ਲੂਕਾ ਮੁਤਾਬਕ ਖ਼ੁਸ਼ ਖ਼ਬਰੀ 11:1-54

  • ਪ੍ਰਾਰਥਨਾ ਕਿਵੇਂ ਕਰੀਏ (1-13)

    • ਪ੍ਰਾਰਥਨਾ ਦਾ ਨਮੂਨਾ (2-4)

  • ਪਰਮੇਸ਼ੁਰ ਦੀ ਉਂਗਲ ਨਾਲ ਦੁਸ਼ਟ ਦੂਤ ਕੱਢੇ (14-23)

  • ਦੁਸ਼ਟ ਦੂਤ ਮੁੜ ਆਇਆ (24-26)

  • ਸੱਚੀ ਖ਼ੁਸ਼ੀ (27, 28)

  • ਯੂਨਾਹ ਦੀ ਨਿਸ਼ਾਨੀ (29-32)

  • ਸਰੀਰ ਦਾ ਦੀਵਾ (33-36)

  • ਧਾਰਮਿਕ ਪਖੰਡੀਆਂ ’ਤੇ ਲਾਹਨਤਾਂ (37-54)

11  ਉਹ ਕਿਸੇ ਜਗ੍ਹਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਉਹ ਪ੍ਰਾਰਥਨਾ ਕਰ ਹਟਿਆ, ਤਾਂ ਉਸ ਦੇ ਇਕ ਚੇਲੇ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ।”  ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਤਾਂ ਕਹਿਣਾ: ‘ਹੇ ਪਿਤਾ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।*+ ਤੇਰਾ ਰਾਜ ਆਵੇ।+  ਸਾਨੂੰ ਰੋਜ਼ ਦੀ ਲੋੜ ਮੁਤਾਬਕ ਹਰ ਰੋਜ਼ ਰੋਟੀ ਦੇ।+  ਸਾਡੇ ਪਾਪ ਮਾਫ਼ ਕਰ+ ਕਿਉਂਕਿ ਅਸੀਂ ਉਨ੍ਹਾਂ ਸਾਰਿਆਂ ਦੇ ਪਾਪ ਮਾਫ਼ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ ਕੀਤੇ ਹਨ;*+ ਅਤੇ ਸਾਨੂੰ ਪਰੀਖਿਆ ਵਿਚ ਨਾ ਪੈਣ ਦੇ।’”+  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੰਨ ਲਓ ਤੁਹਾਡੇ ਵਿੱਚੋਂ ਕਿਸੇ ਦਾ ਇਕ ਦੋਸਤ ਹੈ ਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਕਹਿੰਦੇ ਹੋ, ‘ਯਾਰ, ਮੈਨੂੰ ਤਿੰਨ ਰੋਟੀਆਂ ਉਧਾਰੀਆਂ ਤਾਂ ਦੇਈਂ  ਕਿਉਂਕਿ ਮੇਰਾ ਇਕ ਮਿੱਤਰ ਸਫ਼ਰ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਨੂੰ ਖਿਲਾਉਣ ਲਈ ਮੇਰੇ ਕੋਲ ਕੁਝ ਨਹੀਂ ਹੈ।’  ਪਰ ਉਸ ਦਾ ਦੋਸਤ ਅੰਦਰੋਂ ਜਵਾਬ ਦਿੰਦਾ ਹੈ: ‘ਮੈਨੂੰ ਪਰੇਸ਼ਾਨ ਨਾ ਕਰ। ਦਰਵਾਜ਼ੇ ਨੂੰ ਜਿੰਦਾ ਲੱਗਾ ਹੋਇਆ ਹੈ, ਨਾਲੇ ਮੇਰੇ ਬੱਚੇ ਮੇਰੇ ਨਾਲ ਸੁੱਤੇ ਪਏ ਹਨ। ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।’  ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਉੱਠ ਕੇ ਉਸ ਨੂੰ ਜੋ ਵੀ ਚਾਹੀਦਾ ਹੈ ਜ਼ਰੂਰ ਦੇਵੇਗਾ, ਪਰ ਇਸ ਕਰਕੇ ਨਹੀਂ ਕਿ ਉਹ ਉਸ ਦਾ ਦੋਸਤ ਹੈ, ਸਗੋਂ ਇਸ ਕਰਕੇ ਕਿ ਉਸ ਨੇ ਰੋਟੀਆਂ ਲਈ ਉਸ ਦਾ ਖਹਿੜਾ ਨਹੀਂ ਛੱਡਿਆ।+  ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਮੰਗਦੇ ਰਹੋ,+ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।+ 10  ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ+ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ। 11  ਦੱਸੋ ਤੁਹਾਡੇ ਵਿਚ ਕਿਹੜਾ ਅਜਿਹਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਸੱਪ ਫੜਾ ਦੇਵੇਗਾ?+ 12  ਜਾਂ ਆਂਡਾ ਮੰਗਣ ਤੇ ਬਿੱਛੂ ਫੜਾ ਦੇਵੇਗਾ? 13  ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਸਵਰਗ ਵਿਚ ਰਹਿੰਦਾ ਪਿਤਾ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!”+ 14  ਬਾਅਦ ਵਿਚ ਯਿਸੂ ਨੇ ਇਕ ਗੁੰਗੇ ਆਦਮੀ ਵਿੱਚੋਂ ਦੁਸ਼ਟ ਦੂਤ ਨੂੰ ਕੱਢਿਆ।+ ਜਦੋਂ ਦੂਤ ਨਿਕਲ ਗਿਆ, ਤਾਂ ਉਹ ਗੁੰਗਾ ਬੋਲਣ ਲੱਗ ਪਿਆ ਅਤੇ ਇਹ ਦੇਖ ਕੇ ਭੀੜ ਨੂੰ ਬੜੀ ਹੈਰਾਨੀ ਹੋਈ।+ 15  ਪਰ ਭੀੜ ਵਿੱਚੋਂ ਕਈਆਂ ਨੇ ਕਿਹਾ: “ਉਹ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਲ* ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 16  ਪਰ ਹੋਰ ਕਈ ਜਣੇ ਉਸ ਨੂੰ ਅਜ਼ਮਾਉਣਾ ਚਾਹੁੰਦੇ ਸਨ, ਇਸ ਲਈ ਉਹ ਉਸ ਨੂੰ ਕਹਿਣ ਲੱਗੇ ਕਿ ਉਹ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 17  ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ,+ ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। 18  ਇਸ ਲਈ ਜੇ ਸ਼ੈਤਾਨ ਆਪਣੇ ਹੀ ਖ਼ਿਲਾਫ਼ ਹੋ ਜਾਵੇ, ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਆਪ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ। 19  ਜੇ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ? ਇਸ ਕਰਕੇ ਤੁਹਾਡੇ ਚੇਲੇ ਹੀ ਤੁਹਾਨੂੰ ਗ਼ਲਤ ਸਾਬਤ ਕਰਨਗੇ। 20  ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ*+ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਅਚਾਨਕ ਤੁਹਾਡੇ ਉੱਤੇ ਆ ਗਿਆ ਹੈ।+ 21  ਜਦੋਂ ਕੋਈ ਤਕੜਾ ਤੇ ਹਥਿਆਰਬੰਦ ਆਦਮੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ, ਤਾਂ ਉਸ ਦੇ ਘਰ ਦਾ ਸਾਮਾਨ ਸੁਰੱਖਿਅਤ ਰਹਿੰਦਾ ਹੈ। 22  ਪਰ ਜਦੋਂ ਉਸ ਤੋਂ ਵੀ ਤਕੜਾ ਆਦਮੀ ਆ ਕੇ ਉਸ ਨੂੰ ਹਰਾ ਦਿੰਦਾ ਹੈ, ਤਾਂ ਉਹ ਉਸ ਦੇ ਸਾਰੇ ਹਥਿਆਰ ਲੈ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਨੇ ਭਰੋਸਾ ਰੱਖਿਆ ਸੀ ਅਤੇ ਉਸ ਤੋਂ ਲੁੱਟੀਆਂ ਚੀਜ਼ਾਂ ਦੂਸਰਿਆਂ ਵਿਚ ਵੰਡ ਦਿੰਦਾ ਹੈ। 23  ਜਿਹੜਾ ਮੇਰੇ ਵੱਲ ਨਹੀਂ ਹੈ, ਉਹ ਮੇਰੇ ਖ਼ਿਲਾਫ਼ ਹੈ ਅਤੇ ਜਿਹੜਾ ਮੇਰੇ ਨਾਲ ਲੋਕਾਂ ਨੂੰ ਇਕੱਠਾ ਨਹੀਂ ਕਰਦਾ, ਉਹ ਲੋਕਾਂ ਨੂੰ ਖਿੰਡਾਉਂਦਾ ਹੈ।+ 24  “ਜਦੋਂ ਕਿਸੇ ਆਦਮੀ ਵਿੱਚੋਂ ਦੁਸ਼ਟ ਦੂਤ ਨਿਕਲਦਾ ਹੈ, ਤਾਂ ਉਹ ਦੁਸ਼ਟ ਦੂਤ ਰਹਿਣ ਵਾਸਤੇ ਜਗ੍ਹਾ ਲੱਭਣ ਲਈ ਸੁੱਕੇ ਇਲਾਕਿਆਂ ਵਿਚ ਭਟਕਦਾ ਫਿਰਦਾ ਹੈ, ਪਰ ਉਸ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਫਿਰ ਉਹ ਕਹਿੰਦਾ ਹੈ, ‘ਮੈਂ ਵਾਪਸ ਆਪਣੇ ਉਸੇ ਘਰ ਵਿਚ ਜਾਵਾਂਗਾ ਜਿਸ ਵਿੱਚੋਂ ਮੈਂ ਨਿਕਲਿਆ ਸੀ।’+ 25  ਉਹ ਵਾਪਸ ਆ ਕੇ ਦੇਖਦਾ ਹੈ ਕਿ ਘਰ ਝਾੜ-ਪੂੰਝ ਕੇ ਸਜਾਇਆ ਹੋਇਆ ਹੈ। 26  ਫਿਰ ਉਹ ਜਾ ਕੇ ਆਪਣੇ ਨਾਲ ਹੋਰ ਸੱਤ ਦੂਤਾਂ ਨੂੰ ਲਿਆਉਂਦਾ ਹੈ ਜਿਹੜੇ ਉਸ ਨਾਲੋਂ ਵੀ ਜ਼ਿਆਦਾ ਦੁਸ਼ਟ ਹਨ ਅਤੇ ਉਸ ਆਦਮੀ ਵਿਚ ਵੜ ਕੇ ਉੱਥੇ ਰਹਿਣ ਲੱਗ ਪੈਂਦੇ ਹਨ। ਫਿਰ ਉਸ ਆਦਮੀ ਦਾ ਹਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਹੋ ਜਾਂਦਾ ਹੈ।” 27  ਜਦੋਂ ਉਹ ਇਹ ਗੱਲ ਕਹਿ ਰਿਹਾ ਸੀ, ਤਾਂ ਭੀੜ ਵਿੱਚੋਂ ਇਕ ਔਰਤ ਉੱਠ ਕੇ ਉੱਚੀ-ਉੱਚੀ ਉਸ ਨੂੰ ਕਹਿਣ ਲੱਗੀ: “ਧੰਨ ਹੈ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਤੈਨੂੰ ਦੁੱਧ ਚੁੰਘਾਇਆ!”+ 28  ਪਰ ਯਿਸੂ ਨੇ ਕਿਹਾ: “ਨਹੀਂ, ਸਗੋਂ ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”+ 29  ਜਦੋਂ ਭੀੜ ਵਧਣ ਲੱਗੀ, ਤਾਂ ਉਸ ਨੇ ਕਹਿਣਾ ਸ਼ੁਰੂ ਕੀਤਾ: “ਇਹ ਪੀੜ੍ਹੀ ਦੁਸ਼ਟ ਪੀੜ੍ਹੀ ਹੈ ਜੋ ਨਿਸ਼ਾਨੀ ਦੇਖਣਾ ਚਾਹੁੰਦੀ ਹੈ, ਪਰ ਇਸ ਨੂੰ ਯੂਨਾਹ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।+ 30  ਕਿਉਂਕਿ ਜਿਵੇਂ ਯੂਨਾਹ+ ਨੀਨਵਾਹ ਦੇ ਲੋਕਾਂ ਲਈ ਨਿਸ਼ਾਨੀ ਬਣਿਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਨਿਸ਼ਾਨੀ ਬਣੇਗਾ। 31  ਨਿਆਂ ਦੇ ਦਿਨ ਦੱਖਣ ਦੀ ਰਾਣੀ+ ਨੂੰ ਇਸ ਪੀੜ੍ਹੀ ਦੇ ਲੋਕਾਂ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਦੂਰ-ਦੁਰੇਡੀ ਜਗ੍ਹਾ ਤੋਂ ਸੁਲੇਮਾਨ ਕੋਲੋਂ ਬੁੱਧ ਦੀਆਂ ਗੱਲਾਂ ਸੁਣਨ ਆਈ ਸੀ। ਪਰ ਦੇਖੋ! ਇੱਥੇ ਸੁਲੇਮਾਨ ਨਾਲੋਂ ਵੀ ਕੋਈ ਮਹਾਨ ਹੈ।+ 32  ਨਿਆਂ ਦੇ ਦਿਨ ਨੀਨਵਾਹ ਦੇ ਲੋਕਾਂ ਨੂੰ ਇਸ ਪੀੜ੍ਹੀ ਨਾਲ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਸ ਪੀੜ੍ਹੀ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਨ੍ਹਾਂ ਨੇ ਯੂਨਾਹ ਦੀਆਂ ਗੱਲਾਂ ਸੁਣ ਕੇ ਤੋਬਾ ਕੀਤੀ ਸੀ।+ ਪਰ ਦੇਖੋ! ਇੱਥੇ ਯੂਨਾਹ ਨਾਲੋਂ ਵੀ ਕੋਈ ਮਹਾਨ ਹੈ। 33  ਕੋਈ ਵੀ ਦੀਵਾ ਬਾਲ਼ ਕੇ ਲੁਕਾਉਂਦਾ ਨਹੀਂ ਜਾਂ ਟੋਕਰੀ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ+ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ। 34  ਸਰੀਰ ਦਾ ਦੀਵਾ ਤੇਰੀ ਅੱਖ ਹੈ। ਜਦੋਂ ਤੇਰੀ ਅੱਖ ਇੱਕੋ ਨਿਸ਼ਾਨੇ ’ਤੇ ਟਿਕੀ ਹੁੰਦੀ ਹੈ, ਤਾਂ ਤੇਰਾ ਸਾਰਾ ਸਰੀਰ ਵੀ ਰੌਸ਼ਨ ਹੁੰਦਾ ਹੈ, ਪਰ ਜਦੋਂ ਤੇਰੀ ਅੱਖ ਲੋਭ ਨਾਲ ਭਰੀ ਹੁੰਦੀ ਹੈ, ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੁੰਦਾ ਹੈ।+ 35  ਇਸ ਲਈ ਧਿਆਨ ਰੱਖ ਕਿ ਤੇਰੇ ਵਿਚ ਜੋ ਚਾਨਣ ਹੈ, ਉਹ ਕਿਤੇ ਹਨੇਰਾ ਨਾ ਹੋਵੇ। 36  ਇਸ ਕਰਕੇ ਜੇ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਇਸ ਦੇ ਕਿਸੇ ਵੀ ਹਿੱਸੇ ਵਿਚ ਹਨੇਰਾ ਨਹੀਂ ਹੈ, ਤਾਂ ਤੇਰਾ ਸਾਰਾ ਸਰੀਰ ਇੰਨਾ ਰੌਸ਼ਨ ਹੋਵੇਗਾ ਜਿਵੇਂ ਇਕ ਦੀਵਾ ਆਪਣੀਆਂ ਕਿਰਨਾਂ ਨਾਲ ਤੈਨੂੰ ਰੌਸ਼ਨ ਕਰਦਾ ਹੈ।” 37  ਜਦੋਂ ਉਹ ਇਹ ਗੱਲਾਂ ਕਹਿ ਹਟਿਆ, ਤਾਂ ਇਕ ਫ਼ਰੀਸੀ ਨੇ ਉਸ ਨੂੰ ਖਾਣਾ ਖਾਣ ਲਈ ਬੁਲਾਇਆ। ਉਹ ਫ਼ਰੀਸੀ ਨਾਲ ਉਸ ਦੇ ਘਰ ਚਲਾ ਗਿਆ ਤੇ ਖਾਣ ਲਈ ਬੈਠ ਗਿਆ। 38  ਪਰ ਫ਼ਰੀਸੀ ਇਹ ਦੇਖ ਕੇ ਹੈਰਾਨ ਹੋਇਆ ਕਿ ਉਸ ਨੇ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।*+ 39  ਪਰ ਪ੍ਰਭੂ ਨੇ ਉਸ ਨੂੰ ਕਿਹਾ: “ਫ਼ਰੀਸੀਓ, ਤੁਸੀਂ ਕੱਪ ਅਤੇ ਥਾਲ਼ੀ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ, ਪਰ ਤੁਸੀਂ ਅੰਦਰੋਂ ਲਾਲਚ ਤੇ ਬੁਰਾਈ ਨਾਲ ਭਰੇ ਹੋਏ ਹੋ।+ 40  ਅਕਲ ਦੇ ਵੈਰਿਓ! ਜਿਸ ਨੇ ਇਨਸਾਨ ਨੂੰ ਬਾਹਰੋਂ ਬਣਾਇਆ ਹੈ, ਕੀ ਉਸ ਨੇ ਇਨਸਾਨ ਨੂੰ ਅੰਦਰੋਂ ਨਹੀਂ ਬਣਾਇਆ? 41  ਇਸ ਲਈ ਤੁਹਾਡੇ ਦਿਲ ਵਿਚ ਜੋ ਵੀ ਹੈ, ਉਹ ਤੁਸੀਂ ਦਇਆ ਕਰ ਕੇ ਦੂਜਿਆਂ ਨੂੰ ਦਾਨ* ਕਰ ਦਿਓ, ਫਿਰ ਦੇਖਿਓ! ਬਾਕੀ ਗੱਲਾਂ ਵਿਚ ਵੀ ਤੁਸੀਂ ਸ਼ੁੱਧ ਹੋ ਜਾਓਗੇ। 42  ਲਾਹਨਤ ਹੈ ਤੁਹਾਡੇ ’ਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਹਰਮਲ* ਅਤੇ ਹੋਰ ਸਾਰੀਆਂ ਸਬਜ਼ੀਆਂ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ,+ ਪਰ ਤੁਸੀਂ ਪਰਮੇਸ਼ੁਰ ਵਾਂਗ ਨਿਆਂ ਅਤੇ ਪਿਆਰ ਨਹੀਂ ਕਰਦੇ! ਦਸਵਾਂ ਹਿੱਸਾ ਤਾਂ ਦੇਣਾ ਹੀ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।+ 43  ਲਾਹਨਤ ਹੈ ਤੁਹਾਡੇ ’ਤੇ ਫ਼ਰੀਸੀਓ ਕਿਉਂਕਿ ਤੁਸੀਂ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਪਸੰਦ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਬਾਜ਼ਾਰਾਂ ਵਿਚ ਲੋਕ ਤੁਹਾਨੂੰ ਸਲਾਮਾਂ ਕਰਨ!+ 44  ਲਾਹਨਤ ਹੈ ਤੁਹਾਡੇ ’ਤੇ ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੋਂ ਦੀ ਲੋਕ ਅਣਜਾਣੇ ਵਿਚ ਲੰਘਦੇ ਹਨ ਕਿਉਂਕਿ ਉਹ ਉੱਪਰੋਂ ਦਿਖਾਈ ਨਹੀਂ ਦਿੰਦੀਆਂ!”*+ 45  ਇਹ ਸੁਣ ਕੇ ਮੂਸਾ ਦੇ ਕਾਨੂੰਨ ਦੇ ਇਕ ਮਾਹਰ ਨੇ ਉਸ ਨੂੰ ਕਿਹਾ: “ਗੁਰੂ ਜੀ, ਤੂੰ ਇਹ ਗੱਲਾਂ ਕਹਿ ਕੇ ਸਾਡੀ ਵੀ ਬੇਇੱਜ਼ਤੀ ਕਰ ਰਿਹਾ ਹੈਂ।” 46  ਫਿਰ ਉਸ ਨੇ ਕਿਹਾ: “ਲਾਹਨਤ ਹੈ ਤੁਹਾਡੇ ’ਤੇ ਵੀ, ਕਾਨੂੰਨ ਦੇ ਮਾਹਰੋ ਕਿਉਂਕਿ ਤੁਹਾਡੇ ਨਿਯਮ ਭਾਰੇ ਬੋਝ ਵਾਂਗ ਹਨ ਜਿਸ ਨੂੰ ਚੁੱਕਣਾ ਬਹੁਤ ਮੁਸ਼ਕਲ ਹੈ ਅਤੇ ਤੁਸੀਂ ਇਸ ਨੂੰ ਲੋਕਾਂ ਦੇ ਮੋਢਿਆਂ ’ਤੇ ਰੱਖਦੇ ਹੋ, ਪਰ ਤੁਸੀਂ ਆਪ ਇਸ ਨੂੰ ਆਪਣੀ ਉਂਗਲ ਵੀ ਨਹੀਂ ਲਾਉਂਦੇ!+ 47  “ਲਾਹਨਤ ਹੈ ਤੁਹਾਡੇ ’ਤੇ ਕਿਉਂਕਿ ਤੁਸੀਂ ਨਬੀਆਂ ਦੀਆਂ ਸਮਾਧਾਂ ਬਣਾਉਂਦੇ ਹੋ, ਪਰ ਤੁਹਾਡੇ ਹੀ ਪਿਉ-ਦਾਦਿਆਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ!+ 48  ਤੁਸੀਂ ਆਪਣੇ ਪਿਉ-ਦਾਦਿਆਂ ਦੇ ਇਨ੍ਹਾਂ ਕਾਰਿਆਂ ਦੇ ਗਵਾਹ ਹੋ, ਫਿਰ ਵੀ ਤੁਸੀਂ ਉਨ੍ਹਾਂ ਨੂੰ ਸਹੀ ਠਹਿਰਾਉਂਦੇ ਹੋ। ਉਨ੍ਹਾਂ ਨੇ ਨਬੀਆਂ ਦਾ ਕਤਲ ਕੀਤਾ,+ ਪਰ ਤੁਸੀਂ ਉਨ੍ਹਾਂ ਦੀਆਂ ਕਬਰਾਂ ਬਣਾਉਂਦੇ ਹੋ। 49  ਇਸ ਕਰਕੇ ਬੁੱਧੀਮਾਨ ਪਰਮੇਸ਼ੁਰ* ਨੇ ਇਹ ਵੀ ਕਿਹਾ: ‘ਮੈਂ ਆਪਣੇ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਘੱਲਾਂਗਾ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਣਗੇ ਅਤੇ ਕਈਆਂ ਉੱਤੇ ਅਤਿਆਚਾਰ ਕਰਨਗੇ, 50  ਇਸ ਕਰਕੇ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਸਾਰੇ ਨਬੀਆਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ,+ 51  ਯਾਨੀ ਹਾਬਲ ਦੇ ਖ਼ੂਨ ਤੋਂ ਲੈ ਕੇ ਜ਼ਕਰਯਾਹ ਦੇ ਖ਼ੂਨ ਤਕ,+ ਜਿਸ ਨੂੰ ਵੇਦੀ ਅਤੇ ਮੰਦਰ ਦੇ ਵਿਚਕਾਰ ਜਾਨੋਂ ਮਾਰਿਆ ਗਿਆ ਸੀ।’+ ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ: ਉਨ੍ਹਾਂ ਦਾ ਖ਼ੂਨ ਇਸ ਪੀੜ੍ਹੀ ਦੇ ਲੋਕਾਂ ਸਿਰ ਲੱਗੇਗਾ। 52  “ਲਾਹਨਤ ਹੈ ਤੁਹਾਡੇ ’ਤੇ ਮੂਸਾ ਦੇ ਕਾਨੂੰਨ ਦੇ ਮਾਹਰੋ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਗਿਆਨ ਦੇ ਦਰਵਾਜ਼ੇ ਦੀ ਚਾਬੀ ਦੱਬੀ ਬੈਠੇ ਹੋ; ਤੁਸੀਂ ਆਪ ਤਾਂ ਅੰਦਰ ਗਏ ਨਹੀਂ, ਸਗੋਂ ਤੁਸੀਂ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਅੰਦਰ ਜਾ ਰਹੇ ਹਨ!”+ 53  ਇਸ ਲਈ ਜਦੋਂ ਯਿਸੂ ਫ਼ਰੀਸੀ ਦੇ ਘਰੋਂ ਬਾਹਰ ਚਲਾ ਗਿਆ, ਤਾਂ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਉਸ ਨੂੰ ਡਰਾਉਣ-ਧਮਕਾਉਣ ਲਈ ਆ ਘੇਰਿਆ ਅਤੇ ਉਸ ਉੱਤੇ ਸਵਾਲਾਂ ਦੀ ਬੁਛਾੜ ਕਰਨ ਲੱਗ ਪਏ 54  ਤਾਂਕਿ ਉਹ ਉਸ ਦੇ ਮੂੰਹੋਂ ਨਿਕਲੀ ਕਿਸੇ ਗੱਲ ਨੂੰ ਫੜ ਕੇ ਉਸ ਨੂੰ ਫਸਾ ਲੈਣ।+

ਫੁਟਨੋਟ

ਜਾਂ, “ਪਵਿੱਤਰ ਮੰਨਿਆ ਜਾਵੇ; ਸਮਝਿਆ ਜਾਵੇ।”
ਯੂਨਾ, “ਜਿਹੜੇ ਸਾਡੇ ਕਰਜ਼ਾਈ ਹਨ।”
ਸ਼ੈਤਾਨ ਦਾ ਇਕ ਹੋਰ ਨਾਂ।
ਜਾਂ, “ਸ਼ਕਤੀ।”
ਯਾਨੀ, ਰੀਤ ਮੁਤਾਬਕ ਹੱਥ ਨਹੀਂ ਧੋਤੇ।
ਜਾਂ, “ਗਰੀਬਾਂ ਨੂੰ ਦਾਨ।” ਸ਼ਬਦਾਵਲੀ ਦੇਖੋ।
ਇਸ ਪੌਦੇ ਨੂੰ ਦਵਾਈ ਬਣਾਉਣ ਅਤੇ ਖਾਣੇ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ।
ਜਾਂ, “ਸਭ ਤੋਂ ਵਧੀਆ ਥਾਵਾਂ ’ਤੇ।”
ਜਾਂ, “ਉਨ੍ਹਾਂ ’ਤੇ ਕੋਈ ਨਿਸ਼ਾਨੀ ਨਹੀਂ ਹੁੰਦੀ।”
ਯੂਨਾ, “ਪਰਮੇਸ਼ੁਰ ਦੀ ਬੁੱਧ।”
ਮੱਤੀ 13:​35, ਫੁਟਨੋਟ ਦੇਖੋ।