ਯਹੋਸ਼ੁਆ 9:1-27
9 ਯਰਦਨ ਦੇ ਪੱਛਮ ਵੱਲ ਯਾਨੀ ਪਹਾੜੀ ਇਲਾਕੇ ਵਿਚ,+ ਸ਼ੇਫਲਾਹ ਵਿਚ, ਵੱਡੇ ਸਾਗਰ+ ਦੇ ਕਿਨਾਰੇ ਦੇ ਇਲਾਕਿਆਂ ਵਿਚ ਅਤੇ ਲਬਾਨੋਨ ਦੇ ਸਾਮ੍ਹਣੇ ਰਹਿੰਦੇ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਦੇ ਸਾਰੇ ਰਾਜਿਆਂ ਨੇ ਜਦੋਂ ਸੁਣਿਆ ਕਿ ਕੀ ਹੋਇਆ ਸੀ,
2 ਤਾਂ ਉਨ੍ਹਾਂ ਨੇ ਯਹੋਸ਼ੁਆ ਅਤੇ ਇਜ਼ਰਾਈਲ ਨਾਲ ਲੜਨ ਲਈ ਆਪਸ ਵਿਚ ਸੰਧੀ ਕੀਤੀ।+
3 ਗਿਬਓਨ ਦੇ ਵਾਸੀਆਂ+ ਨੇ ਵੀ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਦਾ ਕੀ ਹਾਲ ਕੀਤਾ ਸੀ।+
4 ਇਸ ਲਈ ਉਨ੍ਹਾਂ ਨੇ ਹੁਸ਼ਿਆਰੀ ਤੋਂ ਕੰਮ ਲਿਆ ਅਤੇ ਪੁਰਾਣੇ ਬੋਰਿਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪਾ ਕੇ ਆਪਣੇ ਗਧਿਆਂ ’ਤੇ ਲੱਦ ਲਈਆਂ। ਉਨ੍ਹਾਂ ਨੇ ਦਾਖਰਸ ਦੀਆਂ ਪਾਟੀਆਂ ਹੋਈਆਂ ਮਸ਼ਕਾਂ ਵੀ ਲਈਆਂ ਜਿਨ੍ਹਾਂ ਦੀ ਮੁਰੰਮਤ ਕੀਤੀ ਹੋਈ ਸੀ;
5 ਉਨ੍ਹਾਂ ਨੇ ਆਪਣੇ ਪੈਰੀਂ ਘਸੀਆਂ ਹੋਈਆਂ ਜੁੱਤੀਆਂ ਪਾ ਲਈਆਂ ਜਿਨ੍ਹਾਂ ’ਤੇ ਟਾਕੀਆਂ ਲੱਗੀਆਂ ਸਨ ਅਤੇ ਉਨ੍ਹਾਂ ਨੇ ਫਟੇ-ਪੁਰਾਣੇ ਕੱਪੜੇ ਪਹਿਨੇ ਹੋਏ ਸਨ। ਉਨ੍ਹਾਂ ਕੋਲ ਜਿੰਨੀਆਂ ਰੋਟੀਆਂ ਸਨ, ਉਹ ਸਾਰੀਆਂ ਸੁੱਕੀਆਂ ਤੇ ਭੁਰਭੁਰੀਆਂ ਸਨ।
6 ਫਿਰ ਉਹ ਗਿਲਗਾਲ ਵਿਚ ਯਹੋਸ਼ੁਆ ਕੋਲ ਛਾਉਣੀ ਵਿਚ ਆਏ+ ਅਤੇ ਉਨ੍ਹਾਂ ਨੇ ਉਸ ਨੂੰ ਤੇ ਇਜ਼ਰਾਈਲ ਦੇ ਆਦਮੀਆਂ ਨੂੰ ਕਿਹਾ: “ਅਸੀਂ ਇਕ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਹੁਣ ਸਾਡੇ ਨਾਲ ਇਕਰਾਰ ਕਰੋ।”
7 ਪਰ ਇਜ਼ਰਾਈਲ ਦੇ ਆਦਮੀਆਂ ਨੇ ਹਿੱਵੀਆਂ+ ਨੂੰ ਕਿਹਾ: “ਸ਼ਾਇਦ ਤੁਸੀਂ ਸਾਡੇ ਨੇੜੇ ਹੀ ਕਿਤੇ ਰਹਿੰਦੇ ਹੋ। ਤਾਂ ਫਿਰ ਅਸੀਂ ਕਿਵੇਂ ਤੁਹਾਡੇ ਨਾਲ ਇਕਰਾਰ ਕਰ ਸਕਦੇ ਹਾਂ?”+
8 ਉਨ੍ਹਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਅਸੀਂ ਤਾਂ ਤੁਹਾਡੇ ਸੇਵਕ* ਹਾਂ।”
ਫਿਰ ਯਹੋਸ਼ੁਆ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ?”
9 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਸੇਵਕ ਇਕ ਬਹੁਤ ਦੂਰ ਦੇਸ਼ ਤੋਂ ਤੇਰੇ ਪਰਮੇਸ਼ੁਰ ਯਹੋਵਾਹ ਦਾ ਨਾਂ ਸੁਣ ਕੇ ਆਏ ਹਨ+ ਕਿਉਂਕਿ ਅਸੀਂ ਉਸ ਦੀ ਪ੍ਰਸਿੱਧੀ ਬਾਰੇ ਅਤੇ ਉਨ੍ਹਾਂ ਸਾਰੇ ਕੰਮਾਂ ਬਾਰੇ ਸੁਣਿਆ ਹੈ ਜੋ ਉਸ ਨੇ ਮਿਸਰ ਵਿਚ ਕੀਤੇ+
10 ਅਤੇ ਇਹ ਵੀ ਕਿ ਉਸ ਨੇ ਯਰਦਨ ਦੇ ਦੂਜੇ ਪਾਸੇ* ਰਹਿੰਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦਾ ਕੀ ਹਾਲ ਕੀਤਾ ਸੀ, ਹਾਂ, ਹਸ਼ਬੋਨ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ+ ਜੋ ਅਸ਼ਤਾਰਾਥ ਵਿਚ ਰਹਿੰਦਾ ਸੀ।
11 ਇਸ ਲਈ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਦੇ ਸਾਰੇ ਵਾਸੀਆਂ ਨੇ ਸਾਨੂੰ ਕਿਹਾ, ‘ਸਫ਼ਰ ਲਈ ਖਾਣ-ਪੀਣ ਦੀਆਂ ਚੀਜ਼ਾਂ ਲਓ ਅਤੇ ਜਾ ਕੇ ਉਨ੍ਹਾਂ ਨੂੰ ਮਿਲੋ। ਉਨ੍ਹਾਂ ਨੂੰ ਕਹੋ: “ਅਸੀਂ ਤੁਹਾਡੇ ਸੇਵਕ ਬਣ ਜਾਵਾਂਗੇ;+ ਤੁਸੀਂ ਹੁਣ ਸਾਡੇ ਨਾਲ ਇਕਰਾਰ ਕਰੋ।”’+
12 ਜਿਸ ਦਿਨ ਅਸੀਂ ਤੁਹਾਡੇ ਕੋਲ ਇੱਥੇ ਆਉਣ ਲਈ ਆਪਣੇ ਘਰੋਂ ਨਿਕਲੇ ਸੀ, ਉਸ ਦਿਨ ਇਹ ਰੋਟੀਆਂ ਅਸੀਂ ਗਰਮ-ਗਰਮ ਲਈਆਂ ਸਨ। ਹੁਣ ਤੁਸੀਂ ਦੇਖੋ, ਇਹ ਸੁੱਕੀਆਂ ਅਤੇ ਭੁਰਭੁਰੀਆਂ ਹੋ ਗਈਆਂ ਹਨ।+
13 ਦਾਖਰਸ ਦੀਆਂ ਇਹ ਮਸ਼ਕਾਂ ਨਵੀਆਂ ਸਨ ਜਦੋਂ ਅਸੀਂ ਇਨ੍ਹਾਂ ਨੂੰ ਭਰਿਆ ਸੀ, ਪਰ ਹੁਣ ਇਹ ਪਾਟ ਗਈਆਂ ਹਨ।+ ਨਾਲੇ ਸਾਡੇ ਕੱਪੜੇ ਅਤੇ ਜੁੱਤੀਆਂ ਘਸ ਗਈਆਂ ਹਨ ਕਿਉਂਕਿ ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰ ਕੇ ਆਏ ਹਾਂ।”
14 ਤਦ ਆਦਮੀਆਂ ਨੇ ਉਨ੍ਹਾਂ ਤੋਂ ਕੁਝ ਰੋਟੀਆਂ ਲਈਆਂ,* ਪਰ ਉਨ੍ਹਾਂ ਨੇ ਯਹੋਵਾਹ ਦੀ ਸਲਾਹ ਨਹੀਂ ਪੁੱਛੀ।+
15 ਯਹੋਸ਼ੁਆ ਨੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰ ਲਈ+ ਅਤੇ ਉਨ੍ਹਾਂ ਨਾਲ ਇਕਰਾਰ ਕੀਤਾ ਕਿ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਮੰਡਲੀ ਦੇ ਪ੍ਰਧਾਨਾਂ ਨੇ ਵੀ ਉਨ੍ਹਾਂ ਨਾਲ ਇਹ ਸਹੁੰ ਖਾਧੀ।+
16 ਉਨ੍ਹਾਂ ਨਾਲ ਇਕਰਾਰ ਕਰਨ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਸੁਣਿਆ ਕਿ ਉਹ ਤਾਂ ਉਨ੍ਹਾਂ ਦੇ ਨੇੜੇ ਹੀ ਰਹਿੰਦੇ ਸਨ।
17 ਫਿਰ ਇਜ਼ਰਾਈਲੀ ਰਵਾਨਾ ਹੋਏ ਅਤੇ ਤੀਜੇ ਦਿਨ ਉਨ੍ਹਾਂ ਦੇ ਸ਼ਹਿਰਾਂ ਵਿਚ ਪਹੁੰਚ ਗਏ; ਉਨ੍ਹਾਂ ਦੇ ਸ਼ਹਿਰ ਸਨ ਗਿਬਓਨ,+ ਕਫੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ।+
18 ਪਰ ਇਜ਼ਰਾਈਲੀਆਂ ਨੇ ਉਨ੍ਹਾਂ ’ਤੇ ਹਮਲਾ ਨਹੀਂ ਕੀਤਾ ਕਿਉਂਕਿ ਮੰਡਲੀ ਦੇ ਪ੍ਰਧਾਨਾਂ ਨੇ ਉਨ੍ਹਾਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਸੀ।+ ਇਸ ਲਈ ਸਾਰੀ ਮੰਡਲੀ ਪ੍ਰਧਾਨਾਂ ਖ਼ਿਲਾਫ਼ ਬੁੜਬੁੜਾਉਣ ਲੱਗ ਪਈ।
19 ਇਸ ਕਰਕੇ ਸਾਰੇ ਪ੍ਰਧਾਨਾਂ ਨੇ ਪੂਰੀ ਮੰਡਲੀ ਨੂੰ ਕਿਹਾ: “ਅਸੀਂ ਉਨ੍ਹਾਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ।
20 ਅਸੀਂ ਇੱਦਾਂ ਕਰਾਂਗੇ: ਅਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿਆਂਗੇ ਤਾਂਕਿ ਸਾਡੇ ’ਤੇ ਪਰਮੇਸ਼ੁਰ ਦਾ ਕ੍ਰੋਧ ਨਾ ਭੜਕੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਹੈ।”+
21 ਅਤੇ ਜਿਵੇਂ ਪ੍ਰਧਾਨਾਂ ਨੇ ਗਿਬਓਨੀਆਂ ਨਾਲ ਵਾਅਦਾ ਕੀਤਾ ਸੀ, ਉਨ੍ਹਾਂ ਨੇ ਇਹ ਵੀ ਕਿਹਾ: “ਉਨ੍ਹਾਂ ਨੂੰ ਜੀਉਂਦੇ ਛੱਡ ਦਿਓ, ਪਰ ਉਹ ਸਾਰੀ ਮੰਡਲੀ ਲਈ ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ ਦਾ ਕੰਮ ਕਰਨਗੇ।”
22 ਫਿਰ ਯਹੋਸ਼ੁਆ ਨੇ ਉਨ੍ਹਾਂ ਨੂੰ ਬੁਲਾ ਕੇ ਕਿਹਾ: “ਤੁਸੀਂ ਇਹ ਕਹਿ ਕੇ ਸਾਡੇ ਨਾਲ ਚਲਾਕੀ ਕਿਉਂ ਖੇਡੀ, ‘ਅਸੀਂ ਇਕ ਬਹੁਤ ਦੂਰ ਦੇਸ਼ ਤੋਂ ਆਏ ਹਾਂ,’ ਜਦ ਕਿ ਤੁਸੀਂ ਤਾਂ ਸਾਡੇ ਵਿਚਕਾਰ ਹੀ ਰਹਿੰਦੇ ਹੋ?+
23 ਹੁਣ ਤੋਂ ਤੁਸੀਂ ਸਰਾਪੀ ਹੋ+ ਅਤੇ ਤੁਸੀਂ ਹਮੇਸ਼ਾ ਗ਼ੁਲਾਮ ਰਹੋਗੇ ਤੇ ਮੇਰੇ ਪਰਮੇਸ਼ੁਰ ਦੇ ਭਵਨ ਲਈ ਲੱਕੜਾਂ ਇਕੱਠੀਆਂ ਕਰੋਗੇ ਅਤੇ ਪਾਣੀ ਭਰੋਗੇ।”
24 ਉਨ੍ਹਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਤੇਰੇ ਸੇਵਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਸੇਵਕ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਇਹ ਸਾਰਾ ਦੇਸ਼ ਤੁਹਾਨੂੰ ਦੇ ਦਿੱਤਾ ਜਾਵੇ ਤੇ ਇਸ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਸਾਮ੍ਹਣਿਓਂ ਮਿਟਾ ਦਿੱਤਾ ਜਾਵੇ।+ ਤੁਹਾਡੇ ਕਰਕੇ ਅਸੀਂ ਡਰ ਗਏ ਸੀ ਕਿ ਤੁਸੀਂ ਸਾਨੂੰ ਜਾਨੋਂ ਮਾਰ ਦਿਓਗੇ।+ ਇਸ ਲਈ ਅਸੀਂ ਇਹ ਕੀਤਾ।+
25 ਹੁਣ ਇਹ ਤੇਰੇ ’ਤੇ ਹੈ ਕਿ ਤੂੰ ਸਾਡੇ ’ਤੇ ਦਇਆ ਕਰੇਂਗਾ ਜਾਂ ਨਹੀਂ।* ਤੂੰ ਸਾਡੇ ਨਾਲ ਉੱਦਾਂ ਹੀ ਕਰ ਜਿੱਦਾਂ ਤੈਨੂੰ ਚੰਗਾ ਤੇ ਸਹੀ ਲੱਗਦਾ ਹੈ।”
26 ਉਸ ਨੇ ਉਨ੍ਹਾਂ ਨਾਲ ਉਵੇਂ ਹੀ ਕੀਤਾ; ਉਸ ਨੇ ਉਨ੍ਹਾਂ ਨੂੰ ਇਜ਼ਰਾਈਲੀਆਂ ਹੱਥੋਂ ਬਚਾ ਲਿਆ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਨਹੀਂ ਮਾਰਿਆ।
27 ਪਰ ਯਹੋਸ਼ੁਆ ਨੇ ਉਸ ਦਿਨ ਉਨ੍ਹਾਂ ਨੂੰ ਕੰਮ ’ਤੇ ਲਾ ਦਿੱਤਾ ਕਿ ਉਹ ਮੰਡਲੀ ਲਈ ਅਤੇ ਯਹੋਵਾਹ ਦੀ ਵੇਦੀ ਲਈ ਉਸ ਜਗ੍ਹਾ ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ ਜੋ ਪਰਮੇਸ਼ੁਰ ਚੁਣੇਗਾ।+ ਅੱਜ ਤਕ ਉਹ ਇਹੀ ਕੰਮ ਕਰਦੇ ਹਨ।+
ਫੁਟਨੋਟ
^ ਜਾਂ, “ਦਾਸ।”
^ ਯਾਨੀ, ਪੂਰਬ ਵੱਲ।
^ ਜਾਂ, “ਰੋਟੀਆਂ ਦੀ ਜਾਂਚ ਕੀਤੀ।”
^ ਇਬ, “ਅਸੀਂ ਤੇਰੇ ਹੱਥਾਂ ਵਿਚ ਹਾਂ।”