਾਂ ਨੇ ਉਸ ਉੱਤੇ ਪੱਥਰਾਂ ਦਾ ਵੱਡਾ ਸਾਰਾ ਢੇਰ ਲਾ ਦਿੱਤਾ ਜੋ ਅੱਜ ਦੇ ਦਿਨ ਤਕ ਹੈ। ਫਿਰ ਯਹੋਵਾਹ ਦਾ ਕ੍ਰੋਧ ਸ਼ਾਂਤ ਹੋ ਗਿਆ।+ ਇਸੇ ਕਰਕੇ ਅੱਜ ਤਕ ਉਸ ਜਗ੍ਹਾ ਦਾ ਨਾਂ ਆਕੋਰ* ਘਾਟੀ ਹੈ।

ਫੁਟਨੋਟ

ਮਤਲਬ “ਖਾਣਾਂ।”
ਇਬ, “ਲੋਕਾਂ ਦੇ ਦਿਲ ਪਿਘਲ ਗਏ ਤੇ ਪਾਣੀ ਵਾਂਗ ਵਹਿ ਗਏ।”
ਯਾਨੀ, ਪੂਰਬ ਵੱਲ।
ਜਾਂ, “ਨੂੰ ਪਿੱਠ ਦਿਖਾ ਕੇ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਮੁਸੀਬਤ; ਬਦਨਾਮੀ।”
ਮਤਲਬ “ਮੁਸੀਬਤ; ਬਦਨਾਮੀ।”