ਯਾਕੂਬ ਦੀ ਚਿੱਠੀ 1:1-27
1 ਮੈਂ ਯਾਕੂਬ,+ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਹਾਂ ਅਤੇ ਇਹ ਚਿੱਠੀ 12 ਗੋਤਾਂ ਨੂੰ ਲਿਖ ਰਿਹਾ ਹਾਂ ਜਿਹੜੇ ਥਾਂ-ਥਾਂ ਖਿੰਡੇ ਹੋਏ ਹਨ:
ਸਾਰਿਆਂ ਨੂੰ ਨਮਸਕਾਰ!
2 ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ+
3 ਕਿਉਂਕਿ ਤੁਸੀਂ ਜਾਣਦੇ ਹੋ ਕਿ ਅਜ਼ਮਾਇਸ਼ਾਂ ਵਿਚ ਤੁਹਾਡੀ ਨਿਹਚਾ ਦੀ ਪਰਖ ਹੋਣ ਨਾਲ ਤੁਹਾਡੇ ਵਿਚ ਧੀਰਜ ਪੈਦਾ ਹੁੰਦਾ ਹੈ।+
4 ਪਰ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਅਤੇ ਬੇਦਾਗ਼ ਹੋ ਜਾਓ।+
5 ਇਸ ਲਈ ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ+ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ+ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।*+
6 ਪਰ ਉਹ ਭਰੋਸੇ ਨਾਲ ਮੰਗਦਾ ਰਹੇ+ ਅਤੇ ਬਿਲਕੁਲ ਸ਼ੱਕ ਨਾ ਕਰੇ+ ਕਿਉਂਕਿ ਸ਼ੱਕ ਕਰਨ ਵਾਲਾ ਇਨਸਾਨ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦਾ ਹੈ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਉਛਾਲ਼ਦੀ ਹੈ।
7 ਅਸਲ ਵਿਚ, ਅਜਿਹੇ ਇਨਸਾਨ ਨੂੰ ਯਹੋਵਾਹ* ਤੋਂ ਕੁਝ ਵੀ ਪਾਉਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ;
8 ਉਹ ਇਨਸਾਨ ਦੁਚਿੱਤਾ+ ਅਤੇ ਆਪਣੀਆਂ ਸਾਰੀਆਂ ਗੱਲਾਂ ਵਿਚ ਡਾਵਾਂ-ਡੋਲ ਹੁੰਦਾ ਹੈ।
9 ਪਰ ਗ਼ਰੀਬ ਭਰਾ ਇਸ ਗੱਲੋਂ ਖ਼ੁਸ਼ ਹੋਵੇ* ਕਿ ਉਸ ਨੂੰ ਉੱਚਾ ਕੀਤਾ ਗਿਆ ਹੈ+
10 ਅਤੇ ਅਮੀਰ ਭਰਾ ਇਸ ਗੱਲੋਂ ਖ਼ੁਸ਼ ਹੋਵੇ ਕਿ ਉਸ ਨੂੰ ਨੀਵਾਂ ਕੀਤਾ ਗਿਆ ਹੈ+ ਕਿਉਂਕਿ ਉਹ ਪੇੜ-ਪੌਦਿਆਂ ਦੇ ਫੁੱਲਾਂ ਵਾਂਗ ਖ਼ਤਮ ਹੋ ਜਾਵੇਗਾ।
11 ਜਦੋਂ ਸੂਰਜ ਚੜ੍ਹਦਾ ਹੈ, ਤਾਂ ਇਸ ਦੀ ਤਿੱਖੀ ਧੁੱਪ ਨਾਲ ਪੇੜ-ਪੌਦੇ ਸੁੱਕ ਜਾਂਦੇ ਹਨ, ਉਨ੍ਹਾਂ ਦੇ ਫੁੱਲ ਝੜ ਜਾਂਦੇ ਹਨ ਅਤੇ ਫੁੱਲਾਂ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਕੰਮ-ਧੰਦੇ ਦੀ ਭੱਜ-ਦੌੜ ਵਿਚ ਖ਼ਤਮ ਹੋ ਜਾਵੇਗਾ।+
12 ਖ਼ੁਸ਼ ਹੈ ਉਹ ਇਨਸਾਨ ਜਿਹੜਾ ਅਜ਼ਮਾਇਸ਼ਾਂ ਸਹਿੰਦਾ ਰਹਿੰਦਾ ਹੈ+ ਕਿਉਂਕਿ ਖਰਾ ਸਾਬਤ ਹੋਣ ਤੋਂ ਬਾਅਦ ਉਸ ਨੂੰ ਜ਼ਿੰਦਗੀ ਦਾ ਇਨਾਮ* ਮਿਲੇਗਾ+ ਜੋ ਯਹੋਵਾਹ* ਨੇ ਉਨ੍ਹਾਂ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਜਿਹੜੇ ਉਸ ਨੂੰ ਹਮੇਸ਼ਾ ਪਿਆਰ ਕਰਦੇ ਹਨ।+
13 ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: “ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।” ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।
14 ਪਰ ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।+
15 ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ* ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਪਾਪ ਕਰ ਲਿਆ ਜਾਂਦਾ ਹੈ, ਤਾਂ ਇਸ ਦਾ ਅੰਜਾਮ ਮੌਤ ਹੁੰਦਾ ਹੈ।+
16 ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ।
17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+
18 ਇਹ ਉਸ ਦੀ ਇੱਛਾ ਸੀ ਕਿ ਅਸੀਂ ਸੱਚਾਈ ਦੇ ਸੰਦੇਸ਼ ਨਾਲ ਪੈਦਾ ਹੋਈਏ+ ਤਾਂਕਿ ਅਸੀਂ ਇਨਸਾਨਾਂ ਵਿੱਚੋਂ ਪਹਿਲੇ ਫਲ ਬਣੀਏ।+
19 ਮੇਰੇ ਪਿਆਰੇ ਭਰਾਵੋ, ਇਹ ਗੱਲ ਜਾਣ ਲਓ: ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ+ ਅਤੇ ਜਲਦੀ ਗੁੱਸਾ ਨਾ ਕਰੇ;+
20 ਕਿਉਂਕਿ ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।+
21 ਇਸ ਲਈ ਹਰ ਤਰ੍ਹਾਂ ਦੀ ਗੰਦਗੀ ਤੋਂ ਦੂਰ ਹੋ ਜਾਓ ਅਤੇ ਬੁਰਾਈ ਦੇ ਛੋਟੇ ਜਿਹੇ ਦਾਗ਼*+ ਨੂੰ ਵੀ ਸਾਫ਼ ਕਰੋ। ਨਾਲੇ ਤੁਹਾਡੇ ਦਿਲਾਂ ਵਿਚ ਜੋ ਬਚਨ ਬੀਜਿਆ ਜਾਂਦਾ ਹੈ, ਉਸ ਨੂੰ ਨਰਮਾਈ ਨਾਲ ਕਬੂਲ ਕਰੋ ਜੋ ਤੁਹਾਡੀਆਂ ਜਾਨਾਂ ਬਚਾ ਸਕਦਾ ਹੈ।
22 ਇਸ ਤੋਂ ਇਲਾਵਾ, ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋ,+ ਨਾ ਕਿ ਸਿਰਫ਼ ਸੁਣਨ ਵਾਲੇ ਜੋ ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਦਿੰਦੇ ਹਨ।
23 ਕਿਉਂਕਿ ਜੇ ਕੋਈ ਬਚਨ ਨੂੰ ਸਿਰਫ਼ ਸੁਣਦਾ ਹੈ, ਪਰ ਇਸ ਉੱਤੇ ਚੱਲਦਾ ਨਹੀਂ,+ ਤਾਂ ਉਹ ਉਸ ਇਨਸਾਨ ਵਰਗਾ ਹੈ ਜਿਹੜਾ ਸ਼ੀਸ਼ੇ ਵਿਚ ਆਪਣਾ ਮੂੰਹ* ਦੇਖਦਾ ਹੈ।
24 ਫਿਰ ਉਹ ਆਪਣੇ ਆਪ ਨੂੰ ਦੇਖ ਕੇ ਚਲਾ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿਸਦਾ ਹੈ।
25 ਪਰ ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ*+ ਦੀ ਜਾਂਚ ਕਰਦਾ ਹੈ ਅਤੇ ਲਗਾਤਾਰ ਉਸ ਦੀ ਪਾਲਣਾ ਕਰਦਾ ਹੈ, ਉਹ ਬਚਨ ਨੂੰ ਸੁਣ ਕੇ ਭੁੱਲਦਾ ਨਹੀਂ, ਸਗੋਂ ਉਸ ਉੱਤੇ ਅਮਲ ਕਰਦਾ ਹੈ। ਉਹ ਜੋ ਵੀ ਕਰੇਗਾ, ਉਸ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+
26 ਜਿਹੜਾ ਇਨਸਾਨ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ,* ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ,+ ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ।
27 ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹੀ ਭਗਤੀ* ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ+ ਵਿਚ ਯਤੀਮਾਂ+ ਅਤੇ ਵਿਧਵਾਵਾਂ+ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।+
ਫੁਟਨੋਟ
^ ਜਾਂ, “ਉੱਤੇ ਦੋਸ਼ ਨਹੀਂ ਲਾਉਂਦਾ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਯੂਨਾ, “ਇਸ ਗੱਲ ’ਤੇ ਮਾਣ ਕਰੇ।”
^ ਯੂਨਾ, “ਮੁਕਟ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਯੂਨਾ, “ਗਰਭਵਤੀ ਹੁੰਦੀ ਹੈ।”
^ ਜਾਂ ਸੰਭਵ ਹੈ, “ਹਰ ਪਾਸੇ ਫੈਲੀ ਬੁਰਾਈ।”
^ ਜਾਂ, “ਆਪਣਾ ਅਸਲੀ ਮੂੰਹ।”
^ ਯਾਨੀ, ਪਰਮੇਸ਼ੁਰ ਦਾ ਬਚਨ।
^ ਜਾਂ, “ਉਹ ਧਰਮ ਨੂੰ ਮੰਨਦਾ ਹੈ।”
^ ਜਾਂ, “ਧਰਮ।”