ਰਸੂਲਾਂ ਦੇ ਕੰਮ 11:1-30

  • ਪਤਰਸ ਨੇ ਰਸੂਲਾਂ ਨੂੰ ਖ਼ਬਰ ਦੱਸੀ (1-18)

  • ਬਰਨਾਬਾਸ ਤੇ ਸੌਲੁਸ ਸੀਰੀਆ ਦੇ ਅੰਤਾਕੀਆ ਵਿਚ (19-26)

    • ਚੇਲਿਆਂ ਨੂੰ ਪਹਿਲੀ ਵਾਰ ਮਸੀਹੀ ਕਿਹਾ ਗਿਆ (26)

  • ਆਗਬੁਸ ਨੇ ਕਾਲ਼ ਪੈਣ ਦੀ ਭਵਿੱਖਬਾਣੀ ਕੀਤੀ (27-30)

11  ਯਹੂਦਿਯਾ ਵਿਚ ਰਸੂਲਾਂ ਅਤੇ ਹੋਰ ਭਰਾਵਾਂ ਨੇ ਸੁਣਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰ ਲਿਆ ਸੀ।  ਇਸ ਲਈ ਜਦੋਂ ਪਤਰਸ ਯਰੂਸ਼ਲਮ ਨੂੰ ਆਇਆ, ਤਾਂ ਸੁੰਨਤ ਦੀ ਰੀਤ ਦਾ ਸਮਰਥਨ ਕਰਨ ਵਾਲੇ+ ਉਸ ਦੀ ਨੁਕਤਾਚੀਨੀ* ਕਰਦਿਆਂ  ਕਹਿਣ ਲੱਗੇ: “ਤੂੰ ਬੇਸੁੰਨਤੇ ਲੋਕਾਂ ਦੇ ਘਰ ਗਿਆ ਅਤੇ ਉਨ੍ਹਾਂ ਨਾਲ ਖਾਧਾ-ਪੀਤਾ।”  ਇਹ ਸੁਣ ਕੇ ਪਤਰਸ ਨੇ ਉਨ੍ਹਾਂ ਨੂੰ ਸਾਰੀ ਗੱਲ ਖੋਲ੍ਹ ਕੇ ਸਮਝਾਈ:  “ਜਦੋਂ ਮੈਂ ਯਾਪਾ ਸ਼ਹਿਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਬੇਸੁਧ ਹੋ ਗਿਆ ਤੇ ਮੈਂ ਇਕ ਦਰਸ਼ਣ ਦੇਖਿਆ। ਮੈਂ ਦੇਖਿਆ ਕਿ ਇਕ ਵੱਡੀ ਸਾਰੀ ਚਾਦਰ ਵਰਗੀ ਚੀਜ਼* ਨੂੰ ਚਾਰੇ ਕੋਨਿਆਂ ਤੋਂ ਫੜ ਕੇ ਆਕਾਸ਼ੋਂ ਥੱਲੇ ਮੇਰੇ ਕੋਲ ਲਿਆਂਦਾ ਗਿਆ।+  ਮੈਂ ਧਿਆਨ ਨਾਲ ਦੇਖਿਆ ਕਿ ਉਸ ਚਾਦਰ ਉੱਤੇ ਚਾਰ ਪੈਰਾਂ ਵਾਲੇ ਜਾਨਵਰ, ਜੰਗਲੀ ਜਾਨਵਰ, ਘਿਸਰਨ ਵਾਲੇ ਜੀਵ-ਜੰਤੂ ਅਤੇ ਆਕਾਸ਼ ਦੇ ਪੰਛੀ ਸਨ।  ਨਾਲੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾਹ!’  ਪਰ ਮੈਂ ਕਿਹਾ: ‘ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਕਿਸੇ ਭ੍ਰਿਸ਼ਟ ਜਾਂ ਅਸ਼ੁੱਧ ਚੀਜ਼ ਨੂੰ ਮੂੰਹ ਨਹੀਂ ਲਾਇਆ।’  ਉਸ ਆਵਾਜ਼ ਨੇ ਦੂਸਰੀ ਵਾਰ ਆਕਾਸ਼ੋਂ ਕਿਹਾ: ‘ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।’ 10  ਤੀਸਰੀ ਵਾਰ ਵੀ ਇਸੇ ਤਰ੍ਹਾਂ ਹੋਇਆ ਅਤੇ ਫਿਰ ਸਾਰਾ ਕੁਝ ਉੱਪਰ ਆਕਾਸ਼ ਵੱਲ ਨੂੰ ਚੁੱਕ ਲਿਆ ਗਿਆ। 11  ਨਾਲੇ ਉਸੇ ਵੇਲੇ ਤਿੰਨ ਆਦਮੀ ਉਸ ਘਰ ਆਏ ਜਿੱਥੇ ਅਸੀਂ ਠਹਿਰੇ ਹੋਏ ਸੀ। ਇਕ ਆਦਮੀ ਨੇ ਉਨ੍ਹਾਂ ਨੂੰ ਕੈਸਰੀਆ ਤੋਂ ਮੇਰੇ ਕੋਲ ਘੱਲਿਆ ਸੀ।+ 12  ਇਸ ਲਈ ਪਵਿੱਤਰ ਸ਼ਕਤੀ ਨੇ ਮੈਨੂੰ ਕਿਹਾ ਕਿ ਮੈਂ ਬੇਫ਼ਿਕਰ ਹੋ ਕੇ ਉਨ੍ਹਾਂ ਨਾਲ ਚਲਾ ਜਾਵਾਂ। ਪਰ ਇਹ ਛੇ ਭਰਾ ਵੀ ਮੇਰੇ ਨਾਲ ਉਸ ਆਦਮੀ ਦੇ ਘਰ ਗਏ ਸਨ। 13  “ਉਸ ਆਦਮੀ ਨੇ ਸਾਨੂੰ ਦੱਸਿਆ ਕਿ ਉਸ ਨੇ ਇਕ ਦੂਤ ਨੂੰ ਆਪਣੇ ਘਰ ਖੜ੍ਹਾ ਦੇਖਿਆ ਸੀ ਅਤੇ ਉਸ ਦੂਤ ਨੇ ਕਿਹਾ: ‘ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਨੂੰ ਆਪਣੇ ਕੋਲ ਸੱਦ ਜੋ ਪਤਰਸ ਕਹਾਉਂਦਾ ਹੈ।+ 14  ਪਤਰਸ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਰਾਹੀਂ ਤੂੰ ਅਤੇ ਤੇਰਾ ਪੂਰਾ ਪਰਿਵਾਰ ਬਚਾਇਆ ਜਾ ਸਕਦਾ ਹੈ।’ 15  ਪਰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਆਈ ਜਿਵੇਂ ਸ਼ੁਰੂ ਵਿਚ ਸਾਡੇ ਉੱਤੇ ਆਈ ਸੀ।+ 16  ਉਸ ਸਮੇਂ ਮੈਨੂੰ ਪ੍ਰਭੂ ਦੀ ਉਹ ਗੱਲ ਚੇਤੇ ਆਈ ਜਿਹੜੀ ਉਸ ਨੇ ਕਈ ਵਾਰ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ,+ ਪਰ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।’+ 17  ਇਸ ਲਈ ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਉਹੀ ਦਾਤ ਦਿੱਤੀ ਹੈ ਜੋ ਉਸ ਨੇ ਸਾਨੂੰ ਦਿੱਤੀ ਸੀ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ, ਤਾਂ ਫਿਰ ਮੈਂ ਕੌਣ ਹੁੰਦਾਂ ਪਰਮੇਸ਼ੁਰ ਨੂੰ ਰੋਕਣ ਵਾਲਾ?”*+ 18  ਜਦੋਂ ਉਨ੍ਹਾਂ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਇਤਰਾਜ਼ ਕਰਨੋਂ ਹਟ ਗਏ* ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਕਿਹਾ: “ਹੁਣ ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਦਿੱਤਾ ਹੈ ਤਾਂਕਿ ਉਨ੍ਹਾਂ ਨੂੰ ਵੀ ਜ਼ਿੰਦਗੀ ਮਿਲੇ।”+ 19  ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ ਚੇਲੇ ਖਿੰਡ-ਪੁੰਡ ਗਏ ਸਨ+ ਅਤੇ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ ਸਨ, ਪਰ ਉਹ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ।+ 20  ਦੂਜੇ ਪਾਸੇ, ਉਨ੍ਹਾਂ ਵਿੱਚੋਂ ਕੁਝ ਆਦਮੀ, ਜੋ ਸਾਈਪ੍ਰਸ ਅਤੇ ਕੁਰੇਨੇ ਦੇ ਸਨ, ਅੰਤਾਕੀਆ ਆਏ ਅਤੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗੇ। 21  ਇਸ ਤੋਂ ਇਲਾਵਾ, ਯਹੋਵਾਹ* ਦਾ ਹੱਥ ਉਨ੍ਹਾਂ ’ਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਵੱਲ ਹੋ ਗਏ।+ 22  ਫਿਰ ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਮੰਡਲੀ ਦੇ ਕੰਨੀਂ ਪਈ ਅਤੇ ਉਨ੍ਹਾਂ ਨੇ ਬਰਨਾਬਾਸ+ ਨੂੰ ਅੰਤਾਕੀਆ ਘੱਲਿਆ। 23  ਉੱਥੇ ਪਹੁੰਚ ਕੇ ਜਦੋਂ ਉਸ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਦੇਖੀ, ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਲੱਗਾ ਕਿ ਉਹ ਮਨ ਦੇ ਪੱਕੇ ਇਰਾਦੇ ਨਾਲ ਪ੍ਰਭੂ ਦੇ ਵਫ਼ਾਦਾਰ ਰਹਿਣ;+ 24  ਬਰਨਾਬਾਸ ਇਕ ਨੇਕ ਇਨਸਾਨ ਸੀ ਅਤੇ ਉਸ ਦੀ ਨਿਹਚਾ ਪੱਕੀ ਸੀ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ। ਉਸ ਵੇਲੇ ਬਹੁਤ ਸਾਰੇ ਲੋਕ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।+ 25  ਇਸ ਲਈ ਉਸ ਨੇ ਤਰਸੁਸ ਜਾ ਕੇ ਥਾਂ-ਥਾਂ ਸੌਲੁਸ ਦੀ ਭਾਲ ਕੀਤੀ।+ 26  ਉਹ ਉਸ ਨੂੰ ਲੱਭ ਕੇ ਆਪਣੇ ਨਾਲ ਅੰਤਾਕੀਆ ਲੈ ਆਇਆ। ਉਹ ਪੂਰਾ ਸਾਲ ਮੰਡਲੀ ਵਿਚ ਉਨ੍ਹਾਂ ਨਾਲ ਇਕੱਠੇ ਹੁੰਦੇ ਰਹੇ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।+ 27  ਉਨ੍ਹੀਂ ਦਿਨੀਂ ਯਰੂਸ਼ਲਮ ਤੋਂ ਕੁਝ ਨਬੀ+ ਅੰਤਾਕੀਆ ਆਏ। 28  ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ। 29  ਇਸ ਲਈ ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ+ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ*+ ਘੱਲੇ। 30  ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਨੂੰ ਚੀਜ਼ਾਂ ਘੱਲੀਆਂ।+

ਫੁਟਨੋਟ

ਜਾਂ, “ਉਸ ਨਾਲ ਬਹਿਸ।”
ਯੂਨਾ, “ਇਕ ਤਰ੍ਹਾਂ ਦਾ ਭਾਂਡਾ।”
ਜਾਂ, “ਪਰਮੇਸ਼ੁਰ ਦਾ ਰਸਤਾ ਰੋਕਣ ਵਾਲਾ?”
ਜਾਂ, “ਉਹ ਚੁੱਪ ਹੋ ਗਏ।”
ਜਾਂ, “ਰਾਹਤ ਦਾ ਸਾਮਾਨ।”