ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 10:1-42
10 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਦਰਵਾਜ਼ੇ ਰਾਹੀਂ ਵਾੜੇ ਵਿਚ ਨਹੀਂ ਆਉਂਦਾ, ਸਗੋਂ ਕਿਸੇ ਹੋਰ ਪਾਸਿਓਂ ਟੱਪ ਕੇ ਆਉਂਦਾ ਹੈ, ਉਹ ਚੋਰ ਤੇ ਲੁਟੇਰਾ ਹੈ।+
2 ਪਰ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ।+
3 ਚੌਕੀਦਾਰ ਚਰਵਾਹੇ ਲਈ ਦਰਵਾਜ਼ਾ ਖੋਲ੍ਹਦਾ ਹੈ+ ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ।+ ਉਹ ਨਾਂ ਲੈ ਕੇ ਆਪਣੀਆਂ ਭੇਡਾਂ ਨੂੰ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਵਾੜੇ ਤੋਂ ਬਾਹਰ ਲੈ ਆਉਂਦਾ ਹੈ, ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਤੁਰਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ।
5 ਉਹ ਕਿਸੇ ਵੀ ਅਜਨਬੀ ਦੇ ਪਿੱਛੇ ਨਹੀਂ ਜਾਣਗੀਆਂ, ਸਗੋਂ ਉਸ ਤੋਂ ਭੱਜ ਜਾਣਗੀਆਂ ਕਿਉਂਕਿ ਉਹ ਅਜਨਬੀਆਂ ਦੀ ਆਵਾਜ਼ ਨਹੀਂ ਪਛਾਣਦੀਆਂ।”
6 ਯਿਸੂ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ, ਪਰ ਉਹ ਸਮਝ ਨਾ ਸਕੇ ਕਿ ਉਹ ਉਨ੍ਹਾਂ ਨੂੰ ਕੀ ਕਹਿ ਰਿਹਾ ਸੀ।
7 ਇਸ ਲਈ ਯਿਸੂ ਨੇ ਅੱਗੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਮੈਂ ਹੀ ਉਹ ਦਰਵਾਜ਼ਾ ਹਾਂ ਜਿਸ ਰਾਹੀਂ ਭੇਡਾਂ ਅੰਦਰ ਆਉਂਦੀਆਂ ਹਨ।+
8 ਜਿਹੜੇ ਵੀ ਢੌਂਗੀ ਮੇਰੀ ਜਗ੍ਹਾ ਆਏ ਹਨ, ਉਹ ਸਾਰੇ ਚੋਰ ਅਤੇ ਲੁਟੇਰੇ ਹਨ; ਪਰ ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ।
9 ਮੈਂ ਦਰਵਾਜ਼ਾ ਹਾਂ ਅਤੇ ਜਿਹੜਾ ਮੇਰੇ ਰਾਹੀਂ ਅੰਦਰ ਆਉਂਦਾ ਹੈ, ਉਹ ਬਚਾਇਆ ਜਾਵੇਗਾ ਅਤੇ ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਤੇ ਉਸ ਨੂੰ ਚਰਾਂਦਾਂ ਮਿਲਣਗੀਆਂ।+
10 ਚੋਰ ਸਿਰਫ਼ ਭੇਡਾਂ ਨੂੰ ਚੋਰੀ ਕਰਨ, ਵੱਢਣ ਤੇ ਜਾਨੋਂ ਮਾਰਨ ਆਉਂਦਾ ਹੈ।+ ਮੈਂ ਇਸ ਲਈ ਆਇਆ ਹਾਂ ਤਾਂਕਿ ਉਨ੍ਹਾਂ ਨੂੰ ਜ਼ਿੰਦਗੀ, ਹਾਂ, ਹਮੇਸ਼ਾ ਦੀ ਜ਼ਿੰਦਗੀ ਮਿਲੇ।
11 ਮੈਂ ਵਧੀਆ ਚਰਵਾਹਾ ਹਾਂ;+ ਵਧੀਆ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।+
12 ਪਰ ਮਜ਼ਦੂਰੀ ’ਤੇ ਰੱਖਿਆ ਗਿਆ ਕਾਮਾ ਚਰਵਾਹਾ ਨਹੀਂ ਹੁੰਦਾ ਅਤੇ ਭੇਡਾਂ ਉਸ ਦੀਆਂ ਆਪਣੀਆਂ ਨਹੀਂ ਹੁੰਦੀਆਂ। ਜਦੋਂ ਉਹ ਬਘਿਆੜ ਨੂੰ ਆਉਂਦਾ ਦੇਖਦਾ ਹੈ, ਤਾਂ ਉਹ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਬਘਿਆੜ ਭੇਡਾਂ ਉੱਤੇ ਟੁੱਟ ਪੈਂਦਾ ਹੈ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ।
13 ਉਹ ਇਸ ਕਰਕੇ ਭੱਜ ਜਾਂਦਾ ਹੈ ਕਿਉਂਕਿ ਉਸ ਨੂੰ ਮਜ਼ਦੂਰੀ ’ਤੇ ਰੱਖਿਆ ਹੋਇਆ ਹੈ ਅਤੇ ਉਹ ਭੇਡਾਂ ਦੀ ਪਰਵਾਹ ਨਹੀਂ ਕਰਦਾ।
14 ਮੈਂ ਵਧੀਆ ਚਰਵਾਹਾ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ,+
15 ਠੀਕ ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ;+ ਮੈਂ ਭੇਡਾਂ ਲਈ ਆਪਣੀ ਜਾਨ ਦਿੰਦਾ ਹਾਂ।+
16 “ਮੇਰੀਆਂ ਹੋਰ ਭੇਡਾਂ ਵੀ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ;+ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਸਾਰੀਆਂ ਭੇਡਾਂ ਇੱਕੋ ਝੁੰਡ ਵਿਚ ਹੋਣਗੀਆਂ ਅਤੇ ਉਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ।+
17 ਪਿਤਾ ਮੈਨੂੰ ਪਿਆਰ ਕਰਦਾ ਹੈ+ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ+ ਤਾਂਕਿ ਮੈਂ ਇਸ ਨੂੰ ਦੁਬਾਰਾ ਪਾ ਲਵਾਂ।
18 ਕੋਈ ਵੀ ਇਨਸਾਨ ਮੇਰੀ ਜਾਨ ਨਹੀਂ ਲੈ ਸਕਦਾ, ਪਰ ਮੈਂ ਆਪਣੀ ਮਰਜ਼ੀ ਨਾਲ ਆਪਣੀ ਜਾਨ ਦਿਆਂਗਾ। ਮੇਰੇ ਕੋਲ ਆਪਣੀ ਜਾਨ ਦੇਣ ਦਾ ਅਧਿਕਾਰ ਹੈ ਅਤੇ ਮੇਰੇ ਕੋਲ ਇਸ ਨੂੰ ਦੁਬਾਰਾ ਲੈਣ ਦਾ ਵੀ ਅਧਿਕਾਰ ਹੈ।+ ਮੇਰੇ ਪਿਤਾ ਨੇ ਮੈਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਹੈ।”
19 ਇਨ੍ਹਾਂ ਗੱਲਾਂ ਕਰਕੇ ਯਹੂਦੀਆਂ ਵਿਚ ਦੁਬਾਰਾ ਫੁੱਟ ਪੈ ਗਈ।+
20 ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿ ਰਹੇ ਸਨ: “ਇਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ ਅਤੇ ਇਹ ਪਾਗਲ ਹੈ। ਤੁਸੀਂ ਕਿਉਂ ਇਸ ਦੀਆਂ ਗੱਲਾਂ ਸੁਣ ਰਹੇ ਹੋ?”
21 ਕਈ ਹੋਰ ਕਹਿ ਰਹੇ ਸਨ: “ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਵੇ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦਾ। ਕੀ ਦੁਸ਼ਟ ਦੂਤ ਅੰਨ੍ਹਿਆਂ ਨੂੰ ਸੁਜਾਖਾ ਕਰ ਸਕਦਾ?”
22 ਉਸ ਸਮੇਂ ਯਰੂਸ਼ਲਮ ਵਿਚ ਸਮਰਪਣ ਦਾ ਤਿਉਹਾਰ ਮਨਾਇਆ ਗਿਆ। ਉਦੋਂ ਸਰਦੀਆਂ ਦਾ ਮੌਸਮ ਸੀ
23 ਅਤੇ ਯਿਸੂ ਮੰਦਰ ਵਿਚ ਸੁਲੇਮਾਨ ਦੇ ਬਰਾਂਡੇ ਵਿਚ ਘੁੰਮ ਰਿਹਾ ਸੀ।+
24 ਤਦ ਯਹੂਦੀ ਉਸ ਨੂੰ ਘੇਰ ਕੇ ਪੁੱਛਣ ਲੱਗੇ: “ਤੂੰ ਕਿੰਨਾ ਕੁ ਚਿਰ ਸਾਨੂੰ* ਉਲਝਣ ਵਿਚ ਪਾਈ ਰੱਖੇਂਗਾ? ਜੇ ਤੂੰ ਮਸੀਹ ਹੈਂ, ਤਾਂ ਸਾਨੂੰ ਸਾਫ਼-ਸਾਫ਼ ਦੱਸ।”
25 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਦੱਸ ਦਿੱਤਾ ਹੈ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੈਂ ਆਪਣੇ ਪਿਤਾ ਦੇ ਨਾਂ ’ਤੇ ਜਿਹੜੇ ਕੰਮ ਕਰਦਾ ਹਾਂ, ਉਹ ਕੰਮ ਮੇਰੇ ਬਾਰੇ ਗਵਾਹੀ ਦਿੰਦੇ ਹਨ।+
26 ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ।+
27 ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ।+
28 ਮੈਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿਆਂਗਾ+ ਤੇ ਉਹ ਕਦੀ ਵੀ ਨਹੀਂ ਮਰਨਗੀਆਂ ਅਤੇ ਕੋਈ ਵੀ ਉਨ੍ਹਾਂ ਨੂੰ ਮੇਰੇ ਹੱਥੋਂ ਨਹੀਂ ਖੋਹੇਗਾ।+
29 ਮੇਰੇ ਪਿਤਾ ਨੇ ਜਿਹੜੀਆਂ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਕੀਮਤੀ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ।+
30 ਮੈਂ ਅਤੇ ਪਿਤਾ ਇਕ ਹਾਂ।”*+
31 ਯਹੂਦੀਆਂ ਨੇ ਦੁਬਾਰਾ ਉਸ ਨੂੰ ਮਾਰਨ ਲਈ ਪੱਥਰ ਚੁੱਕੇ।
32 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੇ ਪਿਤਾ ਵੱਲੋਂ ਬਹੁਤ ਸਾਰੇ ਵਧੀਆ ਕੰਮ ਕਰ ਕੇ ਦਿਖਾਏ। ਤਾਂ ਫਿਰ ਤੁਸੀਂ ਇਨ੍ਹਾਂ ਵਿੱਚੋਂ ਕਿਹੜੇ ਕੰਮ ਕਰਕੇ ਮੈਨੂੰ ਪੱਥਰ ਮਾਰ ਰਹੇ ਹੋ?”
33 ਯਹੂਦੀਆਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤੇਰੇ ਕਿਸੇ ਚੰਗੇ ਕੰਮ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਨਿੰਦਿਆ ਕਰਨ ਕਰਕੇ ਤੈਨੂੰ ਪੱਥਰ ਮਾਰ ਰਹੇ ਹਾਂ;+ ਕਿਉਂਕਿ ਇਨਸਾਨ ਹੁੰਦੇ ਹੋਏ ਤੂੰ ਆਪਣੇ ਆਪ ਨੂੰ ਈਸ਼ਵਰ ਬਣਾਉਂਦਾ ਹੈਂ।”
34 ਯਿਸੂ ਨੇ ਜਵਾਬ ਦਿੱਤਾ: “ਕੀ ਤੁਹਾਡੇ ਧਰਮ-ਗ੍ਰੰਥ* ਵਿਚ ਇਹ ਨਹੀਂ ਲਿਖਿਆ, ‘ਮੈਂ ਕਿਹਾ: “ਤੁਸੀਂ ਈਸ਼ਵਰ* ਹੋ”’?+
35 ਜੇ ਉਹ ਉਨ੍ਹਾਂ ਲੋਕਾਂ ਨੂੰ ‘ਈਸ਼ਵਰ’+ ਕਹਿੰਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਪਰਮੇਸ਼ੁਰ ਦੇ ਬਚਨ ਨੂੰ ਝੁਠਲਾਇਆ ਨਹੀਂ ਜਾ ਸਕਦਾ,
36 ਤਾਂ ਫਿਰ, ਤੁਸੀਂ ਮੈਨੂੰ ਜਿਸ ਨੂੰ ਪਰਮੇਸ਼ੁਰ ਨੇ ਪਵਿੱਤਰ ਠਹਿਰਾ ਕੇ ਦੁਨੀਆਂ ਵਿਚ ਘੱਲਿਆ ਹੈ, ਕਿਉਂ ਕਹਿੰਦੇ ਹੋ ‘ਤੂੰ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ’ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ’?+
37 ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ, ਤਾਂ ਮੇਰੇ ’ਤੇ ਵਿਸ਼ਵਾਸ ਨਾ ਕਰੋ।
38 ਪਰ ਜੇ ਮੈਂ ਇਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰੇ ’ਤੇ ਵਿਸ਼ਵਾਸ ਨਾ ਵੀ ਕਰੋ, ਪਰ ਮੇਰੇ ਕੰਮਾਂ ’ਤੇ ਵਿਸ਼ਵਾਸ ਕਰੋ+ ਤਾਂਕਿ ਤੁਸੀਂ ਜਾਣ ਲਵੋ ਅਤੇ ਚੰਗੀ ਤਰ੍ਹਾਂ ਸਮਝ ਜਾਓ ਕਿ ਮੈਂ ਅਤੇ ਪਿਤਾ ਏਕਤਾ ਵਿਚ ਬੱਝੇ ਹੋਏ ਹਾਂ।”+
39 ਇਸ ਲਈ ਉਨ੍ਹਾਂ ਨੇ ਉਸ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਦੇ ਹੱਥ ਨਾ ਆਇਆ।
40 ਫਿਰ ਉਹ ਯਰਦਨ ਦਰਿਆ ਦੇ ਦੂਜੇ ਪਾਸੇ ਉਸ ਜਗ੍ਹਾ ਚਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ+ ਅਤੇ ਉੱਥੇ ਹੀ ਰੁਕਿਆ ਰਿਹਾ।
41 ਬਹੁਤ ਸਾਰੇ ਲੋਕ ਉਸ ਕੋਲ ਆਏ ਅਤੇ ਕਹਿਣ ਲੱਗੇ: “ਯੂਹੰਨਾ ਨੇ ਤਾਂ ਇਕ ਵੀ ਚਮਤਕਾਰ ਨਹੀਂ ਕੀਤਾ, ਪਰ ਉਸ ਨੇ ਇਸ ਬੰਦੇ ਬਾਰੇ ਜਿੰਨੀਆਂ ਵੀ ਗੱਲਾਂ ਕਹੀਆਂ ਸਨ, ਉਹ ਸਾਰੀਆਂ ਸੱਚੀਆਂ ਹਨ।”+
42 ਬਹੁਤ ਸਾਰੇ ਲੋਕ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ।
ਫੁਟਨੋਟ
^ ਜਾਂ, “ਸਾਡੇ ਮਨਾਂ ਨੂੰ।”
^ ਜਾਂ, “ਏਕਤਾ ਵਿਚ ਬੱਝੇ ਹੋਏ ਹਾਂ।”
^ ਯੂਨਾ, “ਮੂਸਾ ਦਾ ਕਾਨੂੰਨ।”
^ ਜਾਂ, “ਈਸ਼ਵਰ ਵਰਗੇ।”