ਰੋਮੀਆਂ ਨੂੰ ਚਿੱਠੀ 8:1-39
8 ਇਸ ਲਈ, ਜਿਹੜੇ ਇਨਸਾਨ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋਏ ਹਨ, ਉਹ ਦੋਸ਼ੀ ਨਹੀਂ ਹਨ।
2 ਅਸਲ ਵਿਚ, ਪਵਿੱਤਰ ਸ਼ਕਤੀ ਦੇ ਕਾਨੂੰਨ ਨੇ, ਜੋ ਤੁਹਾਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਜ਼ਿੰਦਗੀ ਬਖ਼ਸ਼ਦਾ ਹੈ, ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਾ ਲਿਆ ਹੈ।+
3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ
4 ਤਾਂਕਿ ਅਸੀਂ ਸਰੀਰ* ਅਨੁਸਾਰ ਚੱਲਣ ਦੀ ਬਜਾਇ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਮੂਸਾ ਦੇ ਕਾਨੂੰਨ ਦੀਆਂ ਧਰਮੀ* ਮੰਗਾਂ ਪੂਰੀਆਂ ਕਰੀਏ।+
5 ਜਿਹੜੇ ਸਰੀਰ ਅਨੁਸਾਰ ਚੱਲਦੇ ਹਨ, ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ,+ ਪਰ ਜਿਹੜੇ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹਨ, ਉਹ ਪਵਿੱਤਰ ਸ਼ਕਤੀ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।+
6 ਸਰੀਰ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ,+ ਪਰ ਪਵਿੱਤਰ ਸ਼ਕਤੀ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ;+
7 ਸਰੀਰ ਉੱਤੇ ਮਨ ਲਾਉਣ ਦਾ ਅੰਜਾਮ ਹੈ ਪਰਮੇਸ਼ੁਰ ਨਾਲ ਦੁਸ਼ਮਣੀ+ ਕਿਉਂਕਿ ਸਰੀਰ ਪਰਮੇਸ਼ੁਰ ਦੇ ਕਾਨੂੰਨ ਦੇ ਅਧੀਨ ਨਹੀਂ ਹੈ ਤੇ ਨਾ ਹੀ ਇਹ ਅਧੀਨ ਹੋ ਸਕਦਾ ਹੈ।
8 ਇਸ ਲਈ ਜਿਹੜੇ ਇਨਸਾਨ ਸਰੀਰ ਅਨੁਸਾਰ ਚੱਲਦੇ ਹਨ, ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ।
9 ਪਰ ਜੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੱਚ-ਮੁੱਚ ਤੁਹਾਡੇ ਵਿਚ ਰਹਿੰਦੀ ਹੈ, ਤਾਂ ਤੁਸੀਂ ਸਰੀਰ ਅਨੁਸਾਰ ਨਹੀਂ, ਸਗੋਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋ।+ ਪਰ ਜੇ ਕਿਸੇ ਦਾ ਸੁਭਾਅ ਮਸੀਹ ਦੇ ਸੁਭਾਅ ਵਰਗਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ ਹੈ।
10 ਜੇ ਤੁਸੀਂ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹੋ,+ ਤਾਂ ਭਾਵੇਂ ਤੁਹਾਡਾ ਸਰੀਰ ਪਾਪ ਦੇ ਕਾਰਨ ਮਰਿਆ ਹੋਇਆ ਹੈ, ਫਿਰ ਵੀ ਪਵਿੱਤਰ ਸ਼ਕਤੀ ਤੁਹਾਨੂੰ ਜ਼ਿੰਦਗੀ ਦਿੰਦੀ ਹੈ ਕਿਉਂਕਿ ਤੁਹਾਨੂੰ ਧਰਮੀ ਠਹਿਰਾਇਆ ਗਿਆ ਹੈ।
11 ਜੇ ਪਰਮੇਸ਼ੁਰ ਦੀ ਸ਼ਕਤੀ, ਜਿਸ ਨੇ ਮਸੀਹ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਸੀ, ਤੁਹਾਡੇ ਵਿਚ ਰਹਿੰਦੀ ਹੈ, ਤਾਂ ਪਰਮੇਸ਼ੁਰ ਆਪਣੀ ਸ਼ਕਤੀ ਤੁਹਾਡੇ ਮਰਨਹਾਰ ਸਰੀਰਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਵਰਤੇਗਾ।+
12 ਇਸ ਲਈ ਭਰਾਵੋ, ਅਸੀਂ ਸਰੀਰ ਅਨੁਸਾਰ ਜੀਉਣ ਅਤੇ ਇਸ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਮਜਬੂਰ ਨਹੀਂ ਹਾਂ+
13 ਕਿਉਂਕਿ ਜੇ ਤੁਸੀਂ ਸਰੀਰ ਅਨੁਸਾਰ ਜੀਓਗੇ, ਤਾਂ ਤੁਸੀਂ ਜ਼ਰੂਰ ਮਰ ਜਾਓਗੇ; ਪਰ ਜੇ ਤੁਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਸਰੀਰ ਦੇ ਕੰਮਾਂ ਨੂੰ ਮਾਰ ਦਿਓਗੇ,+ ਤਾਂ ਤੁਸੀਂ ਜੀਓਗੇ।+
14 ਜਿਹੜੇ ਇਨਸਾਨ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਨ, ਉਹ ਪਰਮੇਸ਼ੁਰ ਦੇ ਪੁੱਤਰ ਹਨ।+
15 ਪਰਮੇਸ਼ੁਰ ਦੀ ਸ਼ਕਤੀ* ਸਾਨੂੰ ਦੁਬਾਰਾ ਗ਼ੁਲਾਮ ਅਤੇ ਡਰਪੋਕ ਨਹੀਂ ਬਣਾਉਂਦੀ, ਸਗੋਂ ਇਸ ਸ਼ਕਤੀ ਦੇ ਜ਼ਰੀਏ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾਂਦਾ ਹੈ ਅਤੇ ਇਹ ਸ਼ਕਤੀ ਸਾਨੂੰ “ਅੱਬਾ,* ਹੇ ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।+
16 ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ+ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।+
17 ਇਸ ਲਈ ਜੇ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਤਾਂ ਅਸੀਂ ਵਾਰਸ ਵੀ ਹਾਂ। ਹਾਂ, ਪਰਮੇਸ਼ੁਰ ਦੇ ਵਾਰਸ, ਪਰ ਮਸੀਹ ਨਾਲ ਸਾਂਝੇ ਵਾਰਸ,+ ਬਸ਼ਰਤੇ ਕਿ ਅਸੀਂ ਮਸੀਹ ਵਾਂਗ ਦੁੱਖ ਝੱਲੀਏ+ ਤਾਂਕਿ ਸਾਨੂੰ ਵੀ ਉਸ ਵਾਂਗ ਮਹਿਮਾ ਦਿੱਤੀ ਜਾਵੇ।+
18 ਇਸ ਕਰਕੇ ਮੈਂ ਮੰਨਦਾ ਹਾਂ ਕਿ ਸਾਡੇ ਹੁਣ ਦੇ ਦੁੱਖ ਉਸ ਮਹਿਮਾ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਜੋ ਸਾਡੇ ਰਾਹੀਂ ਪ੍ਰਗਟ ਕੀਤੀ ਜਾਵੇਗੀ।+
19 ਸ੍ਰਿਸ਼ਟੀ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ।+
20 ਸ੍ਰਿਸ਼ਟੀ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ ਸੀ,+ ਪਰ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨਾਲ, ਪਰ ਉਸ ਵੇਲੇ ਉਮੀਦ ਵੀ ਦਿੱਤੀ ਗਈ ਸੀ
21 ਕਿ ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ+ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।
22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤਕ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਦੁੱਖ ਝੱਲ ਰਹੀ ਹੈ।
23 ਨਾਲੇ ਸਾਡੇ ਦਿਲ ਵੀ ਹਉਕੇ ਭਰਦੇ ਹਨ, ਭਾਵੇਂ ਸਾਨੂੰ ਪਹਿਲਾ ਫਲ ਯਾਨੀ ਪਵਿੱਤਰ ਸ਼ਕਤੀ ਮਿਲੀ ਹੈ।+ ਇਸ ਦੌਰਾਨ ਅਸੀਂ ਬੇਸਬਰੀ ਨਾਲ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਅਪਣਾਏ ਜਾਣ+ ਅਤੇ ਰਿਹਾਈ ਦੀ ਕੀਮਤ ਦੇ ਜ਼ਰੀਏ ਆਪਣੇ ਸਰੀਰਾਂ ਤੋਂ ਮੁਕਤੀ ਪਾਉਣ ਦੀ ਉਡੀਕ ਕਰਦੇ ਹਾਂ।
24 ਜਦੋਂ ਸਾਨੂੰ ਪਾਪ ਤੋਂ ਛੁਡਾਇਆ ਗਿਆ ਸੀ, ਤਾਂ ਉਦੋਂ ਸਾਨੂੰ ਇਹ ਉਮੀਦ ਮਿਲੀ ਸੀ। ਪਰ ਕੀ ਉਸ ਚੀਜ਼ ਦੀ ਉਮੀਦ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ?
25 ਪਰ ਜੇ ਅਸੀਂ ਉਸ ਚੀਜ਼ ਦੀ ਉਮੀਦ ਰੱਖਦੇ ਹਾਂ ਜਿਹੜੀ ਸਾਨੂੰ ਅਜੇ ਨਹੀਂ ਮਿਲੀ ਹੈ,+ ਤਾਂ ਅਸੀਂ ਧੀਰਜ ਰੱਖਦੇ ਹੋਏ ਉਸ ਉਮੀਦ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਾਂ।+
26 ਇਸੇ ਤਰ੍ਹਾਂ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ+ ਕਿਉਂਕਿ ਉਸ ਵੇਲੇ ਸਮੱਸਿਆ ਇਹ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਵਿਚ ਕੀ ਕਹੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ, ਇਸ ਲਈ ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ।
27 ਦਿਲਾਂ ਨੂੰ ਜਾਂਚਣ ਵਾਲੇ+ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸ਼ਕਤੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਵਿੱਤਰ ਸੇਵਕਾਂ ਦੇ ਲਈ ਬੇਨਤੀ ਕਰਦੀ ਹੈ।
28 ਅਸੀਂ ਜਾਣਦੇ ਹਾਂ ਕਿ ਜਿਹੜੇ ਇਨਸਾਨ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਸ ਦੇ ਮਕਸਦ ਅਨੁਸਾਰ ਸੱਦੇ ਗਏ ਹਨ, ਉਨ੍ਹਾਂ ਦੇ ਭਲੇ ਲਈ ਪਰਮੇਸ਼ੁਰ ਆਪਣੇ ਸਾਰੇ ਕੰਮਾਂ ਵਿਚ ਤਾਲਮੇਲ ਰੱਖਦਾ ਹੈ।+
29 ਕਿਉਂਕਿ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਧਿਆਨ ਦਿੱਤਾ ਸੀ, ਉਨ੍ਹਾਂ ਬਾਰੇ ਉਸ ਨੇ ਪਹਿਲਾਂ ਹੀ ਫ਼ੈਸਲਾ ਕੀਤਾ ਸੀ ਕਿ ਉਹ ਉਸ ਦੇ ਪੁੱਤਰ ਵਰਗੇ ਬਣਾਏ ਜਾਣ।+ ਇਸ ਤਰ੍ਹਾਂ ਉਸ ਦਾ ਪੁੱਤਰ ਆਪਣੇ ਬਹੁਤ ਸਾਰੇ ਭਰਾਵਾਂ ਵਿੱਚੋਂ ਜੇਠਾ ਹੋਵੇ।+
30 ਇਸ ਤੋਂ ਇਲਾਵਾ, ਜਿਨ੍ਹਾਂ ਬਾਰੇ ਉਸ ਨੇ ਇਹ ਫ਼ੈਸਲਾ ਕੀਤਾ ਸੀ,+ ਉਸ ਨੇ ਉਨ੍ਹਾਂ ਨੂੰ ਸੱਦਿਆ ਵੀ। ਉਸ ਨੇ ਜਿਨ੍ਹਾਂ ਨੂੰ ਸੱਦਿਆ, ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ।+ ਅਖ਼ੀਰ ਵਿਚ, ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ,+ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ।+
31 ਫਿਰ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਕਹੀਏ? ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?+
32 ਪਰਮੇਸ਼ੁਰ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ, ਸਗੋਂ ਉਸ ਨੂੰ ਸਾਡੇ ਸਾਰਿਆਂ ਲਈ ਵਾਰ ਦਿੱਤਾ।+ ਤਾਂ ਫਿਰ, ਕੀ ਉਹ ਅਤੇ ਉਸ ਦਾ ਪੁੱਤਰ ਖੁੱਲ੍ਹ-ਦਿਲੀ ਦਿਖਾਉਂਦੇ ਹੋਏ ਸਾਨੂੰ ਹੋਰ ਸਾਰੀਆਂ ਚੀਜ਼ਾਂ ਨਹੀਂ ਦੇਣਗੇ?
33 ਕੌਣ ਪਰਮੇਸ਼ੁਰ ਦੇ ਚੁਣੇ ਹੋਇਆਂ ਉੱਤੇ ਦੋਸ਼ ਲਾ ਸਕਦਾ ਹੈ?+ ਪਰਮੇਸ਼ੁਰ ਹੀ ਹੈ ਜਿਹੜਾ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ।+
34 ਕੌਣ ਉਨ੍ਹਾਂ ਉੱਤੇ ਇਲਜ਼ਾਮ ਲਾ ਸਕਦਾ ਹੈ? ਕੋਈ ਵੀ ਨਹੀਂ ਕਿਉਂਕਿ ਮਸੀਹ ਯਿਸੂ ਹੀ ਹੈ ਜੋ ਮਰਿਆ ਸੀ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹੀ ਪਰਮੇਸ਼ੁਰ ਦੇ ਸੱਜੇ ਪਾਸੇ ਹੈ+ ਅਤੇ ਉਹੀ ਸਾਡੇ ਵਾਸਤੇ ਬੇਨਤੀ ਕਰਦਾ ਹੈ।+
35 ਕਿਹੜੀ ਚੀਜ਼ ਮਸੀਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ?+ ਕੀ ਮੁਸੀਬਤਾਂ ਜਾਂ ਕਸ਼ਟ ਜਾਂ ਅਤਿਆਚਾਰ ਜਾਂ ਭੁੱਖ-ਨੰਗ ਜਾਂ ਖ਼ਤਰਾ ਜਾਂ ਤਲਵਾਰ?+
36 ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ; ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।”+
37 ਪਰ ਜਿਹੜਾ ਸਾਨੂੰ ਪਿਆਰ ਕਰਦਾ ਹੈ, ਉਸ ਰਾਹੀਂ ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਪੂਰੀ ਤਰ੍ਹਾਂ ਫਤਹਿ ਪਾਉਂਦੇ ਹਾਂ।+
38 ਮੈਨੂੰ ਪੱਕਾ ਭਰੋਸਾ ਹੈ ਕਿ ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ, ਨਾ ਤਾਕਤਾਂ,+
39 ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।
ਫੁਟਨੋਟ
^ ਜਾਂ, “ਸਰੀਰ ਦੀਆਂ ਇੱਛਾਵਾਂ।”
^ ਜਾਂ, “ਉਚਿਤ।”
^ ਇਕ ਇਬਰਾਨੀ ਜਾਂ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਹੇ ਪਿਤਾ।”