ਰਸੂਲਾਂ ਦੇ ਕੰਮ 17:1-34
17 ਫਿਰ ਉਹ ਅਮਫ਼ੀਪੁਲਿਸ ਤੇ ਅਪੁਲੋਨੀਆ ਸ਼ਹਿਰਾਂ ਵਿੱਚੋਂ ਦੀ ਸਫ਼ਰ ਕਰਦੇ ਹੋਏ ਥੱਸਲੁਨੀਕਾ+ ਆਏ ਜਿੱਥੇ ਯਹੂਦੀਆਂ ਦਾ ਇਕ ਸਭਾ ਘਰ ਸੀ।
2 ਪੌਲੁਸ ਆਪਣੀ ਰੀਤ ਅਨੁਸਾਰ+ ਸਭਾ ਘਰ ਵਿਚ ਉਨ੍ਹਾਂ ਕੋਲ ਗਿਆ ਅਤੇ ਉਸ ਨੇ ਲਗਾਤਾਰ ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ+
3 ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਲਈ ਦੁੱਖ ਝੱਲਣਾ+ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ+ ਅਤੇ ਉਸ ਨੇ ਇਹ ਵੀ ਕਿਹਾ: “ਯਿਸੂ ਹੀ ਮਸੀਹ ਹੈ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ।”
4 ਨਤੀਜੇ ਵਜੋਂ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ+ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।
5 ਪਰ ਇਹ ਦੇਖ ਕੇ ਯਹੂਦੀ ਸੜ-ਬਲ਼ ਗਏ+ ਅਤੇ ਉਨ੍ਹਾਂ ਨੇ ਬਾਜ਼ਾਰ ਵਿਚ ਆਵਾਰਾ ਘੁੰਮਣ ਵਾਲੇ ਦੁਸ਼ਟ ਬੰਦਿਆਂ ਦੀ ਭੀੜ ਇਕੱਠੀ ਕਰ ਲਈ ਅਤੇ ਉਨ੍ਹਾਂ ਨੇ ਰਲ਼ ਕੇ ਸ਼ਹਿਰ ਵਿਚ ਹਲਚਲ ਮਚਾ ਦਿੱਤੀ। ਉਹ ਪੌਲੁਸ ਅਤੇ ਸੀਲਾਸ ਦੀ ਤਲਾਸ਼ ਵਿਚ ਸਨ ਤਾਂਕਿ ਉਨ੍ਹਾਂ ਨੂੰ ਫੜ ਕੇ ਭੀੜ ਦੇ ਹਵਾਲੇ ਕਰ ਦੇਣ। ਇਸ ਲਈ ਉਨ੍ਹਾਂ ਨੇ ਯਸੋਨ ਦੇ ਘਰ ’ਤੇ ਹਮਲਾ ਕਰ ਦਿੱਤਾ।
6 ਜਦੋਂ ਉਹ ਨਾ ਲੱਭੇ, ਤਾਂ ਉਹ ਯਸੋਨ ਤੇ ਕੁਝ ਹੋਰ ਭਰਾਵਾਂ ਨੂੰ ਘਸੀਟ ਕੇ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਜਿਨ੍ਹਾਂ ਆਦਮੀਆਂ ਨੇ ਸਾਰੀ ਦੁਨੀਆਂ ਵਿਚ ਉਥਲ-ਪੁਥਲ ਮਚਾਈ ਹੋਈ ਹੈ, ਉਹ ਇੱਥੇ ਵੀ ਆ ਗਏ ਹਨ।+
7 ਯਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਮਹਿਮਾਨਾਂ ਵਜੋਂ ਠਹਿਰਾਇਆ ਹੋਇਆ ਹੈ। ਇਹ ਸਾਰੇ ਆਦਮੀ ਸਮਰਾਟ* ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਹਿ ਰਹੇ ਹਨ ਕਿ ਇਕ ਹੋਰ ਰਾਜਾ ਹੈ ਜਿਸ ਦਾ ਨਾਂ ਯਿਸੂ ਹੈ।”+
8 ਜਦੋਂ ਸ਼ਹਿਰ ਦੇ ਅਧਿਕਾਰੀਆਂ ਤੇ ਭੀੜ ਨੇ ਇਹ ਗੱਲ ਸੁਣੀ, ਤਾਂ ਉਹ ਹੋਰ ਵੀ ਭੜਕ ਉੱਠੇ;
9 ਉਨ੍ਹਾਂ ਨੇ ਯਸੋਨ ਅਤੇ ਹੋਰ ਭਰਾਵਾਂ ਤੋਂ ਜ਼ਮਾਨਤ ਦੇ ਤੌਰ ਤੇ ਬਹੁਤ ਸਾਰਾ ਪੈਸਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
10 ਫਿਰ ਰਾਤੋ-ਰਾਤ ਹੀ ਭਰਾਵਾਂ ਨੇ ਪੌਲੁਸ ਤੇ ਸੀਲਾਸ ਨੂੰ ਬਰੀਆ ਸ਼ਹਿਰ ਨੂੰ ਘੱਲ ਦਿੱਤਾ। ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ ਘਰ ਵਿਚ ਗਏ।
11 ਬਰੀਆ ਦੇ ਯਹੂਦੀ ਥੱਸਲੁਨੀਕਾ ਦੇ ਯਹੂਦੀਆਂ ਨਾਲੋਂ ਸਿੱਖਣ ਵਿਚ ਜ਼ਿਆਦਾ ਰੁਚੀ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ ਲਿਆ ਸੀ ਅਤੇ ਉਹ ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ ਦੇਖਦੇ ਸਨ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਸਨ, ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ।
12 ਇਸ ਲਈ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ, ਨਾਲੇ ਕਈ ਮੰਨੀਆਂ-ਪ੍ਰਮੰਨੀਆਂ ਯੂਨਾਨੀ ਤੀਵੀਆਂ ਅਤੇ ਕੁਝ ਆਦਮੀ ਵੀ ਨਿਹਚਾ ਕਰਨ ਲੱਗ ਪਏ।
13 ਪਰ ਜਦੋਂ ਥੱਸਲੁਨੀਕਾ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਪੌਲੁਸ ਬਰੀਆ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ, ਤਾਂ ਉਹ ਭੀੜ ਨੂੰ ਉਨ੍ਹਾਂ ਦੇ ਖ਼ਿਲਾਫ਼ ਭੜਕਾਉਣ ਲਈ ਉੱਥੇ ਆ ਗਏ।+
14 ਭਰਾਵਾਂ ਨੇ ਤੁਰੰਤ ਪੌਲੁਸ ਨੂੰ ਸਮੁੰਦਰ ਕਿਨਾਰੇ ਘੱਲ ਦਿੱਤਾ,+ ਪਰ ਸੀਲਾਸ ਤੇ ਤਿਮੋਥਿਉਸ ਉੱਥੇ ਹੀ ਰਹੇ।
15 ਜਿਹੜੇ ਭਰਾ ਪੌਲੁਸ ਨੂੰ ਛੱਡਣ ਐਥਿਨਜ਼ ਤਕ ਆਏ ਸਨ, ਉਨ੍ਹਾਂ ਨੂੰ ਪੌਲੁਸ ਨੇ ਕਿਹਾ ਕਿ ਸੀਲਾਸ ਤੇ ਤਿਮੋਥਿਉਸ+ ਜਲਦੀ ਤੋਂ ਜਲਦੀ ਉਸ ਕੋਲ ਆ ਜਾਣ ਤੇ ਫਿਰ ਉਹ ਭਰਾ ਉੱਥੋਂ ਤੁਰ ਪਏ।
16 ਜਦੋਂ ਪੌਲੁਸ ਐਥਿਨਜ਼ ਵਿਚ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ, ਤਾਂ ਇਹ ਦੇਖ ਕੇ ਉਸ ਦਾ ਜੀਅ* ਖਿਝ ਗਿਆ ਕਿ ਸ਼ਹਿਰ ਮੂਰਤੀਆਂ ਨਾਲ ਭਰਿਆ ਹੋਇਆ ਸੀ।
17 ਫਿਰ ਉਹ ਸਭਾ ਘਰ ਵਿਚ ਯਹੂਦੀਆਂ ਨਾਲ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਹੋਰ ਲੋਕਾਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕਰਨ ਲੱਗਾ। ਅਤੇ ਉਹ ਹਰ ਰੋਜ਼ ਬਾਜ਼ਾਰ ਵਿਚ ਜਾ ਕੇ ਵੀ ਦੂਸਰੇ ਲੋਕਾਂ ਨਾਲ ਚਰਚਾ ਕਰਦਾ ਸੀ।
18 ਪਰ ਕੁਝ ਐਪੀਕਿਊਰੀ ਤੇ ਸਤੋਇਕੀ ਫ਼ਿਲਾਸਫ਼ਰ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕੁਝ ਕਹਿਣ ਲੱਗੇ: “ਇਹ ਬਕਵਾਸ ਕਰਨ ਵਾਲਾ ਕੀ ਕਹਿਣਾ ਚਾਹੁੰਦਾ ਹੈ?” ਹੋਰ ਕਹਿਣ ਲੱਗੇ: “ਲੱਗਦਾ ਇਹ ਪਰਾਏ ਦੇਵੀ-ਦੇਵਤਿਆਂ ਦਾ ਪ੍ਰਚਾਰ ਕਰ ਰਿਹਾ ਹੈ।” ਉਨ੍ਹਾਂ ਨੇ ਇਸ ਕਰਕੇ ਇਹ ਕਿਹਾ ਕਿਉਂਕਿ ਪੌਲੁਸ ਯਿਸੂ ਮਸੀਹ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਸੀ ਅਤੇ ਦੱਸਦਾ ਸੀ ਕਿ ਮਰੇ ਹੋਏ ਲੋਕ ਜੀਉਂਦੇ ਹੋਣਗੇ।+
19 ਉਹ ਉਸ ਨੂੰ ਫੜ ਕੇ ਐਰੀਆਪਗਸ ਲੈ ਗਏ ਅਤੇ ਕਿਹਾ: “ਕੀ ਅਸੀਂ ਜਾਣ ਸਕਦੇ ਹਾਂ ਕਿ ਤੂੰ ਇਹ ਕਿਹੜੀ ਨਵੀਂ ਸਿੱਖਿਆ ਦੇ ਰਿਹਾ ਹੈਂ?
20 ਕਿਉਂਕਿ ਜਿਹੜੀਆਂ ਗੱਲਾਂ ਤੂੰ ਦੱਸ ਰਿਹਾ ਹੈਂ, ਉਹ ਸਾਨੂੰ ਸੁਣਨ ਨੂੰ ਅਜੀਬ ਲੱਗਦੀਆਂ ਹਨ। ਇਸ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ।”
21 ਅਸਲ ਵਿਚ, ਐਥਿਨਜ਼ ਦੇ ਸਾਰੇ ਲੋਕ ਅਤੇ ਉੱਥੇ ਠਹਿਰਨ* ਵਾਲੇ ਪਰਦੇਸੀ ਆਪਣਾ ਵਿਹਲਾ ਸਮਾਂ ਨਵੀਆਂ-ਨਵੀਆਂ ਗੱਲਾਂ ਦੱਸਣ ਤੇ ਸੁਣਨ ਵਿਚ ਹੀ ਲਾਉਂਦੇ ਸਨ।
22 ਤਦ ਪੌਲੁਸ ਨੇ ਐਰੀਆਪਗਸ+ ਦੀ ਸਭਾ ਵਿਚ ਖੜ੍ਹਾ ਹੋ ਕੇ ਕਿਹਾ:
“ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ।*+
23 ਮਿਸਾਲ ਲਈ, ਮੈਂ ਸ਼ਹਿਰ ਵਿਚ ਘੁੰਮਦੇ ਹੋਏ ਉਨ੍ਹਾਂ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਹੈ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ। ਮੈਂ ਇਕ ਵੇਦੀ ਦੇਖੀ ਜਿਸ ਉੱਤੇ ਲਿਖਿਆ ਹੋਇਆ ਸੀ, ‘ਅਣਜਾਣ ਪਰਮੇਸ਼ੁਰ ਲਈ।’ ਤੁਸੀਂ ਜਿਸ ਪਰਮੇਸ਼ੁਰ ਦੀ ਅਣਜਾਣੇ ਵਿਚ ਭਗਤੀ ਕਰ ਰਹੇ ਹੋ, ਮੈਂ ਉਸ ਬਾਰੇ ਤੁਹਾਨੂੰ ਦੱਸ ਰਿਹਾ ਹਾਂ।
24 ਪਰਮੇਸ਼ੁਰ ਜਿਸ ਨੇ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ, ਉਹੀ ਸਵਰਗ ਅਤੇ ਧਰਤੀ ਦਾ ਮਾਲਕ ਹੈ+ ਅਤੇ ਉਹ ਇਨਸਾਨ ਦੇ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ;+
25 ਨਾ ਹੀ ਉਹ ਇਨਸਾਨਾਂ ਦੇ ਹੱਥੋਂ ਆਪਣੀ ਸੇਵਾ-ਟਹਿਲ ਕਰਾਉਂਦਾ ਹੈ ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ+ ਕਿਉਂਕਿ ਉਹ ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ+ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।
26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+
27 ਤਾਂਕਿ ਉਹ ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ+ ਅਤੇ ਉਸ ਨੂੰ ਲੱਭ ਲੈਣ ਕਿਉਂਕਿ ਸੱਚ ਤਾਂ ਇਹ ਹੈ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।
28 ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ, ਜਿਵੇਂ ਤੁਹਾਡੇ ਵੀ ਕੁਝ ਕਵੀਆਂ ਨੇ ਕਿਹਾ ਹੈ: ‘ਅਸੀਂ ਸਾਰੇ ਉਸ ਦੇ ਬੱਚੇ ਹਾਂ।’
29 “ਇਸ ਲਈ ਪਰਮੇਸ਼ੁਰ ਦੇ ਬੱਚੇ ਹੋਣ ਕਰਕੇ+ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।+
30 ਇਹ ਸੱਚ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ+ ਜਦੋਂ ਲੋਕ ਅਣਜਾਣ ਹੁੰਦੇ ਸਨ; ਪਰ ਹੁਣ ਉਹ ਸਾਰੀ ਦੁਨੀਆਂ ਨੂੰ ਤੋਬਾ ਕਰਨ ਲਈ ਕਹਿ ਰਿਹਾ ਹੈ।
31 ਕਿਉਂਕਿ ਉਸ ਨੇ ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ+ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”+
32 ਜਦੋਂ ਉਨ੍ਹਾਂ ਨੇ ਮਰੇ ਹੋਇਆਂ ਦੇ ਜੀਉਂਦਾ ਹੋਣ ਦੀ ਗੱਲ ਸੁਣੀ, ਤਾਂ ਕੁਝ ਲੋਕ ਮਜ਼ਾਕ ਉਡਾਉਣ ਲੱਗ ਪਏ+ ਅਤੇ ਕੁਝ ਕਹਿਣ ਲੱਗੇ: “ਅਸੀਂ ਫੇਰ ਕਦੇ ਤੇਰੀ ਗੱਲ ਸੁਣਾਂਗੇ।”
33 ਫਿਰ ਪੌਲੁਸ ਉੱਥੋਂ ਚਲਾ ਗਿਆ,
34 ਪਰ ਕੁਝ ਆਦਮੀ ਉਸ ਨਾਲ ਰਲ਼ ਗਏ ਅਤੇ ਨਿਹਚਾ ਕਰਨ ਲੱਗ ਪਏ ਜਿਨ੍ਹਾਂ ਵਿਚ ਐਰੀਆਪਗਸ ਦੀ ਅਦਾਲਤ ਦਾ ਇਕ ਜੱਜ ਦਿਆਨੀਸੀਉਸ, ਦਾਮਰਿਸ ਨਾਂ ਦੀ ਇਕ ਤੀਵੀਂ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਲੋਕ ਸਨ।