ਰੋਮੀਆਂ ਨੂੰ ਚਿੱਠੀ 12:1-21
12 ਇਸ ਲਈ ਭਰਾਵੋ, ਮੈਂ ਪਰਮੇਸ਼ੁਰ ਦੀ ਦਇਆ ਦਾ ਵਾਸਤਾ ਦੇ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ+ ਜੋ ਜੀਉਂਦਾ, ਪਵਿੱਤਰ+ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਨਾਲੇ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ* ਕਰੋ।+
2 ਨਾਲੇ ਇਸ ਦੁਨੀਆਂ* ਦੇ ਲੋਕਾਂ ਦੀ ਨਕਲ ਕਰਨੀ* ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ+ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ+ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।
3 ਮੇਰੇ ਉੱਤੇ ਜੋ ਅਪਾਰ ਕਿਰਪਾ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ;+ ਪਰ ਤੁਹਾਡੀ ਸੋਚ ਪਰਮੇਸ਼ੁਰ ਦੁਆਰਾ ਦਿੱਤੀ* ਨਿਹਚਾ ਅਨੁਸਾਰ ਹੋਵੇ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਤੁਸੀਂ ਸਮਝਦਾਰ ਹੋ।+
4 ਜਿਵੇਂ ਇਕ ਸਰੀਰ ਦੇ ਕਈ ਅੰਗ ਹੁੰਦੇ ਹਨ,+ ਪਰ ਸਾਰੇ ਅੰਗ ਇੱਕੋ ਕੰਮ ਨਹੀਂ ਕਰਦੇ,
5 ਉਵੇਂ ਅਸੀਂ ਬਹੁਤ ਸਾਰੇ ਹੁੰਦੇ ਹੋਏ ਵੀ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਕ ਸਰੀਰ ਹਾਂ ਅਤੇ ਅਸੀਂ ਸਾਰੇ ਇਕ-ਦੂਜੇ ਨਾਲ ਜੁੜੇ ਹੋਏ ਅੰਗ ਹਾਂ।*+
6 ਸਾਨੂੰ ਅਪਾਰ ਕਿਰਪਾ ਸਦਕਾ ਵੱਖੋ-ਵੱਖਰੇ ਵਰਦਾਨ ਮਿਲੇ ਹੋਏ ਹਨ। ਇਸ ਲਈ ਜੇ ਸਾਨੂੰ ਭਵਿੱਖਬਾਣੀ ਕਰਨ ਦਾ ਵਰਦਾਨ ਮਿਲਿਆ ਹੈ,+ ਤਾਂ ਆਓ ਆਪਾਂ ਉਸ ਨਿਹਚਾ ਅਨੁਸਾਰ, ਜੋ ਸਾਨੂੰ ਦਿੱਤੀ ਗਈ ਹੈ, ਭਵਿੱਖਬਾਣੀ ਕਰੀਏ;
7 ਜਿਹੜਾ ਸੇਵਾ ਕਰਦਾ ਹੈ, ਉਹ ਸੇਵਾ ਕਰਦਾ ਰਹੇ; ਜਾਂ ਜਿਹੜਾ ਸਿੱਖਿਆ ਦਿੰਦਾ ਹੈ, ਉਹ ਸਿੱਖਿਆ ਦਿੰਦਾ ਰਹੇ;+
8 ਜਿਹੜਾ ਹੱਲਾਸ਼ੇਰੀ* ਦਿੰਦਾ ਹੈ, ਉਹ ਹੱਲਾਸ਼ੇਰੀ* ਦਿੰਦਾ ਰਹੇ;+ ਜਿਹੜਾ ਵੰਡਦਾ ਹੈ,* ਉਹ ਖੁੱਲ੍ਹੇ ਦਿਲ ਨਾਲ ਵੰਡੇ;*+ ਜਿਹੜਾ ਅਗਵਾਈ ਕਰਦਾ ਹੈ, ਉਹ ਪੂਰੀ ਲਗਨ* ਨਾਲ ਅਗਵਾਈ ਕਰੇ;+ ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।+
9 ਤੁਹਾਡੇ ਪਿਆਰ ਵਿਚ ਕੋਈ ਛਲ-ਕਪਟ ਨਾ ਹੋਵੇ।+ ਬੁਰਾਈ ਨਾਲ ਸਖ਼ਤ ਨਫ਼ਰਤ ਕਰੋ,+ ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ।
10 ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।+
11 ਮਿਹਨਤੀ* ਬਣੋ, ਨਾ ਕਿ ਆਲਸੀ।*+ ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣੋ।+ ਯਹੋਵਾਹ* ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ।+
12 ਆਪਣੀ ਉਮੀਦ ਕਰਕੇ ਖ਼ੁਸ਼ ਰਹੋ। ਧੀਰਜ ਨਾਲ ਕਸ਼ਟ ਸਹੋ।+ ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।+
13 ਜੋ ਵੀ ਤੁਹਾਡੇ ਕੋਲ ਹੈ, ਉਹ ਪਵਿੱਤਰ ਸੇਵਕਾਂ ਨਾਲ ਸਾਂਝਾ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ।+ ਪਰਾਹੁਣਚਾਰੀ ਕਰਦੇ ਰਹੋ।+
14 ਜਿਹੜੇ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਦੇ ਹਨ,+ ਉਨ੍ਹਾਂ ਲਈ ਪਰਮੇਸ਼ੁਰ ਤੋਂ ਬਰਕਤ ਮੰਗੋ। ਬਰਕਤ ਮੰਗੋ ਅਤੇ ਉਨ੍ਹਾਂ ਨੂੰ ਸਰਾਪ ਨਾ ਦਿਓ।+
15 ਖ਼ੁਸ਼ੀਆਂ ਮਨਾਉਣ ਵਾਲਿਆਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲਿਆਂ ਨਾਲ ਰੋਵੋ।
16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ’ਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+
17 ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।+ ਉਹੀ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ।
18 ਜੇ ਹੋ ਸਕੇ, ਤਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।+
19 ਪਿਆਰਿਓ, ਬਦਲਾ ਨਾ ਲਓ, ਸਗੋਂ ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ+ ਕਿਉਂਕਿ ਲਿਖਿਆ ਹੈ: “‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਯਹੋਵਾਹ* ਕਹਿੰਦਾ ਹੈ।”+
20 ਪਰ “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਪਾਣੀ ਦੇ ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ।”*+
21 ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤਦੇ ਰਹੋ।+
ਫੁਟਨੋਟ
^ ਜਾਂ, “ਪਵਿੱਤਰ ਸੇਵਾ।”
^ ਜਾਂ, “ਮੁਤਾਬਕ ਆਪਣੇ ਆਪ ਨੂੰ ਢਾਲਣਾ।”
^ ਜਾਂ, “ਵੰਡੀ।”
^ ਜਾਂ, “ਸਾਨੂੰ ਇਕ-ਦੂਜੇ ਦੀ ਲੋੜ ਹੈ।”
^ ਜਾਂ, “ਨਸੀਹਤਾਂ।”
^ ਜਾਂ, “ਨਸੀਹਤਾਂ।”
^ ਜਾਂ, “ਦਾਨ ਦਿੰਦਾ ਹੈ।”
^ ਜਾਂ, “ਦਾਨ ਦੇਵੇ।”
^ ਜਾਂ, “ਗੰਭੀਰਤਾ।”
^ ਜਾਂ, “ਜੋਸ਼ੀਲੇ।”
^ ਜਾਂ, “ਆਪਣੇ ਕੰਮ ਵਿਚ ਢਿੱਲ-ਮੱਠ ਨਾ ਕਰੋ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਜਾਂ, “ਮਨ ਵਿਚ ਵੱਡੇ-ਵੱਡੇ ਖ਼ਿਆਲ ਨਾ ਪਾਲ਼ੋ।”
^ ਵਧੇਰੇ ਜਾਣਕਾਰੀ 1.5 ਦੇਖੋ।
^ ਯਾਨੀ, ਕਿਸੇ ਦੇ ਕਠੋਰ ਦਿਲ ਨੂੰ ਪਿਘਲਾਉਣਾ, ਜਿਵੇਂ ਬਲ਼ਦੇ ਕੋਲੇ ਲੋਹੇ ਨੂੰ ਪਿਘਲਾ ਦਿੰਦੇ ਹਨ।