ਰਸੂਲਾਂ ਦੇ ਕੰਮ 16:1-40

  • ਪੌਲੁਸ ਨੇ ਤਿਮੋਥਿਉਸ ਨੂੰ ਚੁਣਿਆ (1-5)

  • ਦਰਸ਼ਣ ਵਿਚ ਮਕਦੂਨੀਆ ਦਾ ਆਦਮੀ ਦੇਖਿਆ (6-10)

  • ਫ਼ਿਲਿੱਪੈ ਵਿਚ ਲੀਡੀਆ ਮਸੀਹੀ ਬਣ ਗਈ (11-15)

  • ਪੌਲੁਸ ਤੇ ਸੀਲਾਸ ਜੇਲ੍ਹ ਵਿਚ (16-24)

  • ਜੇਲ੍ਹਰ ਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ (25-34)

  • ਪੌਲੁਸ ਨੇ ਹਾਕਮਾਂ ਨੂੰ ਮਾਫ਼ੀ ਮੰਗਣ ਲਈ ਕਿਹਾ (35-40)

16  ਇਸ ਤੋਂ ਬਾਅਦ ਪੌਲੁਸ ਦਰਬੇ ਅਤੇ ਫਿਰ ਲੁਸਤ੍ਰਾ+ ਆਇਆ। ਉੱਥੇ ਤਿਮੋਥਿਉਸ+ ਨਾਂ ਦਾ ਇਕ ਚੇਲਾ ਸੀ ਜਿਹੜਾ ਨਿਹਚਾ ਕਰਨ ਵਾਲੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।  ਲੁਸਤ੍ਰਾ ਅਤੇ ਇਕੁਨਿਉਮ ਦੇ ਭਰਾ ਉਸ ਦੀਆਂ ਬਹੁਤ ਸਿਫ਼ਤਾਂ ਕਰਦੇ ਸਨ।  ਪੌਲੁਸ ਉਸ ਨੂੰ ਸਫ਼ਰ ’ਤੇ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਪੌਲੁਸ ਨੇ ਉਸ ਨੂੰ ਲਿਜਾ ਕੇ ਉਸ ਦੀ ਸੁੰਨਤ ਕੀਤੀ ਕਿਉਂਕਿ ਉਨ੍ਹਾਂ ਇਲਾਕਿਆਂ ਦੇ ਸਾਰੇ ਯਹੂਦੀ ਜਾਣਦੇ ਸਨ+ ਕਿ ਉਸ ਦਾ ਪਿਤਾ ਯੂਨਾਨੀ ਸੀ।  ਉਹ ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ’ਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।+  ਇਸ ਕਰਕੇ ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।  ਇਸ ਤੋਂ ਇਲਾਵਾ, ਉਹ ਫ਼ਰੂਗੀਆ ਅਤੇ ਗਲਾਤੀਆ+ ਦੇ ਇਲਾਕਿਆਂ ਵਿੱਚੋਂ ਦੀ ਲੰਘੇ ਕਿਉਂਕਿ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਏਸ਼ੀਆ ਜ਼ਿਲ੍ਹੇ ਵਿਚ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ।  ਫਿਰ ਜਦੋਂ ਉਹ ਮੁਸੀਆ ਪਹੁੰਚੇ, ਤਾਂ ਉਨ੍ਹਾਂ ਨੇ ਬਿਥੁਨੀਆ+ ਵਿਚ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਪਵਿੱਤਰ ਸ਼ਕਤੀ ਦੇ ਰਾਹੀਂ ਯਿਸੂ ਨੇ ਉਨ੍ਹਾਂ ਨੂੰ ਉੱਥੇ ਜਾਣ ਨਾ ਦਿੱਤਾ।  ਇਸ ਲਈ ਉਹ ਮੁਸੀਆ ਲੰਘ ਕੇ ਤ੍ਰੋਆਸ ਆ ਗਏ।  ਰਾਤ ਨੂੰ ਪੌਲੁਸ ਨੇ ਇਕ ਦਰਸ਼ਣ ਦੇਖਿਆ। ਮਕਦੂਨੀਆ ਦਾ ਇਕ ਆਦਮੀ ਉੱਥੇ ਖੜ੍ਹਾ ਪੌਲੁਸ ਨੂੰ ਬੇਨਤੀ ਕਰ ਰਿਹਾ ਸੀ: “ਇਸ ਪਾਰ ਮਕਦੂਨੀਆ ਵਿਚ ਆ ਕੇ ਸਾਡੀ ਮਦਦ ਕਰ।” 10  ਪੌਲੁਸ ਦੁਆਰਾ ਇਹ ਦਰਸ਼ਣ ਦੇਖਣ ਤੋਂ ਬਾਅਦ ਅਸੀਂ ਜਲਦੀ ਤੋਂ ਜਲਦੀ ਮਕਦੂਨੀਆ ਜਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਹੁਣ ਜਾਣ ਗਏ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਾਸਤੇ ਸਾਨੂੰ ਕਹਿ ਰਿਹਾ ਸੀ। 11  ਇਸ ਲਈ ਅਸੀਂ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਿੱਧੇ ਸਮੁਤ੍ਰਾਕੇ ਨੂੰ ਤੇ ਫਿਰ ਅਗਲੇ ਦਿਨ ਨਿਯਾਪੁਲਿਸ ਨੂੰ ਆ ਗਏ; 12  ਉੱਥੋਂ ਅਸੀਂ ਫ਼ਿਲਿੱਪੈ+ ਸ਼ਹਿਰ ਨੂੰ ਚਲੇ ਗਏ ਜੋ ਰੋਮ ਦੇ ਅਧੀਨ ਹੈ ਅਤੇ ਮਕਦੂਨੀਆ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਅਸੀਂ ਇਸ ਸ਼ਹਿਰ ਵਿਚ ਕੁਝ ਦਿਨ ਰਹੇ। 13  ਸਬਤ ਦੇ ਦਿਨ ਅਸੀਂ ਇਹ ਸੋਚ ਕੇ ਸ਼ਹਿਰ ਦੇ ਦਰਵਾਜ਼ੇ ਵਿੱਚੋਂ ਨਿਕਲ ਕੇ ਦਰਿਆ ਕੰਢੇ ਆਏ ਕਿ ਉੱਥੇ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗੀ ਅਤੇ ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਤੀਵੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ। 14  ਉੱਥੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਲੀਡੀਆ ਨਾਂ ਦੀ ਇਕ ਤੀਵੀਂ ਸੀ ਜਿਹੜੀ ਥੂਆਤੀਰਾ+ ਸ਼ਹਿਰ ਦੀ ਸੀ ਅਤੇ ਉਹ ਬੈਂਗਣੀ ਰੰਗ ਦੇ ਕੱਪੜੇ ਵੇਚਦੀ ਸੀ।* ਉਹ ਸਾਡੀਆਂ ਗੱਲਾਂ ਸੁਣ ਰਹੀ ਸੀ ਅਤੇ ਯਹੋਵਾਹ* ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ। 15  ਜਦੋਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲੈ ਲਿਆ,+ ਤਾਂ ਉਹ ਸਾਡੀਆਂ ਮਿੰਨਤਾਂ ਕਰਨ ਲੱਗੀ: “ਜੇ ਤੁਸੀਂ ਮੈਨੂੰ ਯਹੋਵਾਹ* ਦੀ ਵਫ਼ਾਦਾਰ ਮੰਨਦੇ ਹੋ, ਤਾਂ ਮੇਰੇ ਘਰ ਆ ਕੇ ਰਹੋ।” ਉਹ ਸਾਨੂੰ ਮੱਲੋ-ਮੱਲੀ ਆਪਣੇ ਨਾਲ ਲੈ ਗਈ। 16  ਇਕ ਦਿਨ ਜਦੋਂ ਅਸੀਂ ਪ੍ਰਾਰਥਨਾ ਕਰਨ ਦੀ ਜਗ੍ਹਾ ਜਾ ਰਹੇ ਸੀ, ਤਾਂ ਸਾਨੂੰ ਇਕ ਨੌਕਰਾਣੀ ਮਿਲੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ+ ਅਤੇ ਇਸ ਦੂਤ ਦੀ ਮਦਦ ਨਾਲ ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ। 17  ਉਹ ਕੁੜੀ ਪੌਲੁਸ ਦੇ ਅਤੇ ਸਾਡੇ ਪਿੱਛੇ-ਪਿੱਛੇ ਆਉਂਦੀ ਰਹੀ ਅਤੇ ਉੱਚੀ-ਉੱਚੀ ਕਹਿੰਦੀ ਰਹੀ: “ਇਹ ਆਦਮੀ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ+ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੀ ਸਿੱਖਿਆ ਦੇ ਰਹੇ ਹਨ।” 18  ਉਹ ਕਈ ਦਿਨ ਇਸ ਤਰ੍ਹਾਂ ਕਰਦੀ ਰਹੀ। ਇਕ ਦਿਨ ਪੌਲੁਸ ਉਸ ਤੋਂ ਅੱਕ ਗਿਆ ਅਤੇ ਉਸ ਨੇ ਪਿੱਛੇ ਮੁੜ ਕੇ ਉਸ ਦੁਸ਼ਟ ਦੂਤ ਨੂੰ ਕਿਹਾ: “ਮੈਂ ਯਿਸੂ ਮਸੀਹ ਦੇ ਨਾਂ ’ਤੇ ਤੈਨੂੰ ਇਸ ਕੁੜੀ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੰਦਾ ਹਾਂ।” ਉਹ ਦੁਸ਼ਟ ਦੂਤ ਉਸੇ ਵੇਲੇ ਨਿਕਲ ਗਿਆ।+ 19  ਜਦੋਂ ਉਸ ਕੁੜੀ ਦੇ ਮਾਲਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਖ਼ਤਮ ਹੋ ਗਿਆ ਸੀ,+ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਉਨ੍ਹਾਂ ਨੂੰ ਘਸੀਟ ਕੇ ਬਾਜ਼ਾਰ ਵਿਚ ਅਧਿਕਾਰੀਆਂ ਕੋਲ ਲੈ ਗਏ।+ 20  ਉਨ੍ਹਾਂ ਨੇ ਪੌਲੁਸ ਤੇ ਸੀਲਾਸ ਨੂੰ ਸ਼ਹਿਰ ਦੇ ਹਾਕਮਾਂ* ਕੋਲ ਲਿਜਾ ਕੇ ਕਿਹਾ: “ਇਹ ਆਦਮੀ ਸਾਡੇ ਸ਼ਹਿਰ ਵਿਚ ਬਹੁਤ ਹਲਚਲ ਮਚਾ ਰਹੇ ਹਨ।+ ਇਹ ਆਦਮੀ ਯਹੂਦੀ ਹਨ 21  ਅਤੇ ਅਜਿਹੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਕਬੂਲ ਕਰਨਾ ਜਾਂ ਜਿਨ੍ਹਾਂ ’ਤੇ ਚੱਲਣਾ ਸਾਡੇ ਲਈ ਜਾਇਜ਼ ਨਹੀਂ ਹੈ ਕਿਉਂਕਿ ਅਸੀਂ ਰੋਮੀ ਹਾਂ।” 22  ਭੀੜ ਉਨ੍ਹਾਂ ਦੇ ਖ਼ਿਲਾਫ਼ ਭੜਕ ਉੱਠੀ ਅਤੇ ਸ਼ਹਿਰ ਦੇ ਹਾਕਮਾਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੇ ਚੋਗੇ ਪਾੜਨ ਅਤੇ ਉਨ੍ਹਾਂ ਨੂੰ ਡੰਡੇ ਮਾਰਨ।+ 23  ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਜੇਲ੍ਹ ਵਿਚ ਸੁੱਟ ਦਿੱਤਾ ਅਤੇ ਜੇਲ੍ਹਰ ਨੂੰ ਹੁਕਮ ਦਿੱਤਾ ਕਿ ਉਨ੍ਹਾਂ ’ਤੇ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ।+ 24  ਇਸ ਸਖ਼ਤ ਹੁਕਮ ਕਰਕੇ ਜੇਲ੍ਹਰ ਨੇ ਉਨ੍ਹਾਂ ਨੂੰ ਜੇਲ੍ਹ ਦੀ ਅੰਦਰਲੀ ਕੋਠੜੀ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਪੈਰ ਸ਼ਿਕੰਜਿਆਂ ਵਿਚ ਜਕੜ ਦਿੱਤੇ। 25  ਪਰ ਅੱਧੀ ਕੁ ਰਾਤ ਨੂੰ ਪੌਲੁਸ ਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਰਹੇ ਸਨ+ ਅਤੇ ਦੂਸਰੇ ਕੈਦੀ ਸੁਣ ਰਹੇ ਸਨ। 26  ਅਚਾਨਕ ਇੰਨਾ ਜ਼ਬਰਦਸਤ ਭੁਚਾਲ਼ ਆਇਆ ਕਿ ਜੇਲ੍ਹ ਦੀਆਂ ਨੀਂਹਾਂ ਤਕ ਹਿੱਲ ਗਈਆਂ। ਨਾਲੇ ਜੇਲ੍ਹ ਦੇ ਸਾਰੇ ਦਰਵਾਜ਼ੇ ਇਕਦਮ ਖੁੱਲ੍ਹ ਗਏ ਅਤੇ ਸਾਰਿਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ।+ 27  ਜਦੋਂ ਜੇਲ੍ਹਰ ਦੀ ਨੀਂਦ ਖੁੱਲ੍ਹੀ ਅਤੇ ਉਸ ਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਦੇਖੇ, ਤਾਂ ਉਸ ਨੂੰ ਲੱਗਿਆ ਕਿ ਸਾਰੇ ਕੈਦੀ ਭੱਜ ਗਏ ਸਨ, ਇਸ ਲਈ ਉਸ ਨੇ ਆਪਣੇ ਆਪ ਨੂੰ ਜਾਨੋਂ ਮਾਰਨ ਲਈ ਆਪਣੀ ਤਲਵਾਰ ਕੱਢੀ।+ 28  ਪਰ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਜਾਨ ਨਾ ਲੈ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!” 29  ਜੇਲ੍ਹਰ ਨੇ ਦੀਵੇ ਲਿਆਉਣ ਲਈ ਕਿਹਾ ਅਤੇ ਦੌੜ ਕੇ ਅੰਦਰ ਗਿਆ। ਉਹ ਡਰ ਨਾਲ ਥਰ-ਥਰ ਕੰਬਦਾ ਹੋਇਆ ਪੌਲੁਸ ਤੇ ਸੀਲਾਸ ਦੇ ਪੈਰਾਂ ਵਿਚ ਡਿਗ ਗਿਆ। 30  ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ: “ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” 31  ਉਨ੍ਹਾਂ ਨੇ ਕਿਹਾ: “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫਿਰ ਤੂੰ ਅਤੇ ਤੇਰਾ ਪਰਿਵਾਰ ਬਚਾਇਆ ਜਾਵੇਗਾ।”+ 32  ਫਿਰ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਘਰ ਰਹਿਣ ਵਾਲੇ ਸਾਰੇ ਜੀਆਂ ਨੂੰ ਯਹੋਵਾਹ* ਦੇ ਬਚਨ ਦੀ ਸਿੱਖਿਆ ਦਿੱਤੀ। 33  ਜੇਲ੍ਹਰ ਨੇ ਰਾਤ ਨੂੰ ਉਸੇ ਵੇਲੇ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਦੇ ਜ਼ਖ਼ਮ ਸਾਫ਼ ਕੀਤੇ। ਫਿਰ ਉਸ ਨੇ ਅਤੇ ਉਸ ਦੇ ਪੂਰੇ ਪਰਿਵਾਰ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।+ 34  ਫਿਰ ਜੇਲ੍ਹਰ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਅਤੇ ਉਨ੍ਹਾਂ ਸਾਮ੍ਹਣੇ ਖਾਣਾ ਪਰੋਸਿਆ। ਹੁਣ ਉਸ ਨੂੰ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੂੰ ਇਸ ਗੱਲੋਂ ਬਹੁਤ ਹੀ ਖ਼ੁਸ਼ੀ ਸੀ ਕਿ ਉਸ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਸੀ। 35  ਜਦੋਂ ਦਿਨ ਚੜ੍ਹਿਆ, ਤਾਂ ਸ਼ਹਿਰ ਦੇ ਹਾਕਮਾਂ ਨੇ ਸਿਪਾਹੀਆਂ ਨੂੰ ਘੱਲ ਕੇ ਹੁਕਮ ਦਿੱਤਾ: “ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।” 36  ਜੇਲ੍ਹਰ ਨੇ ਜਾ ਕੇ ਪੌਲੁਸ ਨੂੰ ਦੱਸਿਆ: “ਸ਼ਹਿਰ ਦੇ ਹਾਕਮਾਂ ਨੇ ਆਦਮੀਆਂ ਨੂੰ ਘੱਲ ਕੇ ਹੁਕਮ ਦਿੱਤਾ ਹੈ ਕਿ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ। ਇਸ ਲਈ ਤੁਸੀਂ ਬਾਹਰ ਆਓ ਅਤੇ ਸ਼ਾਂਤੀ ਨਾਲ ਚਲੇ ਜਾਓ।” 37  ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ,+ ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਇੱਦਾਂ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।” 38  ਸਿਪਾਹੀਆਂ ਨੇ ਜਾ ਕੇ ਸਾਰੀ ਗੱਲ ਸ਼ਹਿਰ ਦੇ ਹਾਕਮਾਂ ਨੂੰ ਦੱਸੀ। ਜਦੋਂ ਉਨ੍ਹਾਂ ਨੇ ਸੁਣਿਆ ਕਿ ਉਹ ਆਦਮੀ ਰੋਮੀ ਨਾਗਰਿਕ ਸਨ, ਤਾਂ ਉਹ ਬਹੁਤ ਡਰ ਗਏ।+ 39  ਇਸ ਕਰਕੇ ਉਨ੍ਹਾਂ ਨੇ ਆ ਕੇ ਪੌਲੁਸ ਅਤੇ ਸੀਲਾਸ ਤੋਂ ਮਾਫ਼ੀ ਮੰਗੀ ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਮਿੰਨਤਾਂ ਕੀਤੀਆਂ ਕਿ ਉਹ ਸ਼ਹਿਰ ਛੱਡ ਕੇ ਚਲੇ ਜਾਣ। 40  ਪਰ ਉਹ ਜੇਲ੍ਹ ਵਿੱਚੋਂ ਬਾਹਰ ਆ ਕੇ ਲੀਡੀਆ ਦੇ ਘਰ ਚਲੇ ਗਏ; ਉੱਥੇ ਉਨ੍ਹਾਂ ਨੇ ਭਰਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ+ ਅਤੇ ਫਿਰ ਉਹ ਉੱਥੋਂ ਚਲੇ ਗਏ।

ਫੁਟਨੋਟ

ਜਾਂ, “ਬੈਂਗਣੀ ਰੰਗ ਵੇਚਦੀ ਸੀ।”
ਜਾਂ, “ਮੈਜਿਸਟ੍ਰੇਟਾਂ।”