ਯਿਰਮਿਯਾਹ 23:1-40
23 “ਲਾਹਨਤ ਹੈ ਉਨ੍ਹਾਂ ਚਰਵਾਹਿਆਂ ’ਤੇ ਜਿਹੜੇ ਮੇਰੀ ਚਰਾਂਦ ਦੀਆਂ ਭੇਡਾਂ ਨੂੰ ਨਾਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖਿੰਡਾ ਰਹੇ ਹਨ!” ਯਹੋਵਾਹ ਕਹਿੰਦਾ ਹੈ।+
2 ਇਸ ਲਈ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਆਪਣੀ ਪਰਜਾ ਦੇ ਚਰਵਾਹਿਆਂ ਖ਼ਿਲਾਫ਼ ਇਹ ਕਹਿੰਦਾ ਹੈ: “ਤੁਸੀਂ ਮੇਰੀਆਂ ਭੇਡਾਂ ਨੂੰ ਖਿੰਡਾ ਦਿੱਤਾ ਹੈ; ਤੁਸੀਂ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ।”+
“ਇਸ ਕਰਕੇ ਮੈਂ ਤੁਹਾਡੇ ਬੁਰੇ ਕੰਮਾਂ ਕਾਰਨ ਤੁਹਾਨੂੰ ਸਜ਼ਾ ਦਿਆਂਗਾ,” ਯਹੋਵਾਹ ਕਹਿੰਦਾ ਹੈ।
3 “ਫਿਰ ਮੈਂ ਆਪਣੀਆਂ ਬਾਕੀ ਬਚੀਆਂ ਭੇਡਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਬਾਰਾ ਇਕੱਠਾ ਕਰਾਂਗਾ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ+ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ।+ ਉਹ ਵਧਣ-ਫੁੱਲਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਜਾਵੇਗੀ।+
4 ਮੈਂ ਉਨ੍ਹਾਂ ਵਾਸਤੇ ਅਜਿਹੇ ਚਰਵਾਹੇ ਨਿਯੁਕਤ ਕਰਾਂਗਾ ਜੋ ਧਿਆਨ ਨਾਲ ਉਨ੍ਹਾਂ ਦੀ ਚਰਵਾਹੀ ਕਰਨਗੇ।+ ਉਹ ਫਿਰ ਕਦੇ ਨਹੀਂ ਡਰਨਗੀਆਂ ਅਤੇ ਨਾ ਹੀ ਖ਼ੌਫ਼ ਖਾਣਗੀਆਂ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚੇਗੀ,” ਯਹੋਵਾਹ ਕਹਿੰਦਾ ਹੈ।
5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+
6 ਉਸ ਦੇ ਦਿਨਾਂ ਵਿਚ ਯਹੂਦਾਹ ਨੂੰ ਬਚਾਇਆ ਜਾਵੇਗਾ+ ਅਤੇ ਇਜ਼ਰਾਈਲ ਸੁਰੱਖਿਅਤ ਵੱਸੇਗਾ।+ ਉਹ ਇਸ ਨਾਂ ਤੋਂ ਜਾਣਿਆ ਜਾਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।”+
7 ਯਹੋਵਾਹ ਕਹਿੰਦਾ ਹੈ, “ਪਰ ਉਹ ਦਿਨ ਆ ਰਹੇ ਹਨ ਜਦੋਂ ਉਹ ਫਿਰ ਨਾ ਕਹਿਣਗੇ: ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ!’+
8 ਇਸ ਦੀ ਬਜਾਇ, ਉਹ ਕਹਿਣਗੇ: ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਇਜ਼ਰਾਈਲ ਦੇ ਘਰਾਣੇ ਦੀ ਔਲਾਦ ਨੂੰ ਉੱਤਰ ਦੇਸ਼ ਵਿੱਚੋਂ ਅਤੇ ਉਨ੍ਹਾਂ ਸਾਰੇ ਦੇਸ਼ਾਂ ਵਿੱਚੋਂ ਕੱਢ ਕੇ ਵਾਪਸ ਲਿਆਇਆ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ’ ਅਤੇ ਉਹ ਆਪਣੇ ਦੇਸ਼ ਵਿਚ ਵੱਸਣਗੇ।”+
9 ਨਬੀਆਂ ਲਈ ਸੰਦੇਸ਼:
ਮੇਰਾ ਦਿਲ ਅੰਦਰੋਂ ਟੁੱਟ ਚੁੱਕਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।
ਜਦੋਂ ਮੈਂ ਯਹੋਵਾਹ ਦਾ ਪਵਿੱਤਰ ਸੰਦੇਸ਼ ਸੁਣਿਆ,ਤਾਂ ਮੇਰੀ ਹਾਲਤ ਇਕ ਸ਼ਰਾਬੀ ਵਰਗੀ ਹੋ ਗਈਜਿਸ ਨੂੰ ਦਾਖਰਸ ਨੇ ਆਪਣੇ ਵੱਸ ਵਿਚ ਕਰ ਲਿਆ ਹੋਵੇ।
10 ਸਾਰਾ ਦੇਸ਼ ਹਰਾਮਕਾਰਾਂ ਨਾਲ ਭਰਿਆ ਹੋਇਆ ਹੈ;+ਸਰਾਪ ਦੇ ਕਾਰਨ ਦੇਸ਼ ਸੋਗ ਮਨਾ ਰਿਹਾ ਹੈ+ਅਤੇ ਉਜਾੜ ਦੀਆਂ ਚਰਾਂਦਾਂ ਸੁੱਕ ਗਈਆਂ ਹਨ।+
ਲੋਕ ਬੁਰਾਈ ਦੇ ਰਾਹ ’ਤੇ ਤੁਰਦੇ ਹਨ ਅਤੇ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦੇ ਹਨ।
11 “ਨਬੀ ਤੇ ਪੁਜਾਰੀ ਭ੍ਰਿਸ਼ਟ ਹੋ ਚੁੱਕੇ ਹਨ।+
ਮੈਂ ਦੇਖਿਆ ਹੈ ਕਿ ਉਹ ਮੇਰੇ ਹੀ ਘਰ ਵਿਚ ਬੁਰਾਈ ਕਰਦੇ ਹਨ,”+ ਯਹੋਵਾਹ ਕਹਿੰਦਾ ਹੈ।
12 “ਇਸ ਲਈ ਉਨ੍ਹਾਂ ਦੇ ਰਾਹ ਵਿਚ ਤਿਲਕਣ ਅਤੇ ਹਨੇਰਾ ਹੋਵੇਗਾ;+ਉਨ੍ਹਾਂ ਨੂੰ ਧੱਕਾ ਦੇ ਕੇ ਸੁੱਟਿਆ ਜਾਵੇਗਾਕਿਉਂਕਿ ਮੈਂ ਲੇਖਾ ਲੈਣ ਦੇ ਸਾਲ ਉਨ੍ਹਾਂ ’ਤੇ ਬਿਪਤਾ ਲਿਆਵਾਂਗਾ,” ਯਹੋਵਾਹ ਕਹਿੰਦਾ ਹੈ।
13 “ਮੈਂ ਸਾਮਰਿਯਾ+ ਦੇ ਨਬੀਆਂ ਵਿਚ ਘਿਣਾਉਣੀਆਂ ਗੱਲਾਂ ਦੇਖੀਆਂ ਹਨ।
ਉਹ ਬਆਲ ਦੇ ਨਾਂ ’ਤੇ ਭਵਿੱਖਬਾਣੀਆਂ ਕਰਦੇ ਹਨ,ਉਹ ਮੇਰੀ ਪਰਜਾ ਇਜ਼ਰਾਈਲ ਨੂੰ ਕੁਰਾਹੇ ਪਾਉਂਦੇ ਹਨ।
14 ਮੈਂ ਯਰੂਸ਼ਲਮ ਦੇ ਨਬੀਆਂ ਵਿਚ ਬਹੁਤ ਹੀ ਘਟੀਆ ਗੱਲਾਂ ਦੇਖੀਆਂ ਹਨ।
ਉਹ ਹਰਾਮਕਾਰੀ ਕਰਦੇ ਹਨ+ ਅਤੇ ਝੂਠ ਦੇ ਰਾਹ ਤੁਰਦੇ ਹਨ;+ਉਹ ਬੁਰੇ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ*ਅਤੇ ਉਹ ਬੁਰਾਈ ਕਰਨ ਤੋਂ ਬਾਜ਼ ਨਹੀਂ ਆਉਂਦੇ।
ਉਹ ਸਾਰੇ ਮੇਰੇ ਲਈ ਸਦੂਮ ਦੇ ਲੋਕਾਂ ਵਰਗੇ ਹਨ+ਅਤੇ ਇਸ ਸ਼ਹਿਰ ਦੇ ਵਾਸੀ ਗਮੋਰਾ* ਦੇ ਵਾਸੀਆਂ ਵਰਗੇ ਹਨ।”+
15 ਇਸ ਲਈ ਸੈਨਾਵਾਂ ਦਾ ਯਹੋਵਾਹ ਨਬੀਆਂ ਦੇ ਖ਼ਿਲਾਫ਼ ਇਹ ਕਹਿੰਦਾ ਹੈ:
“ਦੇਖ, ਮੈਂ ਇਨ੍ਹਾਂ ਨੂੰ ਨਾਗਦੋਨਾ ਖਾਣ ਲਈ ਮਜਬੂਰ ਕਰਾਂਗਾਅਤੇ ਇਨ੍ਹਾਂ ਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿਆਂਗਾ+ਕਿਉਂਕਿ ਮੇਰੇ ਖ਼ਿਲਾਫ਼ ਯਰੂਸ਼ਲਮ ਦੇ ਨਬੀਆਂ ਦੀ ਬਗਾਵਤ ਸਾਰੇ ਦੇਸ਼ ਵਿਚ ਫੈਲ ਗਈ ਹੈ।”
16 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:
“ਇਨ੍ਹਾਂ ਨਬੀਆਂ ਦੀਆਂ ਭਵਿੱਖਬਾਣੀਆਂ ਨਾ ਸੁਣੋ ਜੋ ਇਹ ਤੁਹਾਨੂੰ ਦੱਸ ਰਹੇ ਹਨ।+
ਇਹ ਤੁਹਾਨੂੰ ਗੁਮਰਾਹ ਕਰ ਰਹੇ ਹਨ।*
ਜਿਸ ਦਰਸ਼ਣ ਦੀ ਇਹ ਗੱਲ ਕਰਦੇ ਹਨ, ਉਹ ਯਹੋਵਾਹ ਵੱਲੋਂ ਨਹੀਂ ਹੈ,+ਸਗੋਂ ਇਹ ਆਪਣੇ ਮਨੋਂ ਘੜ ਕੇ ਦੱਸਦੇ ਹਨ।+
17 ਮੇਰਾ ਅਪਮਾਨ ਕਰਨ ਵਾਲਿਆਂ ਨੂੰ ਉਹ ਵਾਰ-ਵਾਰ ਕਹਿੰਦੇ ਹਨ,‘ਯਹੋਵਾਹ ਨੇ ਕਿਹਾ ਹੈ: “ਤੁਸੀਂ ਅਮਨ-ਚੈਨ ਨਾਲ ਵੱਸੋਗੇ।”’+
ਜਿਹੜਾ ਵੀ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦਾ ਹੈ, ਉਸ ਨੂੰ ਉਹ ਕਹਿੰਦੇ ਹਨ,‘ਤੁਹਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।’+
18 ਕੌਣ ਯਹੋਵਾਹ ਦਾ ਸੰਦੇਸ਼ ਸੁਣਨ ਅਤੇ ਸਮਝਣ ਲਈਉਸ ਦੇ ਕਰੀਬੀਆਂ ਵਿਚ ਖੜ੍ਹਾ ਹੋਇਆ ਹੈ?
ਕਿਸ ਨੇ ਉਸ ਦੇ ਸੰਦੇਸ਼ ਨੂੰ ਸੁਣ ਕੇ ਉਸ ਵੱਲ ਧਿਆਨ ਦਿੱਤਾ ਹੈ?
19 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ;ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ’ਤੇ ਆ ਪਵੇਗਾ।+
20 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।
ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੇਂਗਾ।
21 ਮੈਂ ਨਬੀਆਂ ਨੂੰ ਨਹੀਂ ਭੇਜਿਆ, ਫਿਰ ਵੀ ਉਹ ਭੱਜ ਕੇ ਗਏ।
ਮੈਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੇ ਭਵਿੱਖਬਾਣੀਆਂ ਕੀਤੀਆਂ।+
22 ਪਰ ਜੇ ਉਹ ਮੇਰੇ ਕਰੀਬੀਆਂ ਵਿਚ ਖੜ੍ਹੇ ਹੁੰਦੇ,ਤਾਂ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਮੇਰਾ ਸੰਦੇਸ਼ ਸੁਣਾਇਆ ਹੁੰਦਾਅਤੇ ਉਹ ਉਨ੍ਹਾਂ ਨੂੰ ਬੁਰੇ ਰਾਹ ਤੋਂ ਮੋੜਦੇ ਅਤੇ ਦੁਸ਼ਟ ਕੰਮ ਕਰਨ ਤੋਂ ਰੋਕਦੇ।”+
23 ਯਹੋਵਾਹ ਕਹਿੰਦਾ ਹੈ: “ਕੀ ਮੈਂ ਉਦੋਂ ਹੀ ਪਰਮੇਸ਼ੁਰ ਹੁੰਦਾ ਹਾਂ ਜਦੋਂ ਮੈਂ ਨੇੜੇ ਹੁੰਦਾ ਹਾਂ?
ਕੀ ਮੈਂ ਉਦੋਂ ਵੀ ਪਰਮੇਸ਼ੁਰ ਨਹੀਂ ਹੁੰਦਾ ਹਾਂ ਜਦੋਂ ਮੈਂ ਦੂਰ ਹੁੰਦਾ ਹਾਂ?”
24 “ਕੀ ਕੋਈ ਆਦਮੀ ਕਿਸੇ ਅਜਿਹੀ ਗੁਪਤ ਥਾਂ ਲੁੱਕ ਸਕਦਾ ਜਿੱਥੇ ਮੈਂ ਉਸ ਨੂੰ ਦੇਖ ਨਾ ਸਕਾਂ?”+ ਯਹੋਵਾਹ ਕਹਿੰਦਾ ਹੈ।
“ਕੀ ਆਕਾਸ਼ ਜਾਂ ਧਰਤੀ ’ਤੇ ਕੋਈ ਚੀਜ਼ ਹੈ ਜੋ ਮੇਰੀਆਂ ਨਜ਼ਰਾਂ ਤੋਂ ਲੁੱਕ ਸਕੇ?”+ ਯਹੋਵਾਹ ਕਹਿੰਦਾ ਹੈ।
25 “ਮੈਂ ਆਪਣੇ ਨਾਂ ’ਤੇ ਨਬੀਆਂ ਨੂੰ ਇਹ ਝੂਠੀਆਂ ਭਵਿੱਖਬਾਣੀਆਂ ਕਰਦੇ ਹੋਏ ਸੁਣਿਆ ਹੈ, ‘ਮੈਂ ਇਕ ਸੁਪਨਾ ਦੇਖਿਆ! ਮੈਂ ਇਕ ਸੁਪਨਾ ਦੇਖਿਆ!’+
26 ਇਹ ਨਬੀ ਕਦ ਤਕ ਆਪਣੇ ਮਨੋਂ ਝੂਠੀਆਂ ਭਵਿੱਖਬਾਣੀਆਂ ਕਰਦੇ ਰਹਿਣਗੇ? ਇਹ ਨਬੀ ਛਲ ਭਰੀਆਂ ਗੱਲਾਂ ਦੀਆਂ ਭਵਿੱਖਬਾਣੀਆਂ ਕਰਦੇ ਹਨ।+
27 ਉਹ ਇਸ ਇਰਾਦੇ ਨਾਲ ਇਕ-ਦੂਜੇ ਨੂੰ ਸੁਪਨੇ ਦੱਸਦੇ ਹਨ ਤਾਂਕਿ ਮੇਰੇ ਲੋਕ ਮੇਰਾ ਨਾਂ ਭੁੱਲ ਜਾਣ, ਜਿਵੇਂ ਉਨ੍ਹਾਂ ਦੇ ਪਿਉ-ਦਾਦੇ ਬਆਲ ਦੇ ਕਰਕੇ ਮੇਰਾ ਨਾਂ ਭੁੱਲ ਗਏ ਸਨ।+
28 ਜਿਸ ਨਬੀ ਨੇ ਸੁਪਨਾ ਦੇਖਿਆ ਹੈ, ਉਹ ਸੁਪਨਾ ਦੱਸੇ। ਪਰ ਜਿਸ ਨੇ ਮੇਰਾ ਸੰਦੇਸ਼ ਸੁਣਿਆ ਹੈ, ਉਹ ਮੇਰਾ ਸੰਦੇਸ਼ ਸੱਚ-ਸੱਚ ਦੱਸੇ।”
“ਤੂੜੀ ਦਾ ਕਣਕ ਨਾਲ ਕੀ ਮੇਲ?” ਯਹੋਵਾਹ ਕਹਿੰਦਾ ਹੈ।
29 “ਕੀ ਮੇਰਾ ਸੰਦੇਸ਼ ਅੱਗ ਵਰਗਾ ਨਹੀਂ,”+ ਯਹੋਵਾਹ ਕਹਿੰਦਾ ਹੈ, “ਕੀ ਮੇਰਾ ਸੰਦੇਸ਼ ਹਥੌੜੇ ਵਰਗਾ ਨਹੀਂ ਜੋ ਚਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?”+
30 ਯਹੋਵਾਹ ਕਹਿੰਦਾ ਹੈ: “ਇਸ ਲਈ ਮੈਂ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜੋ ਦੂਜੇ ਨਬੀਆਂ ਤੋਂ ਮੇਰਾ ਸੰਦੇਸ਼ ਲੈ ਕੇ ਤੋੜਦੇ-ਮਰੋੜਦੇ ਹਨ।”+
31 ਯਹੋਵਾਹ ਕਹਿੰਦਾ ਹੈ: “ਮੈਂ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜਿਹੜੇ ਆਪਣੀ ਜ਼ਬਾਨ ਨਾਲ ਇਹ ਕਹਿੰਦੇ ਹਨ, ‘ਪਰਮੇਸ਼ੁਰ ਕਹਿੰਦਾ ਹੈ!’”+
32 ਯਹੋਵਾਹ ਕਹਿੰਦਾ ਹੈ: “ਮੈਂ ਝੂਠੇ ਸੁਪਨੇ ਦੱਸਣ ਵਾਲੇ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜਿਹੜੇ ਝੂਠ ਬੋਲ ਕੇ ਅਤੇ ਸ਼ੇਖ਼ੀਆਂ ਮਾਰ ਕੇ ਮੇਰੇ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ।”+
“ਪਰ ਮੈਂ ਇਨ੍ਹਾਂ ਨੂੰ ਨਹੀਂ ਭੇਜਿਆ ਜਾਂ ਇੱਦਾਂ ਕਰਨ ਦਾ ਹੁਕਮ ਨਹੀਂ ਦਿੱਤਾ। ਇਸ ਲਈ ਉਨ੍ਹਾਂ ਤੋਂ ਇਨ੍ਹਾਂ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ,”+ ਯਹੋਵਾਹ ਕਹਿੰਦਾ ਹੈ।
33 “ਜਦ ਇਹ ਲੋਕ ਜਾਂ ਕੋਈ ਨਬੀ ਜਾਂ ਪੁਜਾਰੀ ਤੈਨੂੰ ਪੁੱਛੇ, ‘ਯਹੋਵਾਹ ਦਾ ਬੋਝ* ਕੀ ਹੈ?’ ਤਾਂ ਤੂੰ ਉਨ੍ਹਾਂ ਨੂੰ ਜਵਾਬ ਦੇਈਂ, ‘“ਤੁਸੀਂ ਲੋਕ ਹੀ ਬੋਝ ਹੋ! ਮੈਂ ਤੁਹਾਨੂੰ ਲਾਹ ਕੇ ਸੁੱਟ ਦਿਆਂਗਾ,”+ ਯਹੋਵਾਹ ਕਹਿੰਦਾ ਹੈ।’
34 ਜਿਹੜਾ ਨਬੀ ਜਾਂ ਪੁਜਾਰੀ ਜਾਂ ਇਨ੍ਹਾਂ ਲੋਕਾਂ ਵਿੱਚੋਂ ਕੋਈ ਕਹਿੰਦਾ ਹੈ, ‘ਯਹੋਵਾਹ ਦਾ ਬੋਝ* ਇਹ ਹੈ!’ ਤਾਂ ਮੈਂ ਉਸ ਆਦਮੀ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ।
35 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਅਤੇ ਆਪਣੇ ਭਰਾ ਨੂੰ ਪੁੱਛਦਾ ਹੈ, ‘ਯਹੋਵਾਹ ਨੇ ਕੀ ਜਵਾਬ ਦਿੱਤਾ ਹੈ? ਯਹੋਵਾਹ ਨੇ ਕੀ ਕਿਹਾ ਹੈ?’
36 ਪਰ ਤੁਸੀਂ ਯਹੋਵਾਹ ਦੇ ਬੋਝ* ਦਾ ਅੱਗੇ ਤੋਂ ਜ਼ਿਕਰ ਨਾ ਕਰਿਓ ਕਿਉਂਕਿ ਤੁਹਾਡੇ ਵਿੱਚੋਂ ਹਰ ਕਿਸੇ ਦਾ ਆਪਣਾ ਸੰਦੇਸ਼ ਹੀ ਬੋਝ* ਹੈ ਅਤੇ ਤੁਸੀਂ ਸਾਡੇ ਜੀਉਂਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਬਦਲ ਦਿੱਤਾ ਹੈ।
37 “ਤੂੰ ਨਬੀਆਂ ਨੂੰ ਇਹ ਕਹੀਂ, ‘ਯਹੋਵਾਹ ਨੇ ਤੁਹਾਨੂੰ ਕੀ ਜਵਾਬ ਦਿੱਤਾ ਹੈ? ਯਹੋਵਾਹ ਨੇ ਕੀ ਕਿਹਾ ਹੈ?
38 ਜੇ ਤੁਸੀਂ ਇਹੀ ਕਹਿੰਦੇ ਰਹਿੰਦੇ ਹੋ, “ਯਹੋਵਾਹ ਦਾ ਬੋਝ* ਇਹ ਹੈ!” ਤਾਂ ਯਹੋਵਾਹ ਕਹਿੰਦਾ ਹੈ: “ਤੁਸੀਂ ਕਹਿੰਦੇ ਹੋ, ‘ਇਹ ਸੰਦੇਸ਼ ਹੀ ਯਹੋਵਾਹ ਦਾ ਬੋਝ* ਹੈ,’ ਜਦ ਕਿ ਮੈਂ ਤੁਹਾਨੂੰ ਕਿਹਾ ਸੀ, ‘ਤੁਸੀਂ ਇਹ ਨਾ ਕਹੋ: “ਇਹ ਯਹੋਵਾਹ ਦਾ ਬੋਝ* ਹੈ!”’
39 ਇਸ ਲਈ ਦੇਖੋ, ਮੈਂ ਤੁਹਾਨੂੰ ਚੁੱਕ ਕੇ ਆਪਣੀਆਂ ਨਜ਼ਰਾਂ ਤੋਂ ਦੂਰ ਸੁੱਟ ਦਿਆਂਗਾ, ਹਾਂ, ਤੁਹਾਨੂੰ ਅਤੇ ਤੁਹਾਡੇ ਇਸ ਸ਼ਹਿਰ ਨੂੰ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ।
40 ਮੈਂ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਅਤੇ ਬੇਇੱਜ਼ਤ ਕਰਾਂਗਾ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।”’”+
ਫੁਟਨੋਟ
^ ਜਾਂ, “ਵਾਰਸ ਖੜ੍ਹਾ ਕਰਾਂਗਾ।”
^ ਇਬ, “ਦੇ ਹੱਥਾਂ ਨੂੰ ਤਕੜਾ ਕਰਦੇ ਹਨ।”
^ ਜਾਂ, “ਅਮੂਰਾਹ।”
^ ਜਾਂ, “ਉਹ ਤੁਹਾਨੂੰ ਝੂਠੀਆਂ ਉਮੀਦਾਂ ਦਿੰਦੇ ਹਨ।”
^ ਜਾਂ, “ਭਾਰੀ ਸੰਦੇਸ਼।” ਇੱਥੇ ਇਬਰਾਨੀ ਸ਼ਬਦ ਦਾ ਦੋਹਰਾ ਮਤਲਬ ਹੈ: “ਪਰਮੇਸ਼ੁਰ ਦਾ ਭਾਰਾ ਸੰਦੇਸ਼” ਜਾਂ “ਕੋਈ ਭਾਰੀ ਚੀਜ਼।”
^ ਜਾਂ, “ਭਾਰੀ ਸੰਦੇਸ਼।”
^ ਜਾਂ, “ਭਾਰੀ ਸੰਦੇਸ਼।”
^ ਜਾਂ, “ਭਾਰੀ ਸੰਦੇਸ਼।”
^ ਜਾਂ, “ਭਾਰੀ ਸੰਦੇਸ਼।”
^ ਜਾਂ, “ਭਾਰੀ ਸੰਦੇਸ਼।”
^ ਜਾਂ, “ਭਾਰੀ ਸੰਦੇਸ਼।”