ਯਹੋਸ਼ੁਆ 8:1-35
8 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ।+ ਆਪਣੇ ਨਾਲ ਸਾਰੇ ਯੋਧਿਆਂ ਨੂੰ ਲੈ ਕੇ ਅਈ ’ਤੇ ਚੜ੍ਹਾਈ ਕਰ। ਦੇਖ, ਮੈਂ ਅਈ ਦੇ ਰਾਜੇ ਨੂੰ, ਉਸ ਦੇ ਲੋਕਾਂ, ਉਸ ਦੇ ਸ਼ਹਿਰ ਤੇ ਉਸ ਦੇ ਇਲਾਕੇ ਨੂੰ ਤੇਰੇ ਹਵਾਲੇ ਕਰ ਦਿਆਂਗਾ।+
2 ਤੂੰ ਅਈ ਅਤੇ ਉਸ ਦੇ ਰਾਜੇ ਦਾ ਉਹੀ ਹਸ਼ਰ ਕਰੀਂ ਜੋ ਤੂੰ ਯਰੀਹੋ ਤੇ ਉਸ ਦੇ ਰਾਜੇ ਦਾ ਕੀਤਾ ਸੀ।+ ਪਰ ਤੁਸੀਂ ਉੱਥੋਂ ਮਿਲਣ ਵਾਲਾ ਲੁੱਟ ਦਾ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਇਓ। ਤੂੰ ਸ਼ਹਿਰ ਦੇ ਪਿਛਲੇ ਪਾਸੇ ਘਾਤ ਲਗਵਾਈਂ।”
3 ਇਸ ਲਈ ਯਹੋਸ਼ੁਆ ਅਤੇ ਸਾਰੇ ਯੋਧੇ ਅਈ ਖ਼ਿਲਾਫ਼ ਉਤਾਹਾਂ ਗਏ। ਯਹੋਸ਼ੁਆ ਨੇ 30,000 ਤਾਕਤਵਰ ਯੋਧੇ ਚੁਣੇ ਅਤੇ ਰਾਤ ਨੂੰ ਉਨ੍ਹਾਂ ਨੂੰ ਭੇਜ ਦਿੱਤਾ।
4 ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਦੇਖੋ, ਤੁਸੀਂ ਸ਼ਹਿਰ ਦੇ ਪਿਛਲੇ ਪਾਸੇ ਘਾਤ ਲਾ ਕੇ ਬੈਠਿਓ। ਸ਼ਹਿਰ ਤੋਂ ਬਹੁਤੇ ਦੂਰ ਨਾ ਜਾਇਓ ਤੇ ਤੁਸੀਂ ਸਾਰੇ ਤਿਆਰ-ਬਰ-ਤਿਆਰ ਰਹਿਓ।
5 ਮੈਂ ਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਕੋਲ ਪਹੁੰਚਾਂਗੇ ਅਤੇ ਜਦੋਂ ਉਹ ਪਹਿਲਾਂ ਵਾਂਗ ਸਾਡੇ ’ਤੇ ਹਮਲਾ ਕਰਨ ਲਈ ਬਾਹਰ ਆਉਣਗੇ,+ ਤਾਂ ਅਸੀਂ ਉਨ੍ਹਾਂ ਨੂੰ ਪਿੱਠ ਦਿਖਾ ਕੇ ਭੱਜ ਜਾਵਾਂਗੇ।
6 ਜਦ ਉਹ ਸਾਡਾ ਪਿੱਛਾ ਕਰਨ ਲਈ ਸ਼ਹਿਰੋਂ ਬਾਹਰ ਆਉਣਗੇ, ਤਾਂ ਆਪਾਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਲੈ ਜਾਵਾਂਗੇ ਕਿਉਂਕਿ ਉਨ੍ਹਾਂ ਨੇ ਤਾਂ ਇਹੀ ਸੋਚਣਾ, ‘ਉਹ ਪਹਿਲਾਂ ਵਾਂਗ ਸਾਡੇ ਅੱਗੋਂ ਭੱਜ ਰਹੇ ਹਨ।’+ ਅਤੇ ਅਸੀਂ ਉਨ੍ਹਾਂ ਅੱਗੋਂ ਭੱਜਾਂਗੇ ਵੀ ਜ਼ਰੂਰ।
7 ਫਿਰ ਤੁਸੀਂ ਉਸ ਜਗ੍ਹਾ ਤੋਂ ਉੱਠਿਓ ਜਿੱਥੇ ਤੁਸੀਂ ਘਾਤ ਲਾ ਕੇ ਬੈਠੇ ਹੋਵੋਗੇ ਅਤੇ ਸ਼ਹਿਰ ’ਤੇ ਕਬਜ਼ਾ ਕਰ ਲਿਓ; ਤੁਹਾਡਾ ਪਰਮੇਸ਼ੁਰ ਯਹੋਵਾਹ ਇਸ ਨੂੰ ਤੁਹਾਡੇ ਹੱਥ ਵਿਚ ਦੇ ਦੇਵੇਗਾ।
8 ਤੁਸੀਂ ਸ਼ਹਿਰ ’ਤੇ ਕਬਜ਼ਾ ਕਰਦਿਆਂ ਹੀ ਇਸ ਨੂੰ ਅੱਗ ਲਾ ਦਿਓ।+ ਤੁਸੀਂ ਯਹੋਵਾਹ ਦੇ ਕਹੇ ਅਨੁਸਾਰ ਹੀ ਕਰਿਓ। ਦੇਖੋ, ਇਹ ਤੁਹਾਡੇ ਲਈ ਮੇਰਾ ਹੁਕਮ ਹੈ।”
9 ਫਿਰ ਯਹੋਸ਼ੁਆ ਨੇ ਉਨ੍ਹਾਂ ਨੂੰ ਘੱਲ ਦਿੱਤਾ ਅਤੇ ਉਹ ਉਸ ਜਗ੍ਹਾ ਗਏ ਜਿੱਥੇ ਉਨ੍ਹਾਂ ਨੇ ਘਾਤ ਲਾਉਣੀ ਸੀ; ਉਨ੍ਹਾਂ ਨੇ ਅਈ ਦੇ ਪੱਛਮ ਵੱਲ ਬੈਤੇਲ ਅਤੇ ਅਈ ਵਿਚਕਾਰ ਘਾਤ ਲਾਈ ਜਦ ਕਿ ਯਹੋਸ਼ੁਆ ਸਾਰੀ ਰਾਤ ਲੋਕਾਂ ਨਾਲ ਰਿਹਾ।
10 ਯਹੋਸ਼ੁਆ ਸਵੇਰੇ ਜਲਦੀ ਉੱਠਿਆ ਅਤੇ ਫ਼ੌਜੀਆਂ ਨੂੰ ਇਕੱਠਾ ਕੀਤਾ। ਇਸ ਤੋਂ ਬਾਅਦ ਯਹੋਸ਼ੁਆ ਅਤੇ ਇਜ਼ਰਾਈਲ ਦੇ ਬਜ਼ੁਰਗ ਉਨ੍ਹਾਂ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਨੂੰ ਅਈ ਲੈ ਗਏ।
11 ਉਸ ਦੇ ਨਾਲ ਦੇ ਸਾਰੇ ਯੋਧੇ+ ਉਤਾਂਹ ਵੱਲ ਨੂੰ ਵਧੇ ਤੇ ਸ਼ਹਿਰ ਦੇ ਸਾਮ੍ਹਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾ ਲਿਆ ਅਤੇ ਉਨ੍ਹਾਂ ਦੇ ਤੇ ਅਈ ਦੇ ਵਿਚਕਾਰ ਇਕ ਘਾਟੀ ਸੀ।
12 ਇਸ ਦੌਰਾਨ ਉਸ ਨੇ ਤਕਰੀਬਨ 5,000 ਆਦਮੀ ਲਏ ਅਤੇ ਉਨ੍ਹਾਂ ਨੂੰ ਅਈ ਦੇ ਪੱਛਮ ਵੱਲ ਅਈ ਅਤੇ ਬੈਤੇਲ+ ਦੇ ਵਿਚਕਾਰ ਘਾਤ ਵਿਚ ਬਿਠਾਇਆ।+
13 ਇਸ ਲਈ ਫ਼ੌਜੀਆਂ ਦੀ ਵੱਡੀ ਟੋਲੀ ਨੂੰ ਸ਼ਹਿਰ ਦੇ ਉੱਤਰ ਵੱਲ ਤੈਨਾਤ ਕੀਤਾ ਗਿਆ+ ਤੇ ਬਾਕੀ ਫ਼ੌਜੀਆਂ ਨੂੰ ਸ਼ਹਿਰ ਦੇ ਪੱਛਮ ਵੱਲ।+ ਯਹੋਸ਼ੁਆ ਉਸ ਰਾਤ ਘਾਟੀ ਦੇ ਵਿਚਕਾਰ ਚਲਾ ਗਿਆ।
14 ਜਿਉਂ ਹੀ ਅਈ ਦੇ ਰਾਜੇ ਨੇ ਇਹ ਦੇਖਿਆ, ਤਾਂ ਉਹ ਅਤੇ ਸ਼ਹਿਰ ਦੇ ਆਦਮੀ ਸਵੇਰੇ-ਸਵੇਰੇ ਯੁੱਧ ਵਿਚ ਇਜ਼ਰਾਈਲ ਦਾ ਸਾਮ੍ਹਣਾ ਕਰਨ ਲਈ ਇਕ ਜਗ੍ਹਾ ’ਤੇ ਗਏ ਜਿਸ ਦੇ ਸਾਮ੍ਹਣੇ ਉਜਾੜ ਸੀ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸ਼ਹਿਰ ਦੇ ਪਿਛਲੇ ਪਾਸੇ ਉਸ ਖ਼ਿਲਾਫ਼ ਘਾਤ ਲਾਈ ਗਈ ਸੀ।
15 ਜਦੋਂ ਅਈ ਦੇ ਆਦਮੀਆਂ ਨੇ ਹਮਲਾ ਕੀਤਾ, ਤਾਂ ਯਹੋਸ਼ੁਆ ਅਤੇ ਸਾਰਾ ਇਜ਼ਰਾਈਲ ਉਜਾੜ ਵੱਲ ਨੂੰ ਜਾਂਦੇ ਰਾਹ ’ਤੇ ਭੱਜ ਤੁਰੇ।+
16 ਫਿਰ ਸ਼ਹਿਰ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ; ਯਹੋਸ਼ੁਆ ਦਾ ਪਿੱਛਾ ਕਰਦੇ-ਕਰਦੇ ਉਹ ਸ਼ਹਿਰ ਤੋਂ ਬਹੁਤ ਦੂਰ ਚਲੇ ਗਏ।
17 ਅਈ ਅਤੇ ਬੈਤੇਲ ਵਿਚ ਇਕ ਆਦਮੀ ਵੀ ਨਾ ਰਹਿ ਗਿਆ ਜੋ ਇਜ਼ਰਾਈਲ ਦਾ ਪਿੱਛਾ ਨਾ ਕਰਨ ਗਿਆ ਹੋਵੇ। ਉਹ ਸ਼ਹਿਰ ਖੁੱਲ੍ਹਾ ਛੱਡ ਕੇ ਇਜ਼ਰਾਈਲ ਦਾ ਪਿੱਛਾ ਕਰਨ ਚਲੇ ਗਏ।
18 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਆਪਣੇ ਹੱਥ ਵਿਚਲਾ ਨੇਜ਼ਾ ਅਈ ਵੱਲ ਨੂੰ ਕਰ+ ਕਿਉਂਕਿ ਮੈਂ ਇਸ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।”+ ਇਸ ਲਈ ਯਹੋਸ਼ੁਆ ਨੇ ਆਪਣੇ ਹੱਥ ਵਿਚਲਾ ਨੇਜ਼ਾ ਸ਼ਹਿਰ ਵੱਲ ਨੂੰ ਕੀਤਾ।
19 ਜਿਉਂ ਹੀ ਉਸ ਨੇ ਆਪਣਾ ਹੱਥ ਉਤਾਂਹ ਚੁੱਕਿਆ, ਘਾਤ ਲਾਉਣ ਵਾਲੇ ਆਪਣੀ ਜਗ੍ਹਾ ਤੋਂ ਫਟਾਫਟ ਉੱਠ ਖੜ੍ਹੇ ਹੋਏ ਤੇ ਭੱਜ ਕੇ ਸ਼ਹਿਰ ਵਿਚ ਜਾ ਵੜੇ ਅਤੇ ਇਸ ’ਤੇ ਕਬਜ਼ਾ ਕਰ ਲਿਆ। ਉਸੇ ਵੇਲੇ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ।+
20 ਜਦੋਂ ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਧੂੰਆਂ ਆਕਾਸ਼ ਤਕ ਉੱਠਦਾ ਦਿਖਾਈ ਦਿੱਤਾ ਅਤੇ ਉਨ੍ਹਾਂ ਵਿਚ ਕਿਸੇ ਪਾਸੇ ਨੂੰ ਭੱਜਣ ਦੀ ਹਿੰਮਤ ਨਾ ਰਹੀ। ਫਿਰ ਜਿਹੜੇ ਲੋਕ ਉਜਾੜ ਵੱਲ ਨੂੰ ਭੱਜ ਰਹੇ ਸਨ, ਉਹ ਮੁੜ ਕੇ ਆਪਣਾ ਪਿੱਛਾ ਕਰਨ ਵਾਲਿਆਂ ’ਤੇ ਟੁੱਟ ਪਏ।
21 ਜਦੋਂ ਯਹੋਸ਼ੁਆ ਅਤੇ ਸਾਰੇ ਇਜ਼ਰਾਈਲ ਨੇ ਦੇਖਿਆ ਕਿ ਘਾਤ ਲਾਉਣ ਵਾਲਿਆਂ ਨੇ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਸ਼ਹਿਰ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਪਿੱਛੇ ਮੁੜੇ ਅਤੇ ਉਨ੍ਹਾਂ ਨੇ ਅਈ ਦੇ ਆਦਮੀਆਂ ’ਤੇ ਹਮਲਾ ਕਰ ਦਿੱਤਾ।
22 ਸ਼ਹਿਰ ਵਿੱਚੋਂ ਦੂਜੇ ਆਦਮੀ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਆ ਗਏ ਜਿਸ ਕਰਕੇ ਅਈ ਦੇ ਆਦਮੀ ਘਿਰ ਗਏ ਕਿਉਂਕਿ ਕੁਝ ਇਜ਼ਰਾਈਲੀ ਉਨ੍ਹਾਂ ਦੇ ਇਸ ਪਾਸੇ ਸਨ ਤੇ ਕੁਝ ਦੂਜੇ ਪਾਸੇ। ਉਹ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਕੋਈ ਵੀ ਜੀਉਂਦਾ ਨਾ ਬਚਿਆ ਤੇ ਨਾ ਹੀ ਭੱਜ ਸਕਿਆ।+
23 ਪਰ ਉਨ੍ਹਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ ਲਿਆ+ ਤੇ ਉਸ ਨੂੰ ਯਹੋਸ਼ੁਆ ਕੋਲ ਲੈ ਆਏ।
24 ਇਜ਼ਰਾਈਲ ਨੇ ਉਜਾੜ ਵਿਚ ਅਈ ਦੇ ਸਾਰੇ ਵਾਸੀਆਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਜੋ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਕਿਸੇ ਨੂੰ ਵੀ ਜੀਉਂਦਾ ਨਹੀਂ ਛੱਡਿਆ। ਫਿਰ ਸਾਰਾ ਇਜ਼ਰਾਈਲ ਅਈ ਵੱਲ ਮੁੜਿਆ ਤੇ ਸ਼ਹਿਰ ਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ।
25 ਉਸ ਦਿਨ ਅਈ ਦੇ ਸਾਰੇ ਲੋਕ ਮਾਰੇ ਗਏ, ਚਾਹੇ ਆਦਮੀ ਸੀ ਜਾਂ ਔਰਤ। ਉਨ੍ਹਾਂ ਦੀ ਗਿਣਤੀ 12,000 ਸੀ।
26 ਯਹੋਸ਼ੁਆ ਨੇ ਜਿਸ ਹੱਥ ਵਿਚ ਨੇਜ਼ਾ ਫੜਿਆ ਹੋਇਆ ਸੀ, ਉਹ ਹੱਥ ਉਸ ਨੇ ਅਈ ਵੱਲ ਉਦੋਂ ਤਕ ਕਰੀ ਰੱਖਿਆ+ ਜਦ ਤਕ ਅਈ ਦੇ ਸਾਰੇ ਵਾਸੀ ਨਾਸ਼ ਨਾ ਹੋ ਗਏ।+
27 ਪਰ ਇਜ਼ਰਾਈਲ ਨੇ ਉਸ ਸ਼ਹਿਰ ਦੇ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਲੈ ਲਿਆ, ਠੀਕ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ।+
28 ਫਿਰ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਇਸ ਨੂੰ ਹਮੇਸ਼ਾ ਲਈ ਮਲਬੇ ਦਾ ਢੇਰ ਬਣਾ ਦਿੱਤਾ+ ਜੋ ਅੱਜ ਤਕ ਉਸੇ ਤਰ੍ਹਾਂ ਹੈ।
29 ਉਸ ਨੇ ਅਈ ਦੇ ਰਾਜੇ ਨੂੰ ਸ਼ਾਮ ਤਕ ਸੂਲ਼ੀ* ਉੱਤੇ ਟੰਗੀ ਰੱਖਿਆ। ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਯਹੋਸ਼ੁਆ ਨੇ ਸੂਲ਼ੀ ਤੋਂ ਲਾਸ਼ ਲਾਹੁਣ ਦਾ ਹੁਕਮ ਦਿੱਤਾ।+ ਫਿਰ ਉਨ੍ਹਾਂ ਨੇ ਲਾਸ਼ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਸਾਮ੍ਹਣੇ ਸੁੱਟ ਦਿੱਤਾ ਅਤੇ ਉਸ ਉੱਪਰ ਪੱਥਰਾਂ ਦਾ ਇਕ ਵੱਡਾ ਢੇਰ ਲਾ ਦਿੱਤਾ ਜੋ ਅੱਜ ਤਕ ਉੱਥੇ ਹੈ।
30 ਉਸ ਵੇਲੇ ਯਹੋਸ਼ੁਆ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਏਬਾਲ ਪਹਾੜ ’ਤੇ ਇਕ ਵੇਦੀ ਬਣਾਈ,+
31 ਠੀਕ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਅਤੇ ਮੂਸਾ ਦੇ ਕਾਨੂੰਨ+ ਵਿਚ ਵੀ ਇਹ ਲਿਖਿਆ ਹੋਇਆ ਹੈ: “ਵੇਦੀ ਅਣਘੜੇ ਪੱਥਰਾਂ ਦੀ ਹੋਵੇ ਜਿਨ੍ਹਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਚਲਾਇਆ ਗਿਆ ਹੋਵੇ।”+ ਉਨ੍ਹਾਂ ਨੇ ਇਸ ਉੱਤੇ ਯਹੋਵਾਹ ਲਈ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+
32 ਫਿਰ ਉਸ ਨੇ ਪੱਥਰਾਂ ਉੱਤੇ ਉਸ ਕਾਨੂੰਨ ਦੀ ਨਕਲ ਉਤਾਰੀ+ ਜੋ ਮੂਸਾ ਨੇ ਇਜ਼ਰਾਈਲੀਆਂ ਸਾਮ੍ਹਣੇ ਲਿਖਿਆ ਸੀ।+
33 ਸਾਰਾ ਇਜ਼ਰਾਈਲ, ਉਨ੍ਹਾਂ ਦੇ ਬਜ਼ੁਰਗ, ਅਧਿਕਾਰੀ ਅਤੇ ਨਿਆਂਕਾਰ ਸੰਦੂਕ ਦੇ ਦੋਵੇਂ ਪਾਸਿਆਂ ’ਤੇ ਖੜ੍ਹੇ ਸਨ। ਉਹ ਲੇਵੀ ਪੁਜਾਰੀਆਂ ਦੇ ਸਾਮ੍ਹਣੇ ਖੜ੍ਹੇ ਸਨ ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਸਨ। ਉੱਥੇ ਪੈਦਾਇਸ਼ੀ ਇਜ਼ਰਾਈਲੀਆਂ ਦੇ ਨਾਲ-ਨਾਲ ਪਰਦੇਸੀ ਵੀ ਸਨ।+ ਉਨ੍ਹਾਂ ਵਿੱਚੋਂ ਅੱਧੇ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਖੜ੍ਹੇ ਸਨ ਅਤੇ ਅੱਧੇ ਏਬਾਲ ਪਹਾੜ ਦੇ ਸਾਮ੍ਹਣੇ ਸਨ+ (ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੁਕਮ ਦਿੱਤਾ ਸੀ)+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਅਸੀਸ ਦਿੱਤੀ ਜਾਵੇ।
34 ਇਸ ਤੋਂ ਬਾਅਦ ਉਸ ਨੇ ਕਾਨੂੰਨ ਦੀਆਂ ਸਾਰੀਆਂ ਗੱਲਾਂ ਯਾਨੀ ਬਰਕਤਾਂ+ ਅਤੇ ਸਰਾਪ+ ਪੜ੍ਹ ਕੇ ਸੁਣਾਏ+ ਜਿਵੇਂ ਕਾਨੂੰਨ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
35 ਮੂਸਾ ਨੇ ਜਿਨ੍ਹਾਂ ਗੱਲਾਂ ਦਾ ਹੁਕਮ ਦਿੱਤਾ ਸੀ, ਉਨ੍ਹਾਂ ਵਿੱਚੋਂ ਅਜਿਹੀ ਕੋਈ ਵੀ ਗੱਲ ਨਾ ਰਹੀ ਜਿਹੜੀ ਯਹੋਸ਼ੁਆ ਨੇ ਇਜ਼ਰਾਈਲ ਦੀ ਸਾਰੀ ਮੰਡਲੀ ਅੱਗੇ ਪੜ੍ਹ ਕੇ ਨਾ ਸੁਣਾਈ ਹੋਵੇ।+ ਇਸ ਮੰਡਲੀ ਵਿਚ ਔਰਤਾਂ, ਬੱਚੇ ਅਤੇ ਉਨ੍ਹਾਂ ਵਿਚਕਾਰ ਰਹਿਣ ਵਾਲੇ* ਪਰਦੇਸੀ ਵੀ ਸਨ।+