ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 19:1-42
19 ਫਿਰ ਪਿਲਾਤੁਸ ਨੇ ਯਿਸੂ ਨੂੰ ਲਿਜਾ ਕੇ ਕੋਰੜੇ ਮਰਵਾਏ।+
2 ਫ਼ੌਜੀਆਂ ਨੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ’ਤੇ ਰੱਖਿਆ ਅਤੇ ਉਸ ਦੇ ਬੈਂਗਣੀ* ਰੰਗ ਦਾ ਕੱਪੜਾ ਪਾਇਆ+
3 ਅਤੇ ਉਹ ਉਸ ਕੋਲ ਆ ਕੇ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਨਾਲੇ ਉਹ ਉਸ ਦੇ ਮੂੰਹ ’ਤੇ ਥੱਪੜ ਮਾਰਨ ਲੱਗੇ।+
4 ਪਿਲਾਤੁਸ ਨੇ ਦੁਬਾਰਾ ਬਾਹਰ ਜਾ ਕੇ ਯਹੂਦੀਆਂ ਨੂੰ ਕਿਹਾ: “ਦੇਖੋ! ਮੈਂ ਇਸ ਨੂੰ ਤੁਹਾਡੇ ਕੋਲ ਬਾਹਰ ਲਿਆਇਆ ਹਾਂ ਤਾਂਕਿ ਤੁਸੀਂ ਜਾਣ ਲਵੋ ਕਿ ਮੈਂ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।”+
5 ਫਿਰ ਯਿਸੂ ਕੰਡਿਆਂ ਦਾ ਮੁਕਟ ਤੇ ਬੈਂਗਣੀ ਰੰਗ ਦਾ ਕੱਪੜਾ ਪਾਈ ਬਾਹਰ ਆਇਆ। ਅਤੇ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਦੇਖੋ! ਇਹੀ ਹੈ ਉਹ ਆਦਮੀ!”
6 ਪਰ ਜਦੋਂ ਮੁੱਖ ਪੁਜਾਰੀਆਂ ਤੇ ਮੰਦਰ ਦੇ ਪਹਿਰੇਦਾਰਾਂ ਨੇ ਉਸ ਨੂੰ ਦੇਖਿਆ, ਤਾਂ ਉਹ ਉੱਚੀ-ਉੱਚੀ ਕਹਿਣ ਲੱਗੇ: “ਸੂਲ਼ੀ ’ਤੇ ਟੰਗ ਦਿਓ ਇਹਨੂੰ! ਸੂਲ਼ੀ ’ਤੇ ਟੰਗ ਦਿਓ ਇਹਨੂੰ!”+ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪੇ ਇਸ ਨੂੰ ਲਿਜਾ ਕੇ ਸੂਲ਼ੀ ’ਤੇ ਟੰਗ ਦਿਓ ਕਿਉਂਕਿ ਮੈਂ ਇਸ ਵਿਚ ਕੋਈ ਦੋਸ਼ ਨਹੀਂ ਪਾਇਆ ਹੈ।”+
7 ਯਹੂਦੀਆਂ ਨੇ ਉਸ ਨੂੰ ਜਵਾਬ ਦਿੱਤਾ: “ਸਾਡਾ ਇਕ ਕਾਨੂੰਨ ਹੈ ਅਤੇ ਉਸ ਕਾਨੂੰਨ ਮੁਤਾਬਕ ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤਰ ਕਿਹਾ।”+
8 ਪਿਲਾਤੁਸ ਉਨ੍ਹਾਂ ਦੀ ਇਹ ਗੱਲ ਸੁਣ ਕੇ ਹੋਰ ਵੀ ਡਰ ਗਿਆ
9 ਅਤੇ ਉਸ ਨੇ ਦੁਬਾਰਾ ਘਰ ਦੇ ਅੰਦਰ ਜਾ ਕੇ ਯਿਸੂ ਨੂੰ ਪੁੱਛਿਆ: “ਤੂੰ ਕਿੱਥੋਂ ਦਾ ਹੈਂ?” ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ।+
10 ਇਸ ਲਈ ਪਿਲਾਤੁਸ ਨੇ ਉਸ ਨੂੰ ਕਿਹਾ: “ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ? ਕੀ ਤੈਨੂੰ ਪਤਾ ਨਹੀਂ ਕਿ ਮੇਰੇ ਕੋਲ ਤੈਨੂੰ ਛੱਡਣ ਦਾ ਅਧਿਕਾਰ ਹੈ ਅਤੇ ਮੇਰੇ ਕੋਲ ਤੈਨੂੰ ਸੂਲ਼ੀ ’ਤੇ ਟੰਗਣ ਦਾ ਵੀ ਅਧਿਕਾਰ ਹੈ?”
11 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੈਨੂੰ ਇਹ ਅਧਿਕਾਰ ਪਰਮੇਸ਼ੁਰ ਤੋਂ ਨਾ ਮਿਲਿਆ ਹੁੰਦਾ, ਤਾਂ ਤੈਨੂੰ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਇਸੇ ਕਰਕੇ ਜਿਸ ਆਦਮੀ ਨੇ ਮੈਨੂੰ ਤੇਰੇ ਹਵਾਲੇ ਕੀਤਾ ਹੈ, ਉਹ ਆਦਮੀ ਤੇਰੇ ਨਾਲੋਂ ਜ਼ਿਆਦਾ ਪਾਪੀ ਹੈ।”
12 ਇਸ ਕਰਕੇ ਪਿਲਾਤੁਸ ਉਸ ਨੂੰ ਛੱਡਣ ਦਾ ਰਾਹ ਲੱਭਦਾ ਰਿਹਾ। ਪਰ ਯਹੂਦੀਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਤੂੰ ਇਸ ਆਦਮੀ ਨੂੰ ਛੱਡਿਆ, ਤਾਂ ਤੂੰ ਸਮਰਾਟ* ਦਾ ਦੋਸਤ ਨਹੀਂ ਹੈਂ। ਜਿਹੜਾ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਸਮਰਾਟ ਦੇ ਖ਼ਿਲਾਫ਼ ਬੋਲਦਾ ਹੈ।”+
13 ਇਸ ਲਈ ਇਹ ਗੱਲ ਸੁਣਨ ਤੋਂ ਬਾਅਦ ਪਿਲਾਤੁਸ ਯਿਸੂ ਨੂੰ ਲੈ ਕੇ ਬਾਹਰ ਉਸ ਜਗ੍ਹਾ ਆਇਆ ਜਿੱਥੇ ਪੱਥਰਾਂ ਦਾ ਫ਼ਰਸ਼ ਪਾਇਆ ਹੋਇਆ ਸੀ। ਇਸ ਜਗ੍ਹਾ ਨੂੰ ਇਬਰਾਨੀ ਵਿਚ “ਗੱਬਥਾ” ਕਿਹਾ ਜਾਂਦਾ ਹੈ। ਪਿਲਾਤੁਸ ਉੱਥੇ ਨਿਆਂ ਦੀ ਕੁਰਸੀ ’ਤੇ ਬੈਠ ਗਿਆ।
14 ਇਹ ਪਸਾਹ ਦੀ ਤਿਆਰੀ ਦਾ ਦਿਨ ਸੀ;+ ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ। ਉਸ ਨੇ ਯਹੂਦੀਆਂ ਨੂੰ ਕਿਹਾ: “ਦੇਖੋ! ਤੁਹਾਡਾ ਰਾਜਾ!”
15 ਪਰ ਉਨ੍ਹਾਂ ਨੇ ਉੱਚੀ-ਉੱਚੀ ਕਿਹਾ: “ਖ਼ਤਮ ਕਰ ਦਿਓ! ਖ਼ਤਮ ਕਰ ਦਿਓ! ਸੂਲ਼ੀ ’ਤੇ ਟੰਗ ਦਿਓ ਇਹਨੂੰ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਰਾਜੇ ਨੂੰ ਮੈਂ ਸੂਲ਼ੀ ’ਤੇ ਟੰਗ ਦਿਆਂ?” ਮੁੱਖ ਪੁਜਾਰੀਆਂ ਨੇ ਕਿਹਾ: “ਸਮਰਾਟ ਤੋਂ ਸਿਵਾਇ ਸਾਡਾ ਹੋਰ ਕੋਈ ਰਾਜਾ ਨਹੀਂ ਹੈ।”
16 ਤਦ ਪਿਲਾਤੁਸ ਨੇ ਯਿਸੂ ਨੂੰ ਸੂਲ਼ੀ ’ਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।+
ਫ਼ੌਜੀ ਯਿਸੂ ਨੂੰ ਲੈ ਗਏ।
17 ਉਹ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਉਸ ਜਗ੍ਹਾ ਗਿਆ ਜਿਸ ਨੂੰ “ਖੋਪੜੀ ਦੀ ਜਗ੍ਹਾ”+ ਜਾਂ ਇਬਰਾਨੀ ਵਿਚ “ਗਲਗਥਾ” ਕਿਹਾ ਜਾਂਦਾ ਹੈ।+
18 ਉੱਥੇ ਉਨ੍ਹਾਂ ਨੇ ਉਸ ਨੂੰ ਸੂਲ਼ੀ ’ਤੇ ਟੰਗ ਦਿੱਤਾ,+ ਨਾਲੇ ਦੋ ਹੋਰ ਆਦਮੀਆਂ ਨੂੰ ਵੀ ਉਸ ਨਾਲ ਸੂਲ਼ੀ ’ਤੇ ਟੰਗਿਆ ਗਿਆ, ਇਕ ਨੂੰ ਇਸ ਪਾਸੇ ਅਤੇ ਦੂਜੇ ਨੂੰ ਦੂਸਰੇ ਪਾਸੇ ਅਤੇ ਯਿਸੂ ਨੂੰ ਵਿਚਕਾਰ।+
19 ਪਿਲਾਤੁਸ ਨੇ ਇਕ ਫੱਟੀ ਉੱਤੇ ਇਹ ਲਿਖਵਾ ਕੇ ਫੱਟੀ ਉਸ ਦੀ ਤਸੀਹੇ ਦੀ ਸੂਲ਼ੀ* ਉੱਤੇ ਲਗਵਾ ਦਿੱਤੀ: “ਯਿਸੂ ਨਾਸਰੀ, ਯਹੂਦੀਆਂ ਦਾ ਰਾਜਾ।”+
20 ਬਹੁਤ ਸਾਰੇ ਯਹੂਦੀਆਂ ਨੇ ਇਸ ਨੂੰ ਪੜ੍ਹਿਆ ਕਿਉਂਕਿ ਜਿਸ ਜਗ੍ਹਾ ਯਿਸੂ ਨੂੰ ਸੂਲ਼ੀ ’ਤੇ ਟੰਗਿਆ ਗਿਆ ਸੀ, ਉਹ ਯਰੂਸ਼ਲਮ ਦੇ ਲਾਗੇ ਸੀ ਅਤੇ ਫੱਟੀ ਉੱਤੇ ਇਬਰਾਨੀ, ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਵਿਚ ਲਿਖਿਆ ਹੋਇਆ ਸੀ।
21 ਪਰ ਯਹੂਦੀਆਂ ਦੇ ਮੁੱਖ ਪੁਜਾਰੀ ਪਿਲਾਤੁਸ ਨੂੰ ਕਹਿਣ ਲੱਗੇ: “ਇਹ ਨਾ ਲਿਖ, ‘ਯਹੂਦੀਆਂ ਦਾ ਰਾਜਾ,’ ਸਗੋਂ ਇਹ ਲਿਖ ਕਿ ਇਸ ਨੇ ਕਿਹਾ ਸੀ, ‘ਮੈਂ ਯਹੂਦੀਆਂ ਦਾ ਰਾਜਾ ਹਾਂ।’”
22 ਪਿਲਾਤੁਸ ਨੇ ਜਵਾਬ ਦਿੱਤਾ: “ਮੈਂ ਜੋ ਲਿਖ ਦਿੱਤਾ ਸੋ ਲਿਖ ਦਿੱਤਾ।”
23 ਜਿਨ੍ਹਾਂ ਫ਼ੌਜੀਆਂ ਨੇ ਯਿਸੂ ਨੂੰ ਸੂਲ਼ੀ ’ਤੇ ਟੰਗਿਆ ਸੀ, ਉਨ੍ਹਾਂ ਨੇ ਉਸ ਦਾ ਕੱਪੜਾ ਲੈ ਕੇ ਚਾਰ ਟੁਕੜੇ ਕਰ ਲਏ ਅਤੇ ਉਨ੍ਹਾਂ ਨੇ ਇਕ-ਇਕ ਟੁਕੜਾ ਲੈ ਲਿਆ। ਫਿਰ ਉਨ੍ਹਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ। ਪਰ ਕੁੜਤੇ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ, ਇਹ ਉੱਪਰੋਂ ਲੈ ਕੇ ਥੱਲੇ ਤਕ ਬੁਣਿਆ ਹੋਇਆ ਸੀ।
24 ਇਸ ਲਈ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਸਾਨੂੰ ਇਸ ਨੂੰ ਪਾੜਨਾ ਨਹੀਂ ਚਾਹੀਦਾ, ਪਰ ਆਪਾਂ ਗੁਣੇ ਪਾ ਕੇ ਤੈਅ ਕਰ ਲੈਂਦੇ ਹਾਂ ਕਿ ਇਹ ਕਿਸ ਦਾ ਹੋਵੇਗਾ।”+ ਇਸ ਤਰ੍ਹਾਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਈ: “ਉਨ੍ਹਾਂ ਨੇ ਮੇਰੇ ਕੱਪੜੇ ਆਪਸ ਵਿਚ ਵੰਡ ਲਏ ਅਤੇ ਮੇਰੇ ਕੱਪੜਿਆਂ ’ਤੇ ਗੁਣੇ ਪਾਏ।”+ ਫ਼ੌਜੀਆਂ ਨੇ ਵਾਕਈ ਇਸੇ ਤਰ੍ਹਾਂ ਕੀਤਾ ਸੀ।
25 ਯਿਸੂ ਦੀ ਤਸੀਹੇ ਦੀ ਸੂਲ਼ੀ* ਦੇ ਲਾਗੇ ਉਸ ਦੀ ਮਾਤਾ,+ ਉਸ ਦੀ ਮਾਸੀ, ਕਲੋਪਾਸ ਦੀ ਘਰਵਾਲੀ ਮਰੀਅਮ ਅਤੇ ਮਰੀਅਮ ਮਗਦਲੀਨੀ ਖੜ੍ਹੀਆਂ ਸਨ।+
26 ਇਸ ਲਈ ਯਿਸੂ ਨੇ ਆਪਣੀ ਮਾਤਾ ਅਤੇ ਲਾਗੇ ਖੜ੍ਹੇ ਉਸ ਚੇਲੇ ਵੱਲ, ਜਿਸ ਨੂੰ ਉਹ ਪਿਆਰ ਕਰਦਾ ਸੀ,+ ਦੇਖ ਕੇ ਆਪਣੀ ਮਾਤਾ ਨੂੰ ਕਿਹਾ: “ਮਾਂ, ਦੇਖ, ਹੁਣ ਤੋਂ ਇਹ ਤੇਰਾ ਪੁੱਤਰ ਹੈ!”
27 ਫਿਰ ਉਸ ਨੇ ਉਸ ਚੇਲੇ ਨੂੰ ਕਿਹਾ: “ਦੇਖ, ਹੁਣ ਤੋਂ ਇਹ ਤੇਰੀ ਮਾਂ ਹੈ!” ਅਤੇ ਉਹ ਚੇਲਾ ਉਸ ਸਮੇਂ ਮਰੀਅਮ ਨੂੰ ਆਪਣੇ ਘਰ ਲੈ ਗਿਆ।
28 ਇਸ ਤੋਂ ਬਾਅਦ, ਜਦੋਂ ਯਿਸੂ ਜਾਣ ਗਿਆ ਕਿ ਉਸ ਨੇ ਸਾਰੇ ਕੰਮ ਪੂਰੇ ਕਰ ਦਿੱਤੇ ਸਨ, ਤਾਂ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਕਰਨ ਲਈ ਉਸ ਨੇ ਕਿਹਾ: “ਮੈਨੂੰ ਪਿਆਸ ਲੱਗੀ ਹੈ।”+
29 ਉੱਥੇ ਸਿਰਕੇ ਨਾਲ ਭਰਿਆ ਇਕ ਘੜਾ ਪਿਆ ਸੀ। ਇਸ ਲਈ ਉੱਥੇ ਖੜ੍ਹੇ ਕੁਝ ਲੋਕਾਂ ਨੇ ਸਪੰਜ ਨੂੰ ਸਿਰਕੇ ਵਿਚ ਡੋਬ ਕੇ ਅਤੇ ਜ਼ੂਫੇ* ਦੀ ਛਿਟੀ ਉੱਤੇ ਸਪੰਜ ਲਾ ਕੇ ਉਸ ਦੇ ਮੂੰਹ ਦੇ ਲਾਗੇ ਕੀਤਾ।+
30 ਸਿਰਕੇ ਨੂੰ ਚੱਖਣ ਤੋਂ ਬਾਅਦ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!”+ ਅਤੇ ਉਸ ਨੇ ਸਿਰ ਸੁੱਟ ਕੇ ਦਮ ਤੋੜ ਦਿੱਤਾ।+
31 ਫਿਰ ਤਿਆਰੀ ਦਾ ਦਿਨ ਹੋਣ ਕਰਕੇ+ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਲਾਹ ਲਈਆਂ ਜਾਣ ਤਾਂਕਿ ਇਹ ਸਬਤ ਦੇ ਦਿਨ ਤਸੀਹੇ ਦੀ ਸੂਲ਼ੀ ਉੱਤੇ ਟੰਗੀਆਂ ਨਾ ਰਹਿਣ।+ (ਉਹ ਸਬਤ ਖ਼ਾਸ ਸਬਤ ਸੀ।)+
32 ਇਸ ਲਈ ਫ਼ੌਜੀਆਂ ਨੇ ਆ ਕੇ ਉਸ ਨਾਲ ਟੰਗੇ ਦੋਵਾਂ ਅਪਰਾਧੀਆਂ ਦੀਆਂ ਲੱਤਾਂ ਤੋੜ ਦਿੱਤੀਆਂ।
33 ਪਰ ਜਦੋਂ ਉਹ ਯਿਸੂ ਕੋਲ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਮਰ ਚੁੱਕਾ ਸੀ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਹੀਂ ਤੋੜੀਆਂ।
34 ਪਰ ਇਕ ਫ਼ੌਜੀ ਨੇ ਆਪਣੇ ਬਰਛੇ ਨਾਲ ਉਸ ਦੀਆਂ ਪਸਲੀਆਂ ਨੂੰ ਵਿੰਨ੍ਹਿਆ+ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਨਿਕਲਿਆ।
35 ਜਿਸ ਨੇ ਇਹ ਸਭ ਕੁਝ ਆਪਣੀ ਅੱਖੀਂ ਦੇਖਿਆ, ਉਸੇ ਨੇ ਇਸ ਬਾਰੇ ਦੱਸਿਆ ਅਤੇ ਉਸ ਦੀ ਗਵਾਹੀ ਸੱਚੀ ਹੈ ਅਤੇ ਉਹ ਜਾਣਦਾ ਹੈ ਕਿ ਉਸ ਨੇ ਜੋ ਦੱਸਿਆ ਹੈ, ਉਹ ਸੱਚ ਹੈ ਤਾਂਕਿ ਤੁਸੀਂ ਵੀ ਵਿਸ਼ਵਾਸ ਕਰੋ।+
36 ਅਸਲ ਵਿਚ, ਇਹ ਸਭ ਕੁਝ ਇਸੇ ਲਈ ਹੋਇਆ ਤਾਂਕਿ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਹੋਵੇ: “ਉਸ ਦੀ ਇਕ ਵੀ ਹੱਡੀ ਨਹੀਂ ਤੋੜੀ ਜਾਵੇਗੀ।”+
37 ਨਾਲੇ ਇਕ ਹੋਰ ਆਇਤ ਪੂਰੀ ਹੋਈ: “ਉਹ ਉਸ ਨੂੰ ਦੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ।”+
38 ਹੁਣ ਇਸ ਤੋਂ ਬਾਅਦ, ਪਿਲਾਤੁਸ ਕੋਲ ਅਰਿਮਥੀਆ ਦਾ ਰਹਿਣ ਵਾਲਾ ਇਕ ਬੰਦਾ ਯੂਸੁਫ਼ ਆਇਆ। ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰ ਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।+ ਉਸ ਨੇ ਪਿਲਾਤੁਸ ਤੋਂ ਯਿਸੂ ਦੀ ਲਾਸ਼ ਲੈ ਜਾਣ ਦੀ ਇਜਾਜ਼ਤ ਮੰਗੀ। ਪਿਲਾਤੁਸ ਨੇ ਇਜਾਜ਼ਤ ਦੇ ਦਿੱਤੀ। ਇਸ ਲਈ ਉਹ ਆ ਕੇ ਯਿਸੂ ਦੀ ਲਾਸ਼ ਲੈ ਗਿਆ।+
39 ਨਿਕੁਦੇਮੁਸ+ ਵੀ, ਜਿਹੜਾ ਪਹਿਲੀ ਵਾਰ ਯਿਸੂ ਕੋਲ ਰਾਤ ਨੂੰ ਆਇਆ ਸੀ, ਤਕਰੀਬਨ 30 ਕਿਲੋ* ਗੰਧਰਸ ਤੇ ਅਗਰ ਦਾ ਮਿਸ਼ਰਣ ਲੈ ਕੇ ਆਇਆ।+
40 ਉਨ੍ਹਾਂ ਨੇ ਯਿਸੂ ਦੀ ਲਾਸ਼ ’ਤੇ ਮਸਾਲੇ ਲਾ ਕੇ ਵਧੀਆ ਕੱਪੜੇ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ+ ਜਿਵੇਂ ਯਹੂਦੀਆਂ ਦੀ ਲਾਸ਼ ਨੂੰ ਦਫ਼ਨਾਉਣ ਦੀ ਰੀਤ ਸੀ।
41 ਇਤਫ਼ਾਕ ਨਾਲ, ਜਿੱਥੇ ਯਿਸੂ ਨੂੰ ਸੂਲ਼ੀ ਉੱਤੇ ਟੰਗਿਆ ਗਿਆ ਸੀ, ਉੱਥੇ ਲਾਗੇ ਹੀ ਇਕ ਬਾਗ਼ ਵਿਚ ਇਕ ਨਵੀਂ ਕਬਰ ਸੀ+ ਜਿਸ ਵਿਚ ਹਾਲੇ ਤਕ ਕਿਸੇ ਨੂੰ ਰੱਖਿਆ ਨਹੀਂ ਗਿਆ ਸੀ।
42 ਯਹੂਦੀਆਂ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਹੋਣ ਕਰਕੇ+ ਉਨ੍ਹਾਂ ਨੇ ਯਿਸੂ ਦੀ ਲਾਸ਼ ਨੂੰ ਉਸ ਕਬਰ ਵਿਚ ਰੱਖ ਦਿੱਤਾ ਕਿਉਂਕਿ ਉਹ ਕਬਰ ਲਾਗੇ ਹੀ ਸੀ।
ਫੁਟਨੋਟ
^ ਇਸ ਰੰਗ ਦੇ ਕੱਪੜੇ ਅਮੀਰ, ਇੱਜ਼ਤਦਾਰ ਅਤੇ ਸ਼ਾਹੀ ਘਰਾਣੇ ਦੇ ਲੋਕ ਪਾਉਂਦੇ ਸਨ।
^ ਯੂਨਾ, “ਕੈਸਰ।”
^ ਯੂਨਾ, “ਛੇਵਾਂ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
^ ਯੂਨਾ, “100 ਪੌਂਡ।” ਯਾਨੀ, ਰੋਮੀ ਪੌਂਡ। ਵਧੇਰੇ ਜਾਣਕਾਰੀ 2.14 ਦੇਖੋ।