ਲੂਕਾ ਮੁਤਾਬਕ ਖ਼ੁਸ਼ ਖ਼ਬਰੀ 15:1-32
15 ਯਿਸੂ ਦੀਆਂ ਗੱਲਾਂ ਸੁਣਨ ਲਈ ਸਾਰੇ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਆ ਰਹੇ ਸਨ।+
2 ਇਹ ਦੇਖ ਕੇ ਫ਼ਰੀਸੀ ਅਤੇ ਗ੍ਰੰਥੀ ਬੁੜਬੁੜਾਉਂਦੇ ਰਹੇ: “ਇਹ ਬੰਦਾ ਪਾਪੀਆਂ ਨਾਲ ਮਿਲਦਾ-ਗਿਲ਼ਦਾ ਤੇ ਖਾਂਦਾ-ਪੀਂਦਾ ਹੈ।”
3 ਫਿਰ ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਦਿੰਦੇ ਹੋਏ ਕਿਹਾ:
4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ 100 ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ?+
5 ਜਦੋਂ ਭੇਡ ਲੱਭ ਜਾਂਦੀ ਹੈ, ਤਾਂ ਉਹ ਉਸ ਨੂੰ ਆਪਣੇ ਮੋਢਿਆਂ ’ਤੇ ਰੱਖ ਲੈਂਦਾ ਹੈ ਅਤੇ ਬਹੁਤ ਖ਼ੁਸ਼ ਹੁੰਦਾ ਹੈ।
6 ਫਿਰ ਘਰ ਪਹੁੰਚ ਕੇ ਉਹ ਆਪਣੇ ਦੋਸਤਾਂ ਤੇ ਗੁਆਂਢੀਆਂ ਨੂੰ ਬੁਲਾ ਕੇ ਕਹਿੰਦਾ ਹੈ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ।’+
7 ਮੈਂ ਤੁਹਾਨੂੰ ਕਹਿੰਦਾ ਹਾਂ, ਇਸੇ ਤਰ੍ਹਾਂ ਸਵਰਗ ਵਿਚ ਜਿੰਨੀ ਖ਼ੁਸ਼ੀ ਇਕ ਪਾਪੀ ਦੇ ਤੋਬਾ ਕਰਨ ’ਤੇ ਮਨਾਈ ਜਾਂਦੀ ਹੈ,+ ਉੱਨੀ ਖ਼ੁਸ਼ੀ 99 ਧਰਮੀਆਂ ਕਾਰਨ ਨਹੀਂ ਮਨਾਈ ਜਾਂਦੀ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਹੀ ਨਹੀਂ।
8 “ਜਾਂ ਅਜਿਹੀ ਕਿਹੜੀ ਤੀਵੀਂ ਹੈ ਜਿਸ ਕੋਲ ਚਾਂਦੀ ਦੇ ਦਸ ਸਿੱਕੇ* ਹੋਣ ਅਤੇ ਜੇ ਉਨ੍ਹਾਂ ਵਿੱਚੋਂ ਇਕ ਸਿੱਕਾ* ਗੁਆਚ ਜਾਵੇ, ਤਾਂ ਉਹ ਦੀਵਾ ਬਾਲ਼ ਕੇ ਉਦੋਂ ਤਕ ਆਪਣੇ ਘਰ ਦਾ ਖੂੰਜਾ-ਖੂੰਜਾ ਨਾ ਹੂੰਝੇ ਜਦੋਂ ਤਕ ਸਿੱਕਾ ਲੱਭ ਨਹੀਂ ਜਾਂਦਾ?
9 ਸਿੱਕਾ ਲੱਭ ਜਾਣ ਤੇ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠਾ ਕਰ ਕੇ ਕਹੇਗੀ, ‘ਮੇਰੇ ਨਾਲ ਖ਼ੁਸ਼ੀਆਂ ਮਨਾਓ ਕਿਉਂਕਿ ਮੇਰਾ ਚਾਂਦੀ ਦਾ ਗੁਆਚਿਆ ਸਿੱਕਾ* ਲੱਭ ਗਿਆ ਹੈ।’
10 ਮੈਂ ਤੁਹਾਨੂੰ ਕਹਿੰਦਾ ਹਾਂ, ਇਸੇ ਤਰ੍ਹਾਂ ਜਦੋਂ ਇਕ ਵੀ ਪਾਪੀ ਤੋਬਾ ਕਰਦਾ ਹੈ, ਤਾਂ ਪਰਮੇਸ਼ੁਰ ਦੇ ਦੂਤ ਖ਼ੁਸ਼ੀਆਂ ਮਨਾਉਂਦੇ ਹਨ।”+
11 ਫਿਰ ਉਸ ਨੇ ਕਿਹਾ: “ਇਕ ਆਦਮੀ ਦੇ ਦੋ ਪੁੱਤਰ ਸਨ।
12 ਛੋਟੇ ਨੇ ਆ ਕੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਬਣਦਾ ਹਿੱਸਾ ਦੇ ਦੇ।’ ਇਸ ਲਈ ਪਿਤਾ ਨੇ ਦੋਵਾਂ ਮੁੰਡਿਆਂ ਵਿਚ ਆਪਣੀ ਜਾਇਦਾਦ ਵੰਡ ਦਿੱਤੀ।
13 ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿਚ* ਆਪਣਾ ਸਾਰਾ ਪੈਸਾ ਉਡਾ ਦਿੱਤਾ।
14 ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿਚ ਡਾਢਾ ਕਾਲ਼ ਪੈ ਗਿਆ ਅਤੇ ਉਹ ਇਕ-ਇਕ ਪੈਸੇ ਦਾ ਮੁਥਾਜ ਹੋ ਗਿਆ।
15 ਉਹ ਉਸ ਦੇਸ਼ ਵਿਚ ਕਿਸੇ ਬੰਦੇ ਦੇ ਘਰ ਮੱਲੋ-ਮੱਲੀ ਮਜ਼ਦੂਰੀ ਕਰਨ ਲੱਗ ਪਿਆ ਅਤੇ ਉਸ ਬੰਦੇ ਨੇ ਉਸ ਨੂੰ ਆਪਣੇ ਖੇਤਾਂ ਵਿਚ ਸੂਰ+ ਚਾਰਨ ਲਈ ਭੇਜਿਆ।
16 ਜੋ ਫਲੀਆਂ* ਸੂਰ ਖਾ ਰਹੇ ਸਨ, ਉਹ ਵੀ ਖਾਣ ਲਈ ਤਰਸਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ।
17 “ਜਦੋਂ ਉਸ ਦੀ ਅਕਲ ਟਿਕਾਣੇ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਇੰਨੇ ਸਾਰੇ ਮਜ਼ਦੂਰ ਰੱਜ ਕੇ ਰੋਟੀ ਖਾਂਦੇ ਹਨ, ਜਦ ਕਿ ਮੈਂ ਇੱਥੇ ਕਾਲ਼ ਕਰਕੇ ਭੁੱਖਾ ਮਰ ਰਿਹਾ ਹਾਂ!
18 ਮੈਂ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ: “ਪਿਤਾ ਜੀ, ਮੈਂ ਪਰਮੇਸ਼ੁਰ* ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
19 ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਮੈਨੂੰ ਆਪਣੇ ਕੋਲ ਮਜ਼ਦੂਰੀ ’ਤੇ ਰੱਖ ਲੈ।”’
20 ਇਸ ਲਈ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਚਲਾ ਗਿਆ। ਜਦੋਂ ਅਜੇ ਉਹ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ’ਤੇ ਬੜਾ ਤਰਸ ਆਇਆ ਅਤੇ ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ।
21 ਫਿਰ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ੁਰ* ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।+ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ।’
22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਜਾਓ, ਫਟਾਫਟ ਸਭ ਤੋਂ ਵਧੀਆ ਚੋਗਾ ਲਿਆ ਕੇ ਇਸ ਦੇ ਪਾਓ ਅਤੇ ਇਸ ਦੇ ਹੱਥ ਵਿਚ ਅੰਗੂਠੀ ਪਾਓ ਅਤੇ ਪੈਰੀਂ ਜੁੱਤੀ ਪਾਓ।
23 ਨਾਲੇ, ਇਕ ਪਲ਼ਿਆ ਹੋਇਆ ਵੱਛਾ ਵੱਢੋ ਅਤੇ ਆਓ ਆਪਾਂ ਸਾਰੇ ਖਾਈਏ-ਪੀਏ ਤੇ ਖ਼ੁਸ਼ੀਆਂ ਮਨਾਈਏ
24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਪਰ ਹੁਣ ਦੁਬਾਰਾ ਜੀਉਂਦਾ ਹੋ ਗਿਆ ਹੈ;+ ਇਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’ ਫਿਰ ਉਹ ਸਾਰੇ ਖ਼ੁਸ਼ੀਆਂ ਮਨਾਉਣ ਲੱਗ ਪਏ।
25 “ਉਸ ਵੇਲੇ ਉਸ ਦਾ ਵੱਡਾ ਪੁੱਤਰ ਖੇਤਾਂ ਵਿਚ ਸੀ। ਜਦੋਂ ਉਹ ਵਾਪਸ ਆਇਆ, ਤਾਂ ਘਰ ਦੇ ਨੇੜੇ ਪਹੁੰਚ ਕੇ ਉਸ ਨੇ ਗਾਉਣ-ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ।
26 ਇਸ ਲਈ ਉਸ ਨੇ ਇਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਸੀ।
27 ਨੌਕਰ ਨੇ ਉਸ ਨੂੰ ਦੱਸਿਆ, ‘ਤੇਰਾ ਭਰਾ ਮੁੜ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਵੱਢਿਆ ਹੈ ਕਿਉਂਕਿ ਉਸ ਦਾ ਪੁੱਤਰ ਉਸ ਨੂੰ ਸਹੀ-ਸਲਾਮਤ ਵਾਪਸ ਮਿਲ ਗਿਆ ਹੈ।’
28 ਪਰ ਵੱਡੇ ਮੁੰਡੇ ਨੂੰ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਦਾ ਪਿਤਾ ਬਾਹਰ ਆ ਕੇ ਉਸ ਦੀਆਂ ਮਿੰਨਤਾਂ ਕਰਨ ਲੱਗਾ।
29 ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲ ਤੇਰੀ ਗ਼ੁਲਾਮੀ ਕੀਤੀ ਅਤੇ ਤੇਰਾ ਕਿਹਾ ਕਦੀ ਨਹੀਂ ਮੋੜਿਆ, ਪਰ ਤੂੰ ਮੈਨੂੰ ਕਦੇ ਇਕ ਮੇਮਣਾ ਤਕ ਨਹੀਂ ਦਿੱਤਾ ਤਾਂਕਿ ਮੈਂ ਵੀ ਆਪਣੇ ਦੋਸਤਾਂ ਨਾਲ ਬੈਠ ਕੇ ਖ਼ੁਸ਼ੀਆਂ ਮਨਾਵਾਂ।
30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ’ਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’
31 ਪਿਤਾ ਨੇ ਉਸ ਨੂੰ ਕਿਹਾ, ‘ਬੇਟਾ, ਤੂੰ ਹਮੇਸ਼ਾ ਮੇਰੇ ਨਾਲ ਰਿਹਾ ਅਤੇ ਮੇਰਾ ਸਾਰਾ ਕੁਝ ਤੇਰਾ ਹੀ ਤਾਂ ਹੈ,
32 ਪਰ ਹੁਣ ਸਾਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਤੇਰਾ ਭਰਾ ਮਰ ਗਿਆ ਸੀ, ਪਰ ਦੁਬਾਰਾ ਜੀਉਂਦਾ ਹੋ ਗਿਆ ਹੈ; ਉਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’”
ਫੁਟਨੋਟ
^ ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।
^ ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।
^ ਯੂਨਾ, “ਦਰਾਖਮਾ।” ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਫ਼ਜ਼ੂਲ ਵਿਚ; ਲਾਪਰਵਾਹੀ ਨਾਲ।”
^ ਖਰੂਬਾ ਦਰਖ਼ਤ ਦੀਆਂ ਫਲੀਆਂ।
^ ਯੂਨਾ, “ਸਵਰਗ।”
^ ਯੂਨਾ, “ਸਵਰਗ।”
^ ਯੂਨਾ, “ਪੈਸਾ ਖਾ ਗਿਆ।”