ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 11:1-57
11 ਬੈਥਨੀਆ ਪਿੰਡ ਵਿਚ ਲਾਜ਼ਰ ਨਾਂ ਦਾ ਇਕ ਆਦਮੀ ਬੀਮਾਰ ਸੀ ਅਤੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਉੱਥੇ ਰਹਿੰਦੀਆਂ ਸਨ।+
2 ਇਹ ਉਹੀ ਮਰੀਅਮ ਹੈ ਜਿਸ ਨੇ ਪ੍ਰਭੂ ਦੇ ਪੈਰਾਂ ’ਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਸੀ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ ਸਨ;+ ਉਸ ਦਾ ਭਰਾ ਲਾਜ਼ਰ ਬੀਮਾਰ ਸੀ।
3 ਇਸ ਲਈ ਉਸ ਦੀਆਂ ਭੈਣਾਂ ਨੇ ਪ੍ਰਭੂ ਨੂੰ ਸੁਨੇਹਾ ਘੱਲਿਆ: “ਪ੍ਰਭੂ, ਦੇਖ! ਤੇਰਾ ਪਿਆਰਾ ਦੋਸਤ ਬੀਮਾਰ ਹੈ।”
4 ਪਰ ਜਦੋਂ ਯਿਸੂ ਨੂੰ ਸੁਨੇਹਾ ਮਿਲਿਆ, ਤਾਂ ਉਸ ਨੇ ਕਿਹਾ: “ਇਸ ਬੀਮਾਰੀ ਦਾ ਅੰਜਾਮ ਮੌਤ ਨਹੀਂ, ਸਗੋਂ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ+ ਤਾਂਕਿ ਇਸ ਰਾਹੀਂ ਉਸ ਦੇ ਪੁੱਤਰ ਦੀ ਮਹਿਮਾ ਹੋਵੇ।”
5 ਯਿਸੂ ਮਾਰਥਾ, ਉਸ ਦੀ ਭੈਣ ਮਰੀਅਮ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ।
6 ਪਰ ਜਦੋਂ ਉਸ ਨੇ ਲਾਜ਼ਰ ਦੇ ਬੀਮਾਰ ਹੋਣ ਬਾਰੇ ਸੁਣਿਆ, ਤਾਂ ਉਹ ਜਿੱਥੇ ਰਹਿ ਰਿਹਾ ਸੀ, ਉੱਥੇ ਦੋ ਦਿਨ ਹੋਰ ਰਿਹਾ।
7 ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਓ ਦੁਬਾਰਾ ਯਹੂਦਿਯਾ ਨੂੰ ਚੱਲੀਏ।”
8 ਚੇਲਿਆਂ ਨੇ ਉਸ ਨੂੰ ਕਿਹਾ: “ਗੁਰੂ ਜੀ,*+ ਅਜੇ ਕੁਝ ਸਮਾਂ ਪਹਿਲਾਂ ਹੀ ਤਾਂ ਯਹੂਦਿਯਾ ਦੇ ਲੋਕਾਂ ਨੇ ਤੈਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ।+ ਕੀ ਤੂੰ ਦੁਬਾਰਾ ਉੱਥੇ ਜਾਏਂਗਾ?”
9 ਯਿਸੂ ਨੇ ਜਵਾਬ ਦਿੱਤਾ: “ਕੀ ਦਿਨੇ 12 ਘੰਟੇ ਚਾਨਣ ਨਹੀਂ ਹੁੰਦਾ?+ ਜੇ ਕੋਈ ਚਾਨਣ ਵਿਚ ਤੁਰਦਾ ਹੈ, ਤਾਂ ਉਹ ਕਿਸੇ ਚੀਜ਼ ਨਾਲ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦਾ ਚਾਨਣ ਦੇਖਦਾ ਹੈ।
10 ਪਰ ਜੇ ਉਹ ਰਾਤ ਨੂੰ ਤੁਰਦਾ ਹੈ, ਤਾਂ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਵਿਚ ਚਾਨਣ ਨਹੀਂ ਹੈ।”
11 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਹਾ: “ਲਾਜ਼ਰ ਸਾਡਾ ਦੋਸਤ ਸੌਂ ਗਿਆ ਹੈ,+ ਪਰ ਮੈਂ ਉਸ ਨੂੰ ਜਗਾਉਣ ਲਈ ਉੱਥੇ ਜਾ ਰਿਹਾ ਹਾਂ।”
12 ਚੇਲਿਆਂ ਨੇ ਉਸ ਨੂੰ ਕਿਹਾ: “ਪ੍ਰਭੂ, ਜੇ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।”
13 ਯਿਸੂ ਨੇ ਤਾਂ ਉਸ ਦੇ ਮਰਨ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਲਾਜ਼ਰ ਦੇ ਸੌਣ ਤੇ ਆਰਾਮ ਕਰਨ ਬਾਰੇ ਗੱਲ ਕਰ ਰਿਹਾ ਸੀ।
14 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ: “ਲਾਜ਼ਰ ਮਰ ਗਿਆ ਹੈ+
15 ਅਤੇ ਤੁਹਾਡੇ ਲਈ ਚੰਗਾ ਹੈ ਕਿ ਮੈਂ ਉੱਥੇ ਨਹੀਂ ਸੀ ਕਿਉਂਕਿ ਹੁਣ ਮੈਂ ਜੋ ਕਰਾਂਗਾ ਉਸ ਨਾਲ ਤੁਹਾਡੀ ਨਿਹਚਾ ਹੋਰ ਪੱਕੀ ਹੋਵੇਗੀ। ਆਓ ਆਪਾਂ ਉਸ ਕੋਲ ਚਲੀਏ।”
16 ਇਸ ਲਈ ਥੋਮਾ, ਜੋ ਜੌੜਾ ਕਹਾਉਂਦਾ ਸੀ, ਨੇ ਦੂਸਰੇ ਚੇਲਿਆਂ ਨੂੰ ਕਿਹਾ: “ਚਲੋ ਆਪਾਂ ਵੀ ਉਸ ਨਾਲ ਮਰਨ ਚੱਲੀਏ।”+
17 ਜਦੋਂ ਯਿਸੂ ਉੱਥੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਲਾਜ਼ਰ ਨੂੰ ਕਬਰ ਵਿਚ ਰੱਖਿਆਂ ਚਾਰ ਦਿਨ ਹੋ ਗਏ ਸਨ।
18 ਬੈਥਨੀਆ ਯਰੂਸ਼ਲਮ ਤੋਂ ਲਗਭਗ ਤਿੰਨ ਕਿਲੋਮੀਟਰ* ਦੂਰ ਸੀ।
19 ਉਸ ਵੇਲੇ ਲਾਜ਼ਰ ਦੇ ਮਰਨ ਕਰਕੇ ਮਾਰਥਾ ਅਤੇ ਮਰੀਅਮ ਨੂੰ ਦਿਲਾਸਾ ਦੇਣ ਬਹੁਤ ਸਾਰੇ ਯਹੂਦੀ ਆਏ ਹੋਏ ਸਨ।
20 ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਸੀ, ਤਾਂ ਉਹ ਉਸ ਨੂੰ ਮਿਲਣ ਗਈ, ਪਰ ਮਰੀਅਮ+ ਘਰੇ ਰਹੀ।
21 ਫਿਰ ਮਾਰਥਾ ਨੇ ਯਿਸੂ ਨੂੰ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।
22 ਪਰ ਮੈਨੂੰ ਹਾਲੇ ਵੀ ਭਰੋਸਾ ਹੈ ਕਿ ਤੂੰ ਪਰਮੇਸ਼ੁਰ ਤੋਂ ਜੋ ਵੀ ਮੰਗੇਂਗਾ, ਪਰਮੇਸ਼ੁਰ ਤੈਨੂੰ ਦੇ ਦੇਵੇਗਾ।”
23 ਯਿਸੂ ਨੇ ਉਸ ਨੂੰ ਕਿਹਾ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।”
24 ਮਾਰਥਾ ਨੇ ਕਿਹਾ: “ਮੈਨੂੰ ਪਤਾ ਉਹ ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।”+
25 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।+ ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ;
26 ਅਤੇ ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ।+ ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?”
27 ਮਾਰਥਾ ਨੇ ਉਸ ਨੂੰ ਕਿਹਾ: “ਹਾਂ ਪ੍ਰਭੂ, ਮੈਨੂੰ ਵਿਸ਼ਵਾਸ ਹੈ ਕਿ ਤੂੰ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜਿਸ ਨੇ ਦੁਨੀਆਂ ਵਿਚ ਆਉਣਾ ਸੀ।”
28 ਇਹ ਕਹਿਣ ਤੋਂ ਬਾਅਦ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਅਮ ਨੂੰ ਬੁਲਾ ਕੇ ਹੌਲੀ ਦੇਣੀ ਦੱਸਿਆ: “ਗੁਰੂ+ ਆ ਗਿਆ ਹੈ ਅਤੇ ਤੈਨੂੰ ਬੁਲਾ ਰਿਹਾ ਹੈ।”
29 ਇਹ ਸੁਣ ਕੇ ਮਰੀਅਮ ਝੱਟ ਉੱਠੀ ਅਤੇ ਉਸ ਨੂੰ ਮਿਲਣ ਚਲੀ ਗਈ।
30 ਯਿਸੂ ਅਜੇ ਪਿੰਡ ਵਿਚ ਨਹੀਂ ਆਇਆ ਸੀ, ਪਰ ਉਸੇ ਜਗ੍ਹਾ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ।
31 ਜਦੋਂ ਮਰੀਅਮ ਨੂੰ ਦਿਲਾਸਾ ਦੇ ਰਹੇ ਯਹੂਦੀਆਂ ਨੇ ਉਸ ਨੂੰ ਝੱਟ ਉੱਠ ਕੇ ਘਰੋਂ ਬਾਹਰ ਜਾਂਦਿਆਂ ਦੇਖਿਆ, ਤਾਂ ਉਹ ਵੀ ਉਸ ਦੇ ਪਿੱਛੇ-ਪਿੱਛੇ ਗਏ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਕਬਰ+ ’ਤੇ ਰੋਣ ਲਈ ਜਾ ਰਹੀ ਸੀ।
32 ਫਿਰ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸੀ ਅਤੇ ਉਸ ਨੂੰ ਦੇਖਦਿਆਂ ਸਾਰ ਉਸ ਦੇ ਪੈਰੀਂ ਪੈ ਕੇ ਕਹਿਣ ਲੱਗੀ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।”
33 ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਨਾਲ ਆਏ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਸ ਦਾ ਵੀ ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ।
34 ਉਸ ਨੇ ਪੁੱਛਿਆ: “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਨੇ ਉਸ ਨੂੰ ਕਿਹਾ: “ਪ੍ਰਭੂ, ਆ ਕੇ ਦੇਖ ਲੈ।”
35 ਯਿਸੂ ਰੋਣ ਲੱਗ ਪਿਆ।+
36 ਇਹ ਦੇਖ ਕੇ ਯਹੂਦੀ ਕਹਿਣ ਲੱਗੇ: “ਦੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!”
37 ਪਰ ਕੁਝ ਜਣਿਆਂ ਨੇ ਕਿਹਾ: “ਕੀ ਇਹ ਆਦਮੀ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਸਨ,+ ਇਸ ਨੂੰ ਮਰਨ ਤੋਂ ਨਹੀਂ ਬਚਾ ਸਕਦਾ ਸੀ?”
38 ਯਿਸੂ ਦਾ ਦਿਲ ਦੁਬਾਰਾ ਭਰ ਆਇਆ। ਫਿਰ ਉਹ ਕਬਰ ’ਤੇ ਆ ਗਿਆ। ਕਬਰ ਅਸਲ ਵਿਚ ਇਕ ਗੁਫਾ ਸੀ ਜਿਸ ਦੇ ਮੂੰਹ ਉੱਤੇ ਇਕ ਪੱਥਰ ਰੱਖਿਆ ਹੋਇਆ ਸੀ।
39 ਯਿਸੂ ਨੇ ਕਿਹਾ: “ਪੱਥਰ ਨੂੰ ਹਟਾ ਦਿਓ।” ਲਾਜ਼ਰ ਦੀ ਭੈਣ ਮਾਰਥਾ ਨੇ ਕਿਹਾ: “ਪ੍ਰਭੂ, ਹੁਣ ਤਕ ਤਾਂ ਉਸ ਦੀ ਲੋਥ ਵਿੱਚੋਂ ਬੋ ਆਉਣ ਲੱਗ ਪਈ ਹੋਣੀ ਕਿਉਂਕਿ ਉਸ ਨੂੰ ਮਰੇ ਨੂੰ ਚਾਰ ਦਿਨ ਹੋ ਗਏ ਹਨ।”
40 ਯਿਸੂ ਨੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?”+
41 ਇਸ ਲਈ ਉਨ੍ਹਾਂ ਨੇ ਪੱਥਰ ਹਟਾ ਦਿੱਤਾ। ਫਿਰ ਯਿਸੂ ਨੇ ਆਕਾਸ਼ ਵੱਲ ਦੇਖ ਕੇ+ ਕਿਹਾ: “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ।
42 ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਫਿਰ ਵੀ ਇੱਥੇ ਖੜ੍ਹੀ ਭੀੜ ਦੀ ਖ਼ਾਤਰ ਮੈਂ ਕਿਹਾ ਤਾਂਕਿ ਇਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਘੱਲਿਆ ਹੈ।”+
43 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆਜਾ!”+
44 ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ’ਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ’ਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”
45 ਇਸ ਲਈ ਜਿਹੜੇ ਯਹੂਦੀ ਮਰੀਅਮ ਕੋਲ ਆਏ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਯਿਸੂ ਦਾ ਇਹ ਕੰਮ ਦੇਖ ਕੇ ਉਸ ਉੱਤੇ ਨਿਹਚਾ ਕੀਤੀ,+
46 ਪਰ ਉਨ੍ਹਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਨ੍ਹਾਂ ਨੂੰ ਉਹ ਸਾਰਾ ਕੁਝ ਦੱਸਿਆ ਜੋ ਯਿਸੂ ਨੇ ਕੀਤਾ ਸੀ।
47 ਇਸ ਕਰਕੇ ਮੁੱਖ ਪੁਜਾਰੀਆਂ ਅਤੇ ਫ਼ਰੀਸੀਆਂ ਨੇ ਮਹਾਸਭਾ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗੇ: “ਅਸੀਂ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ?+
48 ਜੇ ਅਸੀਂ ਇਸ ਨੂੰ ਨਾ ਰੋਕਿਆ, ਤਾਂ ਸਾਰੇ ਇਸ ਉੱਤੇ ਨਿਹਚਾ ਕਰਨ ਲੱਗ ਪੈਣਗੇ ਅਤੇ ਰੋਮੀ ਆ ਕੇ ਸਾਡੀ ਜਗ੍ਹਾ* ਅਤੇ ਸਾਡੀ ਕੌਮ ਉੱਤੇ ਕਬਜ਼ਾ ਕਰ ਲੈਣਗੇ।”
49 ਉੱਥੇ ਉਨ੍ਹਾਂ ਵਿਚ ਕਾਇਫ਼ਾ+ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ।
50 ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਸ ਵਿਚ ਤੁਹਾਡਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਲਈ ਮਰੇ, ਇਸ ਦੀ ਬਜਾਇ ਕਿ ਪੂਰੀ ਕੌਮ ਤਬਾਹ ਹੋਵੇ?”
51 ਉਸ ਨੇ ਇਹ ਗੱਲ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਮਹਾਂ ਪੁਜਾਰੀ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਇਸ ਕੌਮ ਦੇ ਲਈ ਮਰੇਗਾ
52 ਅਤੇ ਸਿਰਫ਼ ਇਸ ਕੌਮ ਲਈ ਹੀ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ੁਰ ਦੇ ਖਿੰਡੇ ਹੋਏ ਬੱਚਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਵਿਚ ਏਕਾ ਕੀਤਾ ਜਾਵੇ।
53 ਇਸ ਲਈ ਉਸ ਦਿਨ ਤੋਂ ਉਹ ਉਸ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗ ਪਏ।
54 ਇਸ ਕਰਕੇ ਯਿਸੂ ਨੇ ਯਹੂਦੀਆਂ ਵਿਚ ਖੁੱਲ੍ਹੇ-ਆਮ ਤੁਰਨਾ-ਫਿਰਨਾ ਛੱਡ ਦਿੱਤਾ, ਪਰ ਉਹ ਉੱਥੋਂ ਇਫ਼ਰਾਈਮ+ ਨਾਂ ਦੇ ਸ਼ਹਿਰ ਵਿਚ ਚਲਾ ਗਿਆ ਜੋ ਉਜਾੜ ਲਾਗੇ ਸੀ ਅਤੇ ਆਪਣੇ ਚੇਲਿਆਂ ਨਾਲ ਉੱਥੇ ਰਿਹਾ।
55 ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ+ ਨੇੜੇ ਸੀ ਅਤੇ ਪਿੰਡਾਂ ਦੇ ਬਹੁਤ ਸਾਰੇ ਲੋਕ ਪਸਾਹ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਗਏ।
56 ਉਹ ਯਿਸੂ ਨੂੰ ਲੱਭਣ ਲੱਗੇ ਅਤੇ ਮੰਦਰ ਵਿਚ ਖੜ੍ਹੇ ਇਕ-ਦੂਜੇ ਨੂੰ ਪੁੱਛਣ ਲੱਗੇ: “ਤੁਹਾਨੂੰ ਕੀ ਲੱਗਦਾ? ਕੀ ਉਹ ਤਿਉਹਾਰ ਵਿਚ ਆਊਗਾ ਜਾਂ ਨਹੀਂ?”
57 ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਹੁਕਮ ਦਿੱਤਾ ਹੋਇਆ ਸੀ ਕਿ ਜੇ ਕਿਸੇ ਨੂੰ ਯਿਸੂ ਦਾ ਅਤਾ-ਪਤਾ ਲੱਗੇ, ਤਾਂ ਉਹ ਆ ਕੇ ਦੱਸੇ ਤਾਂਕਿ ਉਸ ਨੂੰ ਫੜ* ਲਿਆ ਜਾਵੇ।
ਫੁਟਨੋਟ
^ ਯੂਨਾ, “ਰੱਬੀ।”
^ ਯੂਨਾ, “ਲਗਭਗ 15 ਸਟੇਡੀਅਮ।” ਵਧੇਰੇ ਜਾਣਕਾਰੀ 2.14 ਦੇਖੋ।
^ ਯਾਨੀ, ਮੰਦਰ।
^ ਜਾਂ, “ਗਿਰਫ਼ਤਾਰ ਕਰ।”