ਲੂਕਾ ਮੁਤਾਬਕ ਖ਼ੁਸ਼ ਖ਼ਬਰੀ 14:1-35

  • ਸਬਤ ਦੇ ਦਿਨ ਜਲੋਧਰ ਰੋਗ ਦੇ ਆਦਮੀ ਨੂੰ ਠੀਕ ਕੀਤਾ (1-6)

  • ਖ਼ੁਦ ਨੂੰ ਛੋਟਾ ਸਮਝਣ ਵਾਲੇ ਮਹਿਮਾਨ ਬਣੋ (7-11)

  • ਉਨ੍ਹਾਂ ਨੂੰ ਸੱਦੋ ਜਿਨ੍ਹਾਂ ਕੋਲ ਬਦਲੇ ਵਿਚ ਦੇਣ ਲਈ ਕੁਝ ਨਹੀਂ (12-14)

  • ਬਹਾਨੇ ਬਣਾਉਣ ਵਾਲੇ ਮਹਿਮਾਨਾਂ ਦੀ ਮਿਸਾਲ (15-24)

  • ਚੇਲੇ ਬਣਨ ਦੀ ਕੀਮਤ (25-33)

  • ਲੂਣ ਜੋ ਆਪਣਾ ਸੁਆਦ ਗੁਆ ਦਿੰਦਾ ਹੈ (34, 35)

14  ਇਕ ਵਾਰ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਵਿੱਚੋਂ ਇਕ ਆਗੂ ਦੇ ਘਰ ਖਾਣਾ ਖਾਣ ਗਿਆ। ਘਰ ਵਿਚ ਲੋਕ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ।  ਉੱਥੇ ਇਕ ਆਦਮੀ ਸੀ ਜਿਸ ਨੂੰ ਜਲੋਧਰ* ਰੋਗ ਲੱਗਾ ਹੋਇਆ ਸੀ।  ਯਿਸੂ ਨੇ ਮੂਸਾ ਦੇ ਕਾਨੂੰਨ ਦੇ ਮਾਹਰਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਨੂੰ ਠੀਕ ਕਰਨਾ ਜਾਇਜ਼ ਹੈ ਜਾਂ ਨਹੀਂ?”+  ਪਰ ਉਹ ਸਾਰੇ ਚੁੱਪ ਰਹੇ। ਤਦ ਉਸ ਨੇ ਉਸ ਆਦਮੀ ਨੂੰ ਛੋਹਿਆ ਅਤੇ ਉਸ ਨੂੰ ਠੀਕ ਕਰ ਕੇ ਘੱਲ ਦਿੱਤਾ।  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡਾ ਪੁੱਤਰ ਜਾਂ ਬਲਦ ਸਬਤ ਦੇ ਦਿਨ ਖੂਹ ਵਿਚ ਡਿਗ ਜਾਵੇ,+ ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਉਸੇ ਵੇਲੇ ਨਹੀਂ ਕੱਢੇਗਾ?”+  ਉਹ ਉਸ ਦੇ ਇਸ ਸਵਾਲ ਦਾ ਕੋਈ ਜਵਾਬ ਨਾ ਦੇ ਸਕੇ।  ਉਸ ਨੇ ਦੇਖਿਆ ਕਿ ਖਾਣੇ ਲਈ ਸੱਦੇ ਸਾਰੇ ਮਹਿਮਾਨ ਖ਼ਾਸ-ਖ਼ਾਸ ਥਾਵਾਂ ਮੱਲ ਰਹੇ ਸਨ,+ ਇਸ ਲਈ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ:  “ਜਦੋਂ ਤੈਨੂੰ ਕੋਈ ਵਿਆਹ ਦੀ ਦਾਅਵਤ ਵਿਚ ਬੁਲਾਵੇ, ਤਾਂ ਤੂੰ ਸਭ ਤੋਂ ਖ਼ਾਸ ਜਗ੍ਹਾ ’ਤੇ ਨਾ ਬੈਠ।+ ਸ਼ਾਇਦ ਕਿਸੇ ਹੋਰ ਨੂੰ ਵੀ ਸੱਦਿਆ ਗਿਆ ਹੋਵੇ ਜਿਹੜਾ ਤੇਰੇ ਤੋਂ ਵੀ ਵੱਡਾ ਹੈ।  ਅਤੇ ਜਿਸ ਨੇ ਤੁਹਾਨੂੰ ਦੋਹਾਂ ਨੂੰ ਸੱਦਿਆ ਹੈ, ਉਹ ਤੇਰੇ ਕੋਲ ਆ ਕੇ ਕਹੇ, ‘ਇਸ ਆਦਮੀ ਨੂੰ ਇਸ ਜਗ੍ਹਾ ਬੈਠਣ ਦੇ।’ ਫਿਰ ਤੈਨੂੰ ਸ਼ਰਮਿੰਦਾ ਹੋ ਕੇ ਸਭ ਤੋਂ ਪਿੱਛੇ ਬੈਠਣਾ ਪਵੇਗਾ। 10  ਪਰ ਜਦੋਂ ਤੈਨੂੰ ਸੱਦਿਆ ਜਾਂਦਾ ਹੈ, ਤਾਂ ਸਭ ਤੋਂ ਪਿੱਛੇ ਜਾ ਕੇ ਬੈਠ। ਫਿਰ ਜਿਸ ਨੇ ਤੈਨੂੰ ਸੱਦਿਆ ਹੈ, ਉਹ ਤੈਨੂੰ ਕਹੇਗਾ, ‘ਮਿੱਤਰਾ, ਉੱਥੇ ਅੱਗੇ ਜਾ ਕੇ ਬੈਠ।’ ਫਿਰ ਸਾਰੇ ਮਹਿਮਾਨਾਂ ਦੀਆਂ ਨਜ਼ਰਾਂ ਵਿਚ ਤੇਰੀ ਇੱਜ਼ਤ ਵਧੇਗੀ।+ 11  ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”+ 12  ਫਿਰ ਉਸ ਨੇ ਆਪਣੇ ਮੇਜ਼ਬਾਨ ਨੂੰ ਵੀ ਕਿਹਾ: “ਜਦੋਂ ਤੂੰ ਦੁਪਹਿਰ ਨੂੰ ਜਾਂ ਸ਼ਾਮ ਨੂੰ ਦਾਅਵਤ ਦਿੰਦਾ ਹੈਂ, ਤਾਂ ਆਪਣੇ ਦੋਸਤਾਂ, ਭਰਾਵਾਂ, ਰਿਸ਼ਤੇਦਾਰਾਂ ਜਾਂ ਆਪਣੇ ਅਮੀਰ ਗੁਆਂਢੀਆਂ ਨੂੰ ਨਾ ਸੱਦ। ਜੇ ਤੂੰ ਇੱਦਾਂ ਕੀਤਾ, ਤਾਂ ਉਹ ਵੀ ਸ਼ਾਇਦ ਤੈਨੂੰ ਬਦਲੇ ਵਿਚ ਦਾਅਵਤ ਲਈ ਸੱਦਣ ਅਤੇ ਇਸ ਤਰ੍ਹਾਂ ਹਿਸਾਬ ਬਰਾਬਰ ਕਰ ਦੇਣ। 13  ਪਰ ਜਦੋਂ ਤੂੰ ਦਾਅਵਤ ਦਿੰਦਾ ਹੈਂ, ਤਾਂ ਗ਼ਰੀਬਾਂ, ਲੰਗੜਿਆਂ, ਅੰਨ੍ਹਿਆਂ ਤੇ ਹੋਰ ਅਪਾਹਜਾਂ ਨੂੰ ਸੱਦ;+ 14  ਤਦ ਤੈਨੂੰ ਖ਼ੁਸ਼ੀ ਮਿਲੇਗੀ ਕਿਉਂਕਿ ਬਦਲੇ ਵਿਚ ਤੈਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਫਲ ਤੈਨੂੰ ਉਦੋਂ ਮਿਲੇਗਾ ਜਦੋਂ ਧਰਮੀ ਲੋਕਾਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ।”+ 15  ਇਹ ਸੁਣ ਕੇ ਇਕ ਮਹਿਮਾਨ ਨੇ ਉਸ ਨੂੰ ਕਿਹਾ: “ਖ਼ੁਸ਼ ਹੈ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿਚ ਰੋਟੀ ਖਾਏਗਾ।” 16  ਯਿਸੂ ਨੇ ਉਸ ਨੂੰ ਕਿਹਾ: “ਇਕ ਆਦਮੀ ਨੇ ਸ਼ਾਮ ਨੂੰ ਬਹੁਤ ਹੀ ਸ਼ਾਨਦਾਰ ਦਾਅਵਤ ਦਿੱਤੀ+ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਸੱਦਿਆ ਸੀ। 17  ਉਸ ਨੇ ਖਾਣੇ ਦਾ ਸਮਾਂ ਹੋਣ ਤੇ ਸੱਦੇ ਲੋਕਾਂ ਨੂੰ ਇਹ ਕਹਿਣ ਲਈ ਆਪਣੇ ਨੌਕਰ ਨੂੰ ਘੱਲਿਆ: ‘ਤੁਸੀਂ ਆ ਜਾਓ ਕਿਉਂਕਿ ਖਾਣਾ ਤਿਆਰ ਹੈ।’ 18  ਪਰ ਉਹ ਸਾਰੇ ਬਹਾਨੇ ਬਣਾਉਣ ਲੱਗ ਪਏ।+ ਇਕ ਨੇ ਉਸ ਨੂੰ ਕਿਹਾ, ‘ਮੈਂ ਇਕ ਖੇਤ ਖ਼ਰੀਦਿਆ ਹੈ ਅਤੇ ਮੈਂ ਜਾ ਕੇ ਉਹ ਖੇਤ ਦੇਖਣਾ ਹੈ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’ 19  ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖ਼ਰੀਦੀਆਂ ਹਨ ਅਤੇ ਮੈਂ ਉਨ੍ਹਾਂ ਦੀ ਜਾਂਚ ਕਰਨ ਜਾ ਰਿਹਾ ਹਾਂ; ਮੈਨੂੰ ਮਾਫ਼ ਕਰੀਂ, ਮੈਂ ਨਹੀਂ ਆ ਸਕਦਾ।’+ 20  ਹੋਰ ਕਿਸੇ ਨੇ ਕਿਹਾ, ‘ਮੇਰਾ ਨਵਾਂ-ਨਵਾਂ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।’ 21  ਨੌਕਰ ਨੇ ਵਾਪਸ ਆ ਕੇ ਇਹ ਸਾਰੀਆਂ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ। ਉਸ ਦੇ ਮਾਲਕ ਨੂੰ ਗੁੱਸਾ ਆ ਗਿਆ ਤੇ ਉਸ ਨੇ ਨੌਕਰ ਨੂੰ ਕਿਹਾ, ‘ਛੇਤੀ-ਛੇਤੀ ਜਾਹ ਅਤੇ ਸ਼ਹਿਰ ਦੇ ਚੌਂਕਾਂ ਅਤੇ ਗਲੀਆਂ ਵਿੱਚੋਂ ਗ਼ਰੀਬਾਂ, ਅੰਨ੍ਹਿਆਂ, ਲੰਗੜਿਆਂ ਅਤੇ ਅਪਾਹਜਾਂ ਨੂੰ ਲੈ ਕੇ ਆ।’ 22  ਥੋੜ੍ਹੇ ਚਿਰ ਬਾਅਦ ਨੌਕਰ ਨੇ ਵਾਪਸ ਆ ਕੇ ਕਿਹਾ, ‘ਸੁਆਮੀ ਜੀ, ਮੈਂ ਤੇਰਾ ਹੁਕਮ ਪੂਰਾ ਕਰ ਦਿੱਤਾ ਹੈ, ਪਰ ਅਜੇ ਹੋਰ ਲੋਕਾਂ ਲਈ ਥਾਂ ਹੈ।’ 23  ਤਦ ਮਾਲਕ ਨੇ ਨੌਕਰ ਨੂੰ ਕਿਹਾ, ‘ਸੜਕਾਂ ਅਤੇ ਖੇਤਾਂ ਵੱਲ ਜਾਹ ਅਤੇ ਲੋਕਾਂ ਨੂੰ ਆਉਣ ਲਈ ਮਜਬੂਰ ਕਰ ਤਾਂਕਿ ਮੇਰਾ ਘਰ ਭਰ ਜਾਵੇ।+ 24  ਮੈਂ ਤੁਹਾਨੂੰ ਕਹਿੰਦਾ ਹਾਂ: ਜਿਨ੍ਹਾਂ ਨੂੰ ਪਹਿਲਾਂ ਸੱਦਿਆ ਗਿਆ ਸੀ, ਉਨ੍ਹਾਂ ਵਿੱਚੋਂ ਕੋਈ ਵੀ ਮੇਰੇ ਭੋਜਨ ਦਾ ਸੁਆਦ ਨਹੀਂ ਚੱਖ ਸਕੇਗਾ।’”+ 25  ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਭੀੜ ਉਸ ਨਾਲ ਸਫ਼ਰ ਕਰ ਰਹੀ ਸੀ। ਉਸ ਨੇ ਮੁੜ ਕੇ ਉਨ੍ਹਾਂ ਨੂੰ ਕਿਹਾ: 26  “ਜੇ ਕੋਈ ਮੇਰੇ ਕੋਲ ਆਉਂਦਾ ਹੈ, ਪਰ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ-ਭਰਾਵਾਂ ਨਾਲ, ਇੱਥੋਂ ਤਕ ਕਿ ਆਪਣੀ ਜਾਨ ਨਾਲ ਵੀ ਨਫ਼ਰਤ ਨਹੀਂ ਕਰਦਾ,*+ ਤਾਂ ਉਹ ਇਨਸਾਨ ਮੇਰਾ ਚੇਲਾ ਨਹੀਂ ਬਣ ਸਕਦਾ।+ 27  ਜਿਹੜਾ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਨਹੀਂ ਆਉਂਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ।+ 28  ਮਿਸਾਲ ਲਈ, ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜੋ ਬੁਰਜ ਬਣਾਉਣਾ ਚਾਹੁੰਦਾ ਹੋਵੇ ਅਤੇ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਾ ਲਾਵੇ ਕਿ ਉਸ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ? 29  ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਨੀਂਹਾਂ ਪਾਉਣ ਤੋਂ ਬਾਅਦ ਇਸ ਨੂੰ ਪੂਰਾ ਨਾ ਕਰ ਸਕੋ ਅਤੇ ਦੇਖਣ ਵਾਲੇ ਸਾਰੇ ਲੋਕ ਤੁਹਾਡਾ ਮਜ਼ਾਕ ਉਡਾਉਣ 30  ਤੇ ਕਹਿਣ: ‘ਇਸ ਬੰਦੇ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕਰ ਲਿਆ, ਪਰ ਪੂਰਾ ਨਾ ਕਰ ਸਕਿਆ।’ 31  ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਯੁੱਧ ਵਿਚ ਜਾਣ ਤੋਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਕਿ ਉਹ ਆਪਣੇ 10,000 ਫ਼ੌਜੀਆਂ ਨਾਲ ਉਸ ਦੁਸ਼ਮਣ ਰਾਜੇ ਦਾ ਮੁਕਾਬਲਾ ਕਰ ਸਕੇਗਾ ਜਾਂ ਨਹੀਂ ਜੋ 20,000 ਫ਼ੌਜੀਆਂ ਨੂੰ ਲੈ ਕੇ ਲੜਨ ਆ ਰਿਹਾ ਹੈ? 32  ਜੇ ਉਸ ਨੂੰ ਲੱਗਦਾ ਹੈ ਕਿ ਉਹ ਮੁਕਾਬਲਾ ਨਹੀਂ ਕਰ ਸਕੇਗਾ, ਤਾਂ ਜਦੋਂ ਦੂਜਾ ਰਾਜਾ ਅਜੇ ਦੂਰ ਹੀ ਹੈ, ਉਹ ਉਸ ਕੋਲ ਆਪਣੇ ਰਾਜਦੂਤ ਘੱਲ ਕੇ ਉਸ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰੇਗਾ। 33  ਇਸੇ ਤਰ੍ਹਾਂ, ਯਾਦ ਰੱਖੋ, ਜਿਹੜਾ ਆਪਣੀਆਂ ਸਾਰੀਆਂ ਚੀਜ਼ਾਂ ਦਾ ਤਿਆਗ ਨਹੀਂ ਕਰਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ।+ 34  “ਲੂਣ ਚੰਗਾ ਹੁੰਦਾ ਹੈ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਇਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ 35  ਇਹ ਨਾ ਤਾਂ ਖੇਤਾਂ ਵਿਚ ਵਰਤਣ ਦੇ ਅਤੇ ਨਾ ਹੀ ਰੂੜੀ ਦੇ ਕੰਮ ਆਉਂਦਾ ਹੈ। ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+

ਫੁਟਨੋਟ

ਸਰੀਰ ਵਿਚ ਪਾਣੀ ਭਰ ਜਾਣ ਦਾ ਰੋਗ ਜਿਸ ਕਰਕੇ ਸਾਰਾ ਸਰੀਰ ਸੁੱਜ ਜਾਂਦਾ ਹੈ।
ਜਾਂ, “ਘੱਟ ਪਿਆਰ ਨਹੀਂ ਕਰਦਾ।”